ਪ੍ਰਧਾਨ ਮੰਤਰੀ ਦਫਤਰ
azadi ka amrit mahotsav

'ਮਨ ਕੀ ਬਾਤ' ਦੀ 132ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (29.03.2026)

Posted On: 29 MAR 2026 11:54AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ।

'ਮਨ ਕੀ ਬਾਤ' ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮਾਰਚ ਦਾ ਇਹ ਮਹੀਨਾ, ਵਿਸ਼ਵ ਪੱਧਰ 'ਤੇ ਬਹੁਤ ਹੀ ਹਲਚਲ ਭਰਿਆ ਰਿਹਾ ਹੈ। ਸਾਨੂੰ ਸਭ ਨੂੰ ਯਾਦ ਹੈ ਕਿ ਪਿਛਲੇ ਸਮੇਂ ਵਿੱਚ ਪੂਰੀ ਦੁਨੀਆ ਕੋਵਿਡ ਕਾਰਨ ਇੱਕ ਲੰਬੇ ਸਮੇਂ ਤੱਕ ਅਨੇਕਾਂ ਸਮੱਸਿਆਵਾਂ ਵਿੱਚੋਂ ਗੁਜ਼ਰੀ ਸੀ। ਸਾਡੀ ਸਾਰਿਆਂ ਦੀ ਉਮੀਦ ਸੀ ਕਿ ਕਰੋਨਾ ਦੇ ਸੰਕਟ ਵਿੱਚੋਂ ਨਿਕਲਣ ਤੋਂ ਬਾਅਦ ਦੁਨੀਆ ਨਵੇਂ ਸਿਰੇ ਤੋਂ ਤਰੱਕੀ ਦੇ ਰਾਹ 'ਤੇ ਅੱਗੇ ਵਧੇਗੀ। ਪਰ, ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਜੰਗ ਅਤੇ ਟਕਰਾਅ ਦੇ ਹਾਲਾਤ ਬਣਦੇ ਚਲੇ ਗਏ। ਮੌਜੂਦਾ ਸਮੇਂ ਸਾਡੇ ਗੁਆਂਢ ਵਿੱਚ ਇੱਕ ਮਹੀਨੇ ਤੋਂ ਭਿਆਨਕ ਜੰਗ ਚੱਲ ਰਹੀ ਹੈ। ਸਾਡੇ ਲੱਖਾਂ ਪਰਿਵਾਰਾਂ ਦੇ ਸਾਕ-ਸਬੰਧੀ ਇਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਹਨ, ਖ਼ਾਸ ਕਰਕੇ ਖਾੜੀ ਦੇਸ਼ਾਂ ਵਿੱਚ ਕੰਮ ਕਰਦੇ ਹਨ। ਮੈਂ ਖਾੜੀ ਦੇਸ਼ਾਂ ਦਾ ਬਹੁਤ ਧੰਨਵਾਦੀ ਹਾਂ, ਉਹ ਅਜਿਹੇ ਇੱਕ ਕਰੋੜ ਤੋਂ ਵੱਧ ਭਾਰਤੀਆਂ ਨੂੰ ਉੱਥੇ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ।

 

ਸਾਥੀਓ,

ਜਿਸ ਖੇਤਰ ਵਿੱਚ ਹਾਲੇ ਜੰਗ ਚੱਲ ਰਹੀ ਹੈ, ਉਹ ਖੇਤਰ ਸਾਡੀਆਂ ਊਰਜਾ ਲੋੜਾਂ ਦਾ ਵੱਡਾ ਕੇਂਦਰ ਹੈ। ਇਸ ਕਰਕੇ ਦੁਨੀਆ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਸੰਕਟ ਦੀ ਸਥਿਤੀ ਬਣਦੀ ਜਾ ਰਹੀ ਹੈ। ਸਾਡੇ ਆਲਮੀ ਸਬੰਧ, ਵੱਖ-ਵੱਖ ਦੇਸ਼ਾਂ ਤੋਂ ਮਿਲ ਰਿਹਾ ਸਹਿਯੋਗ ਅਤੇ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੀ ਜੋ ਸਮਰੱਥਾ ਬਣੀ ਹੈ, ਇਨ੍ਹਾਂ ਕਰਕੇ ਭਾਰਤ ਇਨ੍ਹਾਂ ਹਾਲਾਤ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ।

 

ਸਾਥੀਓ,

ਯਕੀਨੀ ਤੌਰ 'ਤੇ ਇਹ ਚੁਣੌਤੀਪੂਰਨ ਸਮਾਂ ਹੈ। ਮੈਂ ਅੱਜ 'ਮਨ ਕੀ ਬਾਤ' ਰਾਹੀਂ ਸਾਰੇ ਦੇਸ਼ਵਾਸੀਆਂ ਨੂੰ ਫਿਰ ਇਹ ਅਪੀਲ ਕਰਾਂਗਾ ਕਿ ਅਸੀਂ ਇਕਜੁੱਟ ਹੋ ਕੇ ਇਸ ਚੁਣੌਤੀ ਵਿੱਚੋਂ ਬਾਹਰ ਨਿਕਲਣਾ ਹੈ। ਜੋ ਲੋਕ ਇਸ ਮੁੱਦੇ 'ਤੇ ਵੀ ਸਿਆਸਤ ਕਰ ਰਹੇ ਹਨ, ਉਨ੍ਹਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਦੇਸ਼ ਦੇ 140 ਕਰੋੜ ਦੇਸ਼ਵਾਸੀਆਂ ਦੇ ਹਿੱਤ ਨਾਲ ਜੁੜਿਆ ਮੁੱਦਾ ਹੈ, ਇਸ ਵਿੱਚ ਸਵਾਰਥ ਭਰੀ ਸਿਆਸਤ ਦੀ ਕੋਈ ਥਾਂ ਨਹੀਂ ਹੈ। ਅਜਿਹੇ ਵਿੱਚ ਜੋ ਵੀ ਲੋਕ ਅਫ਼ਵਾਹਾਂ ਫੈਲਾ ਰਹੇ ਹਨ, ਉਹ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਵੀ ਕਰਾਂਗਾ ਕਿ ਉਹ ਸੁਚੇਤ ਰਹਿਣ, ਅਫ਼ਵਾਹਾਂ ਵਿੱਚ ਨਾ ਆਉਣ। ਸਰਕਾਰ ਵੱਲੋਂ ਤੁਹਾਨੂੰ ਜੋ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ, ਉਸ 'ਤੇ ਭਰੋਸਾ ਕਰੋ ਅਤੇ ਉਸੇ 'ਤੇ ਵਿਸ਼ਵਾਸ ਕਰਕੇ ਕੋਈ ਕਦਮ ਚੁੱਕੋ। ਮੈਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵਾਸ ਹੈ ਕਿ ਜਿਵੇਂ ਅਸੀਂ ਦੇਸ਼ ਦੇ 140 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਨਾਲ ਪੁਰਾਣੇ ਸੰਕਟਾਂ ਨੂੰ ਹਰਾਇਆ ਸੀ, ਇਸ ਵਾਰ ਵੀ ਅਸੀਂ ਸਾਰੇ ਮਿਲ ਕੇ ਇਸ ਔਖੀ ਘੜੀ ਵਿੱਚੋਂ ਬਹੁਤ ਹੀ ਚੰਗੀ ਤਰ੍ਹਾਂ ਬਾਹਰ ਨਿਕਲ ਜਾਵਾਂਗੇ।

 

