ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17-18 ਜਨਵਰੀ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 17 ਜਨਵਰੀ ਨੂੰ ਮਾਲਦਾ ਵਿੱਚ 3,250 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਰੇਲ ਅਤੇ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਹਾਵੜਾ ਅਤੇ ਗੁਹਾਟੀ (ਕਾਮਾਖਿਆ) ਦਰਮਿਆਨ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਨੂੰ ਹਰੀ ਝੰਡੀ ਦਿਖਾਉਣਗੇ

ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਵੰਦੇ ਭਾਰਤ ਸਲੀਪਰ ਰੇਲ ਇੱਕ ਆਧੁਨਿਕ, ਆਰਾਮਦਾਇਕ ਅਤੇ ਕਿਫਾਇਤੀ ਲੰਬੀ ਦੂਰੀ ਦੀ ਯਾਤਰਾ ਦਾ ਤਜਰਬਾ ਪ੍ਰਦਾਨ ਕਰੇਗੀ

ਪ੍ਰਧਾਨ ਮੰਤਰੀ ਹੁਗਲੀ ਦੇ ਸਿੰਗੂਰ ਵਿਖੇ 830 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਹਰੀ ਝੰਡੀ ਦਿਖਾਉਣਗੇ

ਪ੍ਰਧਾਨ ਮੰਤਰੀ ਬਾਲਾਗੜ੍ਹ ਵਿਖੇ ਵਿਸਥਾਰਤ ਬੰਦਰਗਾਹ ਗੇਟ ਪ੍ਰਣਾਲੀ ਦਾ ਨੀਂਹ ਪੱਥਰ ਰੱਖਣਗੇ, ਜਿਸ ਨਾਲ ਅੰਦਰੂਨੀ ਜਲ ਆਵਾਜਾਈ ਅਤੇ ਖੇਤਰੀ ਸੰਪਰਕ ਨੂੰ ਹੁਲਾਰਾ ਮਿਲੇਗਾ

ਪ੍ਰਧਾਨ ਮੰਤਰੀ 7 ਅੰਮ੍ਰਿਤ ਭਾਰਤ ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਪੱਛਮੀ ਬੰਗਾਲ ਦਾ ਹੋਰ ਰਾਜਾਂ ਨਾਲ ਰੇਲ ਸੰਪਰਕ ਵਧੇਗਾ

प्रविष्टि तिथि: 16 JAN 2026 1:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17-18 ਜਨਵਰੀ, 2026 ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ।

17 ਜਨਵਰੀ ਨੂੰ ਦੁਪਹਿਰ ਲਗਭਗ 12:45 ਵਜੇ ਪ੍ਰਧਾਨ ਮੰਤਰੀ ਮਾਲਦਾ ਜਾਣਗੇ ਅਤੇ ਹਾਵੜਾ ਅਤੇ ਗੁਹਾਟੀ (ਕਾਮਾਖਿਆ) ਦਰਮਿਆਨ ਮਾਲਦਾ ਟਾਊਨ ਰੇਲਵੇ ਸਟੇਸ਼ਨ 'ਤੇ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 1:45 ਵਜੇ, ਪ੍ਰਧਾਨ ਮੰਤਰੀ ਮਾਲਦਾ ਵਿਖੇ ਇੱਕ ਜਨਤਕ ਸਮਾਗਮ ਵਿੱਚ ₹3,250 ਕਰੋੜ ਤੋਂ ਵੱਧ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

18 ਜਨਵਰੀ ਨੂੰ ਦੁਪਹਿਰ ਲਗਭਗ 3 ਵਜੇ ਪ੍ਰਧਾਨ ਮੰਤਰੀ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਵਿਖੇ ਲਗਭਗ ₹830 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਝੰਡੀ ਦਿਖਾਉਣਗੇ।

ਮਾਲਦਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮਾਲਦਾ ਦਾ ਦੌਰਾ ਕਰਨਗੇ ਅਤੇ ₹3,250 ਕਰੋੜ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜਿਸਦਾ ਮੰਤਵ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸੰਪਰਕ ਨੂੰ ਮਜ਼ਬੂਤ ਕਰਨਾ ਅਤੇ ਵਿਕਾਸ ਨੂੰ ਤੇਜ਼ ਕਰਨਾ ਹੈ।

