ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਟੀਵੀ9 ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ


Posted On: 23 MAR 2026 9:21PM by PIB Chandigarh

ਨਮਸਕਾਰ! 

ਪਿਛਲੇ ਕੁਝ ਸਮੇਂ ਵਿੱਚ ਮੈਨੂੰ ਇੱਕ-ਦੋ ਵਾਰ ਟੀਵੀ9 ਭਾਰਤਵਰਸ਼ ਦੇਖਣ ਦਾ ਮੌਕਾ ਮਿਲਿਆ ਹੈ। ਆਮ ਤੌਰ ‘ਤੇ ਵੀ ਯੁੱਧਾਂ ਅਤੇ ਮਿਜ਼ਾਈਲਾਂ ‘ਤੇ ਤੁਹਾਡਾ ਬਹੁਤ ਫੋਕਸ ਹੁੰਦਾ ਹੈ ਅਤੇ ਅੱਜਕੱਲ੍ਹ ਤਾਂ ਤੁਹਾਨੂੰ ਕੰਟੈਂਟ ਦੀ ਓਵਰਫੀਡਿੰਗ ਹੋ ਰਹੀ ਹੈ। ਵੱਡੇ-ਵੱਡੇ ਦੇਸ਼ ਟੀਵੀ9 ਨੂੰ ਇੰਨਾ ਸਾਰਾ ਕੰਟੈਂਟ ਦੇਣ ‘ਤੇ ਤੁਲੇ ਹੋਏ ਹਨ, ਪਰ ਗੰਭੀਰਤਾ ਨਾਲ ਗੱਲ ਕਰੀਏ ਤਾਂ, ਅੱਜ ਵਿਸ਼ਵ ਜਿਨ੍ਹਾਂ ਗੰਭੀਰ ਪਰਸਥਿਤੀਆਂ ਵਿੱਚੋਂ ਲੰਘ ਰਿਹਾ ਹੈ, ਉਹ ਬੇਮਿਸਾਲ ਹਨ ਅਤੇ ਬਹੁਤ ਗੰਭੀਰ ਹਨ। ਅਤੇ ਇਨ੍ਹਾਂ ਸਥਿਤੀਆਂ ਦਰਮਿਆਨ, ਅੱਜ ਟੀਵੀ-9 ਨੈੱਟਵਰਕ ਨੇ ਵਿਚਾਰਾਂ ਦਾ ਇੱਕ ਬਹੁਤ ਮਹੱਤਵਪੂਰਨ ਮੰਚ ਬਣਾਇਆ ਹੈ। ਅੱਜ ਇਸ ਸਮਿਟ ਵਿੱਚ ਤੁਸੀਂ ਸਾਰੇ 'ਭਾਰਤ ਅਤੇ ਵਿਸ਼ਵ', ਇਸ ਵਿਸ਼ੇ ‘ਤੇ ਚਰਚਾ ਕਰ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਇਸ ਸਮਿਟ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ।

 

ਸਾਥੀਓ, 

ਅੱਜ ਜਦੋਂ ਦੁਨੀਆ ਟਕਰਾਵਾਂ ਕਾਰਨ ਉਲਝੀ ਹੋਈ ਹੈ, ਜਦੋਂ ਇਨ੍ਹਾਂ ਟਕਰਾਵਾਂ ਦੇ ਮਾੜੇ ਪ੍ਰਭਾਵ ਪੂਰੀ ਦੁਨੀਆ ‘ਤੇ ਦਿਖ ਰਹੇ ਹਨ, ਉਦੋਂ 'ਭਾਰਤ ਅਤੇ ਵਿਸ਼ਵ' ਦੀ ਗੱਲ ਕਰਨਾ ਬਹੁਤ ਹੀ ਪ੍ਰਸੰਗਿਕ ਹੈ। ਭਾਰਤ ਅੱਜ ਉਹ ਦੇਸ਼ ਹੈ, ਜਿਸ ਦੀ ਆਰਥਿਕਤਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। 2014 ਤੋਂ ਪਹਿਲਾਂ ਦੀਆਂ ਸਥਿਤੀਆਂ ਨੂੰ ਪਿੱਛੇ ਛੱਡ ਕੇ ਅੱਜ ਭਾਰਤ ਇੱਕ ਨਵੇਂ ਆਤਮ-ਵਿਸ਼ਵਾਸ ਨਾਲ ਅੱਗੇ ਵੱਧ ਰਿਹਾ ਹੈ। ਹੁਣ ਭਾਰਤ ਚੁਣੌਤੀਆਂ ਨੂੰ ਟਾਲਦਾ ਨਹੀਂ ਹੈ ਸਗੋਂ ਚੁਣੌਤੀਆਂ ਨਾਲ ਟਕਰਾਉਂਦਾ ਹੈ। ਤੁਸੀਂ ਬੀਤੇ 5-6 ਸਾਲਾਂ ਵਿੱਚ ਦੇਖੋ, ਕੋਰੋਨਾ ਦੀ ਮਹਾਮਾਰੀ ਤੋਂ ਬਾਅਦ ਚੁਣੌਤੀਆਂ ਇੱਕ ਤੋਂ ਬਾਅਦ ਇੱਕ ਵੱਧਦੀਆਂ ਹੀ ਗਈਆਂ ਹਨ। ਅਜਿਹਾ ਕੋਈ ਸਾਲ ਨਹੀਂ ਹੈ, ਜਿਸ ਨੇ ਭਾਰਤ ਦੀ, ਭਾਰਤੀਆਂ ਦੀ ਪ੍ਰੀਖਿਆ ਨਾ ਲਈ ਹੋਵੇ। ਲੇਕਿਨ 140 ਕਰੋੜ ਦੇਸ਼ਵਾਸੀਆਂ ਦੇ ਇੱਕਜੁੱਟ ਯਤਨਾਂ ਨਾਲ ਭਾਰਤ ਹਰ ਆਫ਼ਤ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧ ਰਿਹਾ ਹੈ। ਇਸ ਸਮੇਂ ਯੁੱਧ ਦੀਆਂ ਪ੍ਰਸਥਿਤੀਆਂ ਵਿੱਚ ਵੀ ਭਾਰਤ ਦੀ ਨੀਤੀ ਅਤੇ ਰਣਨੀਤੀ ਦੇਖ ਕੇ, ਭਾਰਤ ਦੀ ਸਮਰੱਥਾ ਦੇਖ ਕੇ ਦੁਨੀਆ ਦੇ ਅਨੇਕਾਂ ਦੇਸ਼ ਹੈਰਾਨ ਹਨ। ਸਾਡੇ ਇੱਥੇ ਕਹਾਵਤ ਹੈ, ਸੱਚ ਨੂੰ ਆਂਚ ਨਹੀਂ। 28 ਫਰਵਰੀ ਤੋਂ ਦੁਨੀਆ ਵਿੱਚ ਜੋ ਉਥਲ-ਪੁਥਲ ਮਚੀ ਹੈ, ਇਨ੍ਹਾਂ ਕਠੋਰ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਵੀ ਭਾਰਤ ਪ੍ਰਗਤੀ ਦੇ, ਵਿਕਾਸ ਦੇ, ਵਿਸ਼ਵਾਸ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ। ਇਨ੍ਹਾਂ 23 ਦਿਨਾਂ ਵਿੱਚ ਭਾਰਤ ਨੇ ਆਪਣੀ ਸਬੰਧ ਬਣਾਉਣ ਦੀ ਸਮਰੱਥਾ ਦਿਖਾਈ ਹੈ, ਫੈਸਲੇ ਲੈਣ ਦੀ ਸਮਰੱਥਾ ਦਿਖਾਈ ਹੈ ਅਤੇ ਸੰਕਟ ਪ੍ਰਬੰਧਨ ਸਮਰੱਥਾ ਦਿਖਾਈ ਹੈ।

