ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿੱਚ ਲਗਭਗ 5,650 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ


ਸਾਫ਼ ਊਰਜਾ, ਪੈਟਰੋਲੀਅਮ ਨਾਲ ਸਬੰਧਤ ਨਿਰਮਾਣ, ਹਾਈਵੇਅ, ਰੇਲਵੇ ਅਤੇ ਗ੍ਰਾਮੀਣ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਤ ਇਹ ਪ੍ਰੋਜੈਕਟ ਊਰਜਾ ਤੱਕ ਪਹੁੰਚ ਅਤੇ ਸੰਪਰਕ ਸਹੂਲਤ ਨੂੰ ਵਧਾਉਣਗੇ ਅਤੇ ਤਾਮਿਲਨਾਡੂ ਦੇ ਨੌਜਵਾਨਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੇ : ਪ੍ਰਧਾਨ ਮੰਤਰੀ

ਅੱਜ ਚੇਨਈ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਲੂਬ ਬਲੈਂਡਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜੋ ਕਿ ਦੁਨੀਆ ਵਿੱਚ ਆਪਣੀ ਕਿਸਮ ਦੀਆਂ ਸਭ ਤੋਂ ਵੱਡੀਆਂ ਸਹੂਲਤਾਂ ਵਿੱਚੋਂ ਇੱਕ ਹੈ : ਪ੍ਰਧਾਨ ਮੰਤਰੀ

ਅੱਜ ਅਸੀਂ 370 ਕਿੱਲੋਮੀਟਰ ਲੰਬੀਆਂ ਗ੍ਰਾਮੀਣ ਸੜਕਾਂ ਦਾ ਉਦਘਾਟਨ ਕਰ ਰਹੇ ਹਾਂ। ਕੁੱਲ ਮਿਲਾ ਕੇ, ਹਰੇਕ ਸੜਕ ਗ੍ਰਾਮੀਣ ਅਰਥ-ਵਿਵਸਥਾ ਨੂੰ ਹੁਲਾਰਾ ਦਿੰਦੀ ਹੈ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਂਦੀ ਹੈ : ਪ੍ਰਧਾਨ ਮੰਤਰੀ

ਕਈ ਨਵੀਆਂ ਰੇਲ ਸੇਵਾਵਾਂ ਦੀ ਸ਼ੁਰੂਆਤ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ, ਸਥਾਨਕ ਅਰਥ-ਵਿਵਸਥਾ ਨੂੰ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਹੋਣਗੀਆਂ : ਪ੍ਰਧਾਨ ਮੰਤਰੀ

ਸਾਡਾ ਉਦੇਸ਼ ਇੱਕ ਵਿਕਸਿਤ ਭਾਰਤ ਲਈ ਇੱਕ ਵਿਕਸਿਤ ਤਾਮਿਲਨਾਡੂ ਦਾ ਨਿਰਮਾਣ ਕਰਨਾ ਹੈ : ਪ੍ਰਧਾਨ ਮੰਤਰੀ


Posted On: 11 MAR 2026 7:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਬੁਨਿਆਦੀ ਢਾਂਚੇ ਅਤੇ ਅਰਥ-ਵਿਵਸਥਾ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਕਈ ਪਰਿਵਰਤਨਸ਼ੀਲ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਇਤਿਹਾਸਕ ਸ਼ਹਿਰ ਤ੍ਰਿਚੀ ਦਾ ਦੌਰਾ ਕੀਤਾ। ਕੁੱਲ 5,600 ਕਰੋੜ ਰੁਪਏ ਦੇ ਨਿਵੇਸ਼ ਵਾਲੇ ਇਨ੍ਹਾਂ ਪਹਿਲਕਦਮੀਆਂ ਵਿੱਚ ਸਾਫ਼ ਊਰਜਾ, ਪੈਟਰੋਲੀਅਮ ਨਾਲ ਸਬੰਧਤ ਨਿਰਮਾਣ ਅਤੇ ਹਾਈਵੇਅ, ਰੇਲਵੇ ਅਤੇ ਗ੍ਰਾਮੀਣ ਸੜਕਾਂ ਰਾਹੀਂ ਬਿਹਤਰ ਬਹੁ-ਲੇਨ ਸੰਪਰਕ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਇਹ ਪ੍ਰੋਜੈਕਟ ਊਰਜਾ ਦੀ ਉਪਲਬਧਤਾ ਅਤੇ ਸੰਪਰਕ ਨੂੰ ਵਧਾਉਣਗੇ ਅਤੇ ਤਾਮਿਲਨਾਡੂ ਦੇ ਨੌਜਵਾਨਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੇ।"