ਪ੍ਰਧਾਨ ਮੰਤਰੀ ਮਾਲਦਾ ਟਾਊਨ ਰੇਲਵੇ ਸਟੇਸ਼ਨ ਦਾ ਦੌਰਾ ਕਰਨਗੇ, ਜਿੱਥੇ ਉਹ ਹਾਵੜਾ ਅਤੇ ਗੁਹਾਟੀ (ਕਾਮਾਖਿਆ) ਦਰਮਿਆਨ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਨੂੰ ਹਰੀ ਝੰਡੀ ਦਿਖਾਉਣਗੇ। ਉਹ ਗੁਹਾਟੀ (ਕਾਮਾਖਿਆ) - ਹਾਵੜਾ ਵੰਦੇ ਭਾਰਤ ਸਲੀਪਰ ਰੇਲ ਨੂੰ ਵਰਚੁਅਲੀ ਰਵਾਨਾ ਕਰਨਗੇ। ਆਧੁਨਿਕ ਭਾਰਤ ਦੀਆਂ ਵਧਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਵੰਦੇ ਭਾਰਤ ਸਲੀਪਰ ਰੇਲ ਯਾਤਰੀਆਂ ਨੂੰ ਕਿਫਾਇਤੀ ਕਿਰਾਏ 'ਤੇ ਏਅਰਲਾਈਨ ਵਰਗਾ ਯਾਤਰਾ ਤਜਰਬਾ ਪ੍ਰਦਾਨ ਕਰਨ ਲਈ ਤਿਆਰ ਹੈ। ਇਹ ਲੰਬੀ ਦੂਰੀ ਦੀਆਂ ਯਾਤਰਾਵਾਂ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਬਣਾਏਗੀ। ਹਾਵੜਾ-ਗੁਹਾਟੀ (ਕਾਮਾਖਿਆ) ਰੂਟ 'ਤੇ ਯਾਤਰਾ ਦੇ ਸਮੇਂ ਨੂੰ ਲਗਭਗ 2.5 ਘੰਟੇ ਘਟਾ ਕੇ, ਇਹ ਟ੍ਰੇਨ ਧਾਰਮਿਕ ਯਾਤਰਾ ਅਤੇ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਦੇਵੇਗੀ।

ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿੱਚ ਚਾਰ ਵੱਡੇ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਬਾਲੁਰਘਾਟ ਅਤੇ ਹਿਲੀ ਦਰਮਿਆਨ ਨਵੀਂ ਰੇਲ ਲਾਈਨ, ਨਵੀਂ ਜਲਪਾਈਗੁੜੀ ਵਿੱਚ ਅਗਲੀ ਪੀੜ੍ਹੀ ਦੀਆਂ ਮਾਲ ਰੱਖ-ਰਖਾਅ ਸਹੂਲਤਾਂ, ਸਿਲੀਗੁੜੀ ਲੋਕੋ ਸ਼ੈੱਡ ਦਾ ਅਪਗ੍ਰੇਡੇਸ਼ਨ ਅਤੇ ਜਲਪਾਈਗੁੜੀ ਜ਼ਿਲ੍ਹੇ ਵਿੱਚ ਵੰਦੇ ਭਾਰਤ ਰੇਲ ਰੱਖ-ਰਖਾਅ ਸਹੂਲਤਾਂ ਦਾ ਆਧੁਨਿਕੀਕਰਨ ਸ਼ਾਮਲ ਹੈ। ਇਹ ਪ੍ਰੋਜੈਕਟ ਯਾਤਰੀ ਅਤੇ ਮਾਲ ਢੋਆ-ਢੁਆਈ ਦੇ ਸੰਚਾਲਨ ਨੂੰ ਮਜ਼ਬੂਤ ਕਰਨਗੇ, ਉੱਤਰੀ ਬੰਗਾਲ ਵਿੱਚ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰਨਗੇ ਅਤੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ।

