ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤਾਮਿਲਨਾਡੂ ਦੇ ਮਦੁਰਾਈ ਵਿੱਚ ਵੱਖ-ਵੱਖ ਬੁਨਿਆਦੀ ਢਾਂਚਾ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


Posted On: 01 MAR 2026 4:28PM by PIB Chandigarh

ਸ਼੍ਰੀ ਆਰ.ਐੱਨ. ਰਵੀ, ਐੱਲ. ਮੁਰੂਗਨ, ਏਡਾਪਾਡੀ ਕੇ. ਪਲਾਨੀਸਵਾਮੀ, ਨੈਨਾਰ ਨਾਗੇਂਦਰਨ, ਈ.ਵੀ. ਵੇਲੂ ਅਤੇ ਤਾਮਿਲਨਾਡੂ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਵਣੱਕਮ!

ਮੈਂ ਪਵਿੱਤਰ ਅਤੇ ਇਤਿਹਾਸਕ ਸ਼ਹਿਰ ਮਦੁਰਾਈ ਵਿੱਚ ਆ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਮੀਨਾਕਸ਼ੀ ਅੰਮਨ ਅਤੇ ਭਗਵਾਨ ਸੁੰਦਰੇਸ਼ਵਰ ਨੂੰ ਨਮਨ ਕਰਦਾ ਹਾਂ। ਅੱਜ ਦਾ ਪ੍ਰੋਗਰਾਮ ਤਾਮਿਲਨਾਡੂ ਦੀ ਵਿਕਾਸ ਯਾਤਰਾ ਵਿੱਚ ਇੱਕ ਮਾਣਮੱਤੇ ਅਧਿਆਏ ਦਾ ਪ੍ਰਤੀਕ ਹੈ। ਅਸੀਂ ਚਾਰ ਹਜ਼ਾਰ ਚਾਰ ਸੌ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਇਹ ਪ੍ਰੋਜੈਕਟ ਸੰਪਰਕ ਵਿੱਚ ਸੁਧਾਰ ਲਿਆਉਣਗੇ, ਅਰਥਚਾਰੇ ਨੂੰ ਹੁਲਾਰਾ ਦੇਣਗੇ, ਰੁਜ਼ਗਾਰ ਪੈਦਾ ਕਰਨਗੇ ਅਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦੇਣਗੇ। ਇਸ ਨਾਲ ਕਿਸਾਨਾਂ ਨੂੰ ਬਾਜ਼ਾਰਾਂ ਤੱਕ ਪਹੁੰਚਣ ਲਈ ਬਿਹਤਰ ਸੜਕਾਂ ਦੀ ਸਹੂਲਤ ਮਿਲੇਗੀ ਅਤੇ ਤੀਰਥ ਯਾਤਰੀਆਂ ਤੇ ਸੈਲਾਨੀਆਂ ਨੂੰ ਯਾਤਰਾ ਕਰਨ ਵਿੱਚ ਆਸਾਨੀ ਹੋਵੇਗੀ। ਨਾਲ ਹੀ ਕਾਰੋਬਾਰਾਂ ਲਈ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ। ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦਾ ਨਿਰਮਾਣ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਹੈ।

