ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸੰਬੋਧਨ ਕੀਤਾ; ਸਿੱਖ ਭਾਈਚਾਰੇ ਅਤੇ ਸਮਾਜਿਕ ਏਕਤਾ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ


ਪ੍ਰਧਾਨ ਮੰਤਰੀ ਨੇ ਕਿਹਾ - ਹਿੰਮਤ ਅਤੇ ਸੱਚ ਦੇ ਨਾਲ ਖੜ੍ਹੇ ਰਹਿਣ ਦੀ ਭਾਵਨਾ ਅੱਜ ਵੀ ਓਨੀ ਹੀ ਸਾਰਥਕ ਹੈ ਜਿੰਨੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਮੇਂ ਵਿੱਚ ਸੀ

Posted On: 01 MAR 2026 7:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਅਸੀਂ ਸਾਰੇ ਇਸ ਮਹੱਤਵਪੂਰਨ ਜਯੰਤੀ 'ਤੇ ਮਹਾਨ ਗੁਰੂ ਨੂੰ ਯਾਦ ਕਰ ਰਹੇ ਹਾਂ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਇਤਿਹਾਸਕ ਅਤੇ ਪਵਿੱਤਰ ਸਮਾਗਮ ਦਾ ਹਿੱਸਾ ਬਣਨਾ ਸਾਡੇ ਲਈ ਮਾਣ ਦੀ ਗੱਲ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦਾ ਇਤਿਹਾਸ ਬਹਾਦਰੀ, ਸਦਭਾਵਨਾ ਅਤੇ ਸਹਿਯੋਗ ਨਾਲ ਪਰਿਭਾਸ਼ਿਤ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ ਧਰਤੀ 'ਤੇ ਆਯੋਜਿਤ ਇਸ ਸਮਾਗਮ ਰਾਹੀਂ ਅਸੀਂ ਉਸੇ ਵਿਰਾਸਤ ਨੂੰ ਦੇਖ ਰਹੇ ਹਾਂ । ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਯੁੱਗ ਵਿੱਚ ਗੁਰੂ ਸਾਹਿਬਾਨਾਂ ਨੇ ਕੁਰਬਾਨੀ ਦੇ ਸਿਖਰ ਨੂੰ ਛੂਹਿਆ, ਉਸ ਦੌਰਾਨ  ਸਮਾਜਿਕ ਏਕਤਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਕਿਉਂਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਚਾਈ ਅਤੇ ਸੱਭਿਆਚਾਰ ਪ੍ਰਤੀ ਦ੍ਰਿੜ੍ਹ ਰਹਿਣ ਦਾ ਸੰਕਲਪ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਗੁਰੂ ਨਾਨਕ ਨਾਮ-ਲੇਵਾ ਸੰਗਤ' ਜਿਹੀਆਂ ਪਰੰਪਰਾਵਾਂ ਨੇ ਸਮਾਜਿਕ ਏਕਤਾ ਦੇ ਉਸ ਮਹਾਨ ਯੱਗ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।"

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਦੇਸ਼ ਨੂੰ ਇੱਕ ਵਾਰ ਫਿਰ ਸਮਾਜਿਕ ਏਕਤਾ ਦੀ ਸਭ ਤੋਂ ਵੱਧ ਲੋੜ ਹੈ, ਓਦੋਂ ਸੰਗਤ ਦਾ ਇਹ ਸ਼ਾਨਦਾਰ ਇਕੱਠ ਦੇਸ਼ ਨੂੰ ਭਰੋਸਾ ਦਿਵਾਉਂਦਾ ਹੈ ਕਿ ਗੁਰੂਆਂ ਅਤੇ ਸੰਤਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ।

