ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਬਾਗੁਰੁੰਬਾ ਦਹੋਓ ਸਮਾਗਮ ਨੂੰ ਸੰਬੋਧਨ ਕੀਤਾ


ਬਾਗੁਰੁੰਬਾ ਦਹੋਓ ਸਾਡੀਆਂ ਮਹਾਨ ਬੋਡੋ ਪਰੰਪਰਾਵਾਂ ਦਾ ਸਨਮਾਨ ਕਰਦਾ ਹੈ: ਪ੍ਰਧਾਨ ਮੰਤਰੀ

2020 ਦੇ ਬੋਡੋ ਸ਼ਾਂਤੀ ਸਮਝੌਤੇ ਨੇ ਸਾਲਾਂ ਦੇ ਸੰਘਰਸ਼ ਨੂੰ ਖ਼ਤਮ ਕੀਤਾ, ਵਿਸ਼ਵਾਸ ਬਹਾਲ ਕੀਤਾ ਅਤੇ ਹਜ਼ਾਰਾਂ ਨੌਜਵਾਨ ਹਿੰਸਾ ਤਿਆਗ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ: ਪ੍ਰਧਾਨ ਮੰਤਰੀ

ਪ੍ਰਤਿਭਾਸ਼ਾਲੀ ਬੋਡੋ ਨੌਜਵਾਨ ਅੱਜ ਅਸਾਮ ਦੇ ਸਭਿਆਚਾਰਕ ਰਾਜਦੂਤ ਵਜੋਂ ਉੱਭਰ ਰਹੇ ਹਨ: ਪ੍ਰਧਾਨ ਮੰਤਰੀ

ਅਸਾਮ ਦੇ ਵਧਦੇ ਆਤਮ-ਵਿਸ਼ਵਾਸ, ਤਾਕਤ ਅਤੇ ਪ੍ਰਗਤੀ ਦੇ ਨਾਲ, ਭਾਰਤ ਦੀ ਵਿਕਾਸ ਕਹਾਣੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ: ਪ੍ਰਧਾਨ ਮੰਤਰੀ

प्रविष्टि तिथि: 17 JAN 2026 8:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਹਾਟੀ ਦੇ ਸਰੂਸਜਾਈ ਸਟੇਡੀਅਮ ਵਿਖੇ ਬਾਗੁਰੁੰਬਾ ਦਹੋਓ 2026 ਨੂੰ ਸੰਬੋਧਨ ਕੀਤਾ, ਜੋ ਬੋਡੋ ਭਾਈਚਾਰੇ ਦੀ ਖ਼ੁਸ਼ਹਾਲ ਵਿਰਾਸਤ ਦਾ ਜਸ਼ਨ ਮਨਾਉਣ ਵਾਲਾ ਇੱਕ ਇਤਿਹਾਸਕ ਸਭਿਆਚਾਰਕ ਸਮਾਗਮ ਹੈ। ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੇ ਸਭਿਆਚਾਰ ਅਤੇ ਬੋਡੋ ਭਾਈਚਾਰੇ ਦੀਆਂ ਪਰੰਪਰਾਵਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਣਾ ਉਨ੍ਹਾਂ ਦੇ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੋਈ ਹੋਰ ਪ੍ਰਧਾਨ ਮੰਤਰੀ ਇੰਨੀ ਵਾਰ ਅਸਾਮ ਨਹੀਂ ਆਏ ਹਨ, ਜਿੰਨੀ ਵਾਰ ਉਹ ਆਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਇੱਛਾ ਰਹੀ ਹੈ ਕਿ ਅਸਾਮ ਦੀ ਕਲਾ ਅਤੇ ਸਭਿਆਚਾਰ ਨੂੰ ਇੱਕ ਵੱਡਾ ਮੰਚ ਮਿਲੇ ਅਤੇ ਸ਼ਾਨਦਾਰ ਜਸ਼ਨਾਂ ਰਾਹੀਂ ਇਸ ਪੂਰੇ ਦੇਸ਼ ਅਤੇ ਦੁਨੀਆ ਭਰ ਵਿੱਚ ਮਾਨਤਾ ਮਿਲੇ।