ਮੇਰੇ ਪਿਆਰੇ ਦੇਸ਼ਵਾਸੀਓ,

ਭਾਰਤ ਦੀ ਤਾਕਤ ਇੱਥੋਂ ਦੇ ਕਰੋੜਾਂ ਲੋਕਾਂ ਵਿੱਚ ਵਸੀ ਹੋਈ ਹੈ। ਅੱਜ 'ਮਨ ਕੀ ਬਾਤ' ਵਿੱਚ ਇੱਕ ਅਜਿਹੇ ਯਤਨ ਬਾਰੇ ਦੱਸਣਾ ਚਾਹੁੰਦਾ ਹਾਂ, ਜੋ ਦੇਸ਼ਵਾਸੀਆਂ ਦੀ ਲੋਕਾਂ ਦੀ ਹਿੱਸੇਦਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਹ ਯਤਨ ਹੈ - ਗਿਆਨ ਭਾਰਤਮ ਸਰਵੇ, ਜਿਸ ਦਾ ਸਬੰਧ ਸਾਡੇ ਮਹਾਨ ਸੱਭਿਆਚਾਰ ਅਤੇ ਅਮੀਰ ਵਿਰਾਸਤ ਨਾਲ ਹੈ। ਇਸ ਦਾ ਮਕਸਦ ਦੇਸ਼ ਭਰ ਵਿੱਚ ਮੌਜੂਦ ਮੈਨੂਸਕ੍ਰਿਪਟਸ ਭਾਵ ਖਰੜਿਆਂ (ਹੱਥ-ਲਿਖਤਾਂ) ਬਾਰੇ ਜਾਣਕਾਰੀ ਇਕੱਠੀ ਕਰਨਾ ਹੈ। ਇਸ ਸਰਵੇ ਨਾਲ ਜੁੜਨ ਦਾ ਇੱਕ ਮਾਧਿਅਮ 'ਗਿਆਨ ਭਾਰਤਮ ਐਪ' ਹੈ। ਤੁਹਾਡੇ ਕੋਲ ਜੇ ਕੋਈ ਖਰੜਾ ਹੈ, ਜਾਂ ਉਸ ਬਾਰੇ ਜਾਣਕਾਰੀ ਹੈ ਤਾਂ ਉਸ ਦੀ ਫੋਟੋ 'ਗਿਆਨ ਭਾਰਤਮ ਐਪ' 'ਤੇ ਜ਼ਰੂਰ ਸਾਂਝੀ ਕਰੋ। ਹਰ ਐਂਟਰੀ ਨਾਲ ਜੁੜੀ ਜਾਣਕਾਰੀ ਨੂੰ ਦਰਜ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਵੀ ਕੀਤੀ ਜਾ ਰਹੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਤੱਕ ਹਜ਼ਾਰਾਂ ਖਰੜੇ ਲੋਕਾਂ ਨੇ ਸਾਂਝੇ ਕੀਤੇ ਹਨ। ਉਦਾਹਰਣ ਵਜੋਂ ਅਰੁਣਾਚਲ ਪ੍ਰਦੇਸ਼ ਦੇ ਨਾਮਸਾਈ ਦੇ ਚਾਓ ਨੰਤਿਸਿੰਧ ਲੋਕਾਂਗ ਜੀ ਨੇ ਤਾਈ ਲਿਪੀ ਵਿੱਚ ਖਰੜੇ ਸਾਂਝੇ ਕੀਤੇ ਹਨ। ਅੰਮ੍ਰਿਤਸਰ ਦੇ ਭਾਈ ਅਮਿਤ ਸਿੰਘ ਰਾਣਾ ਨੇ ਗੁਰਮੁਖੀ ਲਿਪੀ ਵਿੱਚ ਖਰੜੇ ਸਾਂਝੇ ਕੀਤੇ ਹਨ। ਇਹ ਸਾਡੀ ਮਹਾਨ ਸਿੱਖ ਪਰੰਪਰਾ ਅਤੇ ਪੰਜਾਬੀ ਭਾਸ਼ਾ ਨਾਲ ਜੁੜੀ ਲਿਪੀ ਹੈ। ਕੁਝ ਸੰਸਥਾਵਾਂ ਨੇ ਪਾਮ ਲੀਫ ਭਾਵ ਤਾੜ ਦੇ ਪੱਤਿਆਂ 'ਤੇ ਲਿਖੇ ਖਰੜੇ ਦਿੱਤੇ ਹਨ। ਰਾਜਸਥਾਨ ਦੇ ਅਭੈ ਜੈਨ ਗ੍ਰੰਥਾਲਿਆ ਨੇ ਤਾਂਬੇ ਦੀਆਂ ਪਲੇਟਾਂ 'ਤੇ ਲਿਖੇ ਬਹੁਤ ਪੁਰਾਣੇ ਖਰੜੇ ਸ਼ੇਅਰ ਕੀਤੇ ਹਨ। ਉੱਥੇ ਹੀ, ਲੱਦਾਖ ਦੀ ਹੇਮਿਸ ਮੋਨੈਸਟਰੀ ਨੇ ਤਿੱਬਤੀ ਭਾਸ਼ਾ ਵਿੱਚ ਬਹੁਮੁੱਲੇ ਖਰੜਿਆਂ ਬਾਰੇ ਜਾਣਕਾਰੀ ਦਿੱਤੀ ਹੈ। ਇੱਥੇ ਮੈਂ ਕੁਝ ਹੀ ਉਦਾਹਰਣ ਦਿੱਤੇ ਹਨ। ਇਹ ਸਰਵੇ ਜੂਨ ਦੇ ਅੱਧ ਤੱਕ ਜਾਰੀ ਰਹਿਣ ਵਾਲਾ ਹੈ। ਤੁਹਾਡੇ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਆਪਣੇ ਸੱਭਿਆਚਾਰ ਨਾਲ ਜੁੜੇ ਪਹਿਲੂਆਂ ਨੂੰ ਸਾਹਮਣੇ ਲਿਆਓ ਅਤੇ ਸ਼ੇਅਰ ਕਰੋ।

 

ਮੇਰੇ ਪਿਆਰੇ ਦੇਸ਼ਵਾਸੀਓ,

ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਦੇਸ਼ ਦੇ ਨੌਜਵਾਨਾਂ ਦੀ ਤਾਕਤ ਜਦੋਂ ਰਾਸ਼ਟਰ ਨਿਰਮਾਣ ਵਿੱਚ ਜੁੜਦੀ ਹੈ, ਤਾਂ ਬਹੁਤ ਵੱਡੀ ਮਦਦ ਮਿਲਦੀ ਹੈ। ਰਾਸ਼ਟਰ ਨਿਰਮਾਣ ਦੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ, ਮੇਰਾ ਯੁਵਾ ਭਾਰਤ ਭਾਵ 'ਮਾਈ ਭਾਰਤ' ਸੰਗਠਨ। ਇਹ ਸੰਗਠਨ ਦੇਸ਼ ਦੇ ਨੌਜਵਾਨਾਂ ਨੂੰ ਵੱਖ-ਵੱਖ ਸਕਾਰਾਤਮਕ ਗਤੀਵਿਧੀਆਂ ਨਾਲ ਜੋੜ ਰਿਹਾ ਹੈ। ਹਾਲ ਹੀ ਵਿੱਚ ਮਾਈ ਭਾਰਤ ਵੱਲੋਂ 'ਬਜਟ ਕੁਐਸਟ' ਕਰਵਾਇਆ ਗਿਆ। ਇਸ ਦਾ ਮਕਸਦ ਦੇਸ਼ ਭਰ ਦੇ ਨੌਜਵਾਨਾਂ ਨੂੰ ਬਜਟ ਪ੍ਰਕਿਰਿਆ ਅਤੇ ਨੀਤੀ ਨਿਰਮਾਣ ਨਾਲ ਜੋੜਨਾ ਸੀ। ਇਸ ਨਾਲ ਜੁੜੇ ਕੁਇਜ਼ ਵਿੱਚ ਦੇਸ਼ ਭਰ ਤੋਂ ਕਰੀਬ 12 ਲੱਖ ਨੌਜਵਾਨਾਂ ਨੇ ਹਿੱਸਾ ਲਿਆ। ਕੁਇਜ਼ ਤੋਂ ਬਾਅਦ ਕਰੀਬ ਇੱਕ ਲੱਖ ਸੱਠ ਹਜ਼ਾਰ ਪ੍ਰਤੀਯੋਗੀਆਂ ਨੂੰ ਲੇਖ ਮੁਕਾਬਲੇ ਲਈ ਚੁਣਿਆ ਗਿਆ। ਮੈਨੂੰ ਇਨ੍ਹਾਂ ਵਿੱਚੋਂ ਕੁਝ ਲੇਖ ਪੜ੍ਹਨ ਦਾ ਮੌਕਾ ਵੀ ਮਿਲਿਆ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੇਰੇ ਨੌਜਵਾਨ ਸਾਥੀ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿੰਨੇ ਉਤਸ਼ਾਹਿਤ ਹਨ। ਤੇਲੰਗਾਨਾ ਦੇ ਸੂਰਿਆਪੇਟ ਤੋਂ ਕੋਟਲਾ ਰਘੁਵੀਰ ਰੈੱਡੀ, ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਤੋਂ ਸੌਰਭ ਬੈਸਵਾਰ ਅਤੇ ਬਿਹਾਰ ਦੇ ਗੋਪਾਲਗੰਜ ਤੋਂ ਸੁਮਿਤ ਕੁਮਾਰ ਨੇ ਕਿਸਾਨ ਭਲਾਈ ਨਾਲ ਜੁੜੇ ਵਿਸ਼ੇ 'ਤੇ ਲਿਖਿਆ ਹੈ। ਪੰਜਾਬ ਦੇ ਮੁਹਾਲੀ ਤੋਂ ਆਂਚਲ ਅਤੇ ਉਡੀਸ਼ਾ ਦੇ ਕੇਂਦਰਪਾੜਾ ਤੋਂ ਓਮ ਪ੍ਰਕਾਸ਼ ਰਥ ਨੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਹਰਿਆਣਾ ਦੇ ਯਮੁਨਾਨਗਰ ਤੋਂ ਪ੍ਰਥਮ ਬਰਾਰ ਨੇ ਲਿਖਿਆ ਹੈ ਕਿ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਭਾਰਤ ਹੀ ਖੁਸ਼ਹਾਲ ਭਾਰਤ ਦਾ ਰਸਤਾ ਹੈ। ਇਸ ਤੋਂ ਉਨ੍ਹਾਂ ਦੀ ਡੂੰਘੀ ਸੋਚ ਦਾ ਪਤਾ ਲੱਗਦਾ ਹੈ। ਦਿੱਲੀ ਦੇ ਸ਼ੰਖ ਗੁਪਤਾ ਦਾ ਸੁਝਾਅ ਹੈ ਕਿ ਪੇਂਡੂ ਖੇਤਰਾਂ ਵਿੱਚ ਖੇਡ ਹੁਨਰਾਂ ਦੀ ਪਛਾਣ ਲਈ ਹੋਰ ਵੱਧ ਯਤਨ ਹੋਣੇ ਚਾਹੀਦੇ ਹਨ।

ਸਾਡੇ ਨੌਜਵਾਨ ਸਾਥੀਆਂ ਨੇ ਸਕਿੱਲ ਡਿਵੈਲਪਮੈਂਟ ਅਤੇ ਈਜ਼ ਆਫ ਡੂਇੰਗ ਬਿਜ਼ਨਸ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਮੈਂ ਉਨ੍ਹਾਂ ਸਾਰੇ ਨੌਜਵਾਨਾਂ ਦੀ ਸ਼ਲਾਘਾ ਕਰਦਾ ਹਾਂ, ਜੋ ਆਪਣੇ ਆਈਡੀਆਜ਼ ਸ਼ੇਅਰ ਕਰ ਰਹੇ ਹਨ। ਇਹ ਵਿਚਾਰ ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਬਹੁਤ ਅਹਿਮ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ,

