ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਪੀਐੱਮ ਗਤੀਸ਼ਕਤੀ ਯੋਜਨਾ ਦੇ ਅਧੀਨ ਮਲਟੀਮਾਡਲ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟ ਨੈੱਟਵਰਕ ਯੋਜਨਾ ਸਮੂਹ ਦੀ 108ਵੀਂ ਮੀਟਿੰਗ ਸੰਪੰਨ ਹੋਈ


ਐੱਨਪੀਜੀ ਨੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੇ ਸੱਤ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

Posted On: 04 FEB 2026 12:20PM by PIB Chandigarh

ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (ਡੀਪੀਆਈਆਈਟੀ) ਵਿੱਚ ਨੈੱਟਵਰਕ ਪਲਾਨਿੰਗ ਗਰੁੱਪ (ਐੱਨਪੀਜੀ) ਦੀ 108ਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦਾ ਉਦੇਸ਼ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦਾ ਮੁਲਾਂਕਣ ਕਰਨਾ ਸੀ। ਮੀਟਿੰਗ ਵਿੱਚ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਪੀਐੱਮਜੀਐੱਸ ਐੱਨਐੱਮਪੀ) ਦੇ ਅਨੁਸਾਰ, ਮਲਟੀਮਾਡਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਅਤੇ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਲਿਆਉਣ ‘ਤੇ ਜ਼ੋਰ ਦਿੱਤਾ ਗਿਆ। ਐੱਨਪੀਜੀ ਨੇ ਏਕੀਕ੍ਰਿਤ ਮਲਟੀਮਾਡਲ ਬੁਨਿਆਦੀ ਢਾਂਚਾ, ਆਰਥਿਕ ਅਤੇ ਸਮਾਜਿਕ ਕੇਂਦਰਾਂ ਤੱਕ ਆਖਰੀ-ਮੀਲ ਕਨੈਕਟੀਵਿਟੀ ਅਤੇ ‘ਸੰਪੂਰਨ ਸਰਕਾਰੀ’ ਦ੍ਰਿਸ਼ਟੀਕੋਣ ਦੇ ਪ੍ਰਧਾਨ ਮੰਤਰੀ ਗਤੀਸ਼ਕਤੀ ਸਿਧਾਂਤਾਂ ਦੇ ਅਨੁਸਾਰ 7 ਸੜਕੀ ਪ੍ਰੋਜੈਕਟਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ।

ਇਨ੍ਹਾਂ ਪਹਿਲਕਦਮੀਆਂ ਨਾਲ ਲੌਜਿਸਟਿਕਸ ਕੁਸ਼ਲਤਾ ਵਿੱਚ ਵਾਧਾ, ਯਾਤਰਾ ਸਮੇਂ ਵਿੱਚ ਕਮੀ ਅਤੇ ਪ੍ਰੋਜੈਕਟ ਦੇ ਪ੍ਰਭਾਵ ਖੇਤਰ ਵਿੱਚ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਮਿਲਣ ਦੀ ਉਮੀਦ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਮੁਲਾਂਕਣ ਅਤੇ ਉਨ੍ਹਾਂ ਦੇ ਸੰਭਾਵੀ ਪ੍ਰਭਾਵ ਹੇਠਾਂ ਵਿਸਥਾਰ ਨਾਲ ਦਿੱਤੇ ਗਏ ਹਨ:

ਰੋਡ, ਟ੍ਰਾਂਸਪੋਰਟ ਅਤੇ ਹਾਈਵੇਅਜ਼  ਮੰਤਰਾਲੇ (ਐੱਮਓਆਰਟੀਐੱਚ)