ਪ੍ਰਧਾਨ ਮੰਤਰੀ ਨਿਊ ਕੂਚਬਿਹਾਰ-ਬਾਮਨਹਾਟ ਅਤੇ ਨਿਊ ਕੂਚਬਿਹਾਰ-ਬਾਕਸੀਰਹਾਟ ਦਰਮਿਆਨ ਰੇਲ ਲਾਈਨਾਂ ਦੇ ਬਿਜਲੀਕਰਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨਾਲ ਤੇਜ਼, ਸਵੱਛ ਅਤੇ ਵਧੇਰੇ ਊਰਜਾ-ਕੁਸ਼ਲ ਰੇਲ ਸੰਚਾਲਨ ਸੰਭਵ ਹੋਵੇਗਾ।

ਪ੍ਰਧਾਨ ਮੰਤਰੀ 4 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਾਂ- ਨਿਊ ਜਲਪਾਈਗੁੜੀ-ਨਾਗਰਕੋਇਲ ਅੰਮ੍ਰਿਤ ਭਾਰਤ ਐਕਸਪ੍ਰੈੱਸ; ਨਿਊ ਜਲਪਾਈਗੁੜੀ-ਤਿਰੂਚਿਰਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ; ਅਲੀਪੁਰਦੁਆਰ - ਐੱਸਐੱਮਵੀਟੀ ਬੰਗਲੁਰੂ ਅੰਮ੍ਰਿਤ ਭਾਰਤ ਐਕਸਪ੍ਰੈੱਸ; ਅਲੀਪੁਰਦੁਆਰ - ਮੁੰਬਈ (ਪਨਵੇਲ) ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਵਰਚੁਅਲੀ ਹਰੀ ਝੰਡੀ ਦਿਖਾਉਣਗੇ। ਇਹ ਕਿਫਾਇਤੀ ਅਤੇ ਭਰੋਸੇਮੰਦ ਲੰਬੀ ਦੂਰੀ ਦੀ ਰੇਲ ਕਨੈਕਟੀਵਿਟੀ ਨੂੰ ਵਧਾਉਣਗੀਆਂ। ਇਹ ਸੇਵਾਵਾਂ ਆਮ ਨਾਗਰਿਕਾਂ, ਵਿਦਿਆਰਥੀਆਂ, ਪ੍ਰਵਾਸੀ ਕਾਮਿਆਂ ਅਤੇ ਵਪਾਰੀਆਂ ਦੀਆਂ ਗਤੀਸ਼ੀਲਤਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਾਥ ਦੇਣਗੀਆਂ, ਜਦਕਿ ਅੰਤਰ-ਰਾਜੀ ਆਰਥਿਕ ਅਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨਗੀਆਂ।

ਪ੍ਰਧਾਨ ਮੰਤਰੀ ਐੱਲਐੱਚਬੀ ਕੋਚਾਂ ਨਾਲ ਲੈਸ ਦੋ ਨਵੀਆਂ ਰੇਲ ਸੇਵਾਵਾਂ - ਰਾਧਿਕਾਪੁਰ - ਐੱਸਐੱਮਵੀਟੀ ਬੰਗਲੁਰੂ ਐਕਸਪ੍ਰੈੱਸ; ਬਾਲੁਰਘਾਟ - ਐੱਸਐੱਮਵੀਟੀ ਬੰਗਲੁਰੂ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਰੇਲਗੱਡੀਆਂ ਖੇਤਰ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਆਈਟੀ ਪੇਸ਼ੇਵਰਾਂ ਨੂੰ ਬੰਗਲੁਰੂ ਵਰਗੇ ਪ੍ਰਮੁੱਖ ਆਈਟੀ ਅਤੇ ਰੁਜ਼ਗਾਰ ਕੇਂਦਰਾਂ ਨਾਲ ਸਿੱਧਾ, ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਸੰਪਰਕ ਪ੍ਰਦਾਨ ਕਰਨਗੀਆਂ।

ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ-31ਡੀ ਦੇ ਧੂਪਗੁਰੀ-ਫਲਕਾਟਾ ਭਾਗ ਦੇ ਪੁਨਰਵਾਸ ਅਤੇ ਚਾਰ-ਮਾਰਗੀਕਰਨ ਲਈ ਨੀਂਹ ਪੱਥਰ ਰੱਖਣਗੇ, ਇਹ ਇੱਕ ਮੁੱਖ ਸੜਕ ਪ੍ਰੋਜੈਕਟ ਹੈ ਜੋ ਖੇਤਰੀ ਸੜਕ ਸੰਪਰਕ ਨੂੰ ਬਿਹਤਰ ਬਣਾਏਗਾ ਅਤੇ ਉੱਤਰੀ ਬੰਗਾਲ ਵਿੱਚ ਯਾਤਰੀਆਂ ਅਤੇ ਮਾਲ ਦੀ ਸੁਚਾਰੂ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ।

ਇਹ ਪ੍ਰੋਜੈਕਟ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਬਿਹਤਰ ਸੰਪਰਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ਨੂੰ ਰਾਸ਼ਟਰ ਦੇ ਮੁੱਖ ਵਿਕਾਸ ਇੰਜਣਾਂ ਵਜੋਂ ਮਜ਼ਬੂਤ ਬਣਾਉਣਗੇ।

ਪ੍ਰਧਾਨ ਮੰਤਰੀ ਹੁਗਲੀ ਵਿੱਚ

ਪ੍ਰਧਾਨ ਮੰਤਰੀ ਹੁਗਲੀ ਦੇ ਸਿੰਗੂਰ ਵਿਖੇ ₹830 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਹਰਿ ਝੰਡੀ ਦਿਖਾਉਣਗੇ।

ਪ੍ਰਧਾਨ ਮੰਤਰੀ ਬਾਲਾਗੜ੍ਹ ਵਿਖੇ ਵਿਸਥਾਰਤ ਬੰਦਰਗਾਹ ਗੇਟ ਪ੍ਰਣਾਲੀ ਦਾ ਨੀਂਹ ਪੱਥਰ ਰੱਖਣਗੇ, ਜਿਸ ਵਿੱਚ ਇੱਕ ਅੰਦਰੂਨੀ ਜਲ ਆਵਾਜਾਈ (ਆਈਡਬਲਿਊਟੀ) ਟਰਮੀਨਲ ਅਤੇ ਇੱਕ ਰੋਡ ਓਵਰ ਬ੍ਰਿਜ ਸ਼ਾਮਲ ਹੈ।

ਲਗਭਗ 900 ਏਕੜ ਦੇ ਖੇਤਰ ਵਿੱਚ ਫੈਲੇ, ਬਾਲਾਗੜ੍ਹ ਨੂੰ ਇੱਕ ਆਧੁਨਿਕ ਕਾਰਗੋ ਹੈਂਡਲਿੰਗ ਟਰਮੀਨਲ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਜਿਸਦੀ ਸਮਰੱਥਾ ਲਗਭਗ 2.7 ਮਿਲੀਅਨ ਟਨ ਪ੍ਰਤੀ ਸਾਲ (ਐੱਮਟੀਪੀਏ) ਹੈ। ਇਸ ਪ੍ਰੋਜੈਕਟ ਵਿੱਚ ਦੋ ਸਮਰਪਿਤ ਕਾਰਗੋ ਹੈਂਡਲਿੰਗ ਜੈੱਟੀਆਂ, ਇੱਕ ਕੰਟੇਨਰਾਈਜ਼ਡ ਕਾਰਗੋ ਅਤੇ ਇੱਕ ਡ੍ਰਾਈ ਬਲਕ ਕਾਰਗੋ ਦਾ ਨਿਰਮਾਣ ਸ਼ਾਮਲ ਹੈ।