ਦੇਸ਼ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਮਹੀਨਾ ਜੋਸ਼ ਅਤੇ ਉਤਸ਼ਾਹ ਨਾਲ ਭਰ ਦੇਣ ਵਾਲਾ ਰਿਹਾ ਹੈ। ਜਦੋਂ ਭਾਰਤ ਨੇ ਟੀ-20 ਵਰਲਡ ਕੱਪ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਤਾਂ ਦੇਸ਼ ਵਿੱਚ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਆਪਣੀ ਟੀਮ ਦੀ ਇਸ ਸ਼ਾਨਦਾਰ ਸਫ਼ਲਤਾ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਪਿਛਲੇ ਮਹੀਨੇ ਦੇ ਅਖੀਰ ਵਿੱਚ ਕਰਨਾਟਕ ਦੇ ਹੁਬਲੀ ਵਿੱਚ ਇੱਕ ਬਹੁਤ ਹੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ, ਇਸ ਮੁਕਾਬਲੇ ਨੂੰ ਜਿੱਤ ਕੇ ਜੰਮੂ-ਕਸ਼ਮੀਰ ਦੀ ਕ੍ਰਿਕਟ ਟੀਮ ਨੇ ਰਣਜੀ ਟਰਾਫ਼ੀ ਆਪਣੇ ਨਾਮ ਕਰ ਲਈ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਕਰੀਬ 7 ਦਹਾਕਿਆਂ ਦੀ ਲੰਬੀ ਉਡੀਕ ਤੋਂ ਬਾਅਦ ਇਸ ਟੀਮ ਨੇ ਆਪਣਾ ਪਹਿਲਾ ਰਣਜੀ ਖਿਤਾਬ ਹਾਸਲ ਕੀਤਾ। ਇਹ ਬੇਮਿਸਾਲ ਸਫ਼ਲਤਾ ਖਿਡਾਰੀਆਂ ਦੀਆਂ ਕਈ ਸਾਲਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ। ਟੀਮ ਦੇ ਕਪਤਾਨ ਪਾਰਸ ਡੋਗਰਾ ਨੇ ਕਮਾਲ ਦਾ ਹੁਨਰ ਦਿਖਾਇਆ। ਆਪਣੀ ਕਪਤਾਨੀ ਨਾਲ ਇਸ ਜਿੱਤ ਵਿੱਚ ਉਨ੍ਹਾਂ ਨੇ ਅਹਿਮ ਯੋਗਦਾਨ ਪਾਇਆ। ਅੱਜ ਦੇਸ਼ ਵਿੱਚ ਕਸ਼ਮੀਰ ਦੇ ਨੌਜਵਾਨ ਗੇਂਦਬਾਜ਼ ਆਕਿਬ ਨਬੀ ਦੇ ਪ੍ਰਦਰਸ਼ਨ ਦੀ ਵੀ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ ਰਣਜੀ ਸੀਜ਼ਨ ਵਿੱਚ 60 ਵਿਕਟਾਂ ਲਈਆਂ ਹਨ। ਇਸ ਜਿੱਤ ਨਾਲ ਟੀਮ ਦੇ ਖਿਡਾਰੀ ਅਤੇ ਕੋਚਿੰਗ ਸਟਾਫ਼ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਲੋਕ ਬਹੁਤ ਉਤਸ਼ਾਹਿਤ ਹਨ। ਕ੍ਰਿਕਟ ਦੇ ਮੈਦਾਨ ਵਿੱਚ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉੱਥੋਂ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਹੋਰ ਵੱਧ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹ ਕਈ ਨੌਜਵਾਨਾਂ ਨੂੰ ਖੇਡਾਂ ਅਪਣਾਉਣ ਲਈ ਪ੍ਰੇਰਿਤ ਕਰੇਗਾ। ਜੰਮੂ-ਕਸ਼ਮੀਰ ਦੇ ਲੋਕਾਂ ਵਿੱਚ ਖੇਡਾਂ ਨੂੰ ਲੈ ਕੇ ਗਜ਼ਬ ਦਾ ਜਜ਼ਬਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਇਹ ਖੇਡਾਂ ਦੇ ਵੱਡੇ ਆਯੋਜਨਾਂ ਦਾ ਹੱਬ ਵੀ ਬਣਦਾ ਜਾ ਰਿਹਾ ਹੈ। 'ਖੇਲੋ ਇੰਡੀਆ ਵਿੰਟਰ ਗੇਮਜ਼' ਲਈ ਗੁਲਮਰਗ ਤਾਂ ਪਹਿਲਾਂ ਹੀ ਆਪਣੀ ਪਛਾਣ ਬਣਾ ਚੁੱਕਾ ਹੈ। ਫੁੱਟਬਾਲ ਵਰਗੀਆਂ ਖੇਡਾਂ ਵੀ ਇੱਥੋਂ ਦੇ ਨੌਜਵਾਨਾਂ ਵਿੱਚ ਕਾਫ਼ੀ ਮਕਬੂਲ ਹਨ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੰਮੂ-ਕਸ਼ਮੀਰ ਦੇ ਖਿਡਾਰੀਆਂ ਦੀ ਜਿੱਤ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।

 

ਮੇਰੇ ਪਿਆਰੇ ਦੇਸ਼ਵਾਸੀਓ,

ਮੈਂ ਅਕਸਰ ਕਹਿੰਦਾ ਹਾਂ ਕਿ 'ਜੋ ਖੇਡੇਗਾ, ਉਹ ਖਿੜੇਗਾ'। ਮੈਨੂੰ ਇਹ ਦੇਖ ਕੇ ਚੰਗਾ ਲੱਗਿਆ ਕਿ ਸਾਡੇ ਦੇਸ਼ ਦੇ ਨੌਜਵਾਨ ਹੁਣ ਉਨ੍ਹਾਂ ਖੇਡਾਂ ਨੂੰ ਵੀ ਖੂਬ ਅਪਣਾ ਰਹੇ ਹਨ, ਜੋ ਪਹਿਲਾਂ ਇੰਨੀਆਂ ਮਕਬੂਲ ਨਹੀਂ ਸਨ। ਉੱਤਰ ਪ੍ਰਦੇਸ਼ ਦੇ ਹੋਣਹਾਰ ਅਥਲੀਟ ਗੁਲਵੀਰ ਸਿੰਘ ਨੇ ਅਜਿਹੀ ਹੀ ਇੱਕ ਖੇਡ ਵਿੱਚ ਕਮਾਲ ਕਰ ਦਿਖਾਇਆ ਹੈ। ਉਨ੍ਹਾਂ ਨੇ ਕੁਝ ਹਫ਼ਤੇ ਪਹਿਲਾਂ ਨਿਊਯਾਰਕ ਸਿਟੀ ਹਾਫ ਮੈਰਾਥਨ ਵਿੱਚ ਤੀਜਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਉਹ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ ਹਾਫ ਮੈਰਾਥਨ ਪੂਰੀ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ। ਸਕੁਐਸ਼ ਖਿਡਾਰਨ ਬੇਟੀ ਅਨਾਹਤ ਸਿੰਘ ਨੇ 'ਸਕੁਐਸ਼ ਆਨ ਫਾਇਰ ਓਪਨ' ਦਾ ਵੱਡਾ ਕੌਮਾਂਤਰੀ ਖਿਤਾਬ ਆਪਣੇ ਨਾਮ ਕੀਤਾ। ਸਿਰਫ਼ 17 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇਹ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਉਹ ਪੀਐੱਸਏ ਵਰਲਡ ਰੈਂਕਿੰਗ ਵਿੱਚ ਟੌਪ-20 ਵਿੱਚ ਜਗ੍ਹਾ ਬਣਾਉਣ ਵਾਲੀ ਸਭ ਤੋਂ ਘੱਟ ਉਮਰ ਦੀ ਏਸ਼ੀਆਈ ਮਹਿਲਾ ਖਿਡਾਰੀ ਬਣ ਗਈ ਹੈ। ਮੈਨੂੰ 'ਅਸਮਿਤਾ ਐਥਲੈਟਿਕਸ ਲੀਗ' ਬਾਰੇ ਵੀ ਜਾਣਕਾਰੀ ਮਿਲੀ ਹੈ। ਇਸ ਤਹਿਤ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਕਈ ਖੇਡ ਮੁਕਾਬਲੇ ਕਰਵਾਏ ਗਏ। ਲੀਗ ਵਿੱਚ ਕਰੀਬ 2 ਲੱਖ ਬੇਟੀਆਂ ਨੇ ਹਿੱਸਾ ਲਿਆ। ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਭਾਰਤ ਦੀ ਨਾਰੀ ਸ਼ਕਤੀ ਦੇਸ਼ ਵਿੱਚ ਹੋ ਰਹੇ ਇਸ ਖੇਡ ਬਦਲਾਅ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

 

ਸਾਥੀਓ,

ਮੇਰੀ ਹਮੇਸ਼ਾ ਤੋਂ ਇਹ ਅਪੀਲ ਰਹੀ ਹੈ ਕਿ ਤੁਸੀਂ ਸਾਰੇ ਆਪਣੀ ਫਿਟਨੈੱਸ 'ਤੇ ਜ਼ਰੂਰ ਧਿਆਨ ਦਿਓ। ਕੌਮਾਂਤਰੀ ਯੋਗ ਦਿਵਸ ਵਿੱਚ ਹੁਣ 100 ਦਿਨਾਂ ਤੋਂ ਵੀ ਘੱਟ ਸਮਾਂ ਬਚਿਆ ਹੈ, ਪੂਰੀ ਦੁਨੀਆ ਵਿੱਚ ਯੋਗ ਪ੍ਰਤੀ ਖਿੱਚ ਵੀ ਲਗਾਤਾਰ ਵੱਧ ਰਹੀ ਹੈ। ਅਫ਼ਰੀਕਾ ਦੇ ਜਿਬੂਤੀ ਵਿੱਚ ਅਲਮਿਸ ਜੀ ਆਪਣੇ ਅਰਵਿੰਦ ਯੋਗ ਸੈਂਟਰ ਰਾਹੀਂ ਯੋਗ ਨੂੰ ਹੁਲਾਰਾ ਦੇ ਰਹੇ ਹਨ। ਉਹ ਇੱਥੋਂ ਦੀਆਂ ਕਈ ਹੋਰ ਥਾਵਾਂ 'ਤੇ ਵੀ ਲੋਕਾਂ ਨੂੰ ਯੋਗ ਸਿਖਾਉਂਦੇ ਹਨ। ਤੁਹਾਡੇ ਵਿੱਚੋਂ ਕਈ ਲੋਕਾਂ ਨੇ ਇੰਸਟਾਗ੍ਰਾਮ ਕੰਟੈਂਟ ਕ੍ਰਿਏਟਰ ਯੁਵਰਾਜ ਦੁਆ ਦੀ ਪੋਸਟ 'ਤੇ ਮੇਰੇ ਵੱਲੋਂ ਦਿੱਤੇ ਗਏ ਜਵਾਬ ਨੂੰ ਲੈ ਕੇ ਕੁਮੈਂਟ ਕੀਤੇ ਹਨ। ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਸੀ ਕਿ ਮੈਂ ਉਨ੍ਹਾਂ ਦੇ ਪਿਤਾ ਜੀ ਨੂੰ ਕਹਾਂ ਕਿ ਉਹ ਖੰਡ ਦੀ ਵਰਤੋਂ ਘੱਟ ਕਰਨ। ਮੈਨੂੰ ਖੁਸ਼ੀ ਹੈ ਕਿ ਮੇਰੀ ਬੇਨਤੀ ਦਾ ਉਨ੍ਹਾਂ ਦੇ ਪਿਤਾ 'ਤੇ ਸਕਾਰਾਤਮਕ ਅਸਰ ਪਿਆ ਹੈ। ਮੈਂ ਤੁਹਾਡੇ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਖੰਡ ਦੀ ਵਰਤੋਂ ਘੱਟ ਕਰੋ ਅਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਸਾਨੂੰ ਖਾਣ ਵਾਲੇ ਤੇਲ ਵਿੱਚ 10 ਫੀਸਦੀ ਦੀ ਕਟੌਤੀ ਵੀ ਕਰਨੀ ਹੈ। ਇਨ੍ਹਾਂ ਛੋਟੇ-ਛੋਟੇ ਯਤਨਾਂ ਨਾਲ ਤੁਸੀਂ ਮੋਟਾਪੇ ਅਤੇ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਦੂਰ ਰਹੋਗੇ।

 

ਮੇਰੇ ਪਿਆਰੇ ਦੇਸ਼ਵਾਸੀਓ,

ਇੱਕ ਪੁਰਾਣੀ ਕਹਾਵਤ ਹੈ ਕਿ 'ਕਰਤ ਕਰਤ ਅਭਿਆਸ ਕੇ, ਜੜਮਤਿ ਹੋਤ ਸੁਜਾਨ', ਭਾਵ ਅਸੀਂ ਜਦੋਂ ਲਗਾਤਾਰ ਅਭਿਆਸ ਕਰਦੇ ਹਾਂ, ਉਦੋਂ ਓਨੀ ਹੀ ਜ਼ਿਆਦਾ ਸਿਆਣਪ ਹਾਸਲ ਕਰਦੇ ਜਾਂਦੇ ਹਾਂ। ਲੋਕ ਵੀ ਸਭ ਤੋਂ ਬਿਹਤਰ ਉਦੋਂ ਸਿੱਖਦੇ ਹਨ ਜਦੋਂ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ ਹੁੰਦੀ ਹੈ। ਮੈਨੂੰ ਬੈਂਗਲੁਰੂ ਵਿੱਚ ਸਿੱਖਿਆ ਨਾਲ ਜੁੜੇ ਵਿਲੱਖਣ ਯਤਨ ਬਾਰੇ ਜਾਣਕਾਰੀ ਮਿਲੀ ਹੈ। ਇੱਥੇ ਇੱਕ ਟੀਮ ਪ੍ਰਯੋਗ ਇੰਸਟੀਚਿਊਟ ਆਫ ਐਜੂਕੇਸ਼ਨ ਰਿਸਰਚ ਚਲਾ ਰਹੀ ਹੈ। ਇਸ ਟੀਮ ਦਾ ਰਿਸਰਚ ਪ੍ਰੋਜੈਕਟਾਂ 'ਤੇ ਵਿਸ਼ੇਸ਼ ਧਿਆਨ ਹੈ। ਇਹ ਟੀਮ ਸਕੂਲ ਪੱਧਰ 'ਤੇ ਵਿਗਿਆਨ ਦੀ ਸਿੱਖਿਆ ਨੂੰ ਮਕਬੂਲ ਬਣਾਉਣ ਵਿੱਚ ਜੁਟੀ ਹੈ। ਉਨ੍ਹਾਂ ਨੇ 'ਅਨਵੇਸ਼ਣ' ਨਾਮ ਦਾ ਪ੍ਰਯੋਗ ਕੀਤਾ ਹੈ, ਇਸ ਰਾਹੀਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੈਮਿਸਟਰੀ, ਅਰਥ ਸਾਇੰਸ ਅਤੇ ਵੈੱਲਨੈੱਸ ਵਰਗੇ ਖੇਤਰਾਂ ਵਿੱਚ ਇਨੋਵੇਸ਼ਨ ਕਰਨ ਦਾ ਮੌਕਾ ਮਿਲਦਾ ਹੈ - ਇਸ ਨਾਲ ਵਿਦਿਆਰਥੀਆਂ ਨੂੰ ਰਿਸਰਚ ਦਾ ਬਹੁਤ ਚੰਗਾ ਤਜਰਬਾ ਹਾਸਲ ਹੁੰਦਾ ਹੈ, ਨਾਲ ਹੀ ਆਪਣੇ ਪ੍ਰੋਜੈਕਟਾਂ ਨੂੰ ਪਬਲਿਸ਼ ਕਰਨ ਦਾ ਪਲੇਟਫਾਰਮ ਵੀ ਮਿਲਦਾ ਹੈ।

 

ਸਾਥੀਓ,

'ਪਰੀਕਸ਼ਾ ਪੇ ਚਰਚਾ' ਦੌਰਾਨ ਕੁਝ ਵਿਦਿਆਰਥੀਆਂ ਨੇ ਮੈਨੂੰ ਦੱਸਿਆ ਸੀ ਕਿ ਉਹ ਸਾਇੰਸ ਪੜ੍ਹਨਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਤੋਂ ਡਰ ਵੀ ਲੱਗਦਾ ਹੈ। ਇਸ ਦਿਸ਼ਾ ਵਿੱਚ ਪ੍ਰਯੋਗ ਦੀ ਟੀਮ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਹੈ, ਇਹ ਪਹਿਲ, ਵਿਦਿਆਰਥੀਆਂ ਨੂੰ ਸਾਇੰਸ ਨਾਲ ਜੁੜਨ ਅਤੇ ਪ੍ਰੈਕਟੀਕਲ ਤੌਰ 'ਤੇ ਕੁਝ ਕਰਕੇ ਦਿਖਾਉਣ ਦਾ ਮੌਕਾ ਦਿੰਦੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਖੁਦ ਕਰਕੇ ਦੇਖਦੇ ਹਾਂ - ਤਾਂ ਜਗਿਆਸਾ ਅਤੇ ਦਿਲਚਸਪੀ ਪੈਦਾ ਹੁੰਦੀ ਹੈ। ਕੌਣ ਜਾਣਦਾ ਹੈ ਕਿ ਮੇਰੇ ਇਨ੍ਹਾਂ ਨੌਜਵਾਨ ਸਾਥੀਆਂ ਵਿੱਚੋਂ ਹੀ ਕੋਈ ਆਉਣ ਵਾਲੇ ਸਮੇਂ ਦਾ ਬਿਹਤਰੀਨ ਸਾਇੰਸਦਾਨ ਹੋਵੇ।

 

