ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ ਦੁਨੀਆ ਦੀ ਇੱਕ ਤਿਹਾਈ ਆਬਾਦੀ ਨੂੰ ਕਵਰ ਕਰਦਾ ਹੈ ਅਤੇ ਗਲੋਬਲ ਜੀਡੀਪੀ ਦੇ 25% ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ


ਭਾਰਤ ਨੇ ਚਾਰ ਸਾਲਾਂ ਵਿੱਚ ਅੱਠ ਮੁਕਤ ਵਪਾਰ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ, ਜਿਸ ਨਾਲ ਪ੍ਰਤਿਭਾ ਅਤੇ ਵਪਾਰਾਂ ਲਈ ਵਿਸ਼ਵਵਿਆਪੀ ਮੌਕੇ ਪੈਦਾ ਹੋਏ ਹਨ: ਸ਼੍ਰੀ ਪੀਯੂਸ਼ ਗੋਇਲ

ਚਿੱਲੀ ਨਾਲ ਭਾਰਤ ਦੇ ਆਉਣ ਵਾਲੇ ਮੁਕਤ ਵਪਾਰ ਸਮਝੌਤੇ ਨਾਲ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਵਧੇਗੀ: ਸ਼੍ਰੀ ਪੀਯੂਸ਼ ਗੋਇਲ

ਵਿਸ਼ਵਵਿਆਪੀ ਅਸਥਿਰਤਾ ਦੇ ਦਰਮਿਆਨ ਮਜ਼ਬੂਤ ​​ਮੈਕ੍ਰੋ-ਆਰਥਿਕ ਬੁਨਿਆਦੀ ਸਿਧਾਂਤਾਂ ਦੇ ਕਾਰਨ ਭਾਰਤ ਦੇ ਨਿਰਯਾਤ ਵਿੱਚ ਵਾਧਾ: ਸ਼੍ਰੀ ਗੋਇਲ

184 ਸ਼ਾਖਾਵਾਂ ਵਿੱਚ ਫੈਲੇ ਹੋਏ 5.2 ਲੱਖ ਚਾਰਟਰਡ ਅਕਾਉਂਟੈਂਟ ਵਿਸ਼ਵ ਪੱਧਰ 'ਤੇ ਭਾਰਤ ਦੀ ਵਪਾਰਕ ਉੱਤਮਤਾ ਦਾ ਪ੍ਰਦਰਸ਼ਨ ਕਰਨਗੇ: ਸ਼੍ਰੀ ਗੋਇਲ

Posted On: 30 JAN 2026 6:10PM by PIB Chandigarh

ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਬਾਰੇ ਬੋਲਦੇ ਹੋਏ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਗ੍ਰੇਟਰ ਨੋਇਡਾ ਵਿੱਚ ਇੰਸਟੀਟਿਊਟ ਆਫ਼ ਚਾਰਟਰਡ ਅਕਾਉਂਟੈਂਟਸ ਆਫ਼ ਇੰਡੀਆ (ICAI) ਦੁਆਰਾ ਆਯੋਜਿਤ ਵਰਲਡ ਆਡਿਟ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਮਝੌਤਾ ਲਗਭਗ ਇੱਕ ਤਿਹਾਈ ਆਬਾਦੀ ਨੂੰ ਕਵਰ ਕਰਦਾ ਹੈ, ਅਤੇ ਗਲੋਬਲ GDP ਦੇ ਲਗਭਗ 25 ਪ੍ਰਤੀਸ਼ਤ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਵਿਸ਼ਵ ਵਪਾਰ ਵਿੱਚ ਇਸ ਦੀ ਮਹੱਤਵਪੂਰਨ ਹਿੱਸੇਦਾਰੀ ਹੈ। ਉਨ੍ਹਾਂ ਕਿਹਾ ਕਿ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਲਈ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਨੂੰ "ਸਾਰੇ ਸਮਝੌਤਿਆਂ ਦੀ ਜਨਨੀ" ਕਹਿਣਾ ਕੋਈ ਛੋਟੀ ਗੱਲ ਨਹੀਂ ਹੈ।