ਬਾਲਾਗੜ੍ਹ ਪ੍ਰੋਜੈਕਟ ਦਾ ਮੰਤਵ ਭਾਰੀ ਮਾਲ ਆਵਾਜਾਈ ਨੂੰ ਭੀੜ-ਭੜੱਕੇ ਵਾਲੇ ਸ਼ਹਿਰੀ ਗਲਿਆਰਿਆਂ ਤੋਂ ਦੂਰ ਕਰਕੇ ਕਾਰਗੋ ਨਿਕਾਸੀ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ ਕਰਨਾ ਹੈ। ਇਹ ਸੜਕ ਸੁਰੱਖਿਆ ਨੂੰ ਵਧਾਏਗਾ, ਕੋਲਕਾਤਾ ਸ਼ਹਿਰ ਵਿੱਚ ਵਾਹਨਾਂ ਦੀ ਭੀੜ ਅਤੇ ਪ੍ਰਦੂਸ਼ਣ ਨੂੰ ਘਟਾਏਗਾ, ਅਤੇ ਲੋਕਾਂ ਲਈ ਜੀਵਨ ਦੀ ਬਿਹਤਰ ਗੁਣਵੱਤਾ ਵਿੱਚ ਯੋਗਦਾਨ ਪਾਵੇਗਾ। ਬਿਹਤਰ ਮਲਟੀਮਾਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਕੁਸ਼ਲਤਾ ਖੇਤਰੀ ਉਦਯੋਗਾਂ, ਐੱਮਐੱਸਐੱਮਈਜ਼ ਅਤੇ ਖੇਤੀਬਾੜੀ ਉਤਪਾਦਕਾਂ ਨੂੰ ਲਾਗਤ-ਪ੍ਰਭਾਵਸ਼ਾਲੀ ਬਜ਼ਾਰ ਪਹੁੰਚ ਵੀ ਪ੍ਰਦਾਨ ਕਰੇਗੀ। ਇਸ ਪ੍ਰੋਜੈਕਟ ਤੋਂ ਕਾਫ਼ੀ ਪ੍ਰਤੱਖ ਅਤੇ ਅਪ੍ਰਤੱਖ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਲੌਜਿਸਟਿਕਸ, ਟਰਮੀਨਲ ਸੰਚਾਲਨ, ਆਵਾਜਾਈ ਸੇਵਾਵਾਂ, ਰੱਖ-ਰਖਾਅ ਅਤੇ ਸਹਾਇਕ ਗਤੀਵਿਧੀਆਂ ਵਿੱਚ ਨੌਕਰੀਆਂ ਪੈਦਾ ਕਰਕੇ ਸਥਾਨਕ ਭਾਈਚਾਰਿਆਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਇੱਕ ਅਤਿ-ਆਧੁਨਿਕ ਇਲੈਕਟ੍ਰਿਕ ਕੈਟਾਮਾਰਨ ਵੀ ਲਾਂਚ ਕਰਨਗੇ। ਇਹ ਕੋਚੀਨ ਸ਼ਿਪਯਾਰਡ ਲਿਮਟਿਡ ਵਲੋਂ ਅੰਦਰੂਨੀ ਜਲ ਆਵਾਜਾਈ ਲਈ ਸਵਦੇਸ਼ੀ ਤੌਰ 'ਤੇ ਬਣਾਏ ਗਏ 6 ਇਲੈਕਟ੍ਰਿਕ ਕੈਟਾਮਾਰਨਾਂ ਵਿੱਚੋਂ ਇੱਕ ਹੈ। 50-ਯਾਤਰੀ ਹਾਈਬ੍ਰਿਡ ਇਲੈਕਟ੍ਰਿਕ ਐਲੂਮੀਨੀਅਮ ਕੈਟਾਮਾਰਨ, ਜੋ ਕਿ ਉੱਨਤ ਇਲੈਕਟ੍ਰਿਕ ਪ੍ਰੋਪਲਸ਼ਨ ਸਿਸਟਮ ਅਤੇ ਲਿਥੀਅਮ-ਟਾਈਟਨੇਟ ਬੈਟਰੀ ਤਕਨਾਲੋਜੀ ਨਾਲ ਲੈਸ ਹੈ, ਜੋ ਪੂਰੀ ਤਰ੍ਹਾਂ ਇਲੈਕਟ੍ਰਿਕ ਜ਼ੀਰੋ-ਐਮਿਸ਼ਨ ਮੋਡ ਦੇ ਨਾਲ-ਨਾਲ ਹਾਈਬ੍ਰਿਡ ਮੋਡ ਵਿੱਚ ਵੀ ਕੰਮ ਕਰਨ ਦੇ ਸਮਰੱਥ ਹੈ। ਇਹ ਜਹਾਜ਼ ਹੁਗਲੀ ਨਦੀ ਦੇ ਨਾਲ-ਨਾਲ ਸ਼ਹਿਰੀ ਨਦੀ ਗਤੀਸ਼ੀਲਤਾ, ਈਕੋ-ਟੂਰਿਜ਼ਮ ਅਤੇ ਆਖਰੀ-ਮੀਲ ਯਾਤਰੀ ਸੰਪਰਕ ਦਾ ਸਮਰਥਨ ਕਰੇਗਾ।