ਤਮਿਲ ਨਾਡੂ ਵਿੱਚ ਸਲੇਮ-ਕੁਮਾਰਪਾਲਯਮ ਸੈਕਸ਼ਨ 'ਤੇ NH-544 ਦੇ 6-ਲੇਨ ਦਾ ਨਿਰਮਾਣ - ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼  ਮੰਤਰਾਲੇ ਨੇ ਤਮਿਲ ਨਾਡੂ ਦੇ ਸਲੇਮ-ਕੁਮਾਰਪਾਲਯਮ ਸੈਕਸ਼ਨ 'ਤੇ NH-544 ਦੇ 6-ਲੇਨ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਪ੍ਰਸਤਾਵ ਰੱਖਿਆ ਹੈ। ਇਸ ਪ੍ਰੋਜੈਕਟ ਅਧੀਨ ਸਲੇਮ ਤੋਂ ਕੁਮਾਰਪਾਲਯਮ ਤੱਕ 102.035 ਕਿਲੋਮੀਟਰ ਲੰਬਾ 6 ਲੇਨ ਵਾਲਾ ਕੌਰੀਡੋਰ ਵਿਕਸਿਤ ਕੀਤਾ ਜਾਵੇਗਾ, ਜੋ ਕੋਚੀ-ਕੋਇੰਬਟੂਰ-ਬੰਗਲੁਰੂ ਦੇ ਵਧੇਰੇ ਵਿਅਸਤ ਰੂਟ ‘ਤੇ ਸਥਿਤ ਹੈ। ਪ੍ਰੋਜੈਕਟ ਦੇ ਅਧੀਨ, ਸ਼ਹਿਰੀ ਅਤੇ ਉਦਯੋਗਿਕ ਖੇਤਰਾਂ ਵਿੱਚ ਆਵਾਜਾਈ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰੰਤਰ ਸੇਵਾ ਸੜਕਾਂ ਦੀ ਵਿਵਸਥਾ ਕੀਤੀ ਜਾਵੇਗੀ। ਨਾਲ ਹੀ, ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਟ੍ਰੈਫਿਕ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਜੰਕਸ਼ਨ, ਇੰਟਰਚੇਂਜ ਅਤੇ ਗ੍ਰੇਡ ਸੈਪਰੇਟਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਭਵਿੱਖ ਦੀਆਂ ਟ੍ਰੈਫਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਕੌਰੀਡੋਰ ਵਿੱਚ ਪ੍ਰਮੁੱਖ ਅਤੇ ਛੋਟੇ ਪੁਲਾਂ, ਫਲਾਈਓਵਰਾਂ, ਰੋਡ-ਓਵਰ-ਬ੍ਰਿਜਾਂ (ROBs) ਅਤੇ ਕਲਵਰਟਾਂ ਦਾ ਨਿਰਮਾਣ ਅਤੇ ਚੌੜਾ ਕਰਨਾ ਸ਼ਾਮਲ ਹੈ।

ਇਸ ਪ੍ਰਸਤਾਵਿਤ ਕੌਰੀਡੋਰ ਰਾਹੀਂ ਉਦਯੋਗਿਕ ਕਲਸਟਰਾਂ, ਲੌਜਿਸਟਿਕਸ ਹੱਬਾਂ, ਵਿਸ਼ੇਸ਼ ਆਰਥਿਕ ਜ਼ੋਨਾਂ (SEZs) ਅਤੇ ਪ੍ਰਮੁੱਖ ਮਾਲ ਢੋਆ-ਢੁਆਈ ਬੁਨਿਆਦੀ ਢਾਂਚਿਆਂ ਜਿਵੇਂ ਕਿ ਰੇਲਵੇ ਟਰਮੀਨਲਾਂ, ਅੰਦਰੂਨੀ ਕੰਟੇਨਰ ਡਿਪੂਆਂ (ICDs) ਅਤੇ ਲੌਜਿਸਟਿਕ ਪਾਰਕਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਖੇਤਰੀ ਸੰਪਰਕ ਵਿੱਚ ਮਹੱਤਵਪੂਰਨ ਸੁਧਾਰ ਦੀ ਉਮੀਦ ਹੈ। ਕੋਚੀ-ਕੋਇੰਬਟੂਰ-ਬੰਗਲੁਰੂ ਆਰਥਿਕ ਕੌਰੀਡੋਰ ਨਾਲ ਇਸ ਪ੍ਰੋਜੈਕਟ ਦੇ ਏਕੀਕਰਣ ਮਜ਼ਬੂਤ ​​ਕਰਦੇ ਹੋਏ, ਇਹ ਬਿਹਤਰ ਸੜਕ, ਰੇਲ, ਹਵਾਈ ਅੱਡੇ ਅਤੇ ਬੰਦਰਗਾਹ ਸੰਪਰਕ ਰਾਹੀਂ ਕੁਸ਼ਲ ਮਾਲ ਢੋਆ-ਢੁਆਈ, ਲੰਬੀ ਦੂਰੀ ਦੀ ਯਾਤਰਾ ਅਤੇ ਮਲਟੀਮਾਡਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰੇਗਾ। ਨਾਲ ਹੀ, ਇਹ ਸਲੇਮ, ਇਰੋਡ, ਤਿਰੂਪੁਰ, ਕੋਇੰਬਟੂਰ ਅਤੇ ਹੋਸੂਰ ਨੂੰ ਜੋੜਨ ਵਾਲੇ ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਪਹਿਲੇ ਅਤੇ ਆਖਰੀ-ਮੀਲ ਕਨੈਕਟੀਵਿਟੀ, ਹਵਾਈ ਅੱਡਾ ਕਨੈਕਟੀਵਿਟੀ ਅਤੇ ਸੰਚਾਲਨ ਵਿੱਚ ਸੁਧਾਰ ਕਰੇਗਾ। ਇਸ ਪ੍ਰੋਜੈਕਟ ਵਿੱਚ ਟੈਕਸਟਾਈਲ, ਐਗਰੋ-ਪ੍ਰੋਸੈੱਸਿੰਗ, ਮੈਨੂਫੈਕਚਰਿੰਗ ਅਤੇ ਕੰਟੇਨਰਾਈਜ਼ਡ ਮਾਲ ਢੋਆ-ਢੁਆਈ ਵਰਗੇ ਖੇਤਰਾਂ ਨੂੰ ਪ੍ਰੋਜੈਕਟ ਤੋਂ ਕਾਫ਼ੀ ਲਾਭ ਹੋਵੇਗਾ।