ਪ੍ਰਧਾਨ ਮੰਤਰੀ ਨੇ ਇਸ ਸਮਾਗਮ ਨੂੰ ਇੱਕ ਨਿਰੰਤਰ ਯਾਤਰਾ ਦੱਸਿਆ ਜੋ ਪਿਛਲੇ ਸਾਲ ਨਾਗਪੁਰ ਵਿੱਚ ਸ਼ੁਰੂ ਹੋਈ ਅਤੇ ਨਾਂਦੇੜ ਦੇ ਇਤਿਹਾਸਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਅੱਗੇ ਵਧੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ , "ਨਵੀਂ ਮੁੰਬਈ ਵਿੱਚ, ਇਸ ਯਾਤਰਾ ਨੇ ਇੱਕ ਮਹੱਤਵਪੂਰਨ ਪੜਾਅ ਪਾਰ ਲਿਆ ਹੈ, ਜਿਸ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਇਤਿਹਾਸ ਮਹਾਰਾਸ਼ਟਰ ਦੇ ਹਰ ਕੋਨੇ ਤੱਕ ਹਜ਼ਾਰਾਂ ਪਿੰਡਾਂ ਅਤੇ ਬਸਤੀਆਂ ਪਹੁੰਚ ਗਿਆ ਹੈ।" ਪ੍ਰਧਾਨ ਮੰਤਰੀ ਨੇ ਇਸ ਸਮਾਗਮ ਦੇ ਆਯੋਜਨ ਲਈ ਮਹਾਰਾਸ਼ਟਰ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਜਸ਼ਨਾਂ ਨੂੰ ਯਾਦ ਕਰਦੇ ਹੋਏ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਹਿੱਸਾ ਲੈਣ ਦੇ ਆਪਣੇ ਸੁਭਾਗ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਹਰ ਇਤਿਹਾਸਕ ਮੌਕੇ ਨੂੰ ਰਾਸ਼ਟਰੀ ਪੱਧਰ 'ਤੇ ਮਨਾ ਰਹੀ ਹੈ। ਸ਼੍ਰੀ ਮੋਦੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ (ਜਿਸ ਲਈ ਇੱਕ ਯਾਦਗਾਰੀ ਡਾਕ ਟਿਕਟ ਅਤੇ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ) ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰਗੇ ਮਹੱਤਵਪੂਰਨ ਮੌਕਿਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਮੌਕੇ ਨੂੰ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਸਾਹਿਬਜ਼ਾਦਿਆਂ ਦੇ ਸਨਮਾਨ ਵਿੱਚ ਹਰ ਸਾਲ 'ਵੀਰ ਬਾਲ ਦਿਵਸ' ਮਨਾਉਣ ਦੀ ਨਵੀਂ ਰਾਸ਼ਟਰੀ ਪਰੰਪਰਾ 'ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਰਿਕਾਰਡ ਸਮੇਂ ਵਿੱਚ 'ਕਰਤਾਰਪੁਰ ਸਾਹਿਬ ਲਾਂਘੇ' ਨੂੰ ਪੂਰਾ ਕਰਨ ਅਤੇ 'ਸ਼੍ਰੀ ਹੇਮਕੁੰਟ ਸਾਹਿਬ ਯਾਤਰਾ' ਲਈ ਨਵੀਂਆਂ ਸਹੂਲਤਾਂ ਦੇ ਨਿਰਮਾਣ ਸਮੇਤ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਸਰਕਾਰ ਨੇ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਨਾਲ ਜੁੜੇ ਸੰਗਠਨਾਂ ਨੂੰ ਐੱਫਸੀਆਰਏ ਦੇ ਤਹਿਤ ਰਾਹਤ ਪ੍ਰਦਾਨ ਕੀਤੀ ਹੈ , ਨਾਲ ਹੀ ਇਹ ਯਕੀਨੀ ਬਣਾਇਆ ਹੈ ਕਿ ਸਿੱਖ ਇਤਿਹਾਸ ਨੂੰ ਸਕੂਲੀ ਪਾਠਕ੍ਰਮ ਅਤੇ ਸਭਿਆਚਾਰਕ ਚਰਚਾ ਵਿੱਚ ਆਪਣਾ ਬਣਦਾ ਸਥਾਨ ਮਿਲੇ, ਜਿਸ ਨਾਲ ਭਾਈਚਾਰੇ ਦੇ ਦਹਾਕਿਆਂ ਤੋਂ ਉਡੀਕ ਜਾ ਰਹੇ ਕਾਰਜ ਪੂਰੇ ਹੋਏ ਹਨ।” 