ਸਾਥੀਓ,

ਸਿੱਖਿਆ ਰਾਹੀਂ ਅਤੀਤ ਸੰਭਾਲਣ ਅਤੇ ਭਵਿੱਖ ਤਿਆਰ ਕਰਨ ਦਾ ਯਤਨ ਨਾਗਾ ਭਾਈਚਾਰਾ ਵੀ ਕਰ ਰਿਹਾ ਹੈ। ਇਸ ਭਾਈਚਾਰੇ ਦੇ ਲੋਕ ਆਪਣੀਆਂ ਆਦਿਵਾਸੀ ਪਰੰਪਰਾਵਾਂ ਦਾ ਬਹੁਤ ਸਤਿਕਾਰ ਕਰਦੇ ਹਨ। ਉਹ ਇਸ 'ਤੇ ਮਾਣ ਤਾਂ ਕਰਦੇ ਹੀ ਹਨ, ਨਾਲ ਹੀ ਆਪਣੀ ਪਹੁੰਚ ਨੂੰ ਆਧੁਨਿਕ ਵੀ ਰੱਖਦੇ ਹਨ। ਨਾਗਾ ਕਬੀਲਿਆਂ ਵਿੱਚ 'ਮੋਰੁੰਗ ਲਰਨਿੰਗ' ਦੀ ਇੱਕ ਰਵਾਇਤੀ ਵਿਵਸਥਾ ਸੀ, ਇਸ ਵਿੱਚ, ਬਜ਼ੁਰਗ ਲੋਕ ਆਪਣੇ ਤਜਰਬਿਆਂ ਤੋਂ ਨੌਜਵਾਨਾਂ ਨੂੰ ਰਵਾਇਤੀ ਗਿਆਨ, ਇਤਿਹਾਸ ਅਤੇ ਜੀਵਨ-ਜਾਚ ਬਾਰੇ ਦੱਸਦੇ ਸਨ। ਸਮੇਂ ਦੇ ਨਾਲ ਇਹ ਸਿਸਟਮ ਹੁਣ 'ਮੋਰੁੰਗ ਕੰਸੈਪਟ ਆਫ ਐਜੂਕੇਸ਼ਨ' ਵਿੱਚ ਬਦਲ ਗਿਆ ਹੈ। ਇਸ ਰਾਹੀਂ ਬੱਚਿਆਂ ਵਿੱਚ ਗਣਿਤ ਅਤੇ ਵਿਗਿਆਨ ਵਰਗੇ ਵਿਸ਼ਿਆਂ ਵਿੱਚ ਦਿਲਚਸਪੀ ਪੈਦਾ ਕੀਤੀ ਜਾਂਦੀ ਹੈ। ਇਸ ਵਿੱਚ ਭਾਈਚਾਰੇ ਦੇ ਬਜ਼ੁਰਗ ਉਨ੍ਹਾਂ ਨੂੰ ਕਹਾਣੀਆਂ, ਲੋਕਗੀਤਾਂ ਅਤੇ ਰਵਾਇਤੀ ਖੇਡਾਂ ਦੇ ਨਾਲ-ਨਾਲ ਜੀਵਨ-ਜਾਚ ਸਿਖਾਉਂਦੇ ਹਨ। ਇਸ ਤਰ੍ਹਾਂ ਸਾਡਾ ਨਾਗਾਲੈਂਡ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਦਿਆਂ ਬੱਚਿਆਂ ਦੀ ਸਿੱਖਿਆ ਨੂੰ ਅੱਗੇ ਲੈ ਜਾ ਰਿਹਾ ਹੈ। ਤੁਹਾਨੂੰ ਵੀ ਆਪਣੇ ਖੇਤਰ ਵਿੱਚ ਅਜਿਹੇ ਯਤਨਾਂ ਬਾਰੇ ਪਤਾ ਲੱਗੇ, ਤਾਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ।

 

ਮੇਰੇ ਪਿਆਰੇ ਦੇਸ਼ਵਾਸੀਓ,

ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ, ਭਾਵ ਇਹ ਸਮਾਂ ਪਾਣੀ ਦੀ ਸੰਭਾਲ ਦੇ ਆਪਣਾ ਸੰਕਲਪ ਮੁੜ ਦੁਹਰਾਉਣ ਦਾ ਹੈ। ਪਿਛਲੇ 11 ਸਾਲਾਂ ਵਿੱਚ 'ਜਲ ਸੰਚੈ ਅਭਿਆਨ' (ਪਾਣੀ ਸੰਭਾਲ ਮੁਹਿੰਮ) ਨੇ ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਹੈ। ਇਸ ਮੁਹਿੰਮ ਤਹਿਤ ਦੇਸ਼ ਭਰ ਵਿੱਚ ਕਰੀਬ 50 ਲੱਖ ਆਰਟੀਫਿਸ਼ੀਅਲ ਵਾਟਰ ਹਾਰਵੈਸਟਿੰਗ ਸਟ੍ਰਕਚਰ ਬਣਾਏ ਗਏ ਹਨ। ਮੈਨੂੰ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਹੁਣ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਪਿੰਡ-ਪਿੰਡ ਵਿੱਚ ਭਾਈਚਾਰਕ ਪੱਧਰ 'ਤੇ ਯਤਨ ਹੋਣ ਲੱਗੇ ਹਨ। ਕਿਤੇ ਪੁਰਾਣੇ ਛੱਪੜਾਂ ਦੀ ਸਫ਼ਾਈ ਹੋ ਰਹੀ ਹੈ, ਕਿਤੇ ਮੀਂਹ ਦੇ ਪਾਣੀ ਨੂੰ ਸਾਂਭਣ ਲਈ ਯਤਨ ਕੀਤੇ ਜਾ ਰਹੇ ਹਨ। ਅੰਮ੍ਰਿਤ ਸਰੋਵਰ ਮੁਹਿੰਮ ਤਹਿਤ ਵੀ ਦੇਸ਼ ਭਰ ਵਿੱਚ ਕਰੀਬ 70 ਹਜ਼ਾਰ ਅੰਮ੍ਰਿਤ ਸਰੋਵਰ ਬਣਾਏ ਗਏ ਹਨ। ਮੀਂਹ ਦਾ ਮੌਸਮ ਆਉਣ ਤੋਂ ਪਹਿਲਾਂ ਇਨ੍ਹਾਂ ਸਰੋਵਰਾਂ ਦੀ ਸਾਫ਼-ਸਫ਼ਾਈ ਵੀ ਸ਼ੁਰੂ ਹੋ ਗਈ ਹੈ। ਅੱਜ ਮੈਂ ਤੁਹਾਡੇ ਨਾਲ ਕੁਝ ਪ੍ਰੇਰਨਾਦਾਇਕ ਉਦਾਹਰਣਾਂ ਵੀ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇਹ ਉਦਾਹਰਣਾਂ ਦੱਸਦੀਆਂ ਹਨ ਕਿ ਲੋਕ-ਭਾਗੀਦਾਰੀ ਨਾਲ ਪਾਣੀ ਦੀ ਸੰਭਾਲ ਦਾ ਕੰਮ ਕਿੰਨਾ ਵਿਆਪਕ ਹੋ ਜਾਂਦਾ ਹੈ।

 

ਸਾਥੀਓ,

ਤ੍ਰਿਪੁਰਾ ਦੀਆਂ ਜੰਪੁਈ ਪਹਾੜੀਆਂ ਵਿੱਚ ਵਸਿਆ ਵਾਂਗਮੁਨ ਪਿੰਡ 3000 ਫੁੱਟ ਦੀ ਉਚਾਈ 'ਤੇ ਵਸਿਆ ਹੈ। ਇਹ ਪਿੰਡ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਗਰਮੀਆਂ ਦੇ ਦਿਨਾਂ ਵਿੱਚ ਪਿੰਡ ਦੇ ਲੋਕ ਪਾਣੀ ਲਈ ਲੰਬਾ ਪੈਂਡਾ ਤੈਅ ਕਰਦੇ ਸਨ। ਆਖਿਰਕਾਰ ਪਿੰਡ ਦੇ ਲੋਕਾਂ ਨੇ ਮੀਂਹ ਦੀ ਹਰ ਬੂੰਦ ਨੂੰ ਸਾਂਭਣ ਦਾ ਫ਼ੈਸਲਾ ਕੀਤਾ। ਅੱਜ ਵਾਂਗਮੁਨ ਪਿੰਡ ਦੇ ਲਗਭਗ ਹਰ ਘਰ ਵਿੱਚ ਰੂਫਟਾਪ ਰੇਨਵਾਟਰ ਹਾਰਵੈਸਟਿੰਗ ਸਿਸਟਮ ਲੱਗ ਗਿਆ ਹੈ। ਜੋ ਪਿੰਡ ਕਦੇ ਪਾਣੀ ਦੀ ਘਾਟ ਨਾਲ ਜੂਝ ਰਿਹਾ ਸੀ, ਉਹ ਪਾਣੀ ਦੀ ਸੰਭਾਲ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਬਣ ਗਿਆ ਹੈ।

 