ਦੋਸਤੋ,

ਪਿਛਲੇ ਬਾਰਾਂ ਸਾਲਾਂ ਵਿੱਚ ਭਾਰਤ ਸਰਕਾਰ ਨੇ ਤਾਮਿਲਨਾਡੂ ਦੇ ਰਾਜਮਾਰਗ ਨੈੱਟਵਰਕ ਵਿੱਚ ਭਾਰੀ ਨਿਵੇਸ਼ ਕੀਤਾ ਹੈ। 2014 ਤੋਂ ਹੁਣ ਤੱਕ ਇੱਥੇ ਚਾਰ ਹਜ਼ਾਰ ਕਿੱਲੋਮੀਟਰ ਤੋਂ ਵੱਧ ਰਾਜਮਾਰਗਾਂ ਦਾ ਨਿਰਮਾਣ ਕੀਤਾ ਗਿਆ ਹੈ। ਅੱਜ, ਮੈਨੂੰ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ ਖ਼ੁਸ਼ੀ ਹੋ ਰਹੀ ਹੈ। ਪਹਿਲਾ ਪ੍ਰੋਜੈਕਟ ਦੋ ਹਜ਼ਾਰ ਇੱਕ ਸੌ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਮਰੱਕਨਮ-ਪੁਡੂਚੇਰੀ ਖੰਡ ਨੂੰ ਚਾਰ ਲੇਨ ਦਾ ਬਣਾਉਣਾ। ਇਸ ਨਾਲ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਤੱਟਵਰਤੀ ਸੈਰ-ਸਪਾਟਾ, ਵਪਾਰ ਅਤੇ ਅਰਥਚਾਰਾ ਮਜ਼ਬੂਤ ਹੋਵੇਗਾ। ਦੂਜਾ ਪ੍ਰੋਜੈਕਟ, ਪਰਮਾਕੁਡੀ-ਰਾਮਨਾਥਪੁਰਮ ਖੰਡ ਨੂੰ ਚਾਰ ਲੇਨ ਦਾ ਬਣਾਉਣਾ। ਇਸ ਪ੍ਰੋਜੈਕਟ ਵਿੱਚ ਅਸੀਂ ਇੱਕ ਹਜ਼ਾਰ ਅੱਠ ਸੌ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਰਹੇ ਹਾਂ। ਇਹ ਰਾਮੇਸ਼ਵਰਮ ਅਤੇ ਧਨੁਸ਼ਕੋਡੀ ਵਰਗੀਆਂ ਥਾਵਾਂ ਤੱਕ ਪਹੁੰਚ ਨੂੰ ਕਾਫ਼ੀ ਵਧਾਏਗਾ। ਇਸ ਨਾਲ ਤੀਰਥ ਯਾਤਰੀਆਂ ਲਈ ਯਾਤਰਾ ਵਿੱਚ ਆਸਾਨੀ ਅਤੇ ਖੇਤੀਬਾੜੀ ਉਤਪਾਦਾਂ ਤੇ ਸਮੁੰਦਰੀ ਉਤਪਾਦਾਂ ਦੀ ਸੁਚਾਰੂ ਆਵਾਜਾਈ ਯਕੀਨੀ ਹੁੰਦੀ ਹੈ।

ਦੋਸਤੋ,

ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਰੇਲਵੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਇਹ ਆਧੁਨਿਕ, ਕੁਸ਼ਲ ਅਤੇ ਲੋਕ-ਕੇਂਦਰਿਤ ਆਵਾਜਾਈ ਵਜੋਂ ਉੱਭਰ ਰਿਹਾ ਹੈ। ਇਹ ਬਦਲਾਅ ਖ਼ਾਸ ਤੌਰ 'ਤੇ ਤਾਮਿਲਨਾਡੂ ਵਿੱਚ ਦਿਖਾਈ ਦੇ ਰਿਹਾ ਹੈ। ਸਾਡੀ ਸਰਕਾਰ ਆਉਣ ਤੋਂ ਬਾਅਦ ਤਾਮਿਲਨਾਡੂ ਦੇ ਰੇਲ ਬਜਟ ਵੰਡ ਵਿੱਚ ਲਗਭਗ ਨੌਂ ਗੁਣਾ ਵਾਧਾ ਹੋਇਆ ਹੈ। 2009 ਤੋਂ 2014 ਦੌਰਾਨ ਰੇਲਵੇ ਦੀ ਔਸਤ ਸਾਲਾਨਾ ਵੰਡ ਅੱਠ ਸੌ ਅੱਸੀ ਕਰੋੜ ਰੁਪਏ ਸੀ। 2026-27 ਵਿੱਚ ਇਹ ਵੰਡ ਵਧ ਕੇ ਸੱਤ ਹਜ਼ਾਰ ਛੇ ਸੌ ਕਰੋੜ ਰੁਪਏ ਹੋ ਗਈ ਹੈ।

ਤਾਮਿਲਨਾਡੂ ਵਿੱਚ ਇੱਕ ਹਜ਼ਾਰ ਤਿੰਨ ਸੌ ਕਿੱਲੋਮੀਟਰ ਤੋਂ ਵੱਧ ਨਵੀਂਆਂ ਪਟੜੀਆਂ ਵਿਛਾਈਆਂ ਗਈਆਂ ਹਨ। 97 ਫ਼ੀਸਦੀ ਬਿਜਲੀਕਰਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਸੈਂਕੜੇ ਫਲਾਈਓਵਰਾਂ ਅਤੇ ਅੰਡਰਪਾਸਾਂ ਨਾਲ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਹੋਇਆ ਹੈ। ਪਿਛਲੇ ਸਾਲ, ਮੈਨੂੰ ਤਾਮਿਲਨਾਡੂ ਵਿੱਚ ਨਵੇਂ ਪੰਬਨ ਪੁਲ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ। ਇਹ ਭਾਰਤ ਦਾ ਪਹਿਲਾ 'ਵਰਟੀਕਲ ਲਿਫ਼ਟ ਸੀ ਬ੍ਰਿਜ' ਹੈ, ਜੋ ਇੰਜੀਨੀਅਰਿੰਗ ਉੱਤਮਤਾ ਦਾ ਪ੍ਰਤੀਕ ਹੈ। ਇਹ ਪੁਲ ਆਪਣੇ ਆਪ ਵਿੱਚ ਤਾਮਿਲਨਾਡੂ ਵਿੱਚ ਸੈਲਾਨੀਆਂ ਲਈ ਪ੍ਰਮੁੱਖ ਖਿੱਚ ਬਣ ਗਿਆ ਹੈ।

ਦੋਸਤੋ,

ਹੁਣ 9 ਵੰਦੇ ਭਾਰਤ ਰੇਲਗੱਡੀਆਂ ਅਤੇ 9 ਅੰਮ੍ਰਿਤ ਭਾਰਤ ਰੇਲਗੱਡੀਆਂ ਤਾਮਿਲਨਾਡੂ ਦੇ ਲੋਕਾਂ ਨੂੰ ਲਾਭ ਪਹੁੰਚਾ ਰਹੀਆਂ ਹਨ। ਅਜਿਹੀਆਂ ਹਾਈ-ਸਪੀਡ ਰੇਲਗੱਡੀਆਂ ਦੇ ਡੱਬਿਆਂ ਦਾ ਨਿਰਮਾਣ ਚੇਨਈ ਦੀ 'ਇੰਟੀਗ੍ਰਲ ਕੋਚ ਫ਼ੈਕਟਰੀ' ਵਿੱਚ ਕੀਤਾ ਜਾ ਰਿਹਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ‘ਮੇਕ ਇਨ ਇੰਡੀਆ’ ਦਾ ਸਾਡਾ ਵਿਜ਼ਨ ਆਤਮ-ਨਿਰਭਰਤਾ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰ ਰਿਹਾ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 77 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਇਹ ਸਟੇਸ਼ਨ ਆਰਾਮ, ਪਹੁੰਚ ਅਤੇ ਸਥਾਨਕ ਪਛਾਣ ਦਾ ਪ੍ਰਤੀਬਿੰਬ ਹਨ। ਅੱਜ, ਅਸੀਂ ਤਾਮਿਲਨਾਡੂ ਵਿੱਚ ਅੱਠ ਮੁੜ-ਵਿਕਸਿਤ ਸਟੇਸ਼ਨਾਂ ਦਾ ਉਦਘਾਟਨ ਕਰ ਰਹੇ ਹਾਂ। ਚੇਨਈ ਬੀਚ-ਚੇਨਈ ਐਗਮੋਰ ਚੌਥੀ ਲਾਈਨ ਦੇ ਲੋਕ ਅਰਪਣ ਨਾਲ ਚੇਨਈ ਵਿੱਚ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਹੋਵੇਗਾ। ਮੈਨੂੰ ਕੁੰਭਕੋਣਮ, ਯੇਰਕੌਡ ਅਤੇ ਵੇਲੋਰ ਵਿੱਚ ਆਕਾਸ਼ਵਾਣੀ ਦੇ ਨਵੇਂ ਐੱਫਐੱਮ ਰਿਲੇਅ ਟ੍ਰਾਂਸਮੀਟਰਾਂ ਦਾ ਉਦਘਾਟਨ ਕਰਦੇ ਹੋਏ ਵੀ ਖ਼ੁਸ਼ੀ ਹੋ ਰਹੀ ਹੈ। ਇਹ ਰੇਡੀਓ ਸਟੇਸ਼ਨ ਅੱਜ ਤੋਂ ਤੁਹਾਡੀ ਸੇਵਾ ਲਈ ਸਮਰਪਿਤ ਹੋਣਗੇ।