ਪ੍ਰਧਾਨ ਮੰਤਰੀ ਨੇ ਸਨਮਾਨ ਅਤੇ ਨਿਆਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਾਲ 1984 ਦੇ ਦੰਗਿਆਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਕਮੇਟੀ (ਐੱਸਆਈਟੀ) ਅਤੇ ਬੰਦ ਪਏ ਹੋਏ ਮਾਮਲਿਆਂ ਨੂੰ ਮੁੜ ਖੋਲ੍ਹਣ ਦਾ ਜ਼ਿਕਰ ਕੀਤਾ,ਜਿਸ ਦੇ ਨਤੀਜੇ ਵਜੋਂ ਦੋਸ਼ੀਆਂ ਨੂੰ ਸਜ਼ਾ ਮਿਲੀ। ਉਨ੍ਹਾਂ ਨੇ 1984 ਦੇ ਪੀੜਤਾਂ ਦੇ ਪਰਿਵਾਰਾਂ ਲਈ ਐਲਾਨੇ ਗਏ ਵਾਧੂ ਮੁਆਵਜ਼ੇ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੀ ਗਈ ਵਧੇਰੇ ਸਰਗਰਮ ਭੂਮਿਕਾ ਦੇ ਬਾਰੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਅਫ਼ਗ਼ਾਨਿਸਤਾਨ ਵਿੱਚ ਸਿੱਖ ਭਰਾਵਾਂ ਦੀ ਸੁਰੱਖਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਨਮਾਨਜਨਕ ਵਾਪਸੀ ਦੇ ਸਬੰਧ ਵਿੱਚ ਸਰਕਾਰ ਦੇ "ਮਿਸ਼ਨ ਮੋਡ" ਦੇ ਕੰਮ ਕਰਨ ਬਾਰੇ ਦੱਸਿਆ । ਸ਼੍ਰੀ ਮੋਦੀ ਨੇ ਕਿਹਾ, "ਸਰਕਾਰ ਨੇ ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਲਈ ਨਾਗਰਿਕਤਾ ਦਾ ਰਾਹ ਪੱਧਰਾ ਕੀਤਾ, ਸੀਏਏ ਰਾਹੀਂ ਸਤਾਏ ਗਏ ਸ਼ਰਨਾਰਥੀਆਂ ਨੂੰ ਰਾਹਤ ਪ੍ਰਦਾਨ ਕੀਤੀ ਅਤੇ ਜੰਮੂ-ਕਸ਼ਮੀਰ ਵਿੱਚ ਸਿੱਖ ਪਰਿਵਾਰਾਂ ਲਈ ਪੁਨਰਵਾਸ ਪੈਕੇਜ ਲਾਗੂ ਕੀਤੇ।" ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਓਸੀਆਈ ਅਤੇ ਵੀਜ਼ਾ ਨਿਯਮਾਂ ਨੂੰ ਸੁਖਾਲਾ ਬਣਾਇਆ ਗਿਆ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਹਜ਼ਾਰਾਂ ਨਾਮਾਂ ਨੂੰ ਕਾਲੀ ਸੂਚੀ ਵਿੱਚੋਂ ਹਟਾਇਆ ਗਿਆ । 

ਪ੍ਰਧਾਨ ਮੰਤਰੀ ਨੇ ਕਿਹਾ, "ਸਿੱਖ ਭਾਈਚਾਰੇ ਦੀ ਆਸਥਾ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਤਰੱਕੀ ਲਈ ਨਵੇਂ ਮੌਕੇ ਪੈਦਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਅਤੇ ਸੇਵਾ ਦਾ ਵਿਸ਼ੇਸ਼ ਅਧਿਕਾਰ ਦੋਵੇਂ ਹੈ ।”  

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਕਿਹਾ ਕਿ ਹਿੰਮਤ ਅਤੇ ਸੱਚ ਦੇ ਨਾਲ ਖੜ੍ਹੇ ਰਹਿਣ ਦੀ ਭਾਵਨਾ ਅੱਜ ਵੀ ਓਨੀ ਹੀ ਢੁਕਵੀਂ ਹੈ ਜਿੰਨੀ ਕਿ ਪਹਿਲਾਂ ਸੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਜਦੋਂ ਨਵੀਂ ਪੀੜ੍ਹੀ ਇਨ੍ਹਾਂ ਕਦਰਾਂ-ਕੀਮਤਾਂ ਨਾਲ ਜੁੜਦੀ ਹੈ, ਤਾਂ ਪਰੰਪਰਾ ਸਿਰਫ਼ ਇੱਕ ਯਾਦ ਨਹੀਂ ਬਣਦੀ, ਸਗੋਂ ਭਵਿੱਖ ਦਾ ਰਸਤਾ ਬਣ ਜਾਂਦੀ ਹੈ।” ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ, “ਸਮਾਗਮ ਦਾ ਉਦੇਸ਼ ਸਿਰਫ਼ ਇਤਿਹਾਸ ਨੂੰ ਯਾਦ ਰੱਖਣਾ ਨਹੀਂ , ਸਗੋਂ ਉਸ ਨੂੰ ਆਪਣੇ ਚਾਲ-ਚਲਣ ਵਿੱਚ ਵਸਾਉਣਾ ਹੈ।”

*****


ਐਮਜੇਪੀਐਸ/ਡਾ.ਪਵਨ ਖੇਡਕਰ


(Release ID: 2234583) ਵਿਜ਼ੀਟਰ ਕਾਊਂਟਰ : 5