ਸਾਥੀਓ,

ਇਸੇ ਤਰ੍ਹਾਂ ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਵਿੱਚ ਵੀ ਇੱਕ ਅਨੋਖੀ ਪਹਿਲ ਦੇਖਣ ਨੂੰ ਮਿਲੀ। ਇੱਥੋਂ ਦੇ ਕਿਸਾਨਾਂ ਨੇ ਇੱਕ ਸੌਖੇ ਪਰ ਪ੍ਰਭਾਵਸ਼ਾਲੀ ਆਈਡੀਏ 'ਤੇ ਕੰਮ ਕੀਤਾ। ਇੱਥੋਂ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਛੋਟੇ-ਛੋਟੇ ਰੀਚਾਰਜ ਤਲਾਬ ਅਤੇ ਸੋਕ ਪਿੱਟ (ਸੋਖਣ ਵਾਲੇ ਟੋਏ) ਬਣਾਏ ਜਿਸ ਨਾਲ ਮੀਂਹ ਦਾ ਪਾਣੀ ਖੇਤਾਂ ਵਿੱਚ ਹੀ ਰੁਕਣ ਲੱਗਿਆ ਅਤੇ ਹੌਲੀ-ਹੌਲੀ ਉਹ ਜ਼ਮੀਨ ਦੇ ਅੰਦਰ ਜਾਣ ਲੱਗਿਆ। ਅੱਜ ਇਸ ਖੇਤਰ ਦੇ 1200 ਤੋਂ ਵੱਧ ਕਿਸਾਨ ਇਸ ਮਾਡਲ ਨੂੰ ਅਪਣਾ ਚੁੱਕੇ ਹਨ ਅਤੇ ਪਿੰਡ ਦਾ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਬਿਹਤਰ ਹੋ ਗਿਆ ਹੈ। ਇਸੇ ਤਰ੍ਹਾਂ ਤੇਲੰਗਾਨਾ ਦੇ ਮਨਚੇਰੀਆਲ ਜ਼ਿਲ੍ਹੇ ਦੇ ਮੁਧਿਗੁੰਟਾ ਪਿੰਡ ਵਿੱਚ ਵੀ ਲੋਕਾਂ ਨੇ ਮਿਲ ਕੇ ਪਾਣੀ ਦੀ ਸਮੱਸਿਆ ਦੂਰ ਕੀਤੀ ਹੈ। ਪਿੰਡ ਦੇ 400 ਪਰਿਵਾਰਾਂ ਨੇ ਆਪਣੇ ਘਰਾਂ ਵਿੱਚ ਸੋਕ ਪਿੱਟ ਬਣਾਇਆ ਅਤੇ ਪਾਣੀ ਦੀ ਸੰਭਾਲ ਨੂੰ ਇੱਕ ਜਨ-ਅੰਦੋਲਨ ਬਣਾ ਦਿੱਤਾ। ਇਸ ਨਾਲ ਪਿੰਡ ਦਾ ਜ਼ਮੀਨੀ ਪਾਣੀ ਦਾ ਪੱਧਰ ਬਿਹਤਰ ਹੋਇਆ ਹੈ, ਨਾਲ ਹੀ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਬਹੁਤ ਘੱਟ ਹੋ ਗਈਆਂ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਮਛੇਰੇ ਭੈਣ-ਭਰਾ ਸਿਰਫ਼ ਸਮੁੰਦਰ ਦੇ ਯੋਧੇ ਨਹੀਂ ਹਨ, ਸਗੋਂ ਉਹ ਆਤਮ-ਨਿਰਭਰ ਭਾਰਤ ਦੀ ਇੱਕ ਮਜ਼ਬੂਤ ਨੀਂਹ ਵੀ ਹਨ। ਉਹ ਸਵੇਰ ਹੋਣ ਤੋਂ ਪਹਿਲਾਂ ਸਮੁੰਦਰ ਦੀਆਂ ਲਹਿਰਾਂ ਨਾਲ ਜੂਝਦੇ ਹੋਏ, ਆਪਣੇ ਪਰਿਵਾਰ ਦੇ ਨਾਲ-ਨਾਲ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤੀ ਦੇਣ ਵਿੱਚ ਜੁਟ ਜਾਂਦੇ ਹਨ। ਅਜਿਹੇ ਮਿਹਨਤੀ ਮਛੇਰਿਆਂ ਦਾ ਜੀਵਨ ਅੱਜ ਕਈ ਤਰੀਕਿਆਂ ਨਾਲ ਆਸਾਨ ਬਣਾਇਆ ਜਾ ਰਿਹਾ ਹੈ। ਭਾਵੇਂ ਬੰਦਰਗਾਹਾਂ ਦਾ ਵਿਕਾਸ ਹੋਵੇ ਜਾਂ ਮਛੇਰਿਆਂ ਲਈ ਬੀਮਾ, ਅਜਿਹੀਆਂ ਕਈ ਪਹਿਲਕਦਮੀਆਂ ਉਨ੍ਹਾਂ ਦੇ ਬਹੁਤ ਕੰਮ ਆ ਰਹੀਆਂ ਹਨ। ਅਸੀਂ ਜਾਣਦੇ ਹਾਂ ਕਿ ਸਮੁੰਦਰ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਮੌਸਮ ਦਾ ਰੁਖ਼ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਨੂੰ ਦੇਖਦੇ ਹੋਏ ਤਕਨਾਲੋਜੀ ਰਾਹੀਂ ਵੀ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਅਜਿਹੇ ਯਤਨਾਂ ਨਾਲ ਸਾਡਾ ਮੱਛੀ ਪਾਲਣ ਖੇਤਰ ਨਾ ਸਿਰਫ਼ ਖੁਸ਼ਹਾਲ ਹੋ ਰਿਹਾ ਹੈ, ਸਗੋਂ ਕੁਝ ਨਵਾਂ ਕਰਨ ਦਾ ਜਜ਼ਬਾ ਵੀ ਭਰ ਰਿਹਾ ਹੈ। ਅੱਜ ਮੱਛੀ ਪਾਲਣ ਅਤੇ ਸੀਵੀਡ ਦੇ ਖੇਤਰ ਵਿੱਚ ਨਵੀਆਂ-ਨਵੀਆਂ ਇਨੋਵੇਸ਼ਨਾਂ ਹੋ ਰਹੀਆਂ ਹਨ, ਅਤੇ ਸਾਡੇ ਮਛੇਰੇ ਭੈਣ-ਭਰਾ ਆਤਮ-ਨਿਰਭਰ ਬਣ ਰਹੇ ਹਨ। ਉਡੀਸ਼ਾ ਦੇ ਸੰਬਲਪੁਰ ਦੀ ਸੁਜਾਤਾ ਭੂਯਾਨ ਜੀ ਇੱਕ ਘਰੇਲੂ ਔਰਤ ਸਨ, ਪਰ ਉਹ ਕੁਝ ਨਵਾਂ ਕਰਕੇ ਆਪਣੇ ਪਰਿਵਾਰ ਦੀ ਹੋਰ ਮਦਦ ਕਰਨਾ ਚਾਹੁੰਦੇ ਸਨ। ਇਸ ਲਈ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਹੀਰਾਕੁੰਡ ਰਿਜ਼ਰਵਾਇਰ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ। ਸ਼ੁਰੂਆਤੀ ਦਿਨ ਉਨ੍ਹਾਂ ਲਈ ਆਸਾਨ ਨਹੀਂ ਸਨ। ਮੌਸਮ ਵਿੱਚ ਆਉਣ ਵਾਲੇ ਬਦਲਾਅ, ਮੱਛੀਆਂ ਦੀ ਖੁਰਾਕ ਦਾ ਪ੍ਰਬੰਧ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨਾਲ ਸੰਤੁਲਨ ਬਣਾਉਣ ਵਰਗੀਆਂ ਕਈ ਚੁਣੌਤੀਆਂ ਸਨ, ਪਰ ਉਨ੍ਹਾਂ ਦਾ ਹੌਸਲਾ ਅਡੋਲ ਸੀ। ਸਿਰਫ਼ ਦੋ-ਤਿੰਨ ਸਾਲਾਂ ਦੇ ਅੰਦਰ ਉਨ੍ਹਾਂ ਨੇ ਆਪਣੀ ਕੋਸ਼ਿਸ਼ ਨੂੰ ਇੱਕ ਵਧਦੇ-ਫੁੱਲਦੇ ਕਾਰੋਬਾਰ ਵਿੱਚ ਬਦਲ ਦਿੱਤਾ। ਅੱਜ ਉਨ੍ਹਾਂ ਦੀ ਸਫ਼ਲਤਾ ਭਾਈਚਾਰੇ ਦੀਆਂ ਔਰਤਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਗਈ ਹੈ।

 

ਸਾਥੀਓ,

ਲਕਸ਼ਦੀਪ ਵਿੱਚ ਮਿਨੀਕੌਏ ਦੀ ਹਾਵਵਾ ਗੁਲਜ਼ਾਰ ਜੀ ਦੀ ਕਹਾਣੀ ਸਾਡੀਆਂ ਮਾਵਾਂ-ਭੈਣਾਂ ਦੀ ਅਦਭੁਤ ਸੰਕਲਪ-ਸ਼ਕਤੀ ਨੂੰ ਸਾਹਮਣੇ ਲਿਆਉਂਦੀ ਹੈ। ਦਰਅਸਲ ਉਹ ਫਿਸ਼ ਪ੍ਰੋਸੈਸਿੰਗ ਯੂਨਿਟ ਚਲਾਉਂਦੇ ਸਨ। ਪਰ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਕੋਲ ਇੱਕ ਚੰਗਾ ਕੋਲਡ ਸਟੋਰੇਜ ਹੋਵੇ ਤਾਂ ਉਹ ਹੋਰ ਬਿਹਤਰ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੇ ਕੋਲਡ ਸਟੋਰੇਜ ਯੂਨਿਟ ਲਗਾਉਣ ਦਾ ਫ਼ੈਸਲਾ ਕੀਤਾ। ਅੱਜ ਇਹੀ ਉਨ੍ਹਾਂ ਦੀ ਤਾਕਤ ਬਣ ਚੁੱਕਾ ਹੈ। ਹੁਣ ਉਹ ਬਿਹਤਰ ਯੋਜਨਾਬੰਦੀ ਨਾਲ ਕਾਰੋਬਾਰ ਕਰ ਪਾ ਰਹੇ ਹਨ।

 