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕੀਤੇ ਗਏ ਹਨ, ਉਦਾਹਰਣ ਵਜੋਂ -ਵੱਡੇ ਪੱਧਰ ’ਤੇ ਬਿਹੂ ਸਮਾਗਮ, ਝੁਮੋਇਰ ਬਿਨੋਂਦਿਨੀ ਦਾ ਪ੍ਰਗਟਾਵਾ, ਸਵਾ ਸਾਲ ਪਹਿਲਾਂ ਨਵੀਂ ਦਿੱਲੀ ਵਿੱਚ ਆਯੋਜਿਤ ਸ਼ਾਨਦਾਰ ਬੋਡੋ ਮਹੋਤਸਵ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਸਾਮ ਦੀ ਕਲਾ ਅਤੇ ਸਭਿਆਚਾਰ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਦਾ ਅਨੁਭਵ ਕਰਨ ਦਾ ਕੋਈ ਵੀ ਮੌਕਾ ਕਦੇ ਨਹੀਂ ਗੁਆਉਂਦੇ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਫਿਰ, ਬਾਗੁਰੁੰਬਾ ਤਿਉਹਾਰ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਦਾ ਜ਼ਿਕਰ ਬੋਡੋ ਪਛਾਣ ਦੇ ਇੱਕ ਜੀਵਿਤ ਜਸ਼ਨ ਅਤੇ ਅਸਾਮ ਦੀ ਵਿਰਾਸਤ ਪ੍ਰਤੀ ਸ਼ਰਧਾਂਜਲੀ ਵਜੋਂ ਕੀਤਾ। ਸ਼੍ਰੀ ਮੋਦੀ ਨੇ ਇਸ ਸਮਾਗਮ ਨਾਲ ਜੁੜੇ ਸਾਰੇ ਲੋਕਾਂ, ਖ਼ਾਸ ਕਰਕੇ ਕਲਾਕਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਗੁਰੁੰਬਾ ਦਹੋਓ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਸਗੋਂ ਇਹ ਮਹਾਨ ਬੋਡੋ ਪਰੰਪਰਾ ਦਾ ਸਨਮਾਨ ਕਰਨ ਅਤੇ ਬੋਡੋ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਯਾਦ ਕਰਨ ਦਾ ਇੱਕ ਸਾਧਨ ਹੈ। ਉਨ੍ਹਾਂ ਨੇ ਬੋਡੋਫਾ ਉਪੇਂਦਰ ਨਾਥ ਬ੍ਰਹਮਾ, ਗੁਰੂਦੇਵ ਕਾਲੀਚਰਨ ਬ੍ਰਹਮਾ, ਰੂਪਨਾਥ ਬ੍ਰਹਮਾ, ਸਤੀਸ਼ ਚੰਦਰ ਬਸੁਮਤਾਰੀ, ਮੋਰਦਾਮ ਬ੍ਰਹਮਾ ਅਤੇ ਕਾਣਕੇਸ਼ਵਰ ਨਾਰਜ਼ਰੀ ਵਰਗੇ ਦਿੱਗਜਾਂ ਨੂੰ ਯਾਦ ਕੀਤਾ ਅਤੇ ਸਮਾਜਿਕ ਸੁਧਾਰ, ਸਭਿਆਚਾਰਕ ਪੁਨਰਜਾਗਰਣ ਅਤੇ ਰਾਜਨੀਤਿਕ ਜਾਗਰੂਕਤਾ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਬੋਡੋ ਭਾਈਚਾਰੇ ਦੀਆਂ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਤਿਕਾਰਯੋਗ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਸਾਮ ਦੇ ਸਭਿਆਚਾਰ ਨੂੰ ਪੂਰੇ ਰਾਸ਼ਟਰ ਦਾ ਮਾਣ ਮੰਨਦੀ ਹੈ ਅਤੇ ਭਾਰਤ ਦਾ ਇਤਿਹਾਸ ਅਸਾਮ ਦੇ ਅਤੀਤ ਅਤੇ ਵਿਰਾਸਤ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ ਹੈ।

ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦੇ ਅਧੀਨ ਬਾਗੁਰੁੰਬਾ ਦਹੋਓ ਵਰਗੇ ਸ਼ਾਨਦਾਰ ਤਿਉਹਾਰ ਆਯੋਜਿਤ ਕੀਤੇ ਜਾਂਦੇ ਹਨ, ਬਿਹੂ ਨੂੰ ਰਾਸ਼ਟਰੀ ਮਾਨਤਾ ਦਿੱਤੀ ਗਈ ਹੈ ਅਤੇ ਚਾਰਈਦੇਨ ਮੋਇਦਮ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮੀ ਭਾਸ਼ਾ ਨੂੰ ਇੱਕ ਪ੍ਰਾਚੀਨ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਬੋਡੋ ਭਾਸ਼ਾ ਨੂੰ ਅਸਾਮ ਦੀ ਇੱਕ ਸਹਿਯੋਗੀ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਬੋਡੋ ਸਿੱਖਿਆ ਨੂੰ ਮਜ਼ਬੂਤ ​​ਕਰਨ ਲਈ ਇੱਕ ਵੱਖਰਾ ਡਾਇਰੈਕਟੋਰੇਟ ਸਥਾਪਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਵਚਨਬੱਧਤਾ ਦੇ ਕਾਰਨ ਬਥੋਊ ਧਰਮ ਨੂੰ ਪੂਰਾ ਸਤਿਕਾਰ ਅਤੇ ਮਾਨਤਾ ਦਿੱਤੀ ਗਈ ਹੈ ਅਤੇ ਬਥੋਊ ਪੂਜਾ ਨੂੰ ਸੂਬੇ ਵਿੱਚ ਛੁੱਟੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ ਅਧੀਨ ਯੋਧਾ ਲਚਿਤ ਬੋਰਫੁਕਨ ਦੀ ਇੱਕ ਸ਼ਾਨਦਾਰ ਮੂਰਤੀ ਸਥਾਪਤ ਕੀਤੀ ਗਈ ਹੈ ਅਤੇ ਬੋਡੋਫਾ ਉਪੇਂਦਰ ਨਾਥ ਬ੍ਰਹਮਾ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੀਮੰਤ ਸ਼ੰਕਰਦੇਵ ਦੀ ਸ਼ਰਧਾ ਅਤੇ ਸਮਾਜਿਕ ਸਦਭਾਵਨਾ ਦੀਆਂ ਪਰੰਪਰਾਵਾਂ ਅਤੇ ਜਯੋਤੀ ਪ੍ਰਸਾਦ ਅਗਰਵਾਲ ਦੀ ਕਲਾ ਅਤੇ ਚੇਤਨਾ ਨੂੰ ਅਸਾਮ ਦੀ ਵਿਰਾਸਤ ਵਜੋਂ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਯੋਤੀ ਪ੍ਰਸਾਦ ਅਗਰਵਾਲ ਦੀ ਬਰਸੀ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਅਸਾਮ ਦੇ ਦੌਰੇ ਬਾਰੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ ਕਿ ਸੂਬਾ ਕਿੰਨੀ ਤਰੱਕੀ ਕਰ ਚੁੱਕਿਆ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਖ਼ੂਨ-ਖ਼ਰਾਬਾ ਆਮ ਸੀ, ਪਰ ਅੱਜ ਸਭਿਆਚਾਰ ਦੇ ਰੰਗ ਚਮਕ ਰਹੇ ਹਨ; ਇੱਕ ਅਜਿਹਾ ਸਮਾਂ ਸੀ, ਜਦੋਂ ਬੰਦੂਕ ਦੀਆਂ ਗੋਲੀਆਂ ਗੂੰਜਦੀਆਂ ਸਨ, ਪਰ ਹੁਣ ਖ਼ਾਮ ਅਤੇ ਸਿਫੁੰਗ ਦੀਆਂ ਸੁਰੀਲੀਆਂ ਆਵਾਜ਼ਾਂ ਗੂੰਜਦੀਆਂ ਹਨ; ਇੱਕ ਸਮਾਂ ਅਜਿਹਾ ਸੀ ਜਦੋਂ ਕਰਫ਼ਿਊ ਨਾਲ ਉਦਾਸੀ ਦਾ ਮਾਹੌਲ ਛਾ ਜਾਂਦਾ ਸੀ, ਪਰ ਹੁਣ ਸੰਗੀਤ ਗੂੰਜਦਾ ਹੈ; ਅਸ਼ਾਂਤੀ ਅਤੇ ਅਸਥਿਰਤਾ ਦਾ ਸਮਾਂ ਸੀ, ਪਰ ਹੁਣ ਬਾਗੁਰੁੰਬਾ ਦੇ ਮਨਮੋਹਕ ਪ੍ਰਦਰਸ਼ਨ ਹੋ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਸ਼ਾਨਦਾਰ ਤਿਉਹਾਰ ਸਿਰਫ਼ ਅਸਾਮ ਦੀ ਪ੍ਰਾਪਤੀ ਨਹੀਂ ਸਗੋਂ ਭਾਰਤ ਦੀ ਪ੍ਰਾਪਤੀ ਹੈ, ਅਤੇ ਦੇਸ਼ ਦਾ ਹਰ ਨਾਗਰਿਕ ਅਸਾਮ ਦੇ ਪਰਿਵਰਤਨ ’ਤੇ ਮਾਣ ਮਹਿਸੂਸ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਅਸਾਮ ਦੇ ਲੋਕਾਂ ਅਤੇ ਉਨ੍ਹਾਂ ਦੇ ਬੋਡੋ ਭਰਾਵਾਂ ਅਤੇ ਭੈਣਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਨੂੰ ਸ਼ਾਂਤੀ ਅਤੇ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਲੋਕਾਂ ਦੇ ਅਸ਼ੀਰਵਾਦ ਨਾਲ ਉਸ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਗਿਆ। ਸ਼੍ਰੀ ਮੋਦੀ ਨੇ ਇਹ ਵੀ ਉਜਾਗਰ ਕੀਤਾ ਕਿ 2020 ਦੇ ਬੋਡੋ ਸ਼ਾਂਤੀ ਸਮਝੌਤੇ ਨੇ ਦਹਾਕਿਆਂ ਦੇ ਸੰਘਰਸ਼ ਨੂੰ ਖ਼ਤਮ ਕੀਤਾ, ਵਿਸ਼ਵਾਸ ਨੂੰ ਬਹਾਲ ਕੀਤਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਹਿੰਸਾ ਤਿਆਗ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਝੌਤੇ ਤੋਂ ਬਾਅਦ ਬੋਡੋ ਖੇਤਰ ਵਿੱਚ ਸਿੱਖਿਆ ਅਤੇ ਵਿਕਾਸ ਲਈ ਨਵੇਂ ਮੌਕੇ ਉੱਭਰ ਕੇ ਸਾਹਮਣੇ ਆਏ ਅਤੇ ਸ਼ਾਂਤੀ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣ ਗਈ, ਜਿਸ ਵਿੱਚ ਲੋਕਾਂ ਦੇ ਯਤਨਾਂ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਅਸਾਮ ਦੀ ਸ਼ਾਂਤੀ, ਵਿਕਾਸ ਅਤੇ ਮਾਣ ਦੇ ਕੇਂਦਰ ਵਿੱਚ ਉਸ ਦੇ ਨੌਜਵਾਨ ਹਨ, ਜਿਨ੍ਹਾਂ ਨੇ ਸ਼ਾਂਤੀ ਦਾ ਰਸਤਾ ਚੁਣਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨੂੰ ਇੱਕ ਉੱਜਵਲ ਭਵਿੱਖ ਵੱਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਾਂਤੀ ਸਮਝੌਤੇ ਦੇ ਬਾਅਦ ਤੋਂ ਸਰਕਾਰ ਲਗਾਤਾਰ ਬੋਡੋਲੈਂਡ ਦੇ ਵਿਕਾਸ ਲਈ ਕੰਮ ਕਰ ਰਹੀ ਹੈ, ਪੁਨਰਵਾਸ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਨਵੀਂ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਦੇ ਨਤੀਜੇ ਅੱਜ ਦਿਖਾਈ ਦੇ ਰਹੇ ਹਨ, ਪ੍ਰਤਿਭਾਸ਼ਾਲੀ ਬੋਡੋ ਨੌਜਵਾਨ ਅਸਾਮ ਦੇ ਸਭਿਆਚਾਰਕ ਰਾਜਦੂਤ ਬਣ ਰਹੇ ਹਨ, ਖੇਡਾਂ ਵਿੱਚ ਉੱਤਮਤਾ ਪ੍ਰਾਪਤ ਕਰ ਰਹੇ ਹਨ, ਨਵੇਂ ਆਤਮਵਿਸ਼ਵਾਸ ਨਾਲ ਸੁਪਨੇ ਦੇਖ ਰਹੇ ਹਨ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਨ ਅਤੇ ਅਸਾਮ ਦੀ ਤਰੱਕੀ ਨੂੰ ਤੇਜ਼ ਕਰ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਵੀ ਅਸਾਮ ਦੀ ਕਲਾ, ਸਭਿਆਚਾਰ ਅਤੇ ਪਛਾਣ ਦਾ ਸਨਮਾਨ ਕੀਤਾ ਜਾਂਦਾ ਹੈ, ਤਾਂ ਕੁਝ ਲੋਕ ਪਰੇਸ਼ਾਨ ਹੋ ਜਾਂਦੇ ਹਨ। ਇਹ ਪੁੱਛਦੇ ਹੋਏ ਕਿ ਅਸਾਮ ਦੇ ਸਨਮਾਨ ਦੀ ਕਦਰ ਕੌਣ ਨਹੀਂ ਕਰਦਾ, ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਭੂਪੇਨ ਹਜ਼ਾਰਿਕਾ ਨੂੰ ਭਾਰਤ ਰਤਨ ਦੇਣ ਦਾ ਵਿਰੋਧ ਕੀਤਾ ਸੀ ਅਤੇ ਇਹ ਉਹੀ ਲੋਕ ਸਨ ਜਿਨ੍ਹਾਂ ਨੇ ਅਸਾਮ ਵਿੱਚ ਸੈਮੀਕੰਡਕਟਰ ਯੂਨਿਟ ਦੀ ਸਥਾਪਨਾ ਦਾ ਵਿਰੋਧ ਕੀਤਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਵੀ, ਜਦੋਂ ਉਹ ਅਸਾਮ ਦੇ ਸਭਿਆਚਾਰ ਨਾਲ ਸਬੰਧਤ ਕੁਝ ਪਹਿਨਦੇ ਹਨ, ਤਾਂ ਉਹੀ ਵਿਰੋਧੀ ਧਿਰ ਇਸ ਦਾ ਮਜ਼ਾਕ ਉਡਾਉਂਦੇ ਹਨ।