ਯੂਰੋਪੀਅਨ ਮਾਰਕਿਟ ਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਇਕੱਲਾ ਲਗਭਗ 7 ਟ੍ਰਿਲੀਅਨ ਡਾਲਰ ਦੀਆਂ ਵਸਤੂਆਂ ਅਤੇ 3 ਟ੍ਰਿਲੀਅਨ ਡਾਲਰ ਦੇ ਮੁੱਲ ਦੀਆਂ ਸੇਵਾਵਾਂ ਦਾ ਆਯਾਤ ਕਰਦਾ ਹੈ, ਜੋ ਮਿਲ ਕੇ 10 ਟ੍ਰਿਲੀਅਨ ਡਾਲਰ ਦਾ ਬਜ਼ਾਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮੌਜੂਦਾ ਨਿਰਯਾਤ ਇਸ ਸਮਰੱਥਾ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਸਾਹਮਣੇ ਬੇਮਿਸਾਲ ਮੌਕੇ ਹਨ, ਜਿਨ੍ਹਾਂ ਦਾ ਯਕੀਨੀ ਤੌਰ ‘ਤੇ ਪੂੰਜੀਕਰਣ ਕਰਨਾ ਚਾਹੀਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਚਾਰ ਵਰ੍ਹਿਆਂ ਵਿੱਚ ਅੱਠ ਮੁਕਤ ਵਪਾਰ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ, ਜੋ ਕਿ ਆਲਮੀ ਅਰਥਵਿਵਸਥਾ ਨਾਲ ਦੇਸ਼ ਦੀ ਸ਼ਮੂਲੀਅਤ ਵਿੱਚ ਇੱਕ ਬੁਨਿਆਦੀ ਤਬਦੀਲੀ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਮਝੌਤੇ ਯੂਰਪ ਅਤੇ ਹੋਰ ਖੇਤਰਾਂ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਕਵਰ ਕਰਦੇ ਹਨ, ਜਿਨ੍ਹਾਂ ਵਿੱਚ 27 ਦੇਸ਼ਾਂ ਵਾਲਾ ਯੂਰੋਪੀਅਨ ਯੂਨੀਅਨ, ਸਵਿਟਜ਼ਰਲੈਂਡ, ਲੀਚਟਨਸਟਾਈਨ (ਲਿਕਟੇਂਸਟੀਨ), ਨਾਰਵੇ ਅਤੇ ਆਈਸਲੈਂਡ ਨਾਲ ਮਿਲ ਕੇ ਚਾਰ ਦੇਸ਼ਾਂ ਵਾਲਾ ਈਐੱਫਟੀਏ ਬਲਾਕ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ, ਨਿਊਜ਼ੀਲੈਂਡ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਸ਼ਾਮਲ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਮਝੌਤੇ ਭਾਰਤੀ ਪ੍ਰਤਿਭਾ, ਹੁਨਰ ਅਤੇ ਨੌਜਵਾਨ ਪੇਸ਼ੇਵਰਾਂ ਲਈ ਨਵੇਂ ਅਤੇ ਮਹੱਤਵਪੂਰਨ ਮੌਕੇ ਪੈਦਾ ਕਰ ਰਹੇ ਹਨ, ਨਾਲ ਹੀ ਗਲੋਬਲ ਵੈਲਿਊ ਚੇਨਾਂ ਦੇ ਨਾਲ ਭਾਰਤ ਦੇ ਏਕੀਕਰਣ ਨੂੰ ਮਜ਼ਬੂਤ ​​ਕਰ ਰਹੇ ਹਨ।