ਅਮਰਾਵਤੀ ਆਊਟਰ ਰਿੰਗ ਰੋਡ ਦਾ ਨਿਰਮਾਣ (ਆਂਧਰ ਪ੍ਰਦੇਸ਼)- ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼  ਮੰਤਰਾਲੇ ਨੇ ਆਂਧਰ ਪ੍ਰਦੇਸ਼ ਵਿੱਚ 189.93 ਕਿਲੋਮੀਟਰ ਲੰਬੀ ਅਮਰਾਵਤੀ ਆਊਟਰ ਰਿੰਗ ਰੋਡ (ORR) ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ਇਹ ਇੱਕ ਗ੍ਰੀਨਫੀਲਡ ਪ੍ਰੋਜੈਕਟ ਹੈ, ਜਿਸ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਟ੍ਰੈਫਿਕ ਦਾ ਪ੍ਰਵਾਹ ਘਟਾਉਣਾ ਅਤੇ ਵਿਜੈਵਾੜਾ, ਗੁੰਟੂਰ, ਤੇਨਾਲੀ ਸਮੇਤ ਅਮਰਾਵਤੀ ਰਾਜਧਾਨੀ ਖੇਤਰ ਵਿੱਚ ਖੇਤਰੀ ਸੰਪਰਕ ਨੂੰ ਸਸ਼ਕਤ ​​ਬਣਾਉਣਾ ਹੈ। ਇਸ ORR ਰਾਹੀ ਟ੍ਰੈਫਿਕ ਨੂੰ ਸ਼ਹਿਰੀ ਕੇਂਦਰਾਂ ਤੋਂ ਹਟਾ ਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਵੱਲ ਮੋੜਿਆ ਜਾਵੇਗਾ। ਇਸ ਦੇ ਨਾਲ ਹੀ, ਵਿਜੈਵਾੜਾ ਹਵਾਈ ਅੱਡੇ ਤੱਕ ਆਸਾਨ ਪਹੁੰਚ ਲਈ ਵਿਸ਼ੇਸ਼ ਇੰਟਰਚੇਂਜ ਉਪਲਬਧ ਹੋਣਗੇ, ਅਤੇ ਭਵਿੱਖ ਵਿੱਚ ਰੈਪਿਡ ਟ੍ਰਾਂਜ਼ਿਟ ਕੌਰੀਡੋਰ ਨੂੰ ਏਕੀਕ੍ਰਿਤ ਕਰਨ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਵੇਗੀ।

