ਪ੍ਰਧਾਨ ਮੰਤਰੀ ਦਫਤਰ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
Posted On:
26 FEB 2026 5:28PM by PIB Chandigarh
ਮਹਾਮਹਿਮ, ਪ੍ਰਧਾਨ ਮੰਤਰੀ ਅਤੇ ਮੇਰੇ ਦੋਸਤ ਨੇਤਨਯਾਹੂ,
ਸ਼੍ਰੀਮਤੀ ਨੇਤਨਯਾਹੂ,
ਦੋਵਾਂ ਦੇਸ਼ਾਂ ਦੇ ਨੁਮਾਇੰਦੇ,
ਮੀਡੀਆ ਦੇ ਸਾਥੀਓ,
ਨਮਸਕਾਰ!
"ਸ਼ਾਲੋਮ"!
ਮੇਰੇ ਅਤੇ ਭਾਰਤੀ ਵਫ਼ਦ ਦੇ ਨਿੱਘੇ ਸਵਾਗਤ ਲਈ ਦਿਲੋਂ ਮੈਂ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਇੱਕ ਵਾਰ ਫਿਰ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।
ਨੌਂ ਸਾਲ ਪਹਿਲਾਂ ਮੈਨੂੰ ਇਜ਼ਰਾਈਲ ਦਾ ਦੌਰਾ ਕਰਨ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਮਿਲਿਆ ਸੀ। ਇੱਕ ਵਾਰ ਫਿਰ ਇਜ਼ਰਾਈਲ ਦੀ ਇਤਿਹਾਸਕ ਧਰਤੀ 'ਤੇ ਪੈਰ ਰੱਖਣਾ ਮੇਰੇ ਲਈ ਮਾਣ ਅਤੇ ਭਾਵਕ ਪਲ ਹੈ।
ਕੱਲ੍ਹ ਮੈਨੂੰ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਵੀ ਸੰਬੋਧਨ ਕਰਨ ਦਾ ਮੌਕਾ ਮਿਲਿਆ। ਉੱਥੇ ਮੈਨੂੰ ਨੇਸੈੱਟ ਦੇ ਸਪੀਕਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਮੈਂ ਇਸ ਸਨਮਾਨ ਲਈ ਨੇਸੇਟ, ਸਪੀਕਰ ਸਾਹਿਬ, ਮੇਰੇ ਦੋਸਤ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਇਜ਼ਰਾਈਲ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਇਸ ਨੂੰ 140 ਕਰੋੜ ਭਾਰਤੀਆਂ ਅਤੇ ਭਾਰਤ-ਇਜ਼ਰਾਈਲ ਦੋਸਤੀ ਨੂੰ ਮੈਂ ਸਮਰਪਿਤ ਕਰਦਾ ਹਾਂ।
ਦੋਸਤੋ,
ਸਾਡੇ ਸਬੰਧ ਡੂੰਘੇ ਵਿਸ਼ਵਾਸ, ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਸੰਵੇਦਨਾਵਾਂ ਦੀ ਮਜ਼ਬੂਤ ਨੀਂਹ 'ਤੇ ਸਥਾਪਤ ਹਨ। ਸਾਡੇ ਰਿਸ਼ਤਾ ਸਮੇਂ ਦੀ ਹਰ ਕਸੌਟੀ 'ਤੇ ਖਰੇ ਉੱਤਰੇ ਹਨ।
ਅੱਜ ਅਸੀਂ ਆਪਣੀ ਸਮੇਂ ਸਿਰ ਪਰਖੀ ਸਾਂਝੇਦਾਰੀ ਨੂੰ "ਖ਼ਾਸ ਰਣਨੀਤਕ ਸਾਂਝੇਦਾਰੀ" ਦਾ ਦਰਜਾ ਦੇਣ ਦਾ ਇਤਿਹਾਸਕ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ।
