ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਦੁਰਾਈ ਵਿੱਚ 4,400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ, ਲੋਕ ਅਰਪਣ ਅਤੇ ਨੀਂਹ ਪੱਥਰ ਰੱਖਿਆ


ਮਦੁਰਾਈ ਵਿੱਚ ਬੁਨਿਆਦੀ ਢਾਂਚਾ ਕਾਰਜਾਂ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਪੂਰੇ ਤਮਿਲਨਾਡੂ ਦੇ ਲੋਕਾਂ ਨੂੰ ਮਹੱਤਵਪੂਰਨ ਲਾਭ ਹੋਵੇਗਾ: ਪ੍ਰਧਾਨ ਮੰਤਰੀ

ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦਾ ਨਿਰਮਾਣ ਲੋਕਾਂ ਦੇ ਸਸ਼ਕਤੀਕਰਨ ਦਾ ਮਾਧਿਅਮ ਹੈ: ਪ੍ਰਧਾਨ ਮੰਤਰੀ

ਪਿਛਲੇ ਬਾਰਾਂ ਸਾਲਾਂ ਵਿੱਚ, ਭਾਰਤ ਸਰਕਾਰ ਨੇ ਤਮਿਲਨਾਡੂ ਦੇ ਰਾਜਮਾਰਗ ਨੈੱਟਵਰਕ ਵਿੱਚ ਭਾਰੀ ਨਿਵੇਸ਼ ਕੀਤਾ ਹੈ, ਜਿਸ ਨਾਲ ਤੀਰਥ ਯਾਤਰੀਆਂ ਲਈ ਯਾਤਰਾ ਆਸਾਨ ਹੋਈ ਹੈ ਅਤੇ ਖੇਤੀਬਾੜੀ ਉਤਪਾਦਾਂ ਤੇ ਸਮੁੰਦਰੀ ਉਤਪਾਦਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਹੋਈ ਹੈ: ਪ੍ਰਧਾਨ ਮੰਤਰੀ

ਪਿਛਲੇ ਦਹਾਕੇ ਵਿੱਚ, ਭਾਰਤੀ ਰੇਲਵੇ ਨੇ ਇਤਿਹਾਸਕ ਬਦਲਾਅ ਦੇਖਿਆ ਹੈ, ਜੋ ਆਧੁਨਿਕ, ਕੁਸ਼ਲ ਅਤੇ ਲੋਕ-ਕੇਂਦਰਿਤ ਆਵਾਜਾਈ ਪ੍ਰਣਾਲੀ ਵਜੋਂ ਉਭਰ ਕੇ ਸਾਹਮਣੇ ਆਇਆ ਹੈ, ਇਹ ਬਦਲਾਅ ਖਾਸ ਤੌਰ 'ਤੇ ਤਮਿਲਨਾਡੂ ਵਿੱਚ ਸਪੱਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ: ਪ੍ਰਧਾਨ ਮੰਤਰੀ

ਇਹ ਮਾਣ ਵਾਲੀ ਗੱਲ ਹੈ ਕਿ ‘ਮੇਕ ਇਨ ਇੰਡੀਆ’ ਦਾ ਸਾਡਾ ਦ੍ਰਿਸ਼ਟੀਕੋਣ ਆਤਮ-ਨਿਰਭਰਤਾ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਕੇਂਦਰੀ ਬਜਟ ਵਿੱਚ ਤਮਿਲਨਾਡੂ ਨੂੰ ਰੇਅਰ ਅਰਥ ਕੋਰੀਡੋਰ ਦਾ ਹਿੱਸਾ ਬਣਾਇਆ ਗਿਆ ਹੈ, ਜੋ ਉੱਨਤ ਨਿਰਮਾਣ, ਖੋਜ ਅਤੇ ਤਕਨਾਲੋਜੀ ਵਿਕਾਸ ਨੂੰ ਹੁਲਾਰਾ ਦਿੰਦਾ ਹੈ: ਪ੍ਰਧਾਨ ਮੰਤਰੀ