ਇੱਕ ਪ੍ਰਮੁੱਖ ਮਲਟੀਮਾਡਲ ਲੌਜਿਸਟਿਕ ਕੌਰੀਡੋਰ ਵਜੋਂ ਪ੍ਰਸਤਾਵਿਤ, ਓਆਰਆਰ ਨੂੰ ਰਾਸ਼ਟਰੀ ਜਲ ਮਾਰਗ-4 ਨਾਲ ਜੋੜਿਆ ਜਾਵੇਗਾ, ਜੋ ਮਛਲੀਪਟਨਮ ਅਤੇ ਕ੍ਰਿਸ਼ਣਾਪਟਨਮ ਜਿਹੀਆਂ ਮੁੱਖ ਬੰਦਰਗਾਹਾਂ ਨੂੰ ਦੇਸ਼ ਦੇ ਅੰਦਰੂਨੀ ਸ਼ਹਿਰੀ ਅਤੇ ਉਦਯੋਗਿਕ ਕੇਂਦਰਾਂ ਨਾਲ ਜੋੜਨ ਦਾ ਕੰਮ ਕਰੇਗਾ। ਇਸ ਪ੍ਰੋਜੈਕਟ ਰਾਹੀਂ ਯਾਤਰਾ ਸਮੇਂ ਵਿੱਚ 30-40 ਪ੍ਰਤੀਸ਼ਤ ਦੀ ਕਮੀ, ਈਂਧਣ ਦੀ ਖਪਤ ਵਿੱਚ ਵੀ ਕਮੀ ਅਤੇ ਵਾਹਨਾਂ ਤੋਂ  ਹੋਣ ਵਾਲੀ ਨਿਕਾਸੀ ਵਿੱਚ ਜ਼ਿਕਰਯੋਗ ਕਟੌਤੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਨਾ ਸਿਰਫ ਕੁਸ਼ਲ ਮਾਲ ਢੋਆ-ਢੁਆਈ ਨੂੰ ਹੁਲਾਰਾ ਮਿਲੇਗਾ, ਸਗੋਂ ਵਾਤਾਵਰਣ ਸਥਿਰਤਾ ਯਕੀਨੀ ਬਣਾਉਣ ਵਿੱਚ ਵੀ ਮਦਦ ਮਿਲੇਗੀ। 

ਜੰਮੂ-ਕਸ਼ਮੀਰ ਵਿੱਚ ਰਫੀਬਾਦ-ਕੁਪਵਾੜਾ-ਚੌਕੀਬਲ-ਤੰਗਧਾਰ ਤੱਕ ਪੱਕੀ ਸ਼ੋਲਡਰ ਵਾਲੀ 2 ਲੇਨ ਸੜਕ ਦਾ ਨਿਰਮਾਣ (ਚੌੜਾ ਕਰਨਾ/ਮਜ਼ਬੂਤ ਕਰਨਾ)-ਸੜਕ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਰਫੀਬਾਦ ਤੋਂ ਕੁਪਵਾੜਾ ਅਤੇ ਚੌਕੀਬਲ ਹੁੰਦੇ ਹੋਏ ਤੰਗਧਾਰ ਤੱਕ ਪੱਕੀ ਸ਼ੋਲਡਰ ਨਾਲ 62.10 ਕਿਲੋਮੀਟਰ ਲੰਬੀ ਦੋ ਲੇਨ ਸੜਕ ਦੇ ਨਿਰਮਾਣ (ਚੌੜਾ ਕਰਨਾ/ਮਜ਼ਬੂਤ ਕਰਨਾ)  ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਰਹੱਦੀ ਖੇਤਰਾਂ ਵਿੱਚ ਰਣਨੀਤਕ ਅਤੇ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨਾ ਹੈ। ਇਹ ਸੜਕ ਕੁਪਵਾੜਾ, ਚੌਕੀਬਲ, ਤੰਗਧਾਰ ਅਤੇ ਟੀਟਵਾਲ ਜਿਹੇ ਮਹੱਤਵਪੂਰਨ ਸਥਾਨਾਂ ਨੂੰ ਜੋੜਦੇ ਹੋਏ ਕੰਟਰੋਲ ਰੇਖਾ (ਐੱਲਓਸੀ) ਦੇ ਕੋਲ ਸਥਿਤ ਪਿੰਡਾਂ ਤੱਕ ਪਹੁੰਚ ਨੂੰ ਆਸਾਨ ਬਣਾਏਗਾ। ਇਸ ਦੇ ਨਾਲ ਹੀ, ਇਹ ਸੁਰੱਖਿਆ ਬਲਾਂ ਅਤੇ ਜ਼ਰੂਰੀ ਸਪਲਾਈ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾ ਕੇ ਡਿਫੈਂਸ ਲੌਜਿਸਟਿਕਸ ਨੂੰ ਹੋਰ ਵੀ ਸਸ਼ਕਤ ਬਣਾਏਗਾ। 

ਇਸ ਪ੍ਰੋਜੈਕਟ ਦੇ ਰਣਨੀਤਕ ਮਹੱਤਵ ਤੋਂ ਇਲਾਵਾ, ਇਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਸੇਵਾ, ਸਿੱਖਿਆ ਅਤੇ ਹੋਰ ਜ਼ਰੂਰੀ ਸਹੂਲਤਾਂ ਤੱਕ ਪਹੁੰਚ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਟੂਰਿਜ਼ਮ, ਬਾਗਵਾਨੀ ਅਤੇ ਸਥਾਨਕ ਆਜੀਵਿਕਾ ਨੂੰ ਉਤਸ਼ਾਹਿਤ ਕਰੇਗਾ, ਸਗੋਂ ਐੱਨਐੱਚ-01 ਸ੍ਰੀਨਗਰ ਏਅਰਪੋਰਟ ਅਤੇ ਸੋਪੋਰ ਤੇ ਬਾਰਾਮੂਲਾ ਦੇ ਰੇਲ ਨੈੱਟਵਰਕ ਨਾਲ ਸੰਪਰਕ ਵਧਾ ਕੇ ਸਮੁੱਚੇ ਖੇਤਰ ਦੇ ਵਿਕਾਸ ਵਿੱਚ ਵੀ ਯੋਗਦਾਨ ਦੇਵੇਗਾ।

ਲੇਹ ਬਾਈਪਾਸ ਦੇ ਨਿਰਮਾਣ ਲਈ ਮਸ਼ਵਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਵਿੱਚ ਪੱਕੇ ਸ਼ੋਲਡਰ ਸਮੇਤ 2 ਲੇਨ ਦੀਆਂ ਸੜਕਾਂ ਦਾ ਨਿਰਮਾਣ, ਲੋਕਲ ਅਥਾਰਿਟੀ ਸਹਿਯੋਗ ਅਤੇ ਉਪਯੋਗਤਾ ਸ਼ਿਫਟਿੰਗ ਵਰਗੇ ਪਹਿਲੂ ਸ਼ਾਮਲ ਹਨ। ਇਹ ਪ੍ਰੋਜੈਕਟ ਫਯਾਂਗ ਪਿੰਡ ਦੇ ਕੋਲ ਐੱਚਪੀਸੀਐੱਲ ਪਲਾਂਟ ਤੋਂ ਸ਼ੁਰੂ ਹੋ ਕੇ ਲੇਹ-ਮਨਾਲੀ ਹਾਈਵੇਅ ਨਾਲ ਜੁੜਦੇ ਹੋਏ ਪ੍ਰਸਤਾਵਿਤ ਹੈ। ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਲੱਦਾਖ ਵਿੱਚ ਫਲਾਂਗ ਤੋਂ ਲੈ ਕੇ 48.108 ਕਿਲੋਮੀਟਰ ਲੰਬੇ ਲੇਹ ਬਾਈਪਾਸ-1 ਦਾ ਨਿਰਮਾਣ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜੋ ਕਿ ਐੱਨਐੱਚ-01 (ਸ੍ਰੀਨਗਰ-ਲੇਹ) ਨੂੰ ਐੱਨਐੱਚ-03 (ਲੇਹ-ਮਨਾਲੀ) ਨਾਲ ਜੋੜਨ ਵਾਲਾ ਇੱਕ ਸਟੈਟੇਜਿਕ (ਖਾਹਿਸ਼ੀ) ਗ੍ਰੀਨਫੀਲਡ ਕੌਰੀਡੋਰ ਹੈ। ਇਸ ਪ੍ਰੋਜੈਕਟ ਦਾ ਮੁੱਢਲਾ ਉਦੇਸ਼ ਲੇਹ ਸ਼ਹਿਰ ਦੇ ਰੁਝੇਵੇਂ ਭਰੇ ਹਿੱਸਿਆਂ ਤੋਂ ਆਵਾਜਾਈ ਨੂੰ ਮੋੜ ਕੇ ਆਵਾਜਾਈ ਸਮਰੱਥਾ ਵਿੱਚ ਸੁਧਾਰ ਕਰਨਾ, ਸਮਾਨ ਅਤੇ ਯਾਤਰੀਆਂ ਦੀ ਸਹਿਜ ਆਵਾਜਾਈ ਦੇ ਨਾਲ ਦੂਰ-ਦੁਰਾਡੇ ਖੇਤਰਾਂ ਦਾ ਸੰਪਰਕ ਵਧਾਉਣਾ ਹੈ। ਇਸ ਨਾਲ ਸਥਾਨਕ ਵਪਾਰ ਅਤੇ ਟੂਰਿਜ਼ਮ ਵਿੱਚ ਵੀ ਜ਼ਿਕਰਯੋਗ ਵਧਾ ਹੋਣ ਦੀ ਉਮੀਦ ਹੈ।