ਸਾਥੀਓ,

ਦੇਸ਼ ਵਿੱਚ ਅੱਜ ਹਰ ਪਾਸੇ ਅਜਿਹੇ ਯਤਨ ਹੋ ਰਹੇ ਹਨ, ਜੋ ਪ੍ਰੇਰਿਤ ਕਰਨ ਵਾਲੇ ਹਨ। ਬੇਲਗਾਵੀ ਦੇ ਸ਼ਿਵਲਿੰਗ ਸਤੱਪਾ ਹੁੱਦਾਰ ਨੇ ਰਵਾਇਤੀ ਖੇਤੀ ਤੋਂ ਵੱਖਰਾ ਰਸਤਾ ਚੁਣਿਆ। ਇਸ ਦੇ ਲਈ ਉਨ੍ਹਾਂ ਨੇ ਇੱਕ ਪੌਂਡ ਫਾਰਮ ਬਣਾਇਆ। ਇਸ ਕਾਰੋਬਾਰ ਲਈ ਉਨ੍ਹਾਂ ਨੂੰ ਟ੍ਰੇਨਿੰਗ ਵੀ ਮਿਲੀ। ਹੁਣ ਆਪਣੇ ਤਲਾਬ ਵਿੱਚੋਂ ਮੱਛੀਆਂ ਵੇਚ ਕੇ ਉਹ ਚੰਗੀ ਕਮਾਈ ਕਰ ਰਹੇ ਹਨ। ਉੱਥੇ ਹੀ ਸੀਵੀਡ ਦੀ ਮੰਗ ਨੂੰ ਦੇਖਦਿਆਂ ਕਈ ਲੋਕਾਂ ਨੇ ਸੀਵੀਡ ਕਲਟੀਵੇਸ਼ਨ ਨੂੰ ਵੀ ਅਪਣਾਇਆ ਹੈ। ਇਸ ਦਾ ਉਨ੍ਹਾਂ ਨੂੰ ਵੱਡਾ ਲਾਭ ਵੀ ਹੋ ਰਿਹਾ ਹੈ। ਮੈਂ ਇੱਕ ਵਾਰ ਫਿਰ ਮੱਛੀ ਪਾਲਣ ਖੇਤਰ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ। ਸਾਡੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦਾ ਯਤਨ ਬਹੁਤ ਸ਼ਲਾਘਾਯੋਗ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਜਦੋਂ ਸਮਾਜ ਖੁਦ ਅੱਗੇ ਆਉਂਦਾ ਹੈ, ਤਾਂ ਛੋਟੇ-ਛੋਟੇ ਯਤਨ ਵੀ ਵੱਡੇ ਬਦਲਾਅ ਦੀ ਨੀਂਹ ਬਣ ਜਾਂਦੇ ਹਨ। ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਕਈ ਉਦਾਹਰਣਾਂ ਸਾਹਮਣੇ ਆ ਰਹੀਆਂ ਹਨ, ਜੋ ਸਾਨੂੰ ਇਹੀ ਸਿਖਾਉਂਦੀਆਂ ਹਨ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਪ੍ਰੇਰਨਾਦਾਇਕ ਯਤਨ ਦੇਖਣ ਨੂੰ ਮਿਲਿਆ। ਉੱਥੇ ਇੱਕ ਹੀ ਘੰਟੇ ਵਿੱਚ 2 ਲੱਖ 51 ਹਜ਼ਾਰ ਤੋਂ ਵੱਧ ਬੂਟੇ ਲਾਏ ਗਏ ਅਤੇ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਿਆ। ਇਸ ਯਤਨ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਹਜ਼ਾਰਾਂ ਲੋਕ ਇੱਕੋ ਸਮੇਂ ਜੁੜੇ। ਵਿਦਿਆਰਥੀ, ਜਵਾਨ, ਵਲੰਟੀਅਰ ਸੰਸਥਾਵਾਂ, ਵੱਖ-ਵੱਖ ਜਥੇਬੰਦੀਆਂ, ਸਭ ਨੇ ਮਿਲ ਕੇ ਇਸ ਕੰਮ ਨੂੰ ਸੰਭਵ ਬਣਾਇਆ। ਲੋਕਾਂ ਦੀ ਹਿੱਸੇਦਾਰੀ ਦਾ ਇਹੀ ਰੂਪ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੌਰਾਨ ਵੀ ਦਿਸਦਾ ਹੈ। ਇਸ ਮੁਹਿੰਮ ਤਹਿਤ ਦੇਸ਼ ਭਰ ਵਿੱਚ ਕਰੋੜਾਂ ਦਰੱਖਤ ਲਗਾਏ ਗਏ ਹਨ।

 

ਸਾਥੀਓ,

ਨਾਗਾਲੈਂਡ ਦੇ ਚਿਜ਼ਾਮੀ ਪਿੰਡ ਤੋਂ ਵੀ ਬਹੁਤ ਪ੍ਰੇਰਨਾਦਾਇਕ ਯਤਨ ਸਾਹਮਣੇ ਆਇਆ ਹੈ। ਚਿਜ਼ਾਮੀ ਪਿੰਡ ਦੀਆਂ ਔਰਤਾਂ ਮਿਲ ਕੇ 150 ਤੋਂ ਵੱਧ ਕਿਸਮਾਂ ਦੇ ਰਵਾਇਤੀ ਬੀਜ ਸੁਰੱਖਿਅਤ ਰੱਖ ਰਹੀਆਂ ਹਨ। ਇਹ ਬੀਜ ਕਮਿਊਨਿਟੀ ਸੀਡ ਬੈਂਕ ਵਿੱਚ ਸੰਭਾਲੇ ਜਾ ਰਹੇ ਹਨ, ਜਿਸ ਨੂੰ ਪਿੰਡ ਦੀਆਂ ਔਰਤਾਂ ਹੀ ਚਲਾਉਂਦੀਆਂ ਹਨ। ਇਨ੍ਹਾਂ ਵਿੱਚ ਚੌਲ, ਬਾਜਰਾ, ਮੱਕੀ, ਦਾਲਾਂ, ਸਬਜ਼ੀਆਂ ਅਤੇ ਕਈ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਸ਼ਾਮਲ ਹਨ। ਇਹ ਅਜਿਹਾ ਯਤਨ ਹੈ, ਜਿਸ ਵਿੱਚ ਗਿਆਨ ਵੀ ਸੁਰੱਖਿਅਤ ਹੈ, ਪਰੰਪਰਾ ਵੀ ਜਿਊਂਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਜ਼ਬੂਤ ਆਧਾਰ ਵੀ ਤਿਆਰ ਹੋ ਰਿਹਾ ਹੈ।

 

ਸਾਥੀਓ,

ਅੱਜ ਜਦੋਂ ਦੁਨੀਆ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਦੋਂ ਅਜਿਹੇ ਯਤਨ ਸਾਨੂੰ ਇਹ ਦੱਸਦੇ ਹਨ ਕਿ ਹੱਲ ਹਮੇਸ਼ਾ ਕਿਤੇ ਦੂਰ ਨਹੀਂ ਹੁੰਦਾ। ਕਈ ਵਾਰ ਸਾਡਾ ਆਪਣਾ ਰਵਾਇਤੀ ਗਿਆਨ ਅਤੇ ਭਾਈਚਾਰਕ ਯਤਨ ਹੀ ਸਾਨੂੰ ਸਭ ਤੋਂ ਮਜ਼ਬੂਤ ਰਸਤਾ ਦਿਖਾਉਂਦੇ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਤੁਸੀਂ ਦੇਸ਼ ਦੇ ਕਿਸੇ ਛੋਟੇ-ਵੱਡੇ ਸ਼ਹਿਰ ਵਿੱਚ ਜਾਓਗੇ ਤਾਂ ਇੱਕ ਬਦਲਾਅ ਤੁਸੀਂ ਜ਼ਰੂਰ ਨੋਟਿਸ ਕਰੋਗੇ। ਤੁਹਾਨੂੰ ਵੱਡੀ ਗਿਣਤੀ ਵਿੱਚ ਘਰਾਂ ਦੀ ਛੱਤ 'ਤੇ ਸੋਲਰ ਪੈਨਲ ਲੱਗੇ ਹੋਏ ਦਿਖਾਈ ਦੇਣਗੇ। ਕੁਝ ਸਾਲ ਪਹਿਲਾਂ ਤੱਕ ਇਹ ਇੱਕਾ-ਦੁੱਕਾ ਘਰਾਂ 'ਤੇ ਹੀ ਦਿਸਦੇ ਸਨ। ਪਰ ਅੱਜ 'ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ' ਦਾ ਪ੍ਰਭਾਵ ਦੇਸ਼ ਦੇ ਕੋਨੇ-ਕੋਨੇ ਵਿੱਚ ਦਿਸਣ ਲੱਗਿਆ ਹੈ। ਇਸ ਯੋਜਨਾ ਕਰਕੇ, ਗੁਜਰਾਤ ਦੇ ਸੁਰਿੰਦਰਨਗਰ ਜ਼ਿਲ੍ਹੇ ਦੀ ਪਾਇਲ ਮੁੰਜਪਾਰਾ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਸੂਰਯ ਪਹਿਲ ਰਾਹੀਂ ਸੋਲਰ ਪਾਵਰ ਤਕਨਾਲੋਜੀ ਦੀ ਟ੍ਰੇਨਿੰਗ ਲਈ ਅਤੇ 4 ਮਹੀਨੇ ਦਾ ਸੋਲਰ ਪੀਵੀ ਟੈਕਨੀਸ਼ੀਅਨ ਦਾ ਕੋਰਸ ਪੂਰਾ ਕੀਤਾ। ਹੁਣ ਉਹ ਇੱਕ ਹੁਨਰਮੰਦ ਸੋਲਰ ਟੈਕਨੀਸ਼ੀਅਨ ਬਣ ਗਏ ਹਨ। ਪਾਇਲ ਇੱਕ ਸੋਲਰ ਉੱਦਮੀ ਵਜੋਂ ਆਪਣੀ ਪਛਾਣ ਬਣਾ ਰਹੇ ਹਨ। ਉਹ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਸੋਲਰ ਰੂਫਟਾਪ ਇੰਸਟਾਲੇਸ਼ਨ ਦਾ ਕੰਮ ਕਰਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਆਮਦਨ ਹੁੰਦੀ ਹੈ।