 

ਸਾਥੀਓ, 

ਅੱਜ ਜਦੋਂ ਦੁਨੀਆ ਇੰਨੇ ਸਾਰੇ ਧੜਿਆਂ ਵਿੱਚ ਵੰਡੀ ਹੋਈ ਹੈ, ਭਾਰਤ ਨੇ ਬੇਮਿਸਾਲ ਅਤੇ ਅਕਲਪਨਾਯੋਗ ਪੁਲ ਬਣਾਏ ਹਨ। ਗਲਫ ਤੋਂ ਲੈ ਕੇ ਗਲੋਬਲ ਵੈਸਟ ਤੱਕ, ਗਲੋਬਲ ਸਾਊਥ ਤੋਂ ਲੈ ਕੇ ਗੁਆਂਢੀ ਦੇਸ਼ਾਂ ਤੱਕ ਭਾਰਤ ਸਾਰਿਆਂ ਦਾ ਭਰੋਸੇਮੰਦ ਭਾਈਵਾਲ ਹੈ। ਕੁਝ ਲੋਕ ਪੁੱਛਦੇ ਹਨ, ਅਸੀਂ ਕਿਸ ਦੇ ਨਾਲ ਹਾਂ? ਤਾਂ ਉਨ੍ਹਾਂ ਨੂੰ ਮੇਰਾ ਜਵਾਬ ਇਹੀ ਹੈ ਕਿ ਅਸੀਂ ਭਾਰਤ ਦੇ ਨਾਲ ਹਾਂ, ਅਸੀਂ ਭਾਰਤ ਦੇ ਹਿੱਤਾਂ ਦੇ ਨਾਲ ਹਾਂ, ਸ਼ਾਂਤੀ ਦੇ ਨਾਲ ਹਾਂ, ਸੰਵਾਦ ਦੇ ਨਾਲ ਹਾਂ।

 

ਸਾਥੀਓ, 

ਸੰਕਟ ਦੇ ਇਸੇ ਸਮੇਂ ਵਿੱਚ ਜਦੋਂ ਗਲੋਬਲ ਸਪਲਾਈ ਲੜੀ ਡਗਮਗਾ ਰਹੀ ਹੈ, ਭਾਰਤ ਨੇ ਵਿਭਿੰਨਤਾ ਅਤੇ ਲਚਕੀਲੇਪਣ ਦਾ ਮਾਡਲ ਪੇਸ਼ ਕੀਤਾ ਹੈ। ਊਰਜਾ ਹੋਵੇ, ਖਾਦਾਂ ਹੋਣ ਜਾਂ ਜ਼ਰੂਰੀ ਵਸਤਾਂ, ਆਪਣੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ, ਇਸ ਦੇ ਲਈ ਭਾਰਤ ਨੇ ਨਿਰੰਤਰ ਯਤਨ ਕੀਤੇ ਹਨ ਅਤੇ ਅੱਜ ਵੀ ਕਰ ਰਿਹਾ ਹੈ।

 

ਸਾਥੀਓ, 

ਜਦੋਂ ਰਾਸ਼ਟਰਨੀਤੀ ਹੀ ਰਾਜਨੀਤੀ ਦਾ ਮੁੱਖ ਆਧਾਰ ਹੋਵੇ, ਉਦੋਂ ਦੇਸ਼ ਦਾ ਭਵਿੱਖ ਸਰਵਉੱਚ ਹੁੰਦਾ ਹੈ। ਪਰ ਜਦੋਂ ਰਾਜਨੀਤੀ ਵਿੱਚ ਨਿੱਜੀ ਸੁਆਰਥ ਹਾਵੀ ਹੋ ਜਾਂਦਾ ਹੈ, ਉਦੋਂ ਲੋਕ ਦੇਸ਼ ਦੇ ਭਵਿੱਖ ਦੀ ਬਜਾਏ ਆਪਣੇ ਭਵਿੱਖ ਬਾਰੇ ਸੋਚਦੇ ਹਨ। ਤੁਸੀਂ ਜ਼ਰਾ ਯਾਦ ਕਰੋ 2004 ਤੋਂ 2010 ਦਰਮਿਆਨ ਕੀ ਹੋਇਆ ਸੀ? ਉਦੋਂ ਕਾਂਗਰਸ ਸਰਕਾਰ ਦੇ ਸਮੇਂ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਦਾ ਸੰਕਟ ਆਇਆ ਸੀ ਅਤੇ ਉਦੋਂ ਕਾਂਗਰਸ ਨੇ ਦੇਸ਼ ਦੀ ਨਹੀਂ ਸਗੋਂ ਆਪਣੀ ਸੱਤਾ ਦੀ ਚਿੰਤਾ ਕੀਤੀ। ਉਸ ਵੇਲੇ ਕਾਂਗਰਸ ਨੇ ਇੱਕ ਲੱਖ ਅਠਤਾਲੀ ਹਜ਼ਾਰ ਕਰੋੜ ਰੁਪਏ ਦੇ ਆਇਲ ਬਾਂਡ ਜਾਰੀ ਕੀਤੇ ਸਨ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੇ ਖੁਦ ਕਿਹਾ ਸੀ ਕਿ ਉਹ ਆਉਣ ਵਾਲੀ ਪੀੜ੍ਹੀ ‘ਤੇ ਕਰਜ਼ੇ ਦਾ ਬੋਝ ਪਾ ਰਹੇ ਹਨ। ਇਹ ਜਾਣਦੇ ਹੋਏ ਵੀ ਕਿ ਆਇਲ ਬਾਂਡ ਦਾ ਫੈਸਲਾ ਗਲਤ ਹੈ, ਜੋ ਰਿਮੋਟ ਕੰਟਰੋਲ ਨਾਲ ਸਰਕਾਰ ਚਲਾ ਰਹੇ ਸਨ, ਉਨ੍ਹਾਂ ਲੋਕਾਂ ਨੇ ਆਪਣੀ ਸੱਤਾ ਬਚਾਉਣ ਲਈ ਇਹ ਗਲਤ ਫੈਸਲਾ ਕੀਤਾ ਕਿਉਂਕਿ ਜਵਾਬਦੇਹੀ ਉਸ ਸਮੇਂ ਨਹੀਂ ਹੋਣੀ ਸੀ, ਉਸ ਬਾਂਡ ‘ਤੇ ਮੁੜ-ਭੁਗਤਾਨ 2020 ਤੋਂ ਬਾਅਦ ਹੋਣੀ ਸੀ।

 

ਸਾਥੀਓ, 

ਬੀਤੇ 5-6 ਸਾਲਾਂ ਵਿੱਚ ਸਾਡੀ ਸਰਕਾਰ ਨੇ ਕਾਂਗਰਸ ਸਰਕਾਰ ਦੇ ਉਸ ਪਾਪ ਨੂੰ ਧੋਣ ਦਾ ਕੰਮ ਕੀਤਾ ਹੈ, ਅਤੇ ਇਸ ਧੁਆਈ ਦਾ ਖਰਚਾ ਘੱਟ ਨਹੀਂ ਆਇਆ ਹੈ, ਅਜਿਹੀ ਲਾਂਡਰੀ ਤੁਸੀਂ ਦੇਖੀ ਨਹੀਂ ਹੋਵੇਗੀ। 1 ਲੱਖ 48 ਹਜ਼ਾਰ ਕਰੋੜ ਰੁਪਏ ਦੀ ਬਜਾਏ, ਦੇਸ਼ ਨੂੰ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਪੇਮੈਂਟ ਕਰਨੀ ਪਈ ਕਿਉਂਕਿ ਇਸ ਵਿੱਚ ਵਿਆਜ ਵੀ ਜੁੜ ਗਿਆ ਸੀ। ਯਾਨੀ ਅਸੀਂ ਕਰੀਬ-ਕਰੀਬ ਦੁੱਗਣੀ ਰਾਸ਼ੀ ਚੁਕਾਉਣ ਲਈ ਮਜਬੂਰ ਹੋਏ। ਅੱਜਕੱਲ੍ਹ ਕਾਂਗਰਸ ਦੇ ਜੋ ਨੇਤਾ ਬਿਆਨਾਂ ਦੀਆਂ ਮਿਜ਼ਾਈਲਾਂ ਦਾਗ ਰਹੇ ਹਨ, ਮਿਜ਼ਾਈਲ ਆਈ ਤਾਂ ਟੀਵੀ9 ਨੂੰ ਮਜ਼ਾ ਆਵੇਗਾ, ਉਨ੍ਹਾਂ ਦੀ ਇਸ ਵਿਸ਼ੇ ਦਾ ਜ਼ਿਕਰ ਆਉਂਦੇ ਹੀ ਬੋਲਤੀ ਬੰਦ ਹੋ ਜਾਂਦੀ ਹੈ।

 

ਸਾਥੀਓ, 

ਪੱਛਮੀ ਏਸ਼ੀਆ ਵਿੱਚ ਬਣੀਆਂ ਪਰਸਥਿਤੀਆਂ ‘ਤੇ ਮੈਂ ਅੱਜ ਲੋਕ ਸਭਾ ਵਿੱਚ ਆਪਣਾ ਬਿਆਨ ਦਿੱਤਾ ਹੈ। ਦੁਨੀਆ ਵਿੱਚ ਜਿੱਥੇ ਵੀ ਯੁੱਧ ਹੋ ਰਹੇ ਹਨ, ਉਹ ਭਾਰਤ ਦੀ ਸਰਹੱਦ ਤੋਂ ਦੂਰ ਹਨ। ਪਰ ਅੱਜ ਦੀਆਂ ਵਿਵਸਥਾਵਾਂ ਵਿੱਚ ਕੋਈ ਵੀ ਦੇਸ਼ ਯੁੱਧਾਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰਹੇ, ਅਜਿਹਾ ਸੰਭਵ ਨਹੀਂ ਹੁੰਦਾ। ਅਨੇਕਾਂ ਦੇਸ਼ਾਂ ਵਿੱਚ ਤਾਂ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਹੈ। ਅਤੇ ਇਨ੍ਹਾਂ ਹਾਲਾਤਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਰਾਜਨੀਤਿਕ ਸੁਆਰਥ ਨਾਲ ਭਰੇ ਕੁਝ ਲੋਕ, ਕੁਝ ਦਲ, ਸੰਕਟ ਦੇ ਇਸ ਸਮੇਂ ਵਿੱਚ ਵੀ ਆਪਣੇ ਲਈ ਰਾਜਨੀਤਿਕ ਮੌਕੇ ਲੱਭ ਰਹੇ ਹਨ। ਇਸ ਲਈ ਮੈਂ ਟੀਵੀ9 ਦੇ ਮੰਚ ਤੋਂ ਫਿਰ ਕਹਾਂਗਾ, ਇਹ ਸਮਾਂ ਸੰਜਮ ਦਾ ਹੈ, ਸੰਵੇਦਨਸ਼ੀਲਤਾ ਦਾ ਹੈ। ਅਸੀਂ ਕੋਰੋਨਾ ਮਹਾਸੰਕਟ ਦੇ ਦੌਰਾਨ ਵੀ ਦੇਖਿਆ ਹੈ, ਜਦੋਂ ਦੇਸ਼ਵਾਸੀ ਇੱਕਜੁੱਟ ਹੋ ਕੇ ਸੰਕਟ ਦਾ ਸਾਹਮਣਾ ਕਰਦੇ ਹਨ, ਤਾਂ ਕਿੰਨੇ ਸਾਰਥਕ ਨਤੀਜੇ ਆਉਂਦੇ ਹਨ। ਇਸੇ ਭਾਵਨਾ ਦੇ ਨਾਲ ਸਾਨੂੰ ਇਸ ਯੁੱਧ ਤੋਂ ਬਣੀਆਂ ਪਰਸਥਿਤੀਆਂ ਦਾ ਸਾਹਮਣਾ ਕਰਨਾ ਹੈ।