 

ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਸਾਮ ਅਤੇ ਬੋਡੋਲੈਂਡ ਦਹਾਕਿਆਂ ਤੱਕ ਸਿਰਫ਼ ਵਿਰੋਧੀ ਧਿਰ ਕਾਰਨ ਮੁੱਖ ਧਾਰਾ ਤੋਂ ਕਟੇ ਰਹੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਰਾਜਨੀਤਿਕ ਲਾਭ ਲਈ ਅਸਾਮ ਵਿੱਚ ਅਸਥਿਰਤਾ ਪੈਦਾ ਕੀਤੀ ਅਤੇ ਰਾਜ ਨੂੰ ਹਿੰਸਾ ਦੀ ਅੱਗ ਵਿੱਚ ਧੱਕ ਦਿੱਤਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਆਜ਼ਾਦੀ ਤੋਂ ਬਾਅਦ ਅਸਾਮ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਹੱਲ ਲੱਭਣ ਦੀ ਬਜਾਏ, ਉਸ ਸਮੇਂ ਦੇ ਸੱਤਾਧਾਰੀ ਪ੍ਰਣਾਲੀ ਨੇ ਰਾਜਨੀਤਿਕ ਲਾਭ ਲਈ ਉਨ੍ਹਾਂ ਸਮੱਸਿਆਵਾਂ ਦਾ ਸ਼ੋਸ਼ਣ ਕੀਤਾ। ਵਿਰੋਧੀ ਪਾਰਟੀ ਦੀ ਆਲੋਚਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵਿਸ਼ਵਾਸ ਦੀ ਜ਼ਰੂਰਤ ਸੀ, ਤਾਂ ਉਨ੍ਹਾਂ ਨੇ ਵੰਡ ਦੇ ਬੀਜ ਬੀਜੇ; ਜਦੋਂ ਗੱਲਬਾਤ ਦੀ ਜ਼ਰੂਰਤ ਸੀ, ਤਾਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸੰਚਾਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਬੋਡੋਲੈਂਡ ਦੀ ਆਵਾਜ਼ ਕਦੇ ਵੀ ਸਹੀ ਢੰਗ ਨਾਲ ਨਹੀਂ ਸੁਣੀ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸਾਮ ਨੂੰ ਇਲਾਜ ਅਤੇ ਸੇਵਾ ਦੀ ਜ਼ਰੂਰਤ ਸੀ, ਤਾਂ ਉਨ੍ਹਾਂ ਨੇ ਘੁਸਪੈਠੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਦੇ ਸਵਾਗਤ ’ਤੇ ਧਿਆਨ ਕੇਂਦ੍ਰਿਤ ਕੀਤਾ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਪਾਰਟੀ ਅਸਾਮ ਦੇ ਲੋਕਾਂ ਨੂੰ ਆਪਣਾ ਨਹੀਂ ਮੰਨਦੀ, ਸਗੋਂ ਵਿਦੇਸ਼ੀ ਘੁਸਪੈਠੀਆਂ ਨੂੰ ਤਰਜੀਹ ਦਿੰਦੀ ਹੈ ਜੋ ਉਸ ਦੇ ਵਫ਼ਾਦਾਰ ਵੋਟ ਬੈਂਕ ਬਣ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ ਘੁਸਪੈਠੀਏ ਆਉਂਦੇ ਰਹੇ, ਲੱਖਾਂ ਏਕੜ ਜ਼ਮੀਨ ’ਤੇ ਕਬਜ਼ਾ ਕਰਦੇ ਰਹੇ ਅਤੇ ਸਰਕਾਰੀ ਸਮਰਥਨ ਪ੍ਰਾਪਤ ਕਰਦੇ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਅੱਜ, ਸ਼੍ਰੀ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਹੇਠ ਸਰਕਾਰ ਲੱਖਾਂ ਏਕੜ ਜ਼ਮੀਨ ਘੁਸਪੈਠੀਆਂ ਤੋਂ ਮੁਕਤ ਕਰਵਾ ਰਹੀ ਹੈ ਅਤੇ ਇਸ ਨੂੰ ਅਸਾਮ ਦੇ ਯੋਗ ਲੋਕਾਂ ਨੂੰ ਵਾਪਸ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਹਮੇਸ਼ਾ ਅਸਾਮ ਅਤੇ ਪੂਰੇ ਉੱਤਰ-ਪੂਰਬ ਨੂੰ ਨਜ਼ਰਅੰਦਾਜ਼ ਕਰਦਾ ਰਿਹਾ, ਜਾਣਬੁੱਝ ਕੇ ਇਸ ਖੇਤਰ ਨੂੰ ਮੁਸ਼ਕਲਾਂ ਵਿੱਚ ਧੱਕਿਆ ਅਤੇ ਉਨ੍ਹਾਂ ਨੇ ਕਦੇ ਵੀ ਇਸ ਦੇ ਵਿਕਾਸ ਨੂੰ ਮਹੱਤਵਪੂਰਨ ਨਹੀਂ ਮੰਨਿਆ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਦੇ ਪਾਪਾਂ ਨੂੰ ਸਾਫ਼ ਕਰਨ ਦਾ ਕੰਮ ਉਨ੍ਹਾਂ ਦੀ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਕਰ ਰਹੀਆਂ ਹਨ ਅਤੇ ਅੱਜ ਦਿਖਾਈ ਦੇ ਰਹੀ ਵਿਕਾਸ ਦੀ ਗਤੀ ਇਸ ਦਾ ਪ੍ਰਮਾਣ ਹੈ। ਉਨ੍ਹਾਂ ਨੇ ਬੋਡੋ-ਕਚਾਰੀ ਭਲਾਈ ਖ਼ੁਦਮੁਖ਼ਤਿਆਰ ਕੌਂਸਲ ਦੇ ਗਠਨ ਬੋਡੋਲੈਂਡ ਲਈ 1,500 ਕਰੋੜ ਰੁਪਏ ਦੇ ਵਿਸ਼ੇਸ਼ ਵਿਕਾਸ ਪੈਕੇਜ ਦੀ ਵੰਡ, ਕੋਕਰਾਝਾਰ ਵਿੱਚ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸਥਾਪਨਾ ਅਤੇ ਤਾਮੁਲਪੁਰ ਵਿੱਚ ਇੱਕ ਮੈਡੀਕਲ ਕਾਲਜ ਦੀ ਤੇਜ਼ੀ ਨਾਲ ਉਸਾਰੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਨਰਸਿੰਗ ਕਾਲਜ ਅਤੇ ਪੈਰਾ-ਮੈਡੀਕਲ ਸੰਸਥਾਨ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ, ਜਦੋਂ ਕਿ ਗੋਬਰਧਨਾ, ਪਰਬਤਝੋਰਾ ਅਤੇ ਹੋਰੀਸਿੰਗਾ ਵਿੱਚ ਪੌਲੀਟੈਕਨਿਕ ਅਤੇ ਸਿਖਲਾਈ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਹਨ।

ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੱਕ ਵੱਖਰਾ ਭਲਾਈ ਵਿਭਾਗ ਅਤੇ ਬੋਡੋਲੈਂਡ ਪ੍ਰਸ਼ਾਸਨਿਕ ਸਟਾਫ਼ ਕਾਲਜ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਬੋਡੋ ਭਾਈਚਾਰੇ ਦੀ ਭਲਾਈ ਲਈ ਬਿਹਤਰ ਨੀਤੀ ਨਿਰਮਾਣ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਿਹਤਰ ਬੁਨਿਆਦੀ ਢਾਂਚੇ ਰਾਹੀਂ ਪਾੜੇ ਨੂੰ ਪੂਰਾ ਕੀਤਾ ਹੈ- ਦਿਲਾਂ ਦਰਮਿਆਨ, ਅਸਾਮ ਅਤੇ ਦਿੱਲੀ ਦੇ ਦਰਮਿਆਨ ਅਤੇ ਅਸਾਮ ਦੇ ਅੰਦਰ ਵੀ। ਪਹਿਲਾਂ ਜਿੱਥੇ ਪਹੁੰਚਣਾ ਮੁਸ਼ਕਿਲ ਸੀ, ਹੁਣ ਉੱਥੇ ਹਾਈਵੇਅ ਹਨ, ਅਤੇ ਨਵੀਂਆਂ ਸੜਕਾਂ ਮੌਕੇ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਨੇ ਕੋਕਰਾਝਾਰ ਨੂੰ ਭੂਟਾਨ ਸਰਹੱਦ ਨਾਲ ਜੋੜਨ ਵਾਲੇ ਬਿਸ਼ਮੁਰੀ-ਸਰਲਪਾਰਾ ਸੜਕ ਪ੍ਰੋਜੈਕਟ ਦਾ ਹਵਾਲਾ ਦਿੱਤਾ, ਜਿਸ ਲਈ ਕਰੋੜਾਂ ਰੁਪਏ ਅਲਾਟ ਕੀਤੇ ਗਏ ਹਨ ਅਤੇ ਪ੍ਰਸਤਾਵਿਤ ਕੋਕਰਾਝਾਰ-ਗੇਲੇਫੁ ਰੇਲਵੇ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਵਿਸ਼ੇਸ਼ ਰੇਲਵੇ ਪ੍ਰੋਜੈਕਟ ਐਲਾਨ ਕੀਤਾ ਗਿਆ ਅਤੇ ਐਕਟ ਈਸਟ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ, ਜੋ ਵਪਾਰ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਸਮਾਜ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ, ਜਦੋਂ ਗੱਲਬਾਤ ਅਤੇ ਵਿਸ਼ਵਾਸ ਮਜ਼ਬੂਤ ​​ਹੁੰਦੇ ਹਨ ਅਤੇ ਜਦੋਂ ਸਾਰੇ ਵਰਗਾਂ ਤੱਕ ਬਰਾਬਰ ਮੌਕੇ ਪਹੁੰਚਦੇ ਹਨ ਤਾਂ ਸਕਾਰਾਤਮਕ ਬਦਲਾਅ ਦਿਖਾਈ ਦੇਣ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਅਤੇ ਬੋਡੋਲੈਂਡ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ, ਅਸਾਮ ਦਾ ਵਿਸ਼ਵਾਸ, ਸੰਭਾਵਨਾ ਅਤੇ ਤਰੱਕੀ ਭਾਰਤ ਦੀ ਵਿਕਾਸ ਕਹਾਣੀ ਵਿੱਚ ਨਵੀਂ ਤਾਕਤ ਜੋੜ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਅਸਾਮ ਆਪਣੇ ਆਪ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੇ ਰਾਜਾਂ ਵਜੋਂ ਸਥਾਪਿਤ ਕਰ ਰਿਹਾ ਹੈ, ਇਸ ਦੀ ਆਰਥਿਕਤਾ ਤੇਜ਼ ਹੋ ਰਹੀ ਹੈ, ਅਤੇ ਬੋਡੋਲੈਂਡ ਅਤੇ ਇਸ ਦੇ ਲੋਕ ਇਸ ਤਬਦੀਲੀ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਫਿਰ ਤੋਂ ਸਾਰਿਆਂ ਨੂੰ ਇਸ ਦਿਨ ਦੇ ਸ਼ਾਨਦਾਰ ਜਸ਼ਨ ਲਈ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਅਚਾਰੀਆ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਪਬਿਤ੍ਰਾ ਮਾਰਗੇਰੀਟਾ ਸਹਿਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ "ਬਾਗੁਰੁੰਬਾ ਦਹੋਓ 2026" ਵਿੱਚ ਸ਼ਿਰਕਤ ਕੀਤੀ, ਜੋ ਇੱਕ ਇਤਿਹਾਸਕ ਸਮਾਗਮ ਹੈ ਅਤੇ ਜਿਸ ਨੂੰ ਗੁਹਾਟੀ ਦੇ ਸਰੂਸਜਾਈ ਸਟੇਡੀਅਮ ਵਿੱਚ ਬੋਡੋ ਭਾਈਚਾਰੇ ਦੀ ਖ਼ੁਸ਼ਹਾਲ ਵਿਰਾਸਤ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਗਿਆ।