ਪ੍ਰਧਾਨ ਮੰਤਰੀ ਜੈਰਾਮਬਤੀ-ਬਾਰੋਗੋਪੀਨਾਥਪੁਰ-ਮਾਯਨਾਪੁਰ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ। ਇਹ ਲਾਈਨ ਤਾਰਕੇਸ਼ਵਰ-ਬਿਸ਼ਣੂਪੁਰ ਨਵੀਂ ਰੇਲ ਲਾਈਨ ਪ੍ਰੋਜੈਕਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਨਵੀਂ ਰੇਲ ਲਾਈਨ ਦੇ ਨਾਲ, ਮੇਯਨਾਪੁਰ ਅਤੇ ਜੈਰਾਮਬਤੀ ਦਰਮਿਆਨ ਇੱਕ ਨਵੀਂ ਰੇਲ ਸੇਵਾ, ਜਿਸ ਵਿੱਚ ਬਰੋਗੋਪੀਨਾਥਪੁਰ ਵਿਖੇ ਇੱਕ ਠਹਿਰਾਅ ਹੈ, ਨੂੰ ਵੀ ਹਰੀ ਝੰਡੀ ਦਿਖਾਈ ਜਾਵੇਗੀ। ਇਹ ਬਾਂਕੁਰਾ ਜ਼ਿਲ੍ਹੇ ਦੇ ਲੋਕਾਂ ਨੂੰ ਸਿੱਧਾ ਰੇਲ ਸੰਪਰਕ ਪ੍ਰਦਾਨ ਕਰੇਗੀ, ਜਿਸ ਨਾਲ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ ਅਤੇ ਸ਼ਰਧਾਲੂਆਂ ਲਈ ਯਾਤਰਾ ਵਧੇਰੇ ਕਿਫਾਇਤੀ ਅਤੇ ਸੁਖਾਲ਼ੀ ਹੋਵੇਗੀ।

ਪ੍ਰਧਾਨ ਮੰਤਰੀ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ: ਕੋਲਕਾਤਾ (ਹਾਵੜਾ)- ਆਨੰਦ ਵਿਹਾਰ ਟਰਮੀਨਲ ਅੰਮ੍ਰਿਤ ਭਾਰਤ ਐਕਸਪ੍ਰੈੱਸ; ਕੋਲਕਾਤਾ (ਸਿਆਲਦਾ) - ਬਨਾਰਸ ਅੰਮ੍ਰਿਤ ਭਾਰਤ ਐਕਸਪ੍ਰੈੱਸ; ਕੋਲਕਾਤਾ (ਸੰਤਰਾਗਾਚੀ)— ਤੰਬਰਮ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ। 

***

ਐੱਮਜੇਪੀਐੱਸ/ਐੱਸਆਰ 


(रिलीज़ आईडी: 2215913) आगंतुक पटल : 5
इस विज्ञप्ति को इन भाषाओं में पढ़ें: Assamese , English , Urdu , हिन्दी , Manipuri , Bengali , Gujarati , Odia , Tamil , Telugu , Kannada , Malayalam