 

ਸਾਥੀਓ, 

ਦੁਨੀਆ ਦੀ ਹਰ ਉਥਲ-ਪੁਥਲ ਦਰਮਿਆਨ, ਭਾਰਤ ਨੇ ਆਪਣੀ ਪ੍ਰਗਤੀ ਦੀ ਗਤੀ ਨੂੰ ਵੀ ਬਰਕਰਾਰ ਰੱਖਿਆ ਹੈ। ਜੇਕਰ ਮੈਂ 28 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ, ਬੀਤੇ 23 ਦਿਨਾਂ ਦਾ ਹੀ ਵੇਰਵਾ ਦੇਵਾਂ, ਤਾਂ ਪੂਰਬ ਤੋਂ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ ਦੇਸ਼ ਵਿੱਚ ਹਜ਼ਾਰਾਂ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੰਮ ਹੋਇਆ ਹੈ। ਦਿੱਲੀ ਮੈਟਰੋ ਰੇਲ ਦੇ ਮਹੱਤਵਪੂਰਨ ਕੌਰੀਡੋਰਾਂ ਦਾ ਉਦਘਾਟਨ, ਸਿਲਚਰ ਦੇ ਹਾਈ ਸਪੀਡ ਕਾਰੀਡੋਰ ਦਾ ਨੀਂਹ ਪੱਥਰ, ਕੋਟਾ ਵਿੱਚ ਨਵੇਂ ਏਅਰਪੋਰਟ ਦਾ ਨੀਂਹ ਪੱਥਰ, ਮਦੁਰੈ ਏਅਰਪੋਰਟ ਨੂੰ ਅੰਤਰਰਾਸ਼ਟਰੀ ਏਅਰਪੋਰਟ ਦਾ ਦਰਜਾ ਦੇਣਾ, ਅਜਿਹੇ ਅਨੇਕਾਂ ਕੰਮ ਬੀਤੇ 23 ਦਿਨਾਂ ਵਿੱਚ ਹੀ ਹੋਏ ਹਨ। ਬੀਤੇ ਇੱਕ ਮਹੀਨੇ ਦੇ ਦੌਰਾਨ ਹੀ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਭਵਿੱਖਮੁਖੀ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਤਹਿਤ ਦੇਸ਼ ਭਰ ਵਿੱਚ 100 ਪਲੱਗ-ਐਂਡ-ਪਲੇ ਉਦਯੋਗਿਕ ਪਾਰਕ ਵਿਕਸਿਤ ਕੀਤੇ ਜਾਣਗੇ। ਦੇਸ਼ ਵਿੱਚ ਸਮਾਲ ਹਾਈਡ੍ਰੋ ਪਾਵਰ ਡਿਵੈਲਪਮੈਂਟ ਸਕੀਮ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਇਸ ਨਾਲ ਆਉਣ ਵਾਲੇ ਸਾਲਾਂ ਵਿੱਚ 1,500 ਮੈਗਾਵਾਟ ਨਵੀਂ ਹਾਈਡ੍ਰੋ ਪਾਵਰ ਸਮਰੱਥਾ ਜੋੜੀ ਜਾਵੇਗੀ। ਇਸੇ ਦੌਰਾਨ ਜਲ ਜੀਵਨ ਮਿਸ਼ਨ ਨੂੰ ਸਾਲ 2028 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਕਿਸਾਨਾਂ ਦੇ ਹਿੱਤ ਵਿੱਚ ਵੀ ਕਈ ਵੱਡੇ ਫੈਸਲੇ ਲਏ ਗਏ ਹਨ। ਬੀਤੇ ਇੱਕ ਮਹੀਨੇ ਵਿੱਚ ਹੀ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਅਤੇ ਜੋ ਸਾਡੇ ਐੱਮਐੱਸਐੱਮਈ ਹਨ, ਜੋ ਸਾਡੇ ਨਿਰਯਾਤਕ ਹਨ, ਉਨ੍ਹਾਂ ਲਈ ਵੀ ਕਰੀਬ 500 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਗਈ ਹੈ। ਇਹ ਸਾਰੇ ਕਦਮ ਇਸ ਗੱਲ ਦਾ ਪ੍ਰਮਾਣ ਹਨ ਕਿ ਵਿਕਸਿਤ ਭਾਰਤ ਬਣਾਉਣ ਲਈ ਦੇਸ਼ ਕਿੰਨੀ ਤੇਜ਼ ਗਤੀ ਨਾਲ ਕੰਮ ਕਰ ਰਿਹਾ ਹੈ।

 

ਸਾਥੀਓ, 

ਮੈਨੇਜਮੈਂਟ ਦੀ ਦੁਨੀਆ ਵਿੱਚ ਇੱਕ ਸਿਧਾਂਤ ਕਿਹਾ ਜਾਂਦਾ ਹੈ - ਜੋ ਮਾਪਿਆ ਜਾਂਦਾ ਹੈ, ਉਸ ਦਾ ਪ੍ਰਬੰਧਨ ਕੀਤਾ ਜਾਂਦਾ ਹੈ। ਪਰ ਮੈਂ ਇਸ ਵਿੱਚ ਇੱਕ ਗੱਲ ਹੋਰ ਜੋੜਨਾ ਚਾਹੁੰਦਾ ਹਾਂ, ਜੋ ਮਾਪਿਆ ਜਾਂਦਾ ਹੈ, ਉਹ ਸੁਧਰ ਜਾਂਦਾ ਹੈ ਅਤੇ ਅੰਤ ਵਿੱਚ ਬਦਲ ਜਾਂਦਾ ਹੈ।. ਕਿਉਂਕਿ ਮੁਲਾਂਕਣ ਜਾਗਰੂਕਤਾ ਪੈਦਾ ਕਰਦਾ ਹੈ। ਮੁਲਾਂਕਣ ਜਵਾਬਦੇਹੀ ਤੈਅ ਕਰਦਾ ਹੈ ਅਤੇ ਸਭ ਤੋਂ ਮਹੱਤਵਪੂਰਨ, ਮੁਲਾਂਕਣ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ।

 

ਸਾਥੀਓ, 

ਜੇਕਰ ਤੁਸੀਂ 2014 ਤੋਂ ਪਹਿਲਾਂ ਦੇ 10-11 ਸਾਲ ਅਤੇ 2014 ਤੋਂ ਬਾਅਦ ਦੇ 10-11 ਸਾਲਾਂ ਦਾ ਮੁਲਾਂਕਣ ਕਰੋਗੇ, ਤਾਂ ਇਹੀ ਪਾਓਗੇ ਕਿ ਕਿਵੇਂ ਇਸੇ ਸਿਧਾਂਤ ‘ਤੇ ਚੱਲਦੇ ਹੋਏ, ਭਾਰਤ ਨੇ ਹਰ ਖੇਤਰ ਨੂੰ ਬਦਲ ਦਿੱਤਾ ਹੈ। ਜਿਵੇਂ ਪਹਿਲਾਂ ਹਾਈਵੇ ਬਣਦੇ ਸਨ, ਕਰੀਬ 11-12 ਕਿਲੋਮੀਟਰ ਪ੍ਰਤੀ ਦਿਨ ਦੀ ਰਫ਼ਤਾਰ ਨਾਲ, ਅੱਜ ਭਾਰਤ ਕਰੀਬ 30 ਕਿਲੋਮੀਟਰ ਪ੍ਰਤੀ ਦਿਨ ਦੀ ਸਪੀਡ ਨਾਲ ਹਾਈਵੇ ਬਣਾ ਰਿਹਾ ਹੈ। ਪਹਿਲਾਂ ਬੰਦਰਗਾਹਾਂ ‘ਤੇ ਜਹਾਜ਼ ਦਾ ਟਰਨਅਰਾਊਂਡ ਟਾਈਮ, 5-6 ਦਿਨਾਂ ਦਾ ਹੁੰਦਾ ਸੀ। ਅੱਜ ਉਹੀ ਕੰਮ, ਕਰੀਬ-ਕਰੀਬ 2 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਹੋ ਰਿਹਾ ਹੈ। ਪਹਿਲਾਂ ਸਟਾਰਟਅੱਪ ਕਲਚਰ ਬਾਰੇ ਚਰਚਾ ਹੀ ਨਹੀਂ ਹੁੰਦੀ ਸੀ। 2014 ਤੋਂ ਪਹਿਲਾਂ, ਸਾਡੇ ਦੇਸ਼ ਵਿੱਚ ਸਿਰਫ਼ 400-500 ਸਟਾਰਟਅੱਪ ਹੀ ਸਨ। ਅੱਜ ਭਾਰਤ ਵਿੱਚ 2 ਲੱਖ ਤੋਂ ਵੱਧ ਰਜਿਸਟਰਡ ਸਟਾਰਟਅੱਪ ਹਨ। ਪਹਿਲਾਂ ਮੈਡੀਕਲ ਸਿੱਖਿਆ ਵਿੱਚ ਸੀਟਾਂ ਵੀ ਸੀਮਤ ਸਨ, ਕਰੀਬ 50-55 ਹਜ਼ਾਰ ਐੱਮਬੀਬੀਐੱਸ ਸੀਟਾਂ ਸਨ, ਅੱਜ ਇਹ ਵਧ ਕੇ ਸਵਾ ਲੱਖ ਤੋਂ ਜ਼ਿਆਦਾ ਹੋ ਚੁੱਕੀਆਂ ਹਨ। ਪਹਿਲਾਂ ਦੇਸ਼ ਦੇ ਬੈਂਕਿੰਗ ਸਿਸਟਮ ਤੋਂ ਵੀ ਕਰੋੜਾਂ ਲੋਕ ਬਾਹਰ ਸਨ। ਦੇਸ਼ ਵਿੱਚ ਸਿਰਫ਼ 25 ਕਰੋੜ ਦੇ ਆਸ-ਪਾਸ ਹੀ ਬੈਂਕ ਖਾਤੇ ਸਨ। ਉੱਥੇ ਹੀ ਜਨ-ਧਨ ਯੋਜਨਾ ਰਾਹੀਂ 55 ਕਰੋੜ ਤੋਂ ਵੱਧ ਬੈਂਕ ਖਾਤੇ ਖੁਲ੍ਹੇ ਹਨ। ਪਹਿਲਾਂ ਸਾਡੇ ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਵੀ 70 ਤੋਂ ਘੱਟ ਸੀ। ਅੱਜ ਹਵਾਈ ਅੱਡਿਆਂ ਦੀ ਗਿਣਤੀ ਵੀ ਵਧ ਕੇ 160 ਤੋਂ ਜ਼ਿਆਦਾ ਹੋ ਚੁੱਕੀ ਹੈ।

 

ਸਾਥੀਓ, 

ਪਹਿਲਾਂ ਵੀ ਯੋਜਨਾਵਾਂ ਤਾਂ ਬਣਦੀਆਂ ਸਨ, ਪਰ ਅੱਜ ਫਰਕ ਹੈ, ਅੱਜ ਨਤੀਜੇ ਦਿਖਦੇ ਹਨ। ਪਹਿਲਾਂ ਗਤੀ ਹੌਲੀ ਸੀ, ਅੱਜ ਭਾਰਤ ਫਾਸਟ ਟ੍ਰੈਕ ‘ਤੇ ਹੈ। ਪਹਿਲਾਂ ਸੰਭਾਵਨਾਵਾਂ ਵੀ ਅੰਧਕਾਰ ਵਿੱਚ ਸਨ, ਅੱਜ ਸੰਕਲਪ ਸਿੱਧੀਆਂ ਵਿੱਚ ਬਦਲ ਰਹੇ ਹਨ। ਇਸ ਲਈ ਦੁਨੀਆ ਨੂੰ ਵੀ ਇਹ ਸੰਦੇਸ਼ ਮਿਲ ਰਿਹਾ ਹੈ ਕਿ ਇਹ ਨਵਾਂ ਭਾਰਤ ਹੈ। ਇਹ ਆਪਣੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ।

 

ਸਾਥੀਓ, 

ਅੱਜ ਸਾਡਾ ਯਤਨ ਹੈ ਕਿ ਅਤੀਤ ਵਿੱਚ ਵਿਕਾਸ ਦਾ ਜੋ ਅਸੰਤੁਲਨ ਪੈਦਾ ਹੋ ਗਿਆ ਸੀ, ਉਸ ਨੂੰ ਮੌਕਿਆਂ ਵਿੱਚ ਬਦਲਿਆ ਜਾਵੇ। ਹੁਣ ਜਿਵੇਂ ਸਾਡਾ ਪੂਰਬੀ ਭਾਰਤ ਹੈ। ਸਾਡਾ ਪੂਰਬੀ ਭਾਰਤ ਸਾਧਨਾਂ ਨਾਲ ਭਰਪੂਰ ਹੈ, ਦਹਾਕਿਆਂ ਤੱਕ ਉੱਥੇ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ ਹਨ, ਉਨ੍ਹਾਂ ਦੀ ਅਣਦੇਖੀ ਨੇ ਪੂਰਬੀ ਭਾਰਤ ਦੇ ਵਿਕਾਸ ‘ਤੇ ਬ੍ਰੇਕ ਲਗਾ ਦਿੱਤੀ ਸੀ। ਹੁਣ ਹਾਲਾਤ ਬਦਲ ਰਹੇ ਹਨ। ਜਿਸ ਅਸਾਮ ਵਿੱਚ ਕਦੇ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਸੀ, ਅੱਜ ਉੱਥੇ ਸੈਮੀਕੰਡਕਟਰ ਯੂਨਿਟ ਬਣ ਰਹੀ ਹੈ। ਓਡੀਸ਼ਾ ਵਿੱਚ ਸੈਮੀਕੰਡਕਟਰ ਤੋਂ ਲੈ ਕੇ ਪੈਟਰੋਕੈਮੀਕਲਸ ਤੱਕ ਅਨੇਕਾਂ ਨਵੇਂ-ਨਵੇਂ ਸੈਕਟਰਾਂ ਦਾ ਵਿਕਾਸ ਹੋ ਰਿਹਾ ਹੈ। ਜਿਸ ਬਿਹਾਰ ਵਿੱਚ 6-7 ਦਹਾਕਿਆਂ ਵਿੱਚ ਗੰਗਾ ਜੀ ‘ਤੇ ਸਿਰਫ਼ ਇੱਕ ਵੱਡਾ ਪੁਲ ਬਣ ਸਕਿਆ ਸੀ, ਉਸ ਬਿਹਾਰ ਵਿੱਚ ਪਿਛਲੇ ਇੱਕ ਦਹਾਕੇ ਵਿੱਚ 5 ਤੋਂ ਵੱਧ ਨਵੇਂ ਪੁਲ ਬਣਾਏ ਗਏ ਹਨ। ਯੂਪੀ ਵਿੱਚ ਕਦੇ ਕੱਟਾ (ਦੇਸੀ ਪਿਸਤੌਲ) ਮੈਨੂਫੈਕਚਰਿੰਗ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ, ਅੱਜ ਯੂਪੀ ਮੋਬਾਈਲ ਫੋਨ ਮੈਨੂਫੈਕਚਰਿੰਗ ਵਿੱਚ ਦੁਨੀਆ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ।

 

ਸਾਥੀਓ, 

ਪੂਰਬੀ ਭਾਰਤ ਦਾ ਇੱਕ ਹੋਰ ਵੱਡਾ ਰਾਜ ਪੱਛਮ ਬੰਗਾਲ ਹੈ। ਪੱਛਮ ਬੰਗਾਲ, ਇੱਕ ਸਮੇਂ ਵਿੱਚ ਭਾਰਤ ਦੇ ਸੱਭਿਆਚਾਰ, ਸਿੱਖਿਆ, ਉਦਯੋਗ ਅਤੇ ਵਪਾਰ ਦਾ ਕੇਂਦਰ ਹੁੰਦਾ ਸੀ। ਬੀਤੇ 11 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਪੱਛਮ ਬੰਗਾਲ ਦੇ ਵਿਕਾਸ ਲਈ ਵੱਡੀ ਮਾਤਰਾ ਵਿੱਚ ਨਿਵੇਸ਼ ਕੀਤਾ ਹੈ। ਪਰ ਬਦਕਿਸਮਤੀ ਨਾਲ, ਅੱਜ ਉੱਥੇ ਇੱਕ ਅਜਿਹੀ ਨਿਰਦਈ ਸਰਕਾਰ ਹੈ, ਜੋ ਵਿਕਾਸ ‘ਤੇ ਬ੍ਰੇਕ ਲਗਾ ਕੇ ਬੈਠੀ ਹੈ। ਟੀਵੀ9 ਬੰਗਲਾ ਦੇ ਜੋ ਦਰਸ਼ਕ ਹਨ, ਉਹ ਜਾਣਦੇ ਹਨ ਕਿ ਬੰਗਾਲ ਵਿੱਚ ਆਯੁਸ਼ਮਾਨ ਯੋਜਨਾ ‘ਤੇ ਨਿਰਦਈ ਸਰਕਾਰ ਨੇ ਬ੍ਰੇਕ ਲਗਾਈ ਹੋਈ ਹੈ। ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ‘ਤੇ ਬ੍ਰੇਕ ਲਗਾਈ ਹੋਈ ਹੈ। ਪੀਐੱਮ ਆਵਾਸ ਯੋਜਨਾ ‘ਤੇ ਬ੍ਰੇਕ ਲਗਾਈ ਹੋਈ ਹੈ। ਚਾਹ ਦੇ ਬਾਗ਼ਾਨਾਂ ਦੇ ਮਜ਼ਦੂਰਾਂ ਲਈ ਸ਼ੁਰੂ ਹੋਈ ਯੋਜਨਾ ‘ਤੇ ਬ੍ਰੇਕ ਲਗਾਈ ਹੋਈ ਹੈ। ਯਾਨੀ ਵਿਕਾਸ ਅਤੇ ਜਨ-ਕਲਿਆਣ ਤੋਂ ਵੱਧ ਤਰਜੀਹ ਨਿਰਦਈ ਸਰਕਾਰ ਆਪਣੇ ਰਾਜਨੀਤਿਕ ਸੁਆਰਥ ਨੂੰ ਦੇ ਰਹੀ ਹੈ।