ਵਿਕਸਿਤ ਭਾਰਤ ਦੇ ਨਿਰਮਾਣ ਲਈ ਤਮਿਲਨਾਡੂ ਦਾ ਵਿਕਾਸ ਸਾਡਾ ਸਾਂਝਾ ਟੀਚਾ ਹੈ: ਪ੍ਰਧਾਨ ਮੰਤਰੀ

Posted On: 01 MAR 2026 5:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲਨਾਡੂ ਦੇ ਮਦੁਰਾਈ ਵਿੱਚ 4,400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਮਦੁਰਾਈ ਦੀ ਪਾਵਨ ਧਰਤੀ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਤਮਿਲਨਾਡੂ ਦੀ ਵਿਕਾਸ ਯਾਤਰਾ ਵਿੱਚ ਇੱਕ ਗੌਰਵਮਈ ਅਧਿਆਏ ਵਜੋਂ ਦਰਜ ਹੋ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਰਾਜ ਵਿੱਚ ਸੰਪਰਕ ਦਾ ਕਾਇਆ-ਕਲਪ ਕਰਨਾ, ਅਰਥਚਾਰੇ ਨੂੰ ਗਤੀ ਦੇਣਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਿਆਪਕ ਮੌਕੇ ਪੈਦਾ ਕਰਦੇ ਹੋਏ ਲੱਖਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ। ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਤਰੀਨ ਬੁਨਿਆਦੀ ਢਾਂਚੇ ਦਾ ਨਿਰਮਾਣ ਮੂਲ ਰੂਪ ਵਿੱਚ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਮਾਧਿਅਮ ਹੈ। ਸ਼੍ਰੀ ਮੋਦੀ ਨੇ ਕਿਹਾ ਕਿ, "ਇਨ੍ਹਾਂ ਵਿਕਾਸ ਕਾਰਜਾਂ ਦਾ ਅਰਥ ਹੈ—ਕਿਸਾਨਾਂ ਲਈ ਬਾਜ਼ਾਰਾਂ ਤੱਕ ਪਹੁੰਚਣ ਲਈ ਬਿਹਤਰ ਸੜਕਾਂ, ਤੀਰਥ ਯਾਤਰੀਆਂ ਅਤੇ ਸੈਲਾਨੀਆਂ ਲਈ ਆਸਾਨ ਯਾਤਰਾ ਅਤੇ ਕਾਰੋਬਾਰਾਂ ਲਈ ਤੇਜ਼ ਆਵਾਜਾਈ ਦੀ ਸਹੂਲਤ।"