ਪ੍ਰਧਾਨ ਮੰਤਰੀ ਨੇ ਟਿਕਾਊ ਊਰਜਾ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤ ਪੈਟਰੋਲੀਅਮ ਦੇ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਦਾ ਨੀਂਹ ਪੱਥਰ ਰੱਖਿਆ। ਇਹ 3,700 ਕਰੋੜ ਰੁਪਏ ਦਾ ਪ੍ਰੋਜੈਕਟ ਲਗਭਗ 9 ਲੱਖ ਪਰਿਵਾਰਾਂ ਅਤੇ ਕਈ ਵਪਾਰਕ ਅਦਾਰਿਆਂ ਨੂੰ ਪਾਈਪ ਰਾਹੀਂ ਕੁਦਰਤੀ ਗੈਸ (ਪੀਐੱਨਜੀ) ਪ੍ਰਦਾਨ ਕਰਕੇ ਨੀਲਗਿਰੀ ਅਤੇ ਇਰੋਡ ਜ਼ਿਲ੍ਹਿਆਂ ਨੂੰ ਬਦਲਣ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਵਾਤਾਵਰਨ ਸਬੰਧੀ ਲਾਭਾਂ ਨੂੰ ਉਜਾਗਰ ਕਰਦੇ ਹੋਏ ਕਿਹਾ, "ਸਿਰਫ ਅੱਠ ਸਾਲਾਂ ਵਿੱਚ ਇਸ ਪ੍ਰੋਜੈਕਟ ਦਾ ਸਕਾਰਾਤਮਕ ਵਾਤਾਵਰਨ ਪ੍ਰਭਾਵ 4 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੋਵੇਗਾ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੇਨਈ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਲਿਊਬ੍ਰਿਕੈਂਟ ਬਲੈਂਡਿੰਗ ਪਲਾਂਟ ਦਾ ਰਾਸ਼ਟਰ ਨੂੰ ਸਮਰਪਿਤ ਕਰਨਾ 'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਵਿਸ਼ਵ ਪੱਧਰ ’ਤੇ ਆਪਣੀ ਕਿਸਮ ਦੇ ਸਭ ਤੋਂ ਵੱਡੇ ਪਲਾਂਟਾਂ ਵਿੱਚੋਂ ਇੱਕ ਇਹ ਪਲਾਂਟ ਰਾਜ ਦੇ ਅੰਦਰ ਅਤੇ ਬਾਹਰ ਵੱਖ-ਵੱਖ ਉਦਯੋਗਾਂ ਦੀਆਂ ਉੱਚ ਮੰਗਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, "ਲਿਊਬ੍ਰਿਕੈਂਟਸ ਦੇ ਵਧੇ ਹੋਏ ਸਥਾਨਕ ਉਤਪਾਦਨ ਨਾਲ ਆਯਾਤ ਘਟੇਗਾ ਅਤੇ ਦੇਸ਼ ਦੇ ਪੈਸਿਆਂ ਦੀ ਬੱਚਤ ਹੋਵੇਗੀ।" 

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀਆਂ 370 ਕਿੱਲੋਮੀਟਰ ਗ੍ਰਾਮੀਣ ਸੜਕਾਂ ਦਾ ਉਦਘਾਟਨ ਕਰਕੇ ਪ੍ਰਧਾਨ ਮੰਤਰੀ ਨੇ ਗ੍ਰਾਮੀਣ ਸੰਪਰਕ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਨ੍ਹਾਂ ਸੜਕਾਂ ਨਾਲ ਪਿੰਡ ਦੇ ਲੋਕਾਂ ਨੂੰ ਸਿਹਤ ਸੰਭਾਲ, ਸਿੱਖਿਆ ਅਤੇ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਮਿਲਣ ਦੀ ਉਮੀਦ ਹੈ, ਜਿਸ ਨਾਲ ਗ੍ਰਾਮੀਣ ਅਰਥ-ਵਿਵਸਥਾ ਮੁੱਖ ਧਾਰਾ ਵਿੱਚ ਸ਼ਾਮਲ ਹੋਵੇਗੀ। ਇਸ ਵਿਕਾਸ ’ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਹਰ ਸੜਕ ਗ੍ਰਾਮੀਣ ਅਰਥ-ਵਿਵਸਥਾ ਨੂੰ ਹੁਲਾਰਾ ਦਿੰਦੀ ਹੈ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਂਦੀ ਹੈ।"