 

ਸਾਥੀਓ, 

ਦੇਸ਼ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਦੀ ਸ਼ੁਰੂਆਤ ਜਿਸ ਦਲ ਨੇ ਕੀਤੀ ਹੈ, ਉਹ ਆਪਣੇ ਗੁਨਾਹਾਂ ਤੋਂ ਬਚ ਨਹੀਂ ਸਕਦੀ ਅਤੇ ਉਹ ਪਾਰਟੀ ਹੈ - ਕਾਂਗਰਸ। ਕਾਂਗਰਸ ਪਾਰਟੀ ਦੀ ਰਾਜਨੀਤੀ ਦਾ ਇੱਕ ਹੀ ਟੀਚਾ ਰਿਹਾ ਹੈ, ਕਿਸੇ ਵੀ ਤਰ੍ਹਾਂ ਵਿਕਾਸ ਦਾ ਵਿਰੋਧ ਅਤੇ ਕਾਂਗਰਸ ਇਹ ਉਦੋਂ ਤੋਂ ਕਰ ਰਹੀ ਹੈ, ਜਦੋਂ ਮੈਂ ਗੁਜਰਾਤ ਵਿੱਚ ਸੀ। ਗੁਜਰਾਤ ਵਿੱਚ ਸਾਲਾਂ ਤੱਕ ਜਨਤਾ ਨੇ ਸਾਨੂੰ ਅਸ਼ੀਰਵਾਦ ਦਿੱਤਾ, ਤਾਂ ਕਾਂਗਰਸ ਨੇ ਉਸ ਜਨਾਦੇਸ਼ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਗੁਜਰਾਤ ਦੇ ਅਕਸ ‘ਤੇ ਸਵਾਲ ਉਠਾਏ, ਉਸ ਦੀ ਪ੍ਰਗਤੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਅਤੇ ਜਦੋਂ ਇਹੀ ਵਿਸ਼ਵਾਸ ਪੂਰੇ ਦੇਸ਼ ਵਿੱਚ ਦਿਖਾਈ ਦਿੱਤਾ, ਤਾਂ ਕਾਂਗਰਸ ਦਾ ਵਿਰੋਧ ਵੀ ਖੇਤਰੀ ਤੋਂ ਰਾਸ਼ਟਰੀ ਹੋ ਗਿਆ।

 

ਸਾਥੀਓ, 

ਜਦੋਂ ਰਾਜਨੀਤੀ ਵਿੱਚ ਵਿਰੋਧ, ਵਿਕਾਸ ਦੇ ਵਿਰੋਧ ਵਿੱਚ ਬਦਲ ਜਾਵੇ, ਜਦੋਂ ਆਲੋਚਨਾ ਦੇਸ਼ ਦੀਆਂ ਪ੍ਰਾਪਤੀਆਂ ‘ਤੇ ਸਵਾਲ ਉਠਾਉਣ ਲੱਗੇ, ਉਦੋਂ ਇਹ ਸਿਰਫ਼ ਸਰਕਾਰ ਦਾ ਵਿਰੋਧ ਨਹੀਂ ਰਹਿ ਜਾਂਦਾ, ਇਹ ਦੇਸ਼ ਦੀ ਪ੍ਰਗਤੀ ਤੋਂ ਅਸਹਿਜ ਹੋਣ ਦੀ ਮਾਨਸਿਕਤਾ ਬਣ ਜਾਂਦੀ ਹੈ। ਅੱਜ ਕਾਂਗਰਸ ਇਸੇ ਮਾਨਸਿਕਤਾ ਦਾ ਗੁਲਾਮ ਬਣ ਚੁੱਕੀ ਹੈ। ਅੱਜ ਸਥਿਤੀ ਇਹ ਹੈ ਕਿ ਦੇਸ਼ ਦੀ ਹਰ ਸਫਲਤਾ ‘ਤੇ ਪ੍ਰਸ਼ਨ ਉਠਾਇਆ ਜਾਂਦਾ ਹੈ, ਹਰ ਪ੍ਰਾਪਤੀ ਵਿੱਚ ਕਮੀ ਲੱਭੀ ਜਾਂਦੀ ਹੈ ਅਤੇ ਹਰ ਯਤਨ ਦੇ ਅਸਫਲ ਹੋਣ ਦੀ ਕਾਮਨਾ ਕੀਤੀ ਜਾਂਦੀ ਹੈ। ਕੋਵਿਡ ਦੇ ਸਮੇਂ, ਦੇਸ਼ ਨੇ ਆਪਣੀ ਵੈਕਸੀਨ ਬਣਾਈ, ਤਾਂ ਕਾਂਗਰਸ ਨੇ ਉਸ ‘ਤੇ ਵੀ ਸ਼ੱਕ ਜਤਾਇਆ। ਮੇਕ ਇਨ ਇੰਡੀਆ ਦੀ ਗੱਲ ਹੋਈ, ਤਾਂ ਕਿਹਾ ਗਿਆ ਕਿ ਇਹ ਸਫਲ ਨਹੀਂ ਹੋਵੇਗਾ, ਬੱਬਰ ਸ਼ੇਰ ਕਹਿ ਕੇ ਇਸ ਦਾ ਮਜ਼ਾਕ ਉਡਾਇਆ ਗਿਆ। ਜਦੋਂ ਦੇਸ਼ ਵਿੱਚ ਡਿਜੀਟਲ ਇੰਡੀਆ ਮੁਹਿੰਮ ਸ਼ੁਰੂ ਹੋਈ, ਤਾਂ ਉਸ ਦਾ ਮਜ਼ਾਕ ਉਡਾਇਆ ਗਿਆ। ਲੇਕਿਨ ਹਰ ਵਾਰ ਇਹ ਕਾਂਗਰਸ ਦੀ ਬਦਕਿਸਮਤੀ ਅਤੇ ਦੇਸ਼ ਦੀ ਖੁਸ਼ਕਿਸਮਤੀ ਰਹੀ ਕਿ ਭਾਰਤ ਨੇ ਹਰ ਚੁਣੌਤੀ ਨੂੰ ਸਫਲਤਾ ਵਿੱਚ ਬਦਲਿਆ। ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨੇਸ਼ਨ ਡਰਾਈਵ ਦੀ ਉਦਾਹਰਨ ਹੈ। ਭਾਰਤ ਡਿਜੀਟਲ ਪੇਮੈਂਟਸ ਵਿੱਚ ਦੁਨੀਆ ਦਾ ਮੋਹਰੀ ਦੇਸ਼ ਹੈ। ਭਾਰਤ ਮੈਨੂਫੈਕਚਰਿੰਗ ਅਤੇ ਸਟਾਰਟਅੱਪਸ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।