ਇਹ ਪ੍ਰੋਜੈਕਟ ਐੱਨਐੱਚ-01, ਐੱਨਐੱਚ-03 ਅਤੇ ਲੇਹ ਏਅਰਪੋਰਟ ਨੂੰ ਸਿੱਧਾ ਜੋੜਨ ਦਾ ਕੰਮ ਕਰੇਗਾ, ਜਿਸ ਨਾਲ ਲੌਜਿਸਟਿਕਸ ਸਮਰੱਥਾ ਵਧੇਗੀ ਅਤੇ ਖੇਤਰੀ ਬਜ਼ਾਰਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ। ਫਲਾਂਗ ਅਤੇ ਲੇਹ ਦੇ ਉਦਯੋਗਿਕ ਖੇਤਰਾਂ ਦੇ ਨਾਲ ਬਿਹਤਰ ਕਨੈਕਟੀਵਿਟੀ ਨਾਲ ਯਾਤਰਾ ਦਾ ਸਮਾਂ ਅਤੇ ਆਵਾਜਾਈ ਲਾਗਤ ਘੱਟ ਹੋਵੇਗੀ। ਇਸ ਦੇ ਸਿੱਟੇ ਵਜੋਂ ਉਦਯੋਗਿਕ ਅਤੇ ਵਣਜ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ, ਨਵੇਂ ਨਿਵੇਸ਼ ਨੂੰ ਉਤਸ਼ਾਹ ਮਿਲੇਗਾ ਅਤੇ ਆਲੇ-ਦੁਆਲੇ ਦੇ ਪਿੰਡਾਂ ਲਈ ਆਰਥਿਕ ਮੌਕੇ ਪੈਦਾ ਹੋਣਗੇ, ਜੋ ਸਮੁੱਚੇ ਖੇਤਰੀ ਵਿਕਾਸ ਵਿੱਚ ਸਹਾਇਕ ਬਣਨਗੇ। 

ਚਿੱਤਰਕੂਟ-ਮਝਗਾਓਂ (Majhgawan)-ਸਤਨਾ ਸੈਕਸ਼ਨ (ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼) ਲਈ ਮੌਜੂਦਾ 2 ਲੇਨ ਵਾਲੀ ਵੰਡੀ ਹੋਈ ਸੜਕ ਨੂੰ ਚਾਰ ਲੇਨ ਵਾਲੀ ਵੰਡੀ ਹੋਈ ਸੜਕ ਵਿੱਚ ਬਦਲਣ ਦਾ ਪ੍ਰਸਤਾਵ (ਪੱਕੀ ਸ਼ੋਲਡਰ ਸਮੇਤ) –ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ 77.102 ਕਿਲੋਮੀਟਰ ਲੰਬੇ ਚਿੱਤਰਕੂਟ-ਸਤਨਾ ਕੌਰੀਡੋਰ ਨੂੰ 2 ਲੇਨ ਦੀ ਸੜਕ ਤੋਂ ਚਾਰ ਲੇਨ ਵਾਲੀ ਵੰਡੀ ਹੋਈ ਸੜਕ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰੋਜੈਕਟ ਖੇਤਰੀ ਅਤੇ ਅੰਤਰਰਾਜੀ ਸੰਪਰਕ ਨੂੰ ਮਜ਼ਬੂਤ ਕਰੇਗਾ, ਮਾਲ ਢੋਆ-ਢੁਆਈ ਨੂੰ ਵਧਾਏਗਾ, ਯਾਤਰਾ ਦੇ ਸਮੇਂ ਅਤੇ ਵਾਹਨ ਪਰਿਚਾਲਨ ਲਾਗਤ ਨੂੰ ਘੱਟ ਕਰੇਗਾ ਅਤੇ ਮੁੱਖ ਆਰਥਿਕ ਅਤੇ ਸ਼ਹਿਰੀ ਕੇਦਰਾਂ ਨੂੰ ਜੋੜਨ ਵਾਲੇ ਇਸ ਕੌਰੀਡੋਰ ‘ਤੇ ਸੰਪੂਰਨ ਆਵਾਜਾਈ ਕੁਸ਼ਲਤਾ ਵਿੱਚ ਸੁਧਾਰ ਕਰੇਗਾ।

ਇਸ ਅੱਪਗ੍ਰੇਡੇਸ਼ਨ ਰਾਹੀਂ ਆਲੇ-ਦੁਆਲੇ ਦੇ ਹਵਾਈ ਅੱਡਿਆਂ, ਰੇਲ ਨੈੱਟਵਰਕ ਅਤੇ ਲੌਜਿਸਟਿਕਸ ਸਹੂਲਤਾਂ ਤੱਕ ਬਿਹਤਰ ਪਹੁੰਚ ਦੇ ਕਾਰਨ ਮਲਟੀ-ਮਾਡਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਇਹ ਸਤਨਾ ਖੇਤਰ ਦੇ ਪ੍ਰਮੁੱਖ ਸੀਮੇਂਟ ਪਲਾਂਟਾਂ ਨਾਲ ਜੁੜੀ ਭਾਰੀ ਉਦਯੋਗਿਕ ਆਵਾਜਾਈ ਨੂੰ ਵੀ ਸਰਲ ਬਣਾਏਗਾ। ਮੌਜੂਦਾ ਚੁਣੌਤੀਆਂ ਨੂੰ ਦੂਰ ਕਰਦੇ ਹੋਏ, ਇਹ ਪ੍ਰੋਜੈਕਟ ਉਦਯੋਗਿਕ ਮਾਲ ਢੋਆ-ਢੁਆਈ ਨੂੰ ਸੁਚਾਰੂ ਬਣਾਏਗਾ, ਚਿੱਤਰਕੂਟ ਦੇ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਤੱਕ ਪਹੁੰਚ ਨੂੰ ਹੁਲਾਰਾ ਦੇਵੇਗਾ ਅਤੇ ਦੋਨੋਂ ਰਾਜਾਂ ਵਿੱਚ ਆਰਥਿਕ ਵਿਕਾਸ ਦੇ ਸੰਤੁਲਨ ਨੂੰ ਪ੍ਰੋਤਸਾਹਿਤ ਕਰੇਗਾ।

ਰਾਉਰਕੇਲਾ ਤੋਂ ਸਿਥਿਓ (ਓਡੀਸ਼ਾ ਅਤੇ ਝਾਰਖੰਡ) ਤੱਕ ਚਾਰ ਲੇਨ ਵਾਲੇ ਐਕਸੈੱਸ-ਕੰਟਰੋਲਡ ਗ੍ਰੀਨਫੀਲਡ ਹਾਈਵੇਅਜ਼ ਦਾ ਨਿਰਮਾਣ- ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਓਡੀਸ਼ਾ ਅਤੇ ਝਾਰਖੰਡ ਦੇ ਦਰਮਿਆਨ ਰਾਉਰਕੇਲਾ ਤੋਂ ਸਿਥਿਓ ਤੱਕ 156.10 ਕਿਲੋਮੀਟਰ ਲੰਬੇ ਚਾਰ-ਲੇਨ ਗ੍ਰੀਨਫੀਲਡ ਹਾਈਵੇਅ ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਹੈ। ਇਹ ਮਾਰਗ ਪੰਜ ਜ਼ਿਲ੍ਹਿਆਂ ਤੋਂ ਹੋ ਕੇ ਗੁਜ਼ਰੇਗਾ ਅਤੇ ਇਸ ਨੂੰ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਦੇ ਤਹਿਤ ਆਰਥਿਕ ਕੇਂਦਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਕੌਰੀਡੋਰ ਵਿੱਚ ਸੀਫੂਡ ਕਲਸਟਰ ਅਤੇ ਇੱਕ ਵਿਸ਼ੇਸ਼ ਆਰਥਿਕ ਖੇਤਰ (ਐੱਸਈਜ਼ੈੱਡ) ਵੀ ਸ਼ਾਮਲ ਹਨ, ਜਿਸ ਨਾਲ ਖੇਤਰੀ ਅਤੇ ਅੰਤਰਰਾਜੀ ਸੰਪਰਕ ਨੂੰ ਬਿਹਤਰ ਬਣਾਇਆ ਜਾਵੇਗਾ।