 

ਸਾਥੀਓ,

ਮੇਰਠ ਦੇ ਅਰੁਣ ਕੁਮਾਰ ਵੀ ਹੁਣ ਆਪਣੇ ਇਲਾਕੇ ਵਿੱਚ ਊਰਜਾ ਦਾਤਾ ਬਣ ਗਏ ਹਨ। ਹਾਲ ਹੀ ਵਿੱਚ, ਦਿੱਲੀ ਵਿੱਚ ਹੋਏ ਪ੍ਰੋਗਰਾਮ ਵਿੱਚ ਅਰੁਣ ਕੁਮਾਰ ਨੇ ਹਿੱਸਾ ਲਿਆ ਸੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ ਸਨ। ਉਨ੍ਹਾਂ ਦੱਸਿਆ ਸੀ ਕਿ ਉਹ ਨਾ ਸਿਰਫ਼ ਬਿਜਲੀ ਬਿੱਲ ਦੀ ਬਚਤ ਕਰ ਰਹੇ ਹਨ, ਸਗੋਂ ਆਪਣੀ ਵਾਧੂ ਬਿਜਲੀ ਵੇਚ ਵੀ ਰਹੇ ਹਨ।

 

ਸਾਥੀਓ,

ਜੈਪੁਰ ਦੇ ਮੁਰਲੀਧਰ ਜੀ ਦੀ ਸਫ਼ਲਤਾ ਵੀ ਕੁਝ ਅਜਿਹੀ ਹੀ ਹੈ। ਪਹਿਲਾਂ ਉਨ੍ਹਾਂ ਦੀ ਖੇਤੀ ਡੀਜ਼ਲ ਪੰਪ 'ਤੇ ਨਿਰਭਰ ਸੀ, ਜਿਸ ਵਿੱਚ ਹਰ ਸਾਲ ਹਜ਼ਾਰਾਂ ਰੁਪਏ ਖਰਚ ਹੁੰਦੇ ਸਨ। ਜਦੋਂ ਉਨ੍ਹਾਂ ਨੇ ਸੋਲਰ ਪੰਪ ਅਪਣਾਇਆ ਤਾਂ ਉਨ੍ਹਾਂ ਦੀ ਖੇਤੀ ਦਾ ਤਰੀਕਾ ਹੀ ਬਦਲ ਗਿਆ। ਹੁਣ ਉਨ੍ਹਾਂ ਨੂੰ ਬਾਲਣ ਦੀ ਫਿਕਰ ਨਹੀਂ ਰਹਿੰਦੀ, ਸਿੰਜਾਈ ਸਮੇਂ ਸਿਰ ਹੁੰਦੀ ਹੈ, ਅਤੇ ਉਨ੍ਹਾਂ ਦੀ ਸਾਲਾਨਾ ਆਮਦਨ ਵੀ ਵੱਧ ਗਈ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਉਨ੍ਹਾਂ ਦਾ ਪਰਿਵਾਰ ਸਾਫ਼ ਊਰਜਾ ਨਾਲ, ਬਿਹਤਰ ਜੀਵਨ ਜੀਅ ਰਿਹਾ ਹੈ।

 

ਸਾਥੀਓ,

'ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ' ਦਾ ਫਾਇਦਾ ਨੌਰਥ ਈਸਟ ਦੇ ਇਲਾਕਿਆਂ ਵਿੱਚ ਵੀ ਮਿਲ ਰਿਹਾ ਹੈ। ਤ੍ਰਿਪੁਰਾ ਵਿੱਚ ਰਿਯਾਂਗ ਕਬੀਲੇ ਦੇ ਕਈ ਪਿੰਡ ਅਜਿਹੇ ਸਨ, ਜਿੱਥੇ ਬਿਜਲੀ ਦੀ ਸਮੱਸਿਆ ਸੀ। ਹੁਣ ਸੋਲਰ ਮਿਨੀ-ਗ੍ਰਿਡ ਰਾਹੀਂ ਉੱਥੋਂ ਦੇ ਘਰਾਂ ਵਿੱਚ ਰੌਸ਼ਨੀ ਰਹਿੰਦੀ ਹੈ। ਉੱਥੇ ਬੱਚੇ ਹੁਣ ਸ਼ਾਮ ਤੋਂ ਬਾਅਦ ਵੀ ਪੜ੍ਹ ਰਹੇ ਹਨ। ਲੋਕ ਮੋਬਾਈਲ ਚਾਰਜ ਕਰ ਪਾ ਰਹੇ ਹਨ ਅਤੇ ਪਿੰਡ ਦਾ ਸਮਾਜਿਕ ਜੀਵਨ ਵੀ ਬਦਲ ਗਿਆ ਹੈ।

 

ਸਾਥੀਓ,

ਦੇਸ਼ ਵਿੱਚ ਸੋਲਰ ਊਰਜਾ ਕ੍ਰਾਂਤੀ ਦੀਆਂ ਅਜਿਹੀਆਂ ਪਤਾ ਨਹੀਂ ਕਿੰਨੀਆਂ ਉਦਾਹਰਣਾਂ ਹਨ। ਤੁਸੀਂ ਵੀ ਇਸ ਕ੍ਰਾਂਤੀ ਨਾਲ ਜੁੜੋ ਅਤੇ ਹੋਰਾਂ ਨੂੰ ਵੀ ਜੋੜੋ।

 

ਮੇਰੇ ਪਿਆਰੇ ਦੇਸ਼ਵਾਸੀਓ,

'ਮਨ ਕੀ ਬਾਤ' ਲਈ ਮੈਨੂੰ ਹਰ ਮਹੀਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਢੇਰਾਂ ਸੰਦੇਸ਼ ਮਿਲਦੇ ਹਨ। ਇਨ੍ਹਾਂ ਸੰਦੇਸ਼ਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੈਠੇ ਲੋਕ ਕਿੰਨੇ ਚਾਅ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹਨ। ਜਦੋਂ ਮੈਂ ਤੁਹਾਡੇ ਸੁਝਾਅ ਪੜ੍ਹਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ, ਇਹ ਸਾਡਾ ਸਾਰਿਆਂ ਦਾ ਇੱਕ ਸਾਂਝਾ ਸੰਵਾਦ ਬਣ ਗਿਆ ਹੈ। ਤੁਹਾਡੇ ਵਿਚਾਰ, ਤੁਹਾਡੇ ਤਜਰਬੇ, ਇਸ ਪ੍ਰੋਗਰਾਮ ਨੂੰ ਲਗਾਤਾਰ ਬਿਹਤਰ ਬਣਾਉਣ ਦੀ ਪ੍ਰੇਰਨਾ ਦਿੰਦੇ ਹਨ। ਤੁਸੀਂ ਆਪਣੇ ਆਸਪਾਸ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਇਸੇ ਤਰ੍ਹਾਂ ਸਾਂਝੀਆਂ ਕਰਦੇ ਰਹੋ। ਹੋ ਸਕਦਾ ਹੈ, ਤੁਹਾਡੀ ਇੱਕ ਛੋਟੀ ਜਿਹੀ ਕੋਸ਼ਿਸ਼, ਕਿਸੇ ਹੋਰ ਦੇ ਜੀਵਨ ਵਿੱਚ ਵੱਡਾ ਬਦਲਾਅ ਲੈ ਆਵੇ, ਕਿਸੇ ਨੂੰ ਅੱਗੇ ਵਧਣ ਦਾ ਨਵਾਂ ਹੌਸਲਾ ਦੇ ਦੇਵੇ - ਇਹੀ ਤਾਂ ਰੇਡੀਓ ਦੀ ਅਸਲੀ ਤਾਕਤ ਹੈ। ਇਹ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਬੈਠੇ ਲੋਕਾਂ ਦਾ ਇੱਕ ਵਿਚਾਰ, ਇੱਕ ਭਾਵਨਾ ਅਤੇ ਇੱਕ ਉਦੇਸ਼ ਜੋੜ ਦਿੰਦਾ ਹੈ। ਅਗਲੇ ਮਹੀਨੇ ਫਿਰ ਮਿਲਾਂਗੇ, ਕੁਝ ਨਵੀਆਂ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਨਾਲ, ਕੁਝ ਅਜਿਹੇ ਯਤਨਾਂ ਨਾਲ, ਜੋ ਸਾਨੂੰ ਅੱਗੇ ਵਧਣ ਦੀ ਨਵੀਂ ਊਰਜਾ ਦੇਣਗੇ। ਉਦੋਂ ਤੱਕ, ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ - ਸਿਹਤਮੰਦ ਰਹੋ, ਖੁਸ਼ ਰਹੋ।

 

ਬਹੁਤ-ਬਹੁਤ ਧੰਨਵਾਦ।

********

ਐੱਮਜੇਪੀਐੱਸ/ਵੀਜੇ/ਵੀਕੇ


(Release ID: 2246642) ਵਿਜ਼ੀਟਰ ਕਾਊਂਟਰ : 10