ਵਣਜ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਜਲਦੀ ਹੀ ਚਿਲੀ ਨਾਲ ਇੱਕ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਕਰੇਗਾ, ਜਿਸ ਨਾਲ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇਗੀ। ਈਐੱਫਟੀਏ ਦੇਸ਼ਾਂ ਨਾਲ ਹੋਏ ਸਮਝੌਤਿਆਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਸ ਵਿੱਚ ਭਾਰਤ ਵਿੱਚ 100 ਬਿਲੀਅਨ ਡਾਲਰ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਵਚਨਬੱਧਤਾ ਸ਼ਾਮਲ ਹੈ, ਜਿਸਦਾ ਉਦੇਸ਼ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ ਅਤੇ ਸੂਝਵਾਨ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਲਗਭਗ 50 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਿਊਜ਼ੀਲੈਂਡ ਅਗਲੇ 15 ਸਾਲਾਂ ਵਿੱਚ ਭਾਰਤ ਵਿੱਚ 20 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਲਈ ਵਚਨਬੱਧ ਹੈ, ਜਦਕਿ ਪਿਛਲੇ 25 ਸਾਲਾਂ ਵਿੱਚ ਇਸਦਾ ਕੁੱਲ ਨਿਵੇਸ਼ ਸਿਰਫ 70 ਮਿਲੀਅਨ ਡਾਲਰ ਰਿਹਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਇਹ ਵਚਨਬੱਧਤਾਵਾਂ ਭਾਰਤ ਦੀ ਆਰਥਿਕ ਵਿਕਾਸ ਦੀ ਗਤੀ, ਨੌਜਵਾਨ ਜਨਸੰਖਿਆ ਲਾਭਅੰਸ਼, ਹੁਨਰ ਅਧਾਰ ਅਤੇ ਇਸ ਦੀ ਅਖੰਡਤਾ ਵਿੱਚ ਵਧ ਰਹੇ ਆਲਮੀ ਭਰੋਸੇ ਨੂੰ ਸਪਸ਼ਟ ਤੌਰ 'ਤੇ ਦਰਸਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪੇਸ਼ੇਵਰ ਪੜ੍ਹੇ-ਲਿਖੇ, ਮਹੱਤਵਅਕਾਂਖੀ, ਮਿਹਨਤੀ ਅਤੇ ਵਿਸ਼ਵ ਪੱਧਰ 'ਤੇ ਭਰੋਸੇਮੰਦ ਹਨ।

ਸ਼੍ਰੀ ਗੋਇਲ ਨੇ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਅਤੇ ਖੁਸ਼ਹਾਲ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਚਾਰਟਰਡ ਅਕਾਉਂਟੈਂਟਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਕਿਹਾ, ਕਿ ਚਾਰਟਰਡ ਅਕਾਉਂਟੈਂਟਾਂ ਨੇ ਭਾਰਤ ਦੇ ਵਿਕਸਿਤ ਭਾਰਤ ਦੇ ਟੀਚੇ ਦਾ ਅਨਿੱਖੜਵਾਂ ਅੰਗ ਬਣਨ ਦਾ ਸੰਕਲਪ ਲਿਆ ਹੈ। ਉਨ੍ਹਾਂ ਦਾ ਟੀਚਾ ਹੈ ਕਿ ਜਦੋਂ ਦੇਸ਼ ਆਪਣੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਵੇ, ਉਦੋਂ ਤੱਕ 30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਚੁੱਕਿਆ ਹੈ। ਉਨ੍ਹਾਂ ਨੇ ਇਸ ਵਿਸ਼ੇ ‘ਤੇ ਜ਼ੋਰ ਦਿੱਤਾ ਕੇ ਕਿਹਾ ਕਿ ਚਾਰਟਰਡ ਅਕਾਉਂਟੈਂਟ ਨਾ ਸਿਰਫ਼ ਭਾਰਤ ਅੰਦਰ ਸਗੋਂ ਭਾਰਤ ਅਤੇ ਬਾਕੀ ਦੁਨੀਆ ਵਿਚਕਾਰ ਇੱਕ ਪੁਲ ਵਜੋਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਹਾਲ ਹੀ ਦੇ ਵਿਸ਼ਵ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਦੁਨੀਆ ਇੱਕ ਅਸਥਿਰ, ਅਨਿਸ਼ਚਿਤ, ਗੁੰਝਲਦਾਰ ਅਤੇ ਅਸਪਸ਼ਟ ਦੌਰ ਵਿੱਚੋਂ ਗੁਜ਼ਰ ਰਹੀ ਹੈ। ਉਨ੍ਹਾਂ ਨੇ ਮੌਜੂਦਾ ਸਥਿਤੀ ਨੂੰ ਸੱਚਮੁੱਚ ਇੱਕ ਅਸ਼ਾਂਤ ਭਰਿਆ ਅਤੇ ਅਣਪਛਾਤੇ ਦੌਰ ਵਜੋਂ ਦਰਸਾਉਂਦੇ ਹੋਏ ਕਿਹਾ ਕਿ , ਉਨ੍ਹਾਂ ਕਿਹਾ ਕਿ ਬਦਲਾਅ ਤੇਜ਼ ਰਫ਼ਤਾਰ ਨਾਲ ਹੋ ਰਹੇ ਹਨ, ਅਤੇ ਸਿਰਫ਼ ਉਹੀ ਲੋਕ ਸਫਲ ਹੋਣਗੇ ਜਿਨ੍ਹਾਂ ਕੋਲ ਵਿਸ਼ਵਾਸ, ਪ੍ਰਤਿਭਾ, ਹੁਨਰ, ਦੂਰ-ਦ੍ਰਿਸ਼ਟੀ ਅਤੇ ਭਵਿੱਖ ਲਈ ਯੋਜਨਾ ਬਣਾਉਣ ਦੀ ਹਿੰਮਤ ਰੱਖਣ ਵਾਲੇ ਹੀ ਸਫਲ ਹੋਣਗੇ। ਸ਼੍ਰੀ ਗੋਇਲ ਨੇ ਕਿਹਾ ਕਿ ਅਜਿਹੀ ਅਨਿਸ਼ਚਿਤਤਾ ਦੇ ਵਿਚਕਾਰ, ਭਾਰਤ ਸਥਿਰਤਾ ਦੇ ਪ੍ਰਤੀਕ ਵਜੋਂ ਉਭਰਿਆ ਹੈ।

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਭਾਰਤ ਕੋਲ ਮਜ਼ਬੂਤ ​​ਮੈਕ੍ਰੋ-ਆਰਥਿਕ ਬੁਨਿਆਦੀ ਤੱਤ ਹਨ ਅਤੇ ਇਹ ਦੁਨੀਆ ਦੀ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ, ਜਿਸ ਵਿੱਚ ਤੇਜ਼ ਵਿਕਾਸ ਦਰ ਅਤੇ ਘੱਟ ਮਹਿੰਗਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ ​​ਹੈ ਅਤੇ ਵਿਦੇਸ਼ੀ ਮੁਦਰਾ ਭੰਡਾਰ ਵੀ ਮਜ਼ਬੂਤ ​​ਹਨ। ਵਿਸ਼ਵ ਵਪਾਰ ਬਜ਼ਾਰਾਂ ਵਿੱਚ ਉਥਲ-ਪੁਥਲ ਦੇ ਬਾਵਜੂਦ, ਭਾਰਤ ਦੀਆਂ ਵਸਤੂਆਂ ਅਤੇ ਸੇਵਾਵਾਂ ਦਾ ਨਿਰਯਾਤ ਮੌਜੂਦਾ ਵਰ੍ਹੇ ਵਿੱਚ ਵੀ ਲਗਾਤਾਰ ਵਧ ਰਿਹਾ ਹੈ। 14 ਲੱਖ ਭਾਰਤੀਆਂ ਦੀ ਸਮਰੱਥਾ ਵਿੱਚ ਵਿਸ਼ਵਾਸ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਨਿਰੰਤਰ ਵਿਕਾਸ ਕਰਦਾ ਰਹੇਗਾ ਅਤੇ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਸ਼੍ਰੀ ਗੋਇਲ ਨੇ ਦੇਸ਼ ਦੀ ਬਦਲਦੀ ਮਾਨਸਿਕਤਾ ਬਾਰੇ ਗੱਲ ਕੀਤੀ ਅਤੇ ਯਾਦ ਕੀਤਾ ਕਿ 2014 ਵਿੱਚ, ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਬਦਲਣ, ਨਾਗਰਿਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਅਤੇ ਵਿਕਾਸ ਨੂੰ ਰਫਤਾਰ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨਿਰਣਾਇਕ ਅਗਵਾਈ ਦੀ ਜ਼ਰੂਰਤ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਹੁਣ ਪਹਿਲਾਂ ਦੇ ਅਨੁਮਾਨਾਂ ਤੋਂ ਬਹੁਤ ਪਹਿਲਾਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਵਿਸ਼ਵਾਸ ਰੱਖਦਾ ਹੈ, ਅਤੇ ਇਹ ਤਬਦੀਲੀ ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਵਿੱਚ ਵੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਹੁਣ ਦੁਨੀਆ ਨਾਲ ਝਿਜਕ ਜਾਂ ਰੱਖਿਆਤਮਕਤਾ ਸਥਿਤੀ ਨਾਲ ਨਹੀਂ, ਸਗੋਂ ਆਤਮ-ਵਿਸ਼ਵਾਸ ਅਤੇ ਭਰੋਸੇ ਨਾਲ ਗੱਲਬਾਤ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਹੁਣ ਨਿਰਪੱਖ, ਨਿਆਂਸੰਗਤ ਅਤੇ ਸੰਤੁਲਿਤ ਮੁਕਤ ਵਪਾਰ ਸਮਝੌਤਿਆਂ ਵਿੱਚ ਦਾਖਲ ਹੁੰਦਾ ਹੈ।

ਪੇਸ਼ੇਵਰਾਂ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਚਾਰਟਰਡ ਅਕਾਉਂਟੈਂਟਾਂ ਕੋਲ ਭਾਰਤ ਅਤੇ ਵਿਦੇਸ਼ਾਂ ਵਿੱਚ ਆਲਮੀ ਸਮਰੱਥਾ ਕੇਂਦਰਾਂ, ਨਿਵੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਵਾਲੀ ਦੇ ਨਾਲ ਮਹੱਤਵਪੂਰਨ ਮੌਕੇ ਹਨ। ਉਨ੍ਹਾਂ ਕਿਹਾ ਕਿ ਇਹ ਪੇਸ਼ਾ ਸਹੀ ਅਤੇ ਨਿਰਪੱਖ ਖਾਤਿਆਂ ਨੂੰ ਪ੍ਰਮਾਣਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਵਧਦਾ ਹੈ ਅਤੇ ਦੇਸ਼ ਵਿੱਚ ਪੂੰਜੀ ਆਕਰਸ਼ਿਤ ਹੁੰਦੀ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ 4.25 ਲੱਖ ਤੋਂ ਵੱਧ ਸਰਗਰਮ ਪੇਸ਼ੇਵਰਾਂ ਦੇ ਨਾਲ-ਨਾਲ 184 ਸ਼ਾਖਾਵਾਂ ਅਤੇ 47 ਦੇਸ਼ਾਂ ਵਿੱਚ ਕੰਮ ਕਰ ਰਹੇ 5.25 ਲੱਖ ਤੋਂ ਵੱਧ ਚਾਰਟਰਡ ਅਕਾਉਂਟੈਂਟਾਂ ਦੇ ਨਾਲ, ਇਹ ਪੇਸ਼ਾ ਵਿਸ਼ਵ ਪੱਧਰ 'ਤੇ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਚੰਗੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚਾਰਟਰਡ ਅਕਾਉਂਟੈਂਟਾਂ ਦੀ ਸਖ਼ਤ ਸਿਖਲਾਈ ਅਤੇ ਵਿਆਪਕ ਗਿਆਨ ਉਨ੍ਹਾਂ ਨੂੰ ਦੁਨੀਆ ਵਿੱਚ ਕਿਤੇ ਵੀ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਂਦੀ ਹੈ।

ਸ਼੍ਰੀ ਗੋਇਲ ਨੇ ਪੇਸ਼ੇਵਰਾਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੇ ਹੋਏ ਚਾਰਟਰਡ ਅਕਾਉਂਟੈਂਟਾਂ ਨੂੰ ਅਸੀਮਤ ਇੱਛਾਵਾਂ ਰੱਖਣ, ਭਾਈਵਾਲੀ ਬਣਾਉਣ, ਕਾਰਜਾਂ ਦਾ ਵਿਸਥਾਰ ਕਰਨ ਅਤੇ ਵਿਸ਼ਵਵਿਆਪੀ ਮੌਕਿਆਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਹੁਨਰ ਵਿਕਾਸ, ਆਰਾਮ ਦੇ ਦਾਇਰੇ ਤੋਂ ਬਾਹਰ ਨਿਕਲਣ ਅਤੇ ਅੰਮ੍ਰਿਤ ਕਾਲ ਦੇ ਮੌਕਿਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਮੰਤਰੀ ਨੇ ਅੰਤਰਰਾਸ਼ਟਰੀ ਵਪਾਰ, ਨਿਰਮਾਣ ਅਤੇ ਸੇਵਾਵਾਂ ਵਰਗੇ ਖੇਤਰਾਂ ਨੂੰ ਕਵਰ ਕਰਦੇ ਹੋਏ, ਪੇਸ਼ੇਵਰ ਸਿਖਲਾਈ ਅਤੇ ਪਾਠਕ੍ਰਮ ਵਿੱਚ ਵਿਸ਼ਵਵਿਆਪੀ ਅਨੁਭਵ ਨੂੰ ਜੋੜਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਵਿਸ਼ਵਵਿਆਪੀ ਸ਼ਮੂਲੀਅਤ ਤੋਂ ਬਿਨਾ ਵਿਕਾਸ ਨਹੀਂ ਕਰ ਸਕਦਾ ਅਤੇ ਉਨ੍ਹਾਂ ਨੇ ਇਸ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਵਿਸ਼ਵਵਿਆਪੀ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਅਪੀਲ ਕੀਤੀ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਜੇਕਰ ਪੇਸ਼ੇਵਰ ਲੋਕ ਸਮੂਹਿਕ ਤੌਰ 'ਤੇ ਭਾਰਤ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਵਚਨਬੱਧ ਹੁੰਦੇ ਹਨ, ਤਾਂ ਚਾਰਟਰਡ ਅਕਾਊਂਟੈਂਸੀ ਪੇਸ਼ੇ ਵਿੱਚ ਅਰਥਵਿਵਸਥਾ ਨੂੰ ਸਥਿਰ ਕਰਨ ਅਤੇ ਅੰਮ੍ਰਿਤਕਾਲ ਦੌਰਾਨ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਸਮਰੱਥਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪੇਸ਼ਾ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਅਤੇ ਇੱਕ ਅੰਤਰਰਾਸ਼ਟਰੀ ਮਹਾਸ਼ਕਤੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

*********

ਅਭਿਸ਼ੇਕ ਦਿਆਲ / ਇਸ਼ਿਤਾ ਵਿਸਵਾਸ/ਏਕੇ


(Release ID: 2221445) ਵਿਜ਼ੀਟਰ ਕਾਊਂਟਰ : 36