ਪ੍ਰਸਤਾਵਿਤ ਰਾਜਮਾਰਗ ਪ੍ਰਮੁੱਖ ਸਮਾਜਿਕ ਅਤੇ ਲੌਜਿਸਟਿਕ ਕੇਂਦਰਾਂ ਨਾਲ ਜੁੜਦੇ ਹੋਏ ਏਸ਼ੀਅਨ ਹਾਈਵੇਅ ਨੈੱਟਵਰਕ ਅਤੇ ਐੱਨਐੱਚ-53, ਐੱਨਐੱਚ-19, ਰਾਏਪੁਰ-ਧਨਬਾਦ ਕੌਰੀਡੋਰ ਅਤੇ ਗੋਲਡਨ ਕਵਾਡ੍ਰਿਲੈਟਰਲ ਜਿਹੇ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਰਗਾਂ ਨਾਲ ਕਨੈਕਟ ਹੋਵੇਗਾ। ਇਸ ਪ੍ਰੋਜੈਕਟ ਨਾਲ ਆਵਾਜਾਈ ਵਿੱਚ ਜ਼ਿਕਰਯੋਗ ਵਾਧਾ ਹੋਣ, ਲੌਜਿਸਟਿਕ ਸਮਰੱਥਾ ਵਿੱਚ ਸੁਧਾਰ ਆਉਣ ਅਤੇ ਓਡੀਸ਼ਾ, ਝਾਰਖੰਡ ਅਤੇ ਆਲੇ-ਦੁਆਲੇ ਦੇ ਰਾਜਾਂ ਦੇ ਦਰਮਿਆਨ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਦੀ ਉਮੀਦ ਹੈ।

ਕਨਹੌਲੀ ਤੋਂ ਸ਼ੇਰਪੁਰ (ਬਿਹਾਰ) ਤੱਕ ਛੇ ਲੇਨ ਦਾ ਗ੍ਰੀਨਫੀਲਡ ਪਟਨਾ ਰਿੰਗ ਰੋਡ ਹਾਈਵੇਅ (ਐੱਨਐੱਚ-131 ਜੀ) ਦਾ ਨਿਰਮਾਣ- ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਪਟਨਾ ਰਿੰਗ ਰੋਡ ਪ੍ਰੋਜੈਕਟ ਦੇ ਤਹਿਤ ਕਨਹੌਲੀ ਤੋਂ ਸ਼ੇਰਪੁਰ ਤੱਕ 9.98 ਕਿਲੋਮੀਟਰ ਲੰਬੇ ਛੇ ਲੇਨ ਵਾਲੇ ਗ੍ਰੀਨਫੀਲਡ ਹਾਈਵੇਅ ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਹੈ ਜੋ ਕਿ ਐੱਨਐੱਚ-30 ਅਤੇ ਐੱਨਐੱਚ-922 ਨੂੰ ਜੋੜੇਗਾ। ਇਸ ਨਾਲ ਖੇਤਰੀ ਸੰਪਰਕ ਨੂੰ ਮਜ਼ਬੂਤੀ ਮਿਲੇਗੀ ਅਤੇ ਪਟਨਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਵਿੱਚ ਕਮੀ ਆਏਗੀ।

ਇਹ ਨਵਾਂ ਹਾਈਵੇਅ ਆਲੇ-ਦੁਆਲੇ ਦੇ ਰੇਲਵੇ ਸਟੇਸ਼ਨਾਂ, ਪ੍ਰਸਤਾਵਿਤ ਕਨਹੌਲੀ ਬਸ ਟਰਮੀਨਲ ਅਤੇ ਜਲਦੀ ਹੀ ਸ਼ੁਰੂ ਹੋਣ ਵਾਲੇ ਬਿਹਟਾ ਏਅਰਪੋਰਟ ਤੱਕ ਅਸਾਨ ਪਹੁੰਚ ਯਕੀਨੀ ਹੋਵੇਗੀ। ਇਸ ਦੇ ਨਾਲ ਹੀ, ਬਿਹਟਾ ਵਿੱਚ ਉਦਯੋਗਿਕ ਅਤੇ ਲੌਜਿਸਟਿਕਸ ਹੱਬ ਨਾਲ ਬਿਹਤਰ ਕਨੈਕਟੀਵਿਟੀ ਸਥਾਪਿਤ ਕਰਕੇ, ਇਹ ਪ੍ਰੋਜੈਕਟ ਮਾਲ ਢੋਆ-ਢੁਆਈ ਨੂੰ ਵਧੇਰੇ ਕੁਸ਼ਲ ਬਣਾਏਗਾ ਅਤੇ ਪਟਨਾ ਮਹਾਸਾਗਰ ਖੇਤਰ ਦੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਪ੍ਰਦਾਨ ਕਰੇਗਾ।

 

*********

ਅਭਿਸ਼ੇਕ ਦਿਆਲ/ਅਨੁਸ਼ਕਾ ਪਾਂਡੇ/ਏਕੇ


(Release ID: 2223632) ਵਿਜ਼ੀਟਰ ਕਾਊਂਟਰ : 16