ਦੋਸਤੋ,
ਅੱਜ ਦੀ ਬੈਠਕ ਵਿੱਚ ਅਸੀਂ ਆਪਣੇ ਸਹਿਯੋਗ ਨੂੰ ਨਵੀਂ ਦਿਸ਼ਾ ਅਤੇ ਤੇਜ਼ ਗਤੀ ਦੇਣ 'ਤੇ ਚਰਚਾ ਕੀਤੀ। ਸਾਡਾ ਆਰਥਿਕ ਸਹਿਯੋਗ ਗ੍ਰੋਥ, ਇਨੋਵੇਸ਼ਨ ਅਤੇ ਸਾਂਝੀ ਖ਼ੁਸ਼ਹਾਲੀ ਦਾ ਇੰਜਣ ਬਣਿਆ ਹੋਇਆ ਹੈ।
ਆਪਸੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਅਸੀਂ ਪਿਛਲੇ ਸਾਲ ਦੁਵੱਲਾ ਨਿਵੇਸ਼ ਸਮਝੌਤਾ ਕੀਤਾ। ਅਸੀਂ ਜਲਦੀ ਹੀ ਇੱਕ ਆਪਸੀ ਲਾਭਦਾਇਕ ਮੁਕਤ ਵਪਾਰ ਸਮਝੌਤੇ ਨੂੰ ਵੀ ਅੰਤਿਮ ਰੂਪ ਦੇਵਾਂਗੇ।
ਤਕਨਾਲੋਜੀ ਸਾਡੀ ਭਵਿੱਖ ਦੀ ਸਾਂਝੇਦਾਰੀ ਦਾ ਕੇਂਦਰ ਹੈ। ਅੱਜ ਅਸੀਂ ਅਹਿਮ ਅਤੇ ਉੱਭਰਦੀ ਤਕਨਾਲੋਜੀ ਸਾਂਝੇਦਾਰੀ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨਾਲ ਏਆਈ, ਕੁਆਂਟਮ ਅਤੇ ਅਹਿਮ ਖਣਿਜਾਂ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਨਵੀਂ ਗਤੀ ਮਿਲੇਗੀ।
ਮੈਨੂੰ ਖ਼ੁਸ਼ੀ ਹੈ ਕਿ ਇਜ਼ਰਾਈਲ ਵਿੱਚ ਯੂਪੀਆਈ ਦੀ ਵਰਤੋਂ ਲਈ ਸਮਝੌਤਾ ਕੀਤਾ ਗਿਆ ਹੈ। ਡਿਜੀਟਲ ਸਿਹਤ ਦੇ ਖੇਤਰ ਵਿੱਚ ਵੀ ਅਸੀਂ ਆਪਣੇ ਤਜ਼ਰਬੇ ਸਾਂਝਾ ਕਰਦੇ ਹੋਏ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹਾਂ।
ਰੱਖਿਆ ਦੇ ਖੇਤਰ ਵਿੱਚ ਸਾਡਾ ਦਹਾਕਿਆਂ ਪੁਰਾਣਾ ਭਰੋਸੇਯੋਗ ਸਹਿਯੋਗ ਰਿਹਾ ਹੈ। ਪਿਛਲੇ ਸਾਲ ਹੋਏ ਸਮਝੌਤੇ ਨਾਲ ਇਸ ਵਿੱਚ ਨਵੇਂ ਪਹਿਲੂ ਜੁੜਨਗੇ। ਅਸੀਂ ਮਿਲ ਕੇ ਸਾਂਝੇ ਵਿਕਾਸ, ਸਾਂਝੇ ਉਤਪਾਦਨ ਅਤੇ ਤਕਨਾਲੋਜੀ ਦੇ ਤਬਾਦਲੇ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ।
ਨਾਲ ਹੀ ਅਸੀਂ ਸਿਵਲ ਪਰਮਾਣੂ ਊਰਜਾ ਅਤੇ ਪੁਲਾੜ ਜਿਹੇ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਅੱਗੇ ਵਧਾਵਾਂਗੇ।
ਦੋਸਤੋ,
ਦੋਵਾਂ ਦੇਸ਼ਾਂ ਵਿਚਕਾਰ ਖੇਤੀਬਾੜੀ ਸਹਿਯੋਗ ਦਾ ਲੰਮਾ ਅਤੇ ਸਫ਼ਲ ਇਤਿਹਾਸ ਰਿਹਾ ਹੈ। ਅੱਜ ਅਸੀਂ ਇਸ ਸਹਿਯੋਗ ਨੂੰ ਭਵਿੱਖਮੁਖੀ ਦਿਸ਼ਾ ਦੇਣ ਦਾ ਸੰਕਲਪ ਲਿਆ ਹੈ।