ਇਸ ਮੌਕੇ ’ਤੇ, ਬੋਡੋ ਭਾਈਚਾਰੇ ਦੇ 10,000 ਤੋਂ ਵੱਧ ਕਲਾਕਾਰਾਂ ਨੇ ਇੱਕ ਹੀ, ਤਾਲਮੇਲ ਵਾਲੇ ਪ੍ਰਦਰਸ਼ਨ ਵਿੱਚ ਬਾਗੁਰੁੰਬਾ ਨਾਚ ਪੇਸ਼ ਕੀਤਾ। ਰਾਜ ਦੇ 23 ਜ਼ਿਲ੍ਹਿਆਂ ਦੇ 81 ਵਿਧਾਨ ਸਭਾ ਖੇਤਰਾਂ ਦੇ ਕਲਾਕਾਰਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਬਾਗੁਰੁੰਬਾ ਬੋਡੋ ਭਾਈਚਾਰੇ ਦੇ ਲੋਕ ਨਾਚਾਂ ਵਿੱਚੋਂ ਇੱਕ ਹੈ, ਜੋ ਕੁਦਰਤ ਤੋਂ ਬਹੁਤ ਪ੍ਰਭਾਵਿਤ ਹੈ। ਇਹ ਨਾਚ ਖਿੜਦੇ ਫੁੱਲਾਂ ਦਾ ਪ੍ਰਤੀਕ ਹੈ ਅਤੇ ਮਨੁੱਖੀ ਜੀਵਨ ਅਤੇ ਕੁਦਰਤੀ ਸੰਸਾਰ ਦਰਮਿਆਨ ਸਦਭਾਵਨਾ ਨੂੰ ਦਰਸਾਉਂਦਾ ਹੈ। ਰਵਾਇਤੀ ਤੌਰ ’ਤੇ ਇਸ ਨੂੰ ਨੌਜਵਾਨ ਬੋਡੋ ਮਹਿਲਾਵਾਂ ਵੱਲੋਂ ਪੇਸ਼ ਕੀਤਾ ਜਾਂਦਾ ਹੈ ਅਤੇ ਪੁਰਸ਼ ਸੰਗੀਤਕਾਰ ਦੇ ਰੂਪ ਵਿੱਚ ਸਾਥ ਦਿੰਦੇ ਹਨ। ਇਸ ਨਾਚ ਵਿੱਚ ਕੋਮਲ, ਵਹਿੰਦੀਆਂ ਹਰਕਤਾਂ ਹੁੰਦੀਆਂ ਹਨ ਜੋ ਤਿਤਲੀਆਂ, ਪੰਛੀਆਂ, ਪੱਤਿਆਂ ਅਤੇ ਫੁੱਲਾਂ ਦੀ ਨਕਲ ਕਰਦੀਆਂ ਹਨ। ਪ੍ਰਦਰਸ਼ਨ ਆਮ ਤੌਰ ’ਤੇ ਸਮੂਹਾਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ, ਪ੍ਰਦਰਸ਼ਨ ਵਿੱਚ ਚੱਕਰ ਜਾਂ ਲਾਈਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਜੋ ਇਸ ਦੀ ਦ੍ਰਿਸ਼ਟੀਗਤ ਸੁੰਦਰਤਾ ਨੂੰ ਵਧਾਉਂਦੇ ਹਨ।

ਬਾਗੁਰੁੰਬਾ ਨਾਚ ਦਾ ਬੋਡੋ ਲੋਕਾਂ ਲਈ ਡੂੰਘਾ ਸਭਿਆਚਾਰਕ ਮਹੱਤਵ ਰੱਖਦਾ ਹੈ। ਇਹ ਸ਼ਾਂਤੀ, ਉਪਜਾਊ ਸ਼ਕਤੀ, ਖ਼ੁਸ਼ੀ ਅਤੇ ਸਮੂਹਿਕ ਸਦਭਾਵਨਾ ਦਾ ਪ੍ਰਤੀਕ ਹੈ ਅਤੇ ਇਹ ਬਿਸਾਗੂ, ਬੋਡੋ ਨਵਾਂ ਸਾਲ ਅਤੇ ਦੋਮਾਸੀ ਵਰਗੇ ਤਿਉਹਾਰਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ।

*****

ਐੱਮਜੇਪੀਐੱਸ/ਐੱਸਆਰ


(रिलीज़ आईडी: 2215979) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Assamese , Manipuri , Bengali , Bengali-TR , Gujarati , Odia , Telugu , Kannada , Malayalam