ਪ੍ਰਧਾਨ ਮੰਤਰੀ ਨੇ ਖੇਤਰ ਦੀ ਸਭਿਆਚਾਰਕ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਗੰਗਾਈਕੋਂਡਾ ਚੋਲਾਪੁਰਮ ਵਿੱਚ ਇੱਕ ਨਵੇਂ ਹਾਈਵੇਅ ਬਾਈਪਾਸ ਪ੍ਰੋਜੈਕਟ ਦਾ ਐਲਾਨ ਕੀਤਾ। ਇਸ ਪ੍ਰੋਜੈਕਟ ਦਾ ਉਦੇਸ਼ ਯੂਨੈਸਕੋ ਤੋਂ ਮਾਨਤਾ ਪ੍ਰਾਪਤ ਸਮ੍ਰਾਟ ਰਾਜੇਂਦਰ ਚੋਲਾ ਵੱਲੋਂ ਬਣਾਏ ਗਏ ਸ਼ਾਨਦਾਰ ਮੰਦਿਰ ਦੀ ਰੱਖਿਆ ਕਰਨਾ ਹੈ, ਜਿਸ ਲਈ ਭਾਰੀ ਆਵਾਜਾਈ ਨੂੰ ਪਵਿੱਤਰ ਸਥਾਨ ਤੋਂ ਦੂਰ ਮੋੜਿਆ ਜਾਵੇਗਾ, ਜਿਸ ਨਾਲ ਸਮਾਰਕ ਅਤੇ ਇਸ ਦੇ ਸੈਲਾਨੀਆਂ ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਹੋਵੇਗੀ। ਨਵੇਂ ਬੁਨਿਆਦੀ ਢਾਂਚੇ ਬਾਰੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਇਸ ਦਾ ਅਰਥ ਹੈ ਸਾਰਿਆਂ ਲਈ ਬਿਹਤਰ ਸੁਰੱਖਿਆ।"

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਅੰਮ੍ਰਿਤ ਭਾਰਤ ਪ੍ਰੋਗਰਾਮ ਅਧੀਨ ਅੱਠ ਸਟੇਸ਼ਨਾਂ ਦੇ ਆਧੁਨਿਕੀਕਰਨ ਅਤੇ ਪੁਨਰ-ਵਿਕਾਸ ਤੋਂ ਬਾਅਦ ਰਾਜ ਦੇ ਆਵਾਜਾਈ ਖੇਤਰ ਦੇ ਤੇਜ਼ੀ ਨਾਲ ਆਧੁਨਿਕੀਕਰਨ ਦਾ ਜ਼ਿਕਰ ਕੀਤਾ। ਅੱਜ ਸ਼ੁਰੂ ਕੀਤੀਆਂ ਗਈਆਂ ਨਵੀਆਂ ਰੇਲ ਸੇਵਾਵਾਂ ਨਾਗਰਕੋਇਲ, ਕੋਇੰਬਟੂਰ, ਰਾਮੇਸ਼ਵਰਮ, ਤਿਰੂਨੇਲਵੇਲੀ, ਮਯਿਲਾਦੁਥੁਰਾਈ, ਕਰਾਈਕੁਡੀ ਵਰਗੇ ਪ੍ਰਮੁੱਖ ਸਥਾਨਾਂ ਨੂੰ ਦੂਜੇ ਖੇਤਰਾਂ ਨਾਲ ਜੋੜਦੀਆਂ ਹਨ, ਜਿਸ ਨਾਲ ਸੈਰ-ਸਪਾਟਾ ਅਤੇ ਸਥਾਨਕ ਵਪਾਰ ਨੂੰ ਹੁਲਾਰਾ ਮਿਲਦਾ ਹੈ। ਸ਼੍ਰੀ ਮੋਦੀ ਨੇ ਰਾਜ ਦੇ ਭਵਿੱਖ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਕਿਹਾ, "ਅਸੀਂ ਰਾਜ ਦੀ ਤਰੱਕੀ ਲਈ ਦਿਨ ਰਾਤ ਕੰਮ ਕਰ ਰਹੇ ਹਾਂ ਅਤੇ ਅਜਿਹਾ ਕਰਦੇ ਰਹਾਂਗੇ।"

************

ਐੱਮਜੇਪੀਐੱਸ/ਪੀਆਰਕੇ


(Release ID: 2239020) ਵਿਜ਼ੀਟਰ ਕਾਊਂਟਰ : 7