ਇਜ਼ਰਾਈਲ ਦੇ ਸਹਿਯੋਗ ਨਾਲ ਭਾਰਤ ਵਿੱਚ ਸਥਾਪਤ ਸੈਂਟਰ ਆਫ਼ ਐਕਸੀਲੈਂਸ ਅੱਜ ਸਾਡੀ ਦੋਸਤੀ ਦੇ ਸ਼ਾਨਦਾਰ ਉਦਾਹਰਣ ਹਨ। ਉਨ੍ਹਾਂ ਦੀ ਸਫ਼ਲਤਾ ਦੇਖਦੇ ਹੋਏ, ਅਸੀਂ ਉਨ੍ਹਾਂ ਦੀ ਗਿਣਤੀ 100 ਤੱਕ ਲਿਜਾਣ ਦਾ ਟੀਚਾ ਤੈਅ ਕੀਤਾ ਹੈ।
ਇਸ ਦਿਸ਼ਾ ਵਿੱਚ ਇੱਕ ਕਦਮ ਹੋਰ ਵਧਾਉਂਦੇ ਹੋਏ ਅਸੀਂ ਉੱਤਮਤਾ ਦੇ ਪਿੰਡ ਬਣਾਉਣ 'ਤੇ ਕੰਮ ਕਰ ਰਹੇ ਹਾਂ। ਇਸ ਨਾਲ ਇਜ਼ਰਾਈਲੀ ਤਕਨਾਲੋਜੀ, ਭਾਰਤ ਦੇ ਪਿੰਡ-ਪਿੰਡ ਤੱਕ ਪਹੁੰਚੇਗੀ, ਅਤੇ ਲੱਖਾਂ ਕਿਸਾਨਾਂ ਦੀ ਆਮਦਨ ਅਤੇ ਉਤਪਾਦਕਤਾ ਵਿੱਚ ਬਹੁਤ ਵਾਧਾ ਹੋਵੇਗਾ।
ਅਸੀਂ ਮਿਲ ਕੇ ਭਵਿੱਖ ਲਈ ਤਿਆਰ ਖੇਤੀ ਹੱਲ ਵੀ ਵਿਕਸਿਤ ਕਰਾਂਗੇ। ਭਾਰਤ ਵਿੱਚ "ਭਾਰਤ-ਇਜ਼ਰਾਈਲ ਇਨੋਵੇਸ਼ਨ ਸੈਂਟਰ ਫ਼ਾਰ ਐਗਰੀਕਲਚਰ" ਦੀ ਸਥਾਪਨਾ ਇਸ ਸਹਿਯੋਗ ਲਈ ਮਜ਼ਬੂਤ ਨੀਂਹ ਪ੍ਰਦਾਨ ਕਰੇਗੀ।
ਦੋਸਤੋ,
ਸਾਡੇ ਲੋਕਾਂ ਦੇ ਆਪਸੀ ਸਬੰਧ ਸਾਡੇ ਸਬੰਧਾਂ ਦਾ ਇੱਕ ਅਹਿਮ ਥੰਮ੍ਹ ਹਨ। 2023 ਵਿੱਚ ਹੋਏ ਮੈਨਪਾਵਰ ਮੋਬਿਲਿਟੀ ਐਗਰੀਮੈਂਟ ਜ਼ਰੀਏ ਭਾਰਤ ਨੇ ਇਜ਼ਰਾਈਲ ਦੇ ਉਸਾਰੀ ਅਤੇ ਕੇਅਰ-ਗਿਵਰ ਸੈਕਟਰਾਂ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਭਾਰਤੀ ਕਾਮਿਆਂ ਨੇ ਆਪਣੀ ਮਿਹਨਤ, ਵਚਨਬੱਧਤਾ ਅਤੇ ਹੁਨਰ ਨਾਲ ਭਰੋਸਾ ਪ੍ਰਾਪਤ ਕੀਤਾ ਹੈ।
ਮੈਨੂੰ ਖ਼ੁਸ਼ੀ ਹੈ ਕਿ ਇਸ ਸਹਿਯੋਗ ਦਾ ਵਿਸਤਾਰ ਵਣਜ ਅਤੇ ਸੇਵਾਵਾਂ ਜਿਹੇ ਖੇਤਰਾਂ ਵਿੱਚ ਵੀ ਕੀਤਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਨੌਜਵਾਨਾਂ, ਖੋਜਾਰਥੀ ਅਤੇ ਇਨੋਵੇਟਰਾਂ ਨੂੰ ਜੋੜਨਾ ਸਾਡੀ ਮੁੱਖ ਤਰਜੀਹ ਰਿਹਾ ਹੈ। ਇਸ ਦਿਸ਼ਾ ਵਿੱਚ ਅੱਜ ਅਸੀਂ ਭਾਰਤ-ਇਜ਼ਰਾਈਲ ਅਕਾਦਮਿਕ ਫੋਰਮ ਦੀ ਸਥਾਪਨਾ ਕਰ ਰਹੇ ਹਾਂ।
ਦੋਸਤੋ,
ਅੱਜ ਅਸੀਂ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ। ਖੇਤਰੀ ਸੰਪਰਕ ਨੂੰ ਹੁਲਾਰਾ ਦਿੰਦੇ ਹੋਏ, ਅਸੀਂ ਭਾਰਤ-ਮੱਧ ਪੂਰਬੀ ਯੂਰਪ ਆਰਥਿਕ ਗਲਿਆਰੇ (ਆਈ-ਮੇਕ) ਅਤੇ ਭਾਰਤ-ਇਜ਼ਰਾਈਲ-ਯੂਏਈ-ਯੂਐੱਸਏ ਯਾਨੀ “ਆਈ-ਟੂ-ਯੂ-ਟੂ” 'ਤੇ ਨਵੀਂ ਗਤੀ ਨਾਲ ਅੱਗੇ ਵਧਾਂਗੇ।
ਦੋਸਤੋ,
ਭਾਰਤ ਅਤੇ ਇਜ਼ਰਾਈਲ ਪੂਰੀ ਤਰ੍ਹਾਂ ਨਾਲ ਸਪਸ਼ਟ ਹਨ ਕਿ:
ਅੱਤਵਾਦ ਦੀ ਦੁਨੀਆ ਵਿੱਚ ਕੋਈ ਜਗ੍ਹਾ ਨਹੀਂ ਹੈ।
ਕਿਸੇ ਵੀ ਰੂਪ ਵਿੱਚ, ਕਿਸੇ ਵੀ ਪ੍ਰਗਟਾਵੇ ਵਿੱਚ,
ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਸੀਂ ਮੋਢੇ ਨਾਲ ਮੋਢਾ ਜੋੜ ਕੇ ਅੱਤਵਾਦ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਵਿਰੋਧ ਕਰਦੇ ਰਹੇ ਹਾਂ, ਅਤੇ ਅੱਗੇ ਵੀ ਕਰਦੇ ਰਹਾਂਗੇ।
ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਨਾਲ ਭਾਰਤ ਦੇ ਸਿੱਧੇ ਸੁਰੱਖਿਆ ਹਿਤ ਜੁੜੇ ਹਨ। ਇਸ ਲਈ, ਅਸੀਂ ਸ਼ੁਰੂਆਤ ਤੋਂ ਹੀ ਸੰਵਾਦ ਅਤੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕੀਤਾ ਹੈ। ਇਹੀ ਗਲੋਬਲ ਸਾਊਥ ਅਤੇ ਪੂਰੀ ਮਨੁੱਖਤਾ ਦੀ ਪੁਕਾਰ ਹੈ।
ਭਾਰਤ ਦੀ ਸੋਚ ਸਪਸ਼ਟ ਹੈ:
ਮਨੁੱਖਤਾ ਨੂੰ ਕਦੇ ਵੀ ਟਕਰਾਅ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ। ਗਾਜ਼ਾ ਸ਼ਾਂਤੀ ਯੋਜਨਾ ਨਾਲ ਸ਼ਾਂਤੀ ਦਾ ਇੱਕ ਰਸਤਾ ਬਣਿਆ ਹੈ। ਭਾਰਤ ਨੇ ਇਨ੍ਹਾਂ ਯਤਨਾਂ ਦਾ ਪੂਰਾ ਸਮਰਥਨ ਕੀਤਾ ਹੈ। ਭਵਿੱਖ ਵਿੱਚ ਵੀ ਅਸੀਂ ਸਾਰੇ ਦੇਸ਼ਾਂ ਨਾਲ ਸੰਵਾਦ ਅਤੇ ਸਹਿਯੋਗ ਜਾਰੀ ਰੱਖਾਂਗੇ।
ਮਹਾਮਹਿਮ, ਮੇਰੇ ਪਿਆਰੇ ਦੋਸਤ,
ਤੁਹਾਡੀ ਆਤਮਤਾ ਅਤੇ ਨਿੱਘ ਨੇ ਮੇਰੇ ਦੌਰੇ ਨੂੰ ਯਾਦਗਾਰ ਬਣਾ ਦਿੱਤਾ ਹੈ। ਮੈਂ ਇੱਕ ਵਾਰ ਫਿਰ ਤੁਹਾਡੇ ਅਤੇ ਇਜ਼ਰਾਈਲ ਦੇ ਲੋਕਾਂ ਤੋਂ ਜੋ ਪਿਆਰ ਮਿਲਿਆ ਹੈ, ਜੋ ਸਨੇਹ ਮਿਲਿਆ ਹੈ, ਜੋ ਸਨਮਾਨ ਮਿਲਿਆ ਹੈ, ਉਸਦੇ ਲਈ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।
"ਤੋਦਾ ਰੱਬਾ"
****
ਐੱਮਜੇਪੀਐੱਸ/ ਪੀਕੇਕੇ
(Release ID: 2233511)
ਵਿਜ਼ੀਟਰ ਕਾਊਂਟਰ : 3
Read this release in:
English
,
Urdu
,
हिन्दी
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam