ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਮਾਤਾ ਭਗਵਤੀ ਦੇਵੀ ਸ਼ਰਮਾ ਜੀ ਦੀ ਜਨਮ ਸ਼ਤਾਬਦੀ ਅਤੇ ਅਖੰਡ ਦੀਪ ਦੇ ਸ਼ਤਾਬਦੀ ਸਾਲ ਦੇ ਮੌਕੇ 'ਤੇ ਹਰਿਦੁਆਰ ਵਿੱਚ ਗਾਇਤ੍ਰੀ ਪਰਿਵਾਰ ਦੁਆਰਾ ਆਯੋਜਿਤ "ਸ਼ਤਾਬਦੀ ਸਾਲ ਸਮਾਰੋਹ - 2026" ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦਾ ਇੱਕ ਅਜਿਹਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ ਜੋ ਪੂਰੀ ਤਰ੍ਹਾਂ ਵਿਕਸਿਤ ਹੈ, ਭੌਤਿਕਵਾਦ ਤੋਂ ਪਰ੍ਹੇ ਹੈ, ਅਤੇ ਅਧਿਆਤਮਿਕਤਾ ਦੇ ਮਾਰਗ 'ਤੇ ਅੱਗੇ ਵਧਦਾ ਹੈ

ਅੱਜ 'ਅਖੰਡ ਜਯੋਤੀ' ਸੰਮੇਲਨ ਵਿੱਚ ਆ ਕੇ, ਮੈਂ ਅਟੁੱਟ ਊਰਜਾ ਅਤੇ ਚੇਤਨਾ ਦਾ ਅਨੁਭਵ ਕਰ ਰਿਹਾ ਹਾਂ,” ਸ਼੍ਰੀ ਅਮਿਤ ਸ਼ਾਹ

ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਭਾਰਤੀ ਪਰੰਪਰਾ ਦੇ ਅੰਦਰ ਹੈ, ਅਤੇ ਭਾਰਤ ਦਾ ਪੁਨਰ-ਨਿਰਮਾਣ ਪੂਰੀ ਦੁਨੀਆ ਲਈ ਕਲਿਆਣਕਾਰੀ ਹੋਵੇਗਾ

1925-26 ਦਾ ਸਮਾਂ ਰਾਸ਼ਟਰੀ ਪੁਨਰ-ਉਥਾਨ ਦਾ ਸਮਾਂ ਸੀ, ਜਿਸ ਦੌਰਾਨ ਆਰਐੱਸਐੱਸ, ਗੀਤਾ ਪ੍ਰੈੱਸ ਅਤੇ ਅਖੰਡ ਜਯੋਤੀ ਦੀ ਸਥਾਪਨਾ ਹੋਈ ਸੀ

ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਆਸਥਾ, ਅਧਿਆਤਮਿਕਤਾ ਅਤੇ ਸੱਭਿਆਚਾਰ ਤੋਂ ਵਿਅਕਤੀਗਤ ਪਰਿਵਰਤਨ, ਵਿਅਕਤੀਗਤ ਪਰਿਵਰਤਨ ਤੋਂ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਤੋਂ ਇੱਕ ਨਵੇਂ ਯੁੱਗ ਦੀ ਸਿਰਜਣਾ ਤੱਕ ਦੀ ਪ੍ਰਗਤੀ ਦੀ ਕਲਪਨਾ ਕੀਤੀ

"ਅਸੀਂ ਬਦਲਾਂਗੇ, ਯੁੱਗ ਬਦਲੇਗਾ" ਦਾ ਸੰਦੇਸ਼ ਦੇ ਕੇ ਪੰਡਿਤ ਆਚਾਰਿਆ ਸ਼ਰਮਾ ਜੀ ਨੇ ਪੂਰੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਅਤੇ ਸੰਕਲਪ ਸ਼ਕਤੀ ਪ੍ਰਦਾਨ ਕੀਤੀ

ਪੰਡਿਤ ਰਾਮ ਸ਼ਰਮਾ ਜੀ ਨੇ ਕਿਹਾ ਕਿ ਧਰਮ ਅਤੇ ਵਿਗਿਆਨ ਇੱਕ ਦੂਜੇ ਦੇ ਪੂਰਕ ਹਨ, ਵਿਰੋਧੀ ਨਹੀਂ; ਉਨ੍ਹਾਂ ਨੇ ਤਰਕ ਅਤੇ ਤਰਕ ਦੀ ਪਰਖ ਰਾਹੀਂ ਅਧਿਆਤਮਿਕਤਾ ਦਾ ਮੁਲਾਂਕਣ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ

ਗਾਇਤ੍ਰੀ ਪਰਿਵਾਰ ਵਿੱਚ ਬੱਚਿਆਂ ਦੇ ਇੱਕ ਹੱਥ ਵਿੱਚ ਵੇਦ ਅਤੇ ਦੂਜੇ ਹੱਥ ਵਿੱਚ ਲੈਪਟੌਪ ਫੜਿਆ ਦੇਖ ਕੇ ਸਪਸ਼ਟ ਹੋ ਜਾਂਦਾ ਹੈ ਕਿ ਪਰੰਪਰਾ ਅਤੇ ਤਰੱਕੀ ਨਾਲ-ਨਾਲ ਚੱਲ ਸਕਦੇ ਹਨ

ਇੱਕ ਸਮਾਂ ਸੀ ਜਦੋਂ ਲੋਕ ਹਿੰਦੂਤਵ ਬਾਰੇ ਗੱਲ ਕਰਨ ਤੋਂ ਝਿਜਕਦੇ ਸਨ; ਅੱਜ, ਉਹ ਮਾਣ ਨਾਲ ਆਪਣੇ ਧਰਮ ਬਾਰੇ ਗੱਲ ਕਰਦੇ ਹਨ

ਗਾਇਤ੍ਰੀ ਮੰਤਰ ਨਾਲ ਜਾਗ੍ਰਿਤ ਊਰਜਾ ਅਤੇ ਚੇਤਨਾ ਦੀ ਇੱਕ ਅਜਿਹਾ ਭਾਰਤ ਬਣਾਉਣ ਲਈ ਵਰਤੋਂ ਹੋਣੀ ਚਾਹੀਦੀ ਹੈ ਜੋ ਪੂਰੇ ਵਿਸ਼ਵ ਲਈ ਭਲਾਈ ਦੀ ਭਾਵਨਾ ਨਾਲ ਅੱਗੇ ਵਧੇ

ਗਾਇਤ੍ਰੀ ਮੰਤਰ ਦੇ 24 ਅੱਖਰ ਗੁਣਾਂ ਨਾਲ ਜੁੜੇ 24 ਅਧਿਆਤਮਿਕ ਕੇਂਦਰਾਂ ਨੂੰ ਸੰਤੁਲਿਤ ਕਰਦੇ ਹਨ, ਜਦੋਂ ਇਹ 24 ਗੁਣ ਵਿਕਸਿਤ ਹੁੰਦੇ ਹਨ, ਤਾਂ ਇਸ ਨਾਲ ਪਰਉਪਕਾਰ, ਹਿੰਮਤ ਅਤੇ ਬੁੱਧੀ ਵਿੱਚ ਵਾਧਾ ਹੁੰਦਾ ਹੈ

ਪੰਡਿਤ ਆਚਾਰੀਆ ਸ਼ਰਮਾ ਜੀ ਨੇ ਭਗਤੀ ਨੂੰ ਮੰਦਿਰਾਂ ਦੇ ਪਵਿੱਤਰ ਸਥਾਨ ਤੋਂ ਬਾਹਰ ਕੱਢ ਕੇ ਗਾਇਤ੍ਰੀ ਮੰਤਰ ਰਾਹੀਂ ਹਰੇਕ ਵਿਅਕਤੀ ਤੱਕ ਪਹੁੰਚਾਇਆ

ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਸਮਾਜਿਕ ਸੁਧਾਰਾਂ ਤੱਕ, ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ

ਗ੍ਰਹਿ ਮੰਤਰੀ ਨੇ ਹਰਿਦੁਆਰ ਵਿੱਚ ਪਤੰਜਲੀ ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਦਾ ਉਦਘਾਟਨ ਵੀ ਕੀਤਾ

Posted On: 22 JAN 2026 5:12PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰਾਖੰਡ ਦੇ ਹਰਿਦੁਆਰ ਵਿੱਚ ਗਾਇਤ੍ਰੀ ਪਰਿਵਾਰ ਦੁਆਰਾ ਸਤਿਕਾਰਯੋਗ ਮਾਤਾ ਭਗਵਤੀ ਦੇਵੀ ਸ਼ਰਮਾ ਜੀ ਦੀ ਜਨਮ ਸ਼ਤਾਬਦੀ ਅਤੇ ਅਖੰਡ ਦੀਪ ਦੇ ਸ਼ਤਾਬਦੀ ਵਰ੍ਹੇ ਦੇ ਮੌਕੇ 'ਤੇ ਆਯੋਜਿਤ "ਸ਼ਤਾਬਦੀ ਸਾਲ ਸਮਾਰੋਹ - 2026" ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਸਮੇਤ ਕਈ ਪ੍ਰਸਿੱਧ ਹਸਤੀਆਂ ਮੌਜੂਦ ਸਨ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਦੁਆਰ ਆਸਥਾ, ਅਧਿਆਤਮਿਕਤਾ ਅਤੇ ਸੱਭਿਆਚਾਰ ਦਾ ਸੰਗਮ ਹੈ। ਉਨ੍ਹਾਂ ਕਿਹਾ, ਅੱਜ 'ਅਖੰਡ ਜਯੋਤੀ' ਸੰਮੇਲਨ ਵਿੱਚ ਆ ਕੇ, ਮੈਂ ਅਟੁੱਟ ਊਰਜਾ ਅਤੇ ਚੇਤਨਾ ਦਾ ਅਨੁਭਵ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਆਸਥਾ, ਅਧਿਆਤਮਿਕਤਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵਿਅਕਤੀਗਤ ਪਰਿਵਰਤਨ ਦਾ ਰਸਤਾ ਚੁਣਿਆ। ਉਨ੍ਹਾਂ ਨੇ ਹਰੇਕ ਵਿਅਕਤੀ ਦੇ ਅੰਦਰ ਵਸਦੀ ਬ੍ਰਹਮ ਆਤਮਾ ਨੂੰ ਜਗਾਉਣ ਅਤੇ ਊਰਜਾਵਾਨ ਬਣਾਉਣ ਲਈ ਕੰਮ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਜੋ ਲੋਕ ਸਨਾਤਨ ਧਰਮ ਨੂੰ ਜਾਣਦੇ ਹਨ, ਭਾਰਤੀ ਸੱਭਿਆਚਾਰ ਨੂੰ ਸਮਝਦੇ ਹਨ ਅਤੇ ਭਾਰਤ ਦੇ ਇਤਿਹਾਸ ਤੋਂ ਜਾਣੂ ਹਨ, ਉਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ ਕਿ ਜੇਕਰ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕ ਜਗ੍ਹਾ 'ਤੇ ਮੌਜੂਦ ਹੈ, ਤਾਂ ਇਹ ਭਾਰਤੀ ਪਰੰਪਰਾ ਵਿੱਚ ਹੀ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦਾ ਅਧਿਆਤਮਿਕ ਪੁਨਰ ਨਿਰਮਾਣ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਲਾਭਦਾਇਕ ਹੋਵੇਗਾ। ਸਵਾਮੀ ਵਿਵੇਕਾਨੰਦ ਜੀ, ਮਹਾਰਿਸ਼ੀ ਅਰਬਿੰਦੋ ਜੀ ਅਤੇ ਸਤਿਕਾਰਯੋਗ ਪੰਡਿਤ ਰਾਮ ਸ਼ਰਮਾ ਜੀ ਵਰਗੇ ਮਹਾਨ ਦੂਰਦਰਸ਼ੀਆਂ ਨੇ ਆਪਣੇ ਸ਼ਕਤੀਸ਼ਾਲੀ ਸ਼ਬਦਾਂ ਰਾਹੀਂ ਇਹ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਜਦੋਂ ਭਾਰਤ ਆਪਣੇ ਪੂਰਨ ਤੇਜ਼ ਨਾਲ ਜਾਗਦਾ ਹੈ, ਤਾਂ ਇਹ ਪੂਰੇ ਸੰਸਾਰ ਅਤੇ ਪੂਰੇ ਬ੍ਰਹਿਮੰਡ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਅਜਿਹੀਆਂ ਮਹਾਨ ਆਤਮਾਵਾਂ ਅਤੇ ਦੂਰਦਰਸ਼ੀਆਂ ਦੇ ਸ਼ਬਦ ਕਦੇ ਅਸਫਲ ਨਹੀਂ ਹੁੰਦੇ। ਸਾਨੂੰ ਉਨ੍ਹਾਂ ਦੁਆਰਾ ਕਹੇ ਗਏ ਸੱਚੇ ਸ਼ਬਦਾਂ ਨੂੰ ਬ੍ਰਹਮਾ ਦੇ ਸ਼ਬਦ ਵਜੋਂ ਸਵੀਕਾਰ ਕਰਕੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਗਾਇਤ੍ਰੀ ਮੰਤਰ ਰਾਹੀਂ ਮੰਦਿਰ ਦੇ ਪਵਿੱਤਰ ਸਥਾਨ ਤੋਂ ਭਗਤੀ ਨੂੰ ਬਾਹਰ ਕੱਢਿਆ ਅਤੇ ਇਸਨੂੰ ਆਮ ਲੋਕਾਂ ਦੇ ਮੂੰਹ ਅਤੇ ਆਤਮਾਵਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੂਰਦਰਸ਼ੀ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ ਅਤੇ ਸਤਿਕਾਰਯੋਗ ਮਾਤਾ ਭਗਵਤੀ ਦੇਵੀ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਯੁੱਗਾਂ ਦੇ ਕਾਰਜਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ ਇੱਕ ਅਜਿਹਾ ਬੋਹੜ ਦਾ ਰੁੱਖ ਬਣਾਇਆ ਜਿਸ ਦੀ ਛਾਂ ਅੱਜ 100 ਤੋਂ ਵੱਧ ਦੇਸ਼ਾਂ ਵਿੱਚ 15 ਕਰੋੜ ਤੋਂ ਵੱਧ ਪੈਰੋਕਾਰਾਂ ਨੂੰ ਅਧਿਆਤਮਿਕਤਾ ਦੇ ਮਾਰਗ 'ਤੇ ਚਲਾਉਂਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀਆਂ ਆਤਮਾਵਾਂ ਦੇ ਕਲਿਆਣ ਦੇ ਮਾਰਗ 'ਤੇ ਅੱਗੇ ਵਧਣ ਵਿੱਚ ਸਹਾਇਤਾ ਕਰਦੀ ਹੈ। ਉਨ੍ਹਾਂ ਕਿਹਾ ਕਿ 1925-26 ਤੋਂ 2026 ਤੱਕ ਇੱਕ ਟੀਚੇ ਨਾਲ ਇੱਕ ਰਸਤੇ 'ਤੇ ਚੱਲਣਾ-ਸਿਰਫ਼ ਇੱਕ ਵਿਅਕਤੀ ਅਤੇ ਇੱਕ ਵਿਚਾਰ ਨੂੰ ਹੀ ਨਹੀਂ, ਸਗੋਂ ਲੱਖਾਂ ਲੋਕਾਂ ਨੂੰ ਇਕੱਠੇ ਲੈ ਕੇ ਜਾਣਾ ਤੋਂ ਸਿੱਧ ਹੁੰਦਾ ਹੈ ਕਿ ਪੰਡਿਤ ਜੀ ਦੇ ਜੀਵਨ, ਵਿਚਾਰਾਂ ਅਤੇ ਕਾਰਜਾਂ ਵਿੱਚ ਕਿੰਨੀ ਊਰਜਾ ਸ਼ਾਮਲ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਪੰਡਿਤ ਜੀ ਦੇ ਦੇਹਾਂਤ ਤੋਂ ਇੰਨੇ ਸਾਲਾਂ ਬਾਅਦ ਵੀ, ਅਖੰਡ ਜਯੋਤੀ ਨਾ ਸਿਰਫ਼ ਬਲਦੀ ਰਹੀ ਹੈ ਸਗੋਂ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਦੀਵੇ ਵਜੋਂ ਸਥਾਈ ਸਥਾਨ ਵੀ ਲੈ ਚੁੱਕੀ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1925-26 ਰਾਸ਼ਟਰੀ ਪੁਨਰ ਉਥਾਨ ਦਾ ਸਾਲ ਰਿਹਾ। ਉਸੇ ਸਾਲ ਰਾਸ਼ਟਰੀਯ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਸਥਾਪਨਾ ਹੋਈ ਸੀ ਅਤੇ ਇਹ ਸੰਘ ਵੀ ਆਪਣੀ ਸ਼ਤਾਬਦੀ ਮਨਾ ਰਿਹਾ ਹੈ। ਗੀਤਾ ਪ੍ਰੈੱਸ, ਗੋਰਖਪੁਰ ਵੀ ਆਪਣੀ ਸਥਾਪਨਾ ਦੇ 100 ਸਾਲ ਮਨਾ ਰਿਹਾ ਹੈ, ਅਤੇ ਇਹ ਸਾਲ ਸਤਿਕਾਰਯੋਗ ਮਾਤਾ ਜੀ ਦੀ ਜਨਮ ਸ਼ਤਾਬਦੀ ਵੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਇੱਕੋ ਸਾਲ ਵਿੱਚ ਇਕੱਠੇ ਹੋਣਾ ਦਰਸਾਉਂਦਾ ਹੈ ਕਿ ਪ੍ਰਮਾਤਮਾ ਨੇ ਉਸ ਸਾਲ ਨੂੰ ਖਾਸ ਤੌਰ 'ਤੇ ਭਾਰਤ ਦੇ ਪੁਨਰ ਉਥਾਨ ਲਈ ਬਣਾਇਆ ਹੋਵੇਗਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਗਾਇਤ੍ਰੀ ਪਰਿਵਾਰ ਦਾ ਸ਼ਤਾਬਦੀ ਸਾਲ ਦਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਲਈ, 100 ਸਾਲਾਂ ਦਾ ਜੀਵਨ ਕਾਲ ਸੰਪੂਰਨਤਾ ਦਾ ਇੱਕ ਰੂਪ ਮੰਨਿਆ ਜਾਂਦਾ ਹੈ, ਪਰ ਵਿਅਕਤੀਗਤ ਪਰਿਵਰਤਨ ਅਤੇ ਰਾਸ਼ਟਰੀ ਪੁਨਰ ਉਥਾਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ, ਇਹ ਇੱਕ ਰਚਨਾਤਮਕ ਪੜਾਅ ਨੂੰ ਦਰਸਾਉਂਦਾ ਹੈ, ਜਿਸ ਵਿੱਚ ਉਹ ਨਵੀਂ ਊਰਜਾ ਨਾਲ ਅੱਗੇ ਵਧਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਲੱਖਾਂ ਲੋਕਾਂ ਨੂੰ ਗਾਇਤ੍ਰੀ ਮੰਤਰ, ਗਾਇਤ੍ਰੀ ਪੂਜਾ ਅਤੇ ਗਾਇਤ੍ਰੀ ਅਧਿਆਤਮਿਕ ਅਭਿਆਸ ਨਾਲ ਜੋੜਿਆ। ਭਾਰਤ ਕਦੇ ਵੀ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਦੇ ਕਰਜ਼ੇ ਤੋਂ ਮੁਕਤ ਨਹੀਂ ਹੋਵੇਗਾ। ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਵਿਅਕਤੀਗਤ ਪਰਿਵਰਤਨ ਅਤੇ ਭਗਤੀ ਦੇ ਅੰਦੋਲਨ ਨਾਲ ਜੋੜਿਆ, ਉਨ੍ਹਾਂ ਨੂੰ ਅਧਿਆਤਮਿਕਤਾ ਦੇ ਮਾਰਗ 'ਤੇ ਚਲਾਇਆ, ਅਤੇ ਗਾਇਤ੍ਰੀ ਮੰਤਰ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਜਾਤ, ਭਾਈਚਾਰੇ ਜਾਂ ਲਿੰਗ ਦੇ ਭੇਦਭਾਵ ਤੋਂ ਬਿਨਾ, ਗਾਇਤ੍ਰੀ ਮੰਤਰ ਰਾਹੀਂ ਹਰ ਆਤਮਾ ਨੂੰ ਭਲਾਈ ਅਤੇ ਉੱਨਤੀ ਦਾ ਰਾਹ ਦਿਖਾਇਆ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਗਾਇਤ੍ਰੀ ਮੰਤਰ ਦੇ ਗਿਆਨ ਨੂੰ ਜਨਤਾ ਤੱਕ ਪਹੁੰਚਾਉਣ ਲਈ ਮਹਾਮਨਾ ਮਦਨ ਮੋਹਨ ਮਾਲਵੀਆ ਜੀ ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ ਅਤੇ ਇਸ ਨੂੰ ਆਪਣੇ ਜੀਵਨ ਦਾ ਮਾਰਗਦਰਸ਼ਕ ਮੰਤਰ ਬਣਾਇਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1971 ਵਿੱਚ, ਇਸ ਪਵਿੱਤਰ ਧਰਤੀ 'ਤੇ ਪ੍ਰਗਟ ਹੋਇਆ ਬ੍ਰਹਮ ਪ੍ਰਕਾਸ਼, ਸ਼ਾਂਤੀਕੁੰਜ ਦੀ ਸਥਾਪਨਾ ਹੋਈ, ਅਤੇ ਕਰੋੜਾਂ ਲੋਕਾਂ ਨੇ ਗੁਰੂਦੇਵ ਦੁਆਰਾ ਦਰਸਾਏ ਗਏ ਮਾਰਗ 'ਤੇ ਚੱਲਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ, ਧਾਰਮਿਕ ਆਗੂ ਜਾਂ ਦਰਸ਼ਨ ਇੱਕ ਯੁੱਗ ਨੂੰ ਨਹੀਂ ਬਦਲ ਸਕਦਾ। ਪੰਡਿਤ ਜੀ ਨੇ ਉਪਦੇਸ਼ ਦਿੱਤਾ ਕਿ, "ਹਮ ਬਦਲੇਂਗੇ, ਯੁੱਗ ਬਦਲੇਂਗੇ" (ਅਸੀਂ ਬਦਲਾਂਗੇ, ਯੁੱਗ ਬਦਲੇਗਾ) ਅਤੇ ਇਸ ਸਿਧਾਂਤ ਨੇ ਪੂਰੇ ਰਾਸ਼ਟਰ ਨੂੰ ਰਸਤਾ ਦਿਖਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿਅਕਤੀ, ਰਾਸ਼ਟਰ ਅਤੇ ਸਮਾਂ ਨਹੀਂ ਬਦਲਦਾ, ਉਦੋਂ ਤੱਕ ਇੱਕ ਯੁੱਗ ਦੇ ਬਦਲਣ ਦਾ ਸਵਾਲ ਹੀ ਨਹੀਂ ਉੱਠਦਾ। ਜੇਕਰ ਹਰ ਵਿਅਕਤੀ ਅਧਿਆਤਮਿਕਤਾ ਦੇ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਤਾਂ ਯੁੱਗ ਆਪਣੇ ਆਪ ਬਦਲ ਜਾਂਦਾ ਹੈ। ਕੁਝ ਹੀ ਸਮੇਂ ਵਿੱਚ, 15 ਕਰੋੜ ਪਰਿਵਾਰ ਇਸ ਅੰਦੋਲਨ ਨਾਲ ਜੁੜ ਗਏ। ਸ਼੍ਰੀ ਸ਼ਾਹ ਨੇ ਕਿਹਾ ਕਿ "ਅਸੀਂ ਬਦਲਾਂਗੇ, ਯੁੱਗ ਬਦਲੇਗਾ" ਅਤੇ ਗਾਇਤ੍ਰੀ ਮੰਤਰ ਵਿਚਕਾਰ ਡੂੰਘਾ ਸਬੰਧ ਹੈ। ਗਾਇਤ੍ਰੀ ਮੰਤਰ ਸਿਰਫ਼ ਸੰਸਕ੍ਰਿਤ ਵਿੱਚ ਰਚਿਆ ਗਿਆ ਇੱਕ ਮੰਤਰ ਨਹੀਂ ਹੈ; ਇਸ ਦੇ 24 ਅੱਖਰ 24 ਮਹਾਨ ਅਧਿਆਤਮਿਕ ਕੇਂਦਰਾਂ ਨੂੰ ਜਗਾਉਂਦੇ ਹਨ। ਉਨ੍ਹਾਂ ਕਿਹਾ ਕਿ ਗਾਇਤ੍ਰੀ ਮੰਤਰ ਦੇ 24 ਅੱਖਰ ਗੁਣਾਂ ਨਾਲ ਸਬੰਧਿਤ 24 ਅਧਿਆਤਮਿਕ ਕੇਂਦਰਾਂ ਨੂੰ ਸੰਤੁਲਿਤ ਕਰਦੇ ਹਨ, ਜਦੋਂ ਇਹ 24 ਗੁਣ ਵਿਕਸਿਤ ਹੁੰਦੇ ਹਨ, ਤਾਂ ਪਰਉਪਕਾਰ, ਹਿੰਮਤ ਅਤੇ ਬੁੱਧੀ ਵਿੱਚਾ ਵਾਧਾ ਹੁੰਦਾ ਹੈ। ਪਦਮਾਸਨ ਵਿੱਚ ਬੈਠ ਕੇ ਨਾਭੀ ਤੋਂ ਬੋਲਿਆ ਜਾਣ ਵਾਲਾ ਗਾਇਤ੍ਰੀ ਮੰਤਰ ਸਾਡੇ ਅੰਦਰ ਦੀਆਂ ਉੱਤਮ ਗ੍ਰੰਥੀਆਂ ਨੂੰ ਜਾਗ੍ਰਿਤ ਕਰਕੇ ਉਨ੍ਹਾਂ ਨੂੰ ਕਿਰਿਆਸ਼ੀਲ ਕਰਦਾ ਹੈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ "ਹਮ ਬਦਲੇਂਗੇ, ਯੁੱਗ ਬਦਲੇਂਗੇ" (ਅਸੀਂ ਬਦਲਾਂਗੇ, ਯੁੱਗ ਬਦਲੇਗਾ) ਦੇ ਨਾਅਰੇ ਨੂੰ ਗਾਇਤ੍ਰੀ ਮੰਤਰ ਨਾਲ ਜੋੜਿਆ। ਉਨ੍ਹਾਂ ਕਿਹਾ ਕਿ "ਅਸੀਂ ਬਦਲਾਂਗੇ, ਯੁੱਗ ਬਦਲੇਗਾ" ਦਾ ਸੰਦੇਸ਼ ਦੇ ਕੇ ਪੰਡਿਤ ਆਚਾਰੀਆ ਸ਼ਰਮਾ ਜੀ ਨੇ ਪੂਰੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਅਤੇ ਨਵੀਂ ਸੰਕਲਪ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਗਾਇਤ੍ਰੀ ਮੰਤਰ ਮੂਲ ਰੂਪ ਵਿੱਚ ਧਰਤੀ 'ਤੇ ਸਾਰੀ ਮਨੁੱਖਤਾ ਦੇ ਕਲਿਆਣ ਲਈ ਰਚਿਆ ਗਿਆ ਸੀ, ਪਰ ਸਮੇਂ ਦੇ ਨਾਲ ਇਹ ਹੌਲੀ-ਹੌਲੀ ਸਿਰਫ਼ ਇੱਕ ਰਸਮੀ ਅਭਿਆਸ ਵਿੱਚ ਬਦਲ ਕੇ ਰਹਿ ਗਿਆ। ਪੰਡਿਤ ਰਾਮ ਸ਼ਰਮਾ ਜੀ ਨੇ ਗਾਇਤ੍ਰੀ ਮੰਤਰ ਨੂੰ ਇੱਕ ਵਿਗਿਆਨਿਕ ਨੀਂਹ ਦਿੱਤੀ ਅਤੇ ਇਸ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਵਾਰ ਇਮਾਨਦਾਰੀ ਨਾਲ ਕੋਸ਼ਿਸ਼ ਕਰੋ - ਪੰਡਿਤ ਸ਼ਰਮਾ ਜੀ ਦੇ ਆਸ਼ੀਰਵਾਦ ਨਾਲ, ਸੁਆਰਥ ਦੂਰ ਹੋ ਜਾਵੇਗਾ, ਨਿਰਸੁਆਰਥਤਾ ਵਧੇਗੀ, ਕਾਇਰਤਾ ਅਲੋਪ ਹੋ ਜਾਵੇਗੀ, ਹਿੰਸਾ ਰਹਿਤ ਬਹਾਦਰੀ ਆਪਣੀ ਥਾਂ ਲੈ ਲਵੇਗੀ, ਅਤੇ ਬੁੱਧੀ ਧਾਰਮਿਕਤਾ ਦੇ ਮਾਰਗ 'ਤੇ ਮੁਹਾਰਤ ਪ੍ਰਾਪਤ ਕਰ ਲਵੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 'ਅਖੰਡ ਜਯੋਤੀ' (Akhand Jyoti’) ਪੱਤ੍ਰਿਕਾ 100 ਤੋਂ ਵੱਧ ਭਾਸ਼ਾਵਾਂ ਵਿੱਚ ਕਰੋੜਾਂ ਲੋਕਾਂ ਤੱਕ ਬਿਨਾ ਕਿਸੇ ਇਸ਼ਤਿਹਾਰ ਜਾਂ ਬਾਹਰੀ ਸਹਾਇਤਾ ਦੇ ਪਹੁੰਚ ਰਹੀ ਹੈ। ਇਹ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਅਤੇ ਸਤਿਕਾਰਯੋਗ ਮਾਤਾ ਜੀ ਦੀ ਤਪੱਸਿਆ ਦਾ ਪ੍ਰਤੱਖ ਪਰਿਣਾਮ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਆਜ਼ਾਦੀ ਅੰਦੋਲਨ ਤੋਂ ਲੈ ਕੇ ਸਮਾਜਿਕ ਸੁਧਾਰਾਂ ਤੱਕ, ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਨੇ ਨਮਕ ਸੱਤਿਆਗ੍ਰਹਿ ਵਿੱਚ ਹਿੱਸਾ ਲਿਆ, ਅੰਗਰੇਜ਼ਾਂ ਦੀਆਂ ਲਾਠੀਆਂ ਦਾ ਸਾਹਮਣਾ ਕੀਤਾ ਅਤੇ ਆਜ਼ਾਦੀ ਤੋਂ ਬਾਅਦ, ਸਮਾਜ ਵਿੱਚ ਪ੍ਰਚਲਿਤ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਅੰਦੋਲਨ ਸ਼ੁਰੂ ਕੀਤਾ। ਉਨ੍ਹਾਂ ਨੇ ਜਾਤੀ ਭੇਦਭਾਵ ਦੀਆਂ ਬੇੜੀਆਂ ਤੋੜੀਆਂ, ਸਮਾਜ ਨੂੰ ਸਮਾਨਤਾ ਦਾ ਰਸਤਾ ਦਿਖਾਇਆ ਅਤੇ ਔਰਤਾਂ ਨੂੰ ਗਾਇਤ੍ਰੀ ਮੰਤਰ ਦਾ ਜਾਪ ਕਰਨ ਦਾ ਅਧਿਕਾਰ ਪ੍ਰਦਾਨ ਕੀਤਾ। ਉਨ੍ਹਾਂ ਨੇ ਦਾਜ-ਮੁਕਤ ਵਿਆਹਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਇੱਕ ਰਚਨਾਤਮਕ ਦ੍ਰਿਸ਼ਟੀਕੋਣ ਨਾਲ, ਉਨ੍ਹਾਂ ਨੇ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ। ਨਸ਼ਾ ਮੁਕਤੀ ਅਤੇ ਗੰਗਾ ਦੀ ਸਫਾਈ ਲਈ ਮੁਹਿੰਮਾਂ ਦੇ ਨਾਲ ਹੀ, ਉਨ੍ਹਾਂ ਨੇ ਰੁੱਖ ਲਗਾਉਣ ਦਾ ਕੰਮ ਵੀ ਕੀਤਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਸ਼ਰਮਾ ਜੀ ਨੇ ਸੂਤਰ ਦਿੱਤਾ ਕਿ "ਆਪਣੇ ਆਪ ਨੂੰ ਸੁਧਾਰਨਾ ਹੀ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਹੈ।" ਇਸ ਸੂਤਰ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਰੌਸ਼ਨੀ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ 'ਤੇ ਕੋਈ ਵੀ ਸੰਕਟ ਆਉਂਦਾ ਹੈ - ਭਾਵੇਂ ਉਹ ਹੜ੍ਹ ਹੋਣ, ਭੂਚਾਲ ਹੋਵੇ, ਜਾਂ ਮਹਾਮਾਰੀ ਹੋਵੇ -ਗਾਇਤ੍ਰੀ ਪਰਿਵਾਰ ਹਮੇਸ਼ਾ ਸੇਵਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। ਮੁੱਠੀ ਭਰ ਅਨਾਜ ਅਤੇ ਸਮਿਧਾ (ਪਵਿੱਤਰ ਲੱਕੜ) ਦੇ ਦਾਨ ਤੋਂ ਲੈ ਕੇ ਸਮਾਜ ਦੇ ਉੱਥਾਨ ਲਈ ਦੇਸ਼ ਭਰ ਵਿੱਚ ਕੰਮ ਕਰਨ ਤੱਕ, ਇਹ ਸੰਗਠਨ ਇੱਕ ਮਿਸਾਲੀ ਮਾਡਲ ਬਣ ਚੁੱਕਿਆ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ 1990 ਵਿੱਚ ਆਚਾਰੀਆ ਸ਼੍ਰੀ ਨੇ ਆਪਣਾ ਨਸ਼ਵਰ ਸਰੀਰ ਛੱਡਿਆ, ਤਾਂ ਮਾਤਾ ਜੀ ਨੇ 15 ਲੱਖ ਲੋਕਾਂ ਦੇ ਸਾਹਮਣੇ ਐਲਾਨ ਕੀਤਾ ਕਿ ਇਹ ਮਿਸ਼ਨ ਬ੍ਰਹਮ ਪ੍ਰੇਰਿਤ ਹੈ - ਇਹ ਰੁਕੇਗਾ ਨਹੀਂ, ਸਗੋਂ ਤੇਜ਼ੀ ਨਾਲ ਫੈਲੇਗਾ। ਉਨ੍ਹਾਂ ਨੇ ਚਿੱਤਰਕੂਟ ਵਿੱਚ ਇੱਕ ਯੱਗ ਕੀਤਾ, ਜਿਸ ਵਿੱਚ 1008 ਕੁੰਡਾਂ (ਪਵਿੱਤਰ ਅਗਨੀ ਕੁੰਡ) ਵਿੱਚ 10 ਲੱਖ ਲੋਕਾਂ ਨੇ ਆਪਣੇ ਨਸ਼ਿਆਂ ਤੋਂ ਮੁਕਤੀ ਪਾਈ। ਇਹ ਸਨਾਤਨ ਧਰਮ ਦੇ ਇਤਿਹਾਸ ਵਿੱਚ ਪਹਿਲਾ ਅਜਿਹਾ ਅਸ਼ਵਮੇਧ ਯੱਗ ਸੀ ਜਿਸ ਵਿੱਚ 10 ਲੱਖ ਲੋਕਾਂ ਨੇ ਆਪਣੇ ਨਸ਼ਿਆਂ ਦੀ ਬਲੀ ਚੜਾਈ। ਇਸ ਅੰਦੋਲਨ ਨੇ ਸਨਾਤਨ ਧਰਮ ਨੂੰ ਵਿਗਿਆਨਿਕਤਾ ਪ੍ਰਦਾਨ ਕਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪੰਡਿਤ ਰਾਮ ਸ਼ਰਮਾ ਜੀ ਨੇ ਕਿਹਾ ਸੀ ਕਿ ਧਰਮ ਅਤੇ ਵਿਗਿਆਨ ਇੱਕ ਦੂਜੇ ਦੇ ਪੂਰਕ ਹਨ, ਵਿਰੋਧੀ ਨਹੀਂ। ਸਨਾਤਨ ਧਰਮ ਅਤੇ ਵਿਗਿਆਨ ਸੱਚਮੁੱਚ ਇੱਕ-ਦੂਜੇ ਦੇ ਪੂਰਕ ਹਨ। ਜਿਨ੍ਹਾਂ ਨੂੰ ਧਰਮ ਦਾ ਸੱਚਾ ਗਿਆਨ ਨਹੀਂ ਹੈ, ਉਹ ਇਸਨੂੰ ਅੰਧਵਿਸ਼ਵਾਸ ਸਮਝਦੇ ਹਨ, ਜਦਕਿ ਜਿਨ੍ਹਾਂ ਕੋਲ ਧਰਮ ਦੀ ਸੱਚੀ ਸਮਝ ਹੈ, ਉਹ ਇਸ ਦਾ ਵਿਗਿਆਨਿਕ ਮੁਲਾਂਕਣ ਕਰ ਸਕਦੇ ਹਨ। ਅਧਿਆਤਮਿਕਤਾ ਨੂੰ ਤਰਕ ਦੀ ਕਸੌਟੀ ‘ਤੇ ਪਰਖਣ ਦੀ ਪਹਿਲੀ ਸ਼ੁਰੂਆਤ ਪੰਡਿਤ ਰਾਮ ਸ਼ਰਮਾ ਜੀ ਨੇ ਹੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਇਸ ਦੇਸ਼ ਦੇ ਨੌਜਵਾਨ ਵੇਦਾਂ, ਉਪਨਿਸ਼ਦਾਂ ਅਤੇ ਪੁਰਾਣਾਂ ਨੂੰ ਅੱਗੇ ਵਧਾਉਣਗੇ ਅਤੇ ਨਾਲ ਹੀ ਵਿਗਿਆਨ ਦੀ ਨੀਂਹ ਨੂੰ ਵੀ ਅਪਣਾਉਣਗੇ, ਤਦ ਅਸੀਂ ਜ਼ਰੂਰ ਅੱਗੇ ਵਧਾਂਗੇ। ਸ਼੍ਰੀ ਸ਼ਾਹ ਨੇ ਕਿਹਾ, ਗਾਇਤ੍ਰੀ ਪਰਿਵਾਰ ਵਿੱਚ ਬੱਚਿਆਂ ਦੇ ਇੱਕ ਹੱਥ ਵਿੱਚ ਵੇਦ ਅਤੇ ਦੂਜੇ ਹੱਥ ਵਿੱਚ ਲੈਪਟੌਪ ਫੜੇ ਦੇਖਣਾ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਪਰੰਪਰਾ ਅਤੇ ਤਰੱਕੀ ਨਾਲ-ਨਾਲ ਚੱਲ ਸਕਦੇ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਕਿਸ਼ੋਰਾਂ ਅਤੇ ਨੌਜਵਾਨਾਂ ਦੇ ਸਾਹਮਣੇ ਆਜ਼ਾਦੀ ਦੇ ਅੰਦੋਲਨ ਦਾ ਇਤਿਹਾਸ ਰੱਖਿਆ। ਹਰ ਪਿੰਡ ਵਿੱਚ ਆਜ਼ਾਦੀ ਘੁਲਾਟੀਆਂ ਦੀ ਭਾਲ ਕਰਕੇ ਅਤੇ ਉਨ੍ਹਾਂ ਦੀ ਮਹਿਮਾ ਮਨਾਈ ਗਈ। ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ, ਅੰਮ੍ਰਿਤ ਕਾਲ ਦਾ ਐਲਾਨ ਕੀਤਾ ਗਿਆ, ਜੋ ਕਿ ਆਜ਼ਾਦੀ ਦੇ 75 ਤੋਂ 100 ਵਰ੍ਹਿਆਂ ਦੀ ਯਾਤਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਾਰੇ ਭਾਰਤੀ 15 ਅਗਸਤ 2047 ਨੂੰ ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ, ਤਾਂ ਅਸੀਂ ਇੱਕ ਅਜਿਹੇ ਭਾਰਤ ਦੀ ਰਚਨਾ ਕਰਾਂਗੇ ਜੋ ਹਰ ਖੇਤਰ ਵਿੱਚ ਦੁਨੀਆ ਵਿੱਚ ਸਭ ਤੋਂ ਪਹਿਲੇ ਸਥਾਨ ‘ਤੇ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦਾ ਇੱਕ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ ਜੋ ਪੂਰੀ ਤਰ੍ਹਾਂ ਵਿਕਸਿਤ ਹੈ, ਭੌਤਿਕਵਾਦ ਤੋਂ ਪਰ੍ਹੇ ਅਤੇ ਅਧਿਆਤਮਿਕਤਾ ਦੇ ਮਾਰਗ 'ਤੇ ਅੱਗੇ ਵਧਦਾ ਹੈ। ਇਹ ਸੰਕਲਪ ਹੁਣ 140 ਕਰੋੜ ਲੋਕਾਂ ਦਾ ਸੰਕਲਪ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਕਲਪ ਸਮਾਜ ਸੇਵਾ ਸੰਗਠਨਾਂ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਵਿਕਸਿਤ ਭਾਰਤ ਬਣਾਉਣ ਅਤੇ ਭਾਰਤ ਮਾਤਾ ਨੂੰ ਦੁਨੀਆ ਦੇ ਸਭ ਤੋਂ ਉੱਚੇ ਸਥਾਨ 'ਤੇ ਬਿਠਾਉਣ ਦਾ ਸੰਕਲਪ ਵੀ ਗਾਇਤ੍ਰੀ ਪਰਿਵਾਰ ਦਾ ਸੰਕਲਪ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਬੇਮਿਸਾਲ ਬਦਲਾਅ ਆਏ ਹਨ। 550 ਵਰ੍ਹਿਆਂ ਤੋਂ, ਰਾਮਲੱਲਾ ਇੱਕ ਅਪਮਾਨਜਨਕ ਵਿਵਸਥਾ ਵਿੱਚ ਬਿਰਾਜਮਾਨ ਸਨ, ਪਰ ਅੱਜ ਅਯੋਧਿਆ ਵਿੱਚ ਉਸੇ ਸਥਾਨ 'ਤੇ ਇੱਕ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਹੋ ਗਿਆ ਹੈ। ਔਰੰਗਜ਼ੇਬ ਦੁਆਰਾ ਢਾਹਿਆ ਗਿਆ ਕਾਸ਼ੀ ਵਿਸ਼ਵਨਾਥ ਮੰਦਿਰ ਅੱਜ ਦੁਬਾਰਾ ਤਿਆਰ ਹੋ ਕੇ ਅਤੇ ਆਪਣੀ ਪੂਰੀ ਸ਼ਾਨ ਨਾਲ ਸਥਾਪਿਤ ਹੋ ਗਿਆ ਹੈ। 16 ਵਾਰ ਟੁੱਟਣ ਤੋਂ ਬਾਅਦ, ਅੱਜ ਸੋਮਨਾਥ ਮੰਦਿਰ ਬੇਮਿਸਾਲ ਮਾਣ ਅਤੇ ਸਨਮਾਨ ਨਾਲ ਸਨਾਤਨ ਧਰਮ ਦੇ ਸ਼ਾਨਦਾਰ ਝੰਡੇ ਨੂੰ ਆਪਣੀ ਸਭ ਤੋਂ ਉੱਚੀ ਚੋਟੀ 'ਤੇ ਲਹਿਰਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦੇਸ਼ ਇੱਕ ਕੌਮਨ ਸਿਵਿਲ ਕੋਡ ਦੇ ਰਾਹ 'ਤੇ ਅੱਗੇ ਵਧ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੋਕ ਹਿੰਦੂਤਵ ਬਾਰੇ ਗੱਲ ਕਰਨ ਤੋਂ ਵੀ ਝਿਜਕਦੇ ਸਨ, ਪਰ ਅੱਜ ਉਹ ਮਾਣ ਨਾਲ ਆਪਣੇ ਧਰਮ ਬਾਰੇ ਗੱਲ ਕਰਦੇ ਹਨ।

ਗ੍ਰਹਿ ਮੰਤਰੀ ਨੇ ਹਰਿਦੁਆਰ ਵਿੱਚ ਪਤੰਜਲੀ ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਦਾ ਉਦਘਾਟਨ ਵੀ ਕੀਤਾ।

****

ਆਰਕੇ/ਪੀਆਰ/ਪੀਐੱਸ/ਏਕੇ


(Release ID: 2217959) ਵਿਜ਼ੀਟਰ ਕਾਊਂਟਰ : 20