ਦੋਸਤੋ,

ਤਾਮਿਲਨਾਡੂ ਦੇ ਬੁਨਿਆਦੀ ਢਾਂਚੇ ਲਈ ਵਿੱਤੀ ਸਹਾਇਤਾ ਪਿਛਲੇ ਦਹਾਕੇ ਦੇ ਮੁਕਾਬਲੇ ਹੁਣ ਤਿੰਨ ਗੁਣਾ ਹੋ ਗਈ ਹੈ ਅਤੇ 2026 ਦਾ ਬਜਟ ਵੀ ਤਾਮਿਲਨਾਡੂ 'ਤੇ ਵਿਸ਼ੇਸ਼ ਧਿਆਨ ਦੇ ਨਾਲ ਇਸ ਰੁਝਾਨ ਨੂੰ ਜਾਰੀ ਰੱਖਦਾ ਹੈ। ਇਸ ਬਜਟ ਵਿੱਚ ਅਸੀਂ ਬੈਂਗਲੁਰੂ-ਚੇਨਈ ਅਤੇ ਚੇਨਈ-ਹੈਦਰਾਬਾਦ ਬੁਲੇਟ ਟ੍ਰੇਨ ਕੋਰੀਡੋਰ ਦੀ ਤਜਵੀਜ਼ ਰੱਖੀ ਹੈ। ਇਹ ਤਜਵੀਜ਼ਾਂ ਇਸ ਪੂਰੇ ਖੇਤਰ ਦੇ ਅਰਥਚਾਰੇ ਵਿੱਚ ਕ੍ਰਾਂਤੀ ਲਿਆਉਣਗੀਆਂ। ਬਜਟ ਵਿੱਚ ਤਾਮਿਲਨਾਡੂ ਨੂੰ ਰੇਅਰ ਅਰਥ ਕੋਰੀਡੋਰ ਦੇ ਹਿੱਸੇ ਵਜੋਂ ਸੂਚੀਬੱਧ ਕੀਤਾ ਗਿਆ ਹੈ। ਰੇਅਰ ਅਰਥ ਕੋਰੀਡੋਰ ਉੱਨਤ ਨਿਰਮਾਣ, ਖੋਜ ਅਤੇ ਤਕਨਾਲੋਜੀ ਵਿਕਾਸ ਨੂੰ ਹੁਲਾਰਾ ਦੇਵੇਗਾ।

ਦੋਸਤੋ,

ਤਾਮਿਲਨਾਡੂ ਦਾ ਇਤਿਹਾਸ ਅਤੇ ਵਿਰਾਸਤ ਬਹੁਤ ਅਮੀਰ ਹੈ। ਆਦਿਚਨੱਲੁਰ ਵਰਗੀਆਂ ਇਤਿਹਾਸਕ ਥਾਵਾਂ ਨੂੰ ਆਲਮੀ ਵਿਰਾਸਤੀ ਸਥਾਨਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਪੁਲੀਕਟ ਝੀਲ ਅਤੇ ਪੋਧੀਗਾਈ ਮਲਾਈ ਦੇ ਆਲ਼ੇ-ਦੁਆਲੇ ਈਕੋ-ਟੂਰਿਜ਼ਮ ਪਹਿਲਕਦਮੀ ਕੁਦਰਤੀ ਵਾਤਾਵਰਣ ਪ੍ਰਣਾਲੀ ਨੂੰ ਸੁਰੱਖਿਅਤ ਰੱਖਦੇ ਹੋਏ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ। ਪੂਰੇ ਦੇਸ਼ ਵਿੱਚ ਨਿਰਮਾਣ ਨੂੰ ਹੁਲਾਰਾ ਦੇਣ ਲਈ ਲਗਭਗ ਦੋ ਸੌ ਉਦਯੋਗਿਕ ਕਲੱਸਟਰਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਅਸੀਂ ਸਾਰੇ ਜਾਣਦੇ ਹਾਂ ਕਿ ਤਾਮਿਲਨਾਡੂ ਵਿੱਚ ਕਈ ਉਦਯੋਗ ਹਨ ਅਤੇ ਇਸ ਲਈ, ਇਸ ਯੋਜਨਾ ਨਾਲ ਇੱਥੋਂ ਦੇ ਨੌਜਵਾਨਾਂ ਨੂੰ ਲਾਭ ਹੋਵੇਗਾ।

ਦੋਸਤੋ,

ਹਰ ਭਾਰਤੀ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਪ੍ਰੇਰਿਤ ਹੈ। ਤਾਮਿਲਨਾਡੂ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਸਾਡਾ ਸਾਂਝਾ ਟੀਚਾ ਵਿਕਸਿਤ ਭਾਰਤ ਲਈ ਇੱਕ ਵਿਕਸਿਤ ਤਾਮਿਲਨਾਡੂ ਹੈ। ਕੇਂਦਰ ਸਮਾਵੇਸ਼ੀ ਵਿਕਾਸ ਅਤੇ ਰਾਜ ਦੀ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

 

ਨੰਦਰੀ (ਧੰਨਵਾਦ)

***************


ਐੱਮਜੇਪੀਐੱਸ/ਸਿਧਾਂਤ ਤਿਵਾਰੀ


(Release ID: 2234412) ਵਿਜ਼ੀਟਰ ਕਾਊਂਟਰ : 2