ਪ੍ਰਧਾਨ ਮੰਤਰੀ ਨੇ ਕਿਹਾ, "ਪਿਛਲੇ ਬਾਰਾਂ ਸਾਲਾਂ ਵਿੱਚ, ਭਾਰਤ ਸਰਕਾਰ ਨੇ ਤਮਿਲਨਾਡੂ ਦੇ ਰਾਜਮਾਰਗ ਨੈੱਟਵਰਕ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ, ਜਿਸ ਤਹਿਤ 2014 ਤੋਂ ਹੁਣ ਤੱਕ ਚਾਰ ਹਜ਼ਾਰ ਕਿਲੋਮੀਟਰ ਤੋਂ ਵੱਧ ਲੰਬੇ ਰਾਜਮਾਰਗਾਂ ਦਾ ਨਿਰਮਾਣ ਕੀਤਾ ਗਿਆ ਹੈ।" ਉਨ੍ਹਾਂ ਨੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਦਾ ਜ਼ਿਕਰ ਕੀਤਾ—ਪਹਿਲਾ, ਮਰੱਕਨਮ-ਪੁਡੂਚੇਰੀ ਸੈਕਸ਼ਨ ਨੂੰ ਚਾਰ-ਲੇਨ ਦਾ ਬਣਾਉਣ ਦਾ ਕਾਰਜ ਕਰਨਾ, ਜਿਸ ਵਿੱਚ ਤੱਟਵਰਤੀ ਸੈਰ-ਸਪਾਟਾ ਅਤੇ ਵਪਾਰ ਨੂੰ ਮਜ਼ਬੂਤੀ ਦੇਣ ਲਈ 2,100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਦੂਜਾ, ਪਰਮਾਕੁਡੀ-ਰਾਮਨਾਥਪੁਰਮ ਸਟ੍ਰੈਚ ਨੂੰ ਚਾਰ-ਲੇਨ ਦਾ ਬਣਾਉਣ ਦਾ ਕਾਰਜ। 1,800 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਇਸ ਦੂਜੇ ਪ੍ਰੋਜੈਕਟ ਨਾਲ ਰਾਮੇਸ਼ਵਰਮ ਅਤੇ ਧਨੁਸ਼ਕੋਡੀ ਵਰਗੇ ਸਥਾਨਾਂ ਤੱਕ ਪਹੁੰਚ ਕਾਫ਼ੀ ਆਸਾਨ ਹੋ ਜਾਵੇਗੀ, ਜਿਸ ਨਾਲ ਤੀਰਥ ਯਾਤਰੀਆਂ ਲਈ ਯਾਤਰਾ ਆਸਾਨ ਹੋਵੇਗੀ ਅਤੇ ਖੇਤੀਬਾੜੀ ਉਤਪਾਦਾਂ ਤੇ ਸਮੁੰਦਰੀ ਉਤਪਾਦਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਹੋਵੇਗੀ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ, ਭਾਰਤੀ ਰੇਲਵੇ ਨੇ ਇੱਕ ਇਤਿਹਾਸਕ ਬਦਲਾਅ ਦੇਖਿਆ ਹੈ ਅਤੇ ਇਹ ਇੱਕ ਆਧੁਨਿਕ, ਕੁਸ਼ਲ ਅਤੇ ਲੋਕ-ਕੇਂਦਰਿਤ ਆਵਾਜਾਈ ਪ੍ਰਣਾਲੀ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਬਦਲਾਅ ਖਾਸ ਤੌਰ 'ਤੇ ਤਮਿਲਨਾਡੂ ਵਿੱਚ ਸਪੱਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ, ਜਿੱਥੇ ਮੌਜੂਦਾ ਸਰਕਾਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਰੇਲਵੇ ਬਜਟ ਵੰਡ ਵਿੱਚ ਲਗਭਗ ਨੌਂ ਗੁਣਾ ਦਾ ਵਾਧਾ ਹੋਇਆ ਹੈ।" ਪ੍ਰਧਾਨ ਮੰਤਰੀ ਨੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਿੱਥੇ 2009 ਤੋਂ 2014 ਦਰਮਿਆਨ ਔਸਤ ਸਾਲਾਨਾ ਬਜਟ ਵੰਡ ਸਿਰਫ 880 ਕਰੋੜ ਰੁਪਏ ਸੀ, ਉੱਥੇ ਹੀ ਸਾਲ 2026-27 ਲਈ ਇਸ ਨੂੰ ਵਧਾ ਕੇ 7,600 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅੱਗੇ ਵਿਸਥਾਰ ਨਾਲ ਦੱਸਿਆ ਕਿ ਰਾਜ ਵਿੱਚ 1,300 ਕਿਲੋਮੀਟਰ ਤੋਂ ਵੱਧ ਦੀਆਂ ਨਵੀਆਂ ਰੇਲ ਪਟੜੀਆਂ ਵਿਛਾਈਆਂ ਗਈਆਂ ਹਨ, 97 ਪ੍ਰਤੀਸ਼ਤ ਬਿਜਲੀਕਰਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ, ਅਤੇ ਸੈਂਕੜੇ ਫਲਾਈਓਵਰਾਂ ਤੇ ਅੰਡਰਪਾਸਾਂ ਦੇ ਨਿਰਮਾਣ ਨਾਲ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਹੋਇਆ ਹੈ। ਇੱਕ ਮਹੱਤਵਪੂਰਨ ਪ੍ਰਾਪਤੀ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਨਵੇਂ ਪੰਬਨ ਪੁਲ ਦੇ ਉਦਘਾਟਨ ਦੇ ਆਪਣੇ ਸੁਭਾਗ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਭਾਰਤ ਦੇ ਪਹਿਲੇ ਵਰਟੀਕਲ ਬ੍ਰਿਜ ਵਜੋਂ ਬਿਆਨ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਰਤਮਾਨ ਵਿੱਚ 9 ਵੰਦੇ ਭਾਰਤ ਅਤੇ 9 ਅੰਮ੍ਰਿਤ ਭਾਰਤ ਰੇਲਗੱਡੀਆਂ ਤਮਿਲਨਾਡੂ ਦੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ, ਜਿਨ੍ਹਾਂ ਦੇ ਡੱਬੇ ਚੇਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ ਵਿੱਚ ਤਿਆਰ ਕੀਤੇ ਗਏ ਹਨ। ਉਨ੍ਹਾਂ ਨੇ 'ਮੇਕ ਇਨ ਇੰਡੀਆ' ਦੇ ਦ੍ਰਿਸ਼ਟੀਕੋਣ 'ਤੇ ਮਾਣ ਪ੍ਰਗਟ ਕਰਦਿਆਂ ਕਿਹਾ, "ਇਹ ਆਤਮ-ਨਿਰਭਰਤਾ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ।" ਸ਼੍ਰੀ ਮੋਦੀ ਨੇ ਦੱਸਿਆ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਰਾਜ ਦੇ ਸਤੱਤਰ (77) ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਵਿੱਚ ਸਹੂਲਤ, ਆਸਾਨੀ ਅਤੇ ਸਥਾਨਕ ਪਛਾਣ ਦਾ ਸੁਮੇਲ ਕੀਤਾ ਜਾ ਸਕੇ। ਇਸੇ ਲੜੀ ਵਿੱਚ ਅੱਜ ਅੱਠ ਮੁੜ-ਵਿਕਸਿਤ ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਚੇਨਈ ਬੀਚ-ਚੇਨਈ ਐਗਮੋਰ ਚੌਥੀ ਲਾਈਨ ਦੇ ਲੋਕ ਅਰਪਣ ਨਾਲ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕੁੰਭਕੋਣਮ, ਯੇਰਕੌਡ ਅਤੇ ਵੇਲੋਰ ਵਿੱਚ ਆਕਾਸ਼ਵਾਣੀ ਦੇ ਨਵੇਂ ਐੱਫਐੱਮ ਰਿਲੇਅ ਟ੍ਰਾਂਸਮੀਟਰਾਂ ਦਾ ਵੀ ਉਦਘਾਟਨ ਕੀਤਾ ਅਤੇ ਇਨ੍ਹਾਂ ਰੇਡੀਓ ਸਟੇਸ਼ਨਾਂ ਨੂੰ ਜਨਤਾ ਦੀ ਸੇਵਾ ਵਿੱਚ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਦਹਾਕੇ ਦੇ ਮੁਕਾਬਲੇ ਤਮਿਲਨਾਡੂ ਲਈ ਬੁਨਿਆਦੀ ਢਾਂਚੇ ਦੀ ਵਿੱਤੀ ਸਹਾਇਤਾ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਕੇਂਦਰੀ ਬਜਟ 2026 ਵਿੱਚ ਰਾਜ 'ਤੇ ਇਸ ਮਜ਼ਬੂਤ ਫੋਕਸ ਨੂੰ ਬਰਕਰਾਰ ਰੱਖਿਆ ਗਿਆ ਹੈ। ਉਨ੍ਹਾਂ ਨੇ ਬੈਂਗਲੁਰੂ-ਚੇਨਈ ਅਤੇ ਚੇਨਈ-ਹੈਦਰਾਬਾਦ ਬੁਲੇਟ ਟ੍ਰੇਨ ਕੋਰੀਡੋਰ ਦੇ ਪ੍ਰਸਤਾਵਾਂ ਦਾ ਵੇਰਵਾ ਸਾਂਝਾ ਕੀਤਾ, ਜੋ ਖੇਤਰੀ ਅਰਥਚਾਰੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਦੱਸਿਆ, "ਕੇਂਦਰੀ ਬਜਟ ਵਿੱਚ ਤਮਿਲਨਾਡੂ ਨੂੰ ਰੇਅਰ ਅਰਥ ਕੋਰੀਡੋਰ ਦਾ ਹਿੱਸਾ ਬਣਾਇਆ ਗਿਆ ਹੈ, ਜਿਸ ਦਾ ਉਦੇਸ਼ ਉੱਨਤ ਨਿਰਮਾਣ, ਖੋਜ ਅਤੇ ਤਕਨਾਲੋਜੀ ਵਿਕਾਸ ਨੂੰ ਹੁਲਾਰਾ ਦੇਣਾ ਹੈ।"