 

ਸਾਥੀਓ, 

ਲੋਕਤੰਤਰ ਵਿੱਚ ਵਿਰੋਧ ਜ਼ਰੂਰੀ ਹੁੰਦਾ ਹੈ। ਪਰ ਵਿਰੋਧ ਅਤੇ ਵੈਰ-ਭਾਵ ਦਰਮਿਆਨ ਇੱਕ ਰੇਖਾ ਹੁੰਦੀ ਹੈ। ਸਰਕਾਰ ਦਾ ਵਿਰੋਧ ਕਰਨਾ ਲੋਕਤੰਤਰੀ ਅਧਿਕਾਰ ਹੈ। ਪਰ ਦੇਸ਼ ਨੂੰ ਬਦਨਾਮ ਕਰਨਾ, ਇਹ ਕਾਂਗਰਸ ਦੀ ਨੀਅਤ ‘ਤੇ ਸਵਾਲ ਖੜ੍ਹਾ ਕਰਦਾ ਹੈ। ਜਦੋਂ ਵਿਰੋਧ ਇਸ ਪੱਧਰ ਤੱਕ ਪਹੁੰਚ ਜਾਵੇ ਕਿ ਦੇਸ਼ ਦੀਆਂ ਪ੍ਰਾਪਤੀਆਂ ਵੀ ਅਸਹਿਜ ਕਰਨ ਲੱਗਣ, ਤਾਂ ਇਹ ਰਾਜਨੀਤੀ ਨਹੀਂ, ਇਹ ਦ੍ਰਿਸ਼ਟੀਕੋਣ ਦੀ ਸਮੱਸਿਆ ਹੈ। ਅਜੇ ਅਸੀਂ ਗਲੋਬਲ ਏਆਈ ਸਮਿਟ ਵਿੱਚ ਵੀ ਦੇਖਿਆ ਹੈ। ਜਦੋਂ ਪੂਰੀ ਦੁਨੀਆ ਭਾਰਤ ਵਿੱਚ ਜੁੜੀ ਹੋਈ ਸੀ, ਤਾਂ ਕਾਂਗਰਸ ਦੇ ਲੋਕ ਕੱਪੜੇ ਪਾੜਨ ਉੱਥੇ ਪਹੁੰਚ ਗਏ ਸਨ। ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਇੱਜ਼ਤ ਦੀ ਕਿੰਨੀ ਪਰਵਾਹ ਹੈ, ਇਹ ਇਸੇ ਤੋਂ ਪਤਾ ਚੱਲਦਾ ਹੈ। ਇਸ ਲਈ ਅੱਜ ਜ਼ਰੂਰਤ ਹੈ ਕਿ ਦੇਸ਼ ਹਿੱਤ ਨੂੰ, ਦਲ ਹਿੱਤ ਤੋਂ ਉੱਪਰ ਰੱਖਿਆ ਜਾਵੇ। ਕਿਉਂਕਿ ਅੰਤ ਵਿੱਚ ਰਾਜਨੀਤੀ ਤੋਂ ਉੱਪਰ, ਰਾਸ਼ਟਰ ਹੁੰਦਾ ਹੈ, ਰਾਸ਼ਟਰ ਦਾ ਵਿਕਾਸ ਹੁੰਦਾ ਹੈ।

 

ਸਾਥੀਓ, 

ਅੱਜ ਦਾ ਇਹ ਦਿਨ ਵੀ ਸਾਨੂੰ ਇਹੀ ਪ੍ਰੇਰਣਾ ਦਿੰਦਾ ਹੈ। ਅੱਜ ਦੇ ਹੀ ਦਿਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੇ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ ਸੀ। ਅੱਜ ਹੀ, ਸਮਾਜਵਾਦੀ ਅੰਦੋਲਨ ਦੇ ਪ੍ਰਖਰ ਆਦਰਸ਼ ਡਾ. ਰਾਮ ਮਨੋਹਰ ਲੋਹੀਆ ਜੀ ਦਾ ਜਨਮ ਦਿਨ ਵੀ ਹੈ। ਇਹ ਉਹ ਪ੍ਰੇਰਣਾਵਾਂ ਹਨ, ਜਿਨ੍ਹਾਂ ਨੇ ਦੇਸ਼ ਨੂੰ ਹਮੇਸ਼ਾ ਆਪਣੇ ਆਪ ਤੋਂ ਉੱਪਰ ਰੱਖਿਆ ਹੈ। ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖਣ ਦੀ ਇਹੀ ਪ੍ਰੇਰਣਾ, ਭਾਰਤ ਨੂੰ ਵਿਕਸਿਤ ਭਾਰਤ ਬਣਾਏਗੀ। ਇਹੀ ਪ੍ਰੇਰਣਾ ਭਾਰਤ ਨੂੰ ਆਤਮ-ਨਿਰਭਰ ਬਣਾਏਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਟੀਵੀ9 ਦੀ ਇਹ ਸਮਿਟ ਵੀ ਭਾਰਤ ਦੇ ਆਤਮ-ਵਿਸ਼ਵਾਸ ਅਤੇ ਦੁਨੀਆ ਦੇ ਭਰੋਸੇ ‘ਤੇ,  ਭਾਰਤੀਆਂ ‘ਤੇ ਜੋ ਭਰੋਸਾ ਹੈ, ਉਸ ਭਰੋਸੇ ਨੂੰ ਹੋਰ ਮਜ਼ਬੂਤ ਕਰੇਗੀ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਅਤੇ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਦਿੱਤਾ, ਤੁਹਾਡੇ ਸਾਰਿਆਂ ਨੂੰ ਮਿਲਣ ਦਾ ਮੌਕਾ ਦਿੱਤਾ, ਇਸ ਲਈ ਬਹੁਤ-ਬਹੁਤ ਧੰਨਵਾਦ! 

ਨਮਸਕਾਰ!

 

*****

ਐੱਮਜੇਪੀਐੱਸ/ਵੀਜੇ/ਐੱਸਟੀ


(Release ID: 2245881) ਵਿਜ਼ੀਟਰ ਕਾਊਂਟਰ : 9