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਤਮਿਲਨਾਡੂ ਦਾ ਇਤਿਹਾਸ ਅਤੇ ਵਿਰਾਸਤ ਬਹੁਤ ਅਮੀਰ ਹੈ। ਉਨ੍ਹਾਂ ਐਲਾਨ ਕੀਤਾ ਕਿ ਆਦਿਚਨੱਲੁਰ ਵਰਗੀਆਂ ਇਤਿਹਾਸਕ ਥਾਵਾਂ ਨੂੰ ਗਲੋਬਲ ਹੈਰੀਟੇਜ ਡੈਸਟੀਨੇਸ਼ਨ (ਆਲਮੀ ਵਿਰਾਸਤੀ ਸਥਾਨਾਂ) ਵਜੋਂ ਵਿਕਸਿਤ ਕੀਤਾ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਪੁਲੀਕਟ ਝੀਲ ਅਤੇ ਪੋਧੀਗਾਈ ਮਲਾਈ ਦੇ ਆਲੇ-ਦੁਆਲੇ ਈਕੋ-ਟੂਰਿਜ਼ਮ ਦੀਆਂ ਪਹਿਲਕਦਮੀਆਂ ਨਾਲ ਜਿੱਥੇ ਇੱਕ ਪਾਸੇ ਕੁਦਰਤੀ ਈਕੋਸਿਸਟਮ ਦੀ ਸੰਭਾਲ ਹੋਵੇਗੀ, ਉੱਥੇ ਹੀ ਦੂਜੇ ਪਾਸੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਨਿਰਮਾਣ ਨੂੰ ਹੁਲਾਰਾ ਦੇਣ ਲਈ ਦੇਸ਼ ਭਰ ਵਿੱਚ ਲਗਭਗ ਦੋ ਸੌ ਉਦਯੋਗਿਕ ਕਲੱਸਟਰਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਤਮਿਲਨਾਡੂ ਕਈ ਉਦਯੋਗਾਂ ਦਾ ਕੇਂਦਰ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਇੱਥੋਂ ਦੇ ਸਥਾਨਕ ਨੌਜਵਾਨਾਂ ਨੂੰ ਵਿਆਪਕ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰੇਕ ਭਾਰਤੀ 2047 ਤੱਕ ਇੱਕ ਵਿਕਸਿਤ ਰਾਸ਼ਟਰ ਦੇ ਨਿਰਮਾਣ ਲਈ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਤਮਿਲਨਾਡੂ ਇੱਕ ਨਿਰਣਾਇਕ ਭੂਮਿਕਾ ਨਿਭਾਏਗਾ। ਸਮਾਵੇਸ਼ੀ ਵਿਕਾਸ ਅਤੇ ਰਾਜ ਦੀ ਤਰੱਕੀ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੀ ਪੂਰੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਇਸ ਸੰਕਲਪ ਨਾਲ ਆਪਣੀ ਗੱਲ ਖਤਮ ਕੀਤੀ, "ਵਿਕਸਿਤ ਭਾਰਤ ਦੇ ਨਿਰਮਾਣ ਲਈ ਤਮਿਲਨਾਡੂ ਦਾ ਵਿਕਾਸ ਸਾਡਾ ਸਾਂਝਾ ਟੀਚਾ ਹੈ।"

 

 

**********


ਐੱਮਜੇਪੀਐੱਸ/ ਡਾ. ਪਵਨ ਖੇੜਕਰ


(Release ID: 2234414) ਵਿਜ਼ੀਟਰ ਕਾਊਂਟਰ : 4