ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਪੋਂਗਲ ਦੇ ਸਮਾਗਮਾਂ ਨੂੰ ਸੰਬੋਧਨ ਕੀਤਾ
ਅੱਜ ਪੋਂਗਲ ਇੱਕ ਵਿਸ਼ਵ-ਵਿਆਪੀ ਤਿਉਹਾਰ ਬਣ ਗਿਆ ਹੈ: ਪ੍ਰਧਾਨ ਮੰਤਰੀ
ਤਾਮਿਲ ਸਭਿਆਚਾਰ ਪੂਰੇ ਦੇਸ਼ ਦੀ ਸਾਂਝੀ ਵਿਰਾਸਤ ਹੈ: ਪ੍ਰਧਾਨ ਮੰਤਰੀ
ਤਾਮਿਲ ਸਭਿਆਚਾਰ ਵਿੱਚ ਕਿਸਾਨ ਨੂੰ ਜੀਵਨ ਦਾ ਅਧਾਰ ਮੰਨਿਆ ਜਾਂਦਾ ਹੈ; ਤਿਰੂਕੁਰਲ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਮਹੱਤਵ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ: ਪ੍ਰਧਾਨ ਮੰਤਰੀ
ਪੋਂਗਲ ਸਾਨੂੰ ਕੁਦਰਤ ਦੇ ਪ੍ਰਤੀ ਸਤਿਕਾਰ ਨੂੰ ਜੀਵਨ-ਸ਼ੈਲੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ: ਪ੍ਰਧਾਨ ਮੰਤਰੀ
ਭਾਰਤ ਨੂੰ ਜੀਵਿਤ ਤਾਮਿਲ ਸਭਿਆਚਾਰ 'ਤੇ ਬਹੁਤ ਜ਼ਿਆਦਾ ਮਾਣ ਹੈ: ਪ੍ਰਧਾਨ ਮੰਤਰੀ
प्रविष्टि तिथि:
14 JAN 2026 12:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੋਂਗਲ ਦੇ ਜਸ਼ਨਾਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਤਾਮਿਲ ਭਾਸ਼ਾ ਵਿੱਚ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, "ਅੱਜ ਪੋਂਗਲ ਇੱਕ ਵਿਸ਼ਵ-ਵਿਆਪੀ ਤਿਉਹਾਰ ਬਣ ਗਿਆ ਹੈ, ਜਿਸਨੂੰ ਦੁਨੀਆ ਭਰ ਵਿੱਚ ਤਾਮਿਲ ਭਾਈਚਾਰੇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਉਤਸ਼ਾਹ ਨਾਲ ਮਨਾਉਂਦੇ ਹਨ।" ਉਨ੍ਹਾਂ ਨੇ ਕਿਹਾ ਕਿ ਉਹ ਵੀ ਉਨ੍ਹਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖ਼ਾਸ ਤਿਉਹਾਰ ਨੂੰ ਸਭ ਦੇ ਨਾਲ ਮਨਾਉਣਾ ਉਨ੍ਹਾਂ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ੀ ਭਰਿਆ ਅਹਿਸਾਸ ਹੈ, ਜੋ ਕਿਸਾਨਾਂ ਦੀ ਮਿਹਨਤ, ਧਰਤੀ ਅਤੇ ਸੂਰਜ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ, ਨਾਲ ਹੀ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਵੱਲ ਮਾਰਗ-ਦਰਸ਼ਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਸਾਰੇ ਤਾਮਿਲ ਭਾਈਆਂ ਅਤੇ ਭੈਣਾਂ ਨੂੰ ਪੋਂਗਲ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਤਿਉਹਾਰਾਂ ਲਈ ਦਿਲੋਂ ਵਧਾਈ ਪ੍ਰਗਟ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੂੰ ਤਾਮਿਲ ਸਭਿਆਚਾਰ ਨਾਲ ਜੁੜੇ ਕਈ ਸਮਾਗਮਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜੋ ਉਨ੍ਹਾਂ ਲਈ ਬਹੁਤ ਖ਼ੁਸ਼ੀ ਦੀ ਗੱਲ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਤਾਮਿਲਨਾਡੂ ਦੇ ਹਜ਼ਾਰ ਸਾਲ ਪੁਰਾਣੇ ਗੰਗਾਈਕੋਂਡਾ ਚੋਲਾਪੁਰਮ ਮੰਦਰ ਵਿੱਚ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਰਾਣਸੀ ਵਿੱਚ ਆਯੋਜਿਤ ਕਾਸ਼ੀ ਤਾਮਿਲ ਸੰਗਮਮ ਦੌਰਾਨ ਉਨ੍ਹਾਂ ਨੇ ਸਭਿਆਚਾਰਕ ਏਕਤਾ ਦੀ ਊਰਜਾ ਨੂੰ ਲਗਾਤਾਰ ਮਹਿਸੂਸ ਕੀਤਾ ਅਤੇ ਉਸ ਨਾਲ ਜੁੜੇ ਰਹੇ। ਉਨ੍ਹਾਂ ਨੇ ਯਾਦ ਕੀਤਾ ਕਿ ਪੰਬਨ ਪੁਲ਼ ਦੇ ਉਦਘਾਟਨ ਲਈ ਰਾਮੇਸ਼ਵਰਮ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਇੱਕ ਵਾਰ ਫਿਰ ਤਾਮਿਲ ਇਤਿਹਾਸ ਦੀ ਮਹਾਨਤਾ ਨੂੰ ਦੇਖਿਆ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤਾਮਿਲ ਸਭਿਆਚਾਰ ਪੂਰੇ ਦੇਸ਼ ਅਤੇ ਅਸਲ ਵਿੱਚ ਸਾਰੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ ਅਤੇ ਉਨ੍ਹਾਂ ਨੇ ਅਕਸਰ ਜਿਸ "ਏਕ ਭਾਰਤ ਸ੍ਰੇਸ਼ਠ ਭਾਰਤ" ਦੇ ਨਾਅਰੇ ਦੀ ਗੱਲ ਕੀਤੀ ਹੈ, ਉਹ ਪੋਂਗਲ ਵਰਗੇ ਤਿਉਹਾਰਾਂ ਕਰਕੇ ਹੋਰ ਵੀ ਮਜ਼ਬੂਤ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀਆਂ ਲਗਭਗ ਸਾਰੀਆਂ ਸਭਿਅਤਾਵਾਂ ਫ਼ਸਲਾਂ ਨਾਲ ਜੁੜੇ ਕਿਸੇ ਨਾ ਕਿਸੇ ਤਿਉਹਾਰ ਨੂੰ ਮਨਾਉਂਦੀਆਂ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਤਾਮਿਲ ਸਭਿਆਚਾਰ ਵਿੱਚ ਕਿਸਾਨ ਨੂੰ ਜੀਵਨ ਦਾ ਅਧਾਰ ਮੰਨਿਆ ਜਾਂਦਾ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਤਿਰੂਕੁਰਲ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਬਾਰੇ ਵਿਆਪਕ ਲਿਖਤਾਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਰਾਸ਼ਟਰ ਨਿਰਮਾਣ ਵਿੱਚ ਸਸ਼ਕਤ ਹਿੱਸੇਦਾਰ ਹਨ ਅਤੇ ਉਨ੍ਹਾਂ ਦੇ ਯਤਨਾਂ ਨਾਲ ਆਤਮ-ਨਿਰਭਰ ਭਾਰਤ ਅਭਿਆਨ ਨੂੰ ਬਹੁਤ ਤਾਕਤ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਨ ਲਈ ਵਚਨਬੱਧ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਪੋਂਗਲ ਦਾ ਤਿਉਹਾਰ ਸਾਨੂੰ ਕੁਦਰਤ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਨੂੰ ਸਿਰਫ਼ ਸ਼ਬਦਾਂ ਤੱਕ ਸੀਮਤ ਨਾ ਰੱਖਣ, ਸਗੋਂ ਇਸਨੂੰ ਆਪਣੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਧਰਤੀ ਸਾਨੂੰ ਇੰਨਾ ਕੁਝ ਦਿੰਦੀ ਹੈ, ਤਾਂ ਉਸਦੀ ਸੰਭਾਲ ਕਰਨਾ ਸਾਡਾ ਫ਼ਰਜ਼ ਹੈ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਮਿੱਟੀ ਨੂੰ ਤੰਦਰੁਸਤ ਰੱਖਣਾ, ਪਾਣੀ ਦੀ ਸੰਭਾਲ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਰੋਤਾਂ ਦੀ ਸੰਤੁਲਿਤ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਲਾਈਫ, ਏਕ ਪੇੜ ਮਾਂ ਕੇ ਨਾਮ ਅਤੇ ਅੰਮ੍ਰਿਤ ਸਰੋਵਰ ਵਰਗੀਆਂ ਮੁਹਿੰਮਾਂ ਇਸ ਭਾਵਨਾ ਨੂੰ ਹੁਲਾਰਾ ਦਿੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਨੂੰ ਹੋਰ ਟਿਕਾਊ ਅਤੇ ਵਾਤਾਵਰਨ ਦੇ ਅਨੁਕੂਲ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਟਿਕਾਊ ਖੇਤੀਬਾੜੀ ਅਭਿਆਸ, ਪਾਣੀ ਪ੍ਰਬੰਧਨ (ਆਪਣੇ "ਪਰ ਡ੍ਰੋਪ, ਮੋਰ ਕ੍ਰੋਪ" ਦੇ ਸੱਦੇ ਨੂੰ ਦੁਹਰਾਉਂਦੇ ਹੋਏ), ਕੁਦਰਤੀ ਖੇਤੀ, ਖੇਤੀਬਾੜੀ ਟੈਕਨੋਲੋਜੀ ਅਤੇ ਮੁੱਲ ਵਾਧਾ ਅਹਿਮ ਭੂਮਿਕਾ ਨਿਭਾਉਣਗੇ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸਾਰੇ ਖੇਤਰਾਂ ਵਿੱਚ ਨੌਜਵਾਨ ਨਵੇਂ ਵਿਚਾਰਾਂ ਦੇ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਕੁਝ ਹੀ ਮਹੀਨੇ ਪਹਿਲਾਂ ਉਨ੍ਹਾਂ ਨੇ ਤਾਮਿਲਨਾਡੂ ਵਿੱਚ ਕੁਦਰਤੀ ਖੇਤੀ ਨਾਲ ਸਬੰਧਿਤ ਇੱਕ ਸੰਮੇਲਨ ਵਿੱਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਨੇ ਉਨ੍ਹਾਂ ਤਾਮਿਲ ਨੌਜਵਾਨਾਂ ਦੇ ਸ਼ਾਨਦਾਰ ਕੰਮ ਨੂੰ ਦੇਖਿਆ। ਉਨ੍ਹਾਂ ਨੌਜਵਾਨਾਂ ਨੇ ਖੇਤਾਂ ਵਿੱਚ ਕੰਮ ਕਰਨ ਲਈ ਆਪਣੇ ਪੇਸ਼ਾਵਰ ਜੀਵਨ ਦੇ ਮੁੱਖ ਪਹਿਲੂਆਂ ਨੂੰ ਪਿੱਛੇ ਛੱਡ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ਵਿੱਚ ਕੰਮ ਕਰ ਰਹੇ ਆਪਣੇ ਨੌਜਵਾਨ ਤਾਮਿਲ ਦੋਸਤਾਂ ਨੂੰ ਟਿਕਾਊ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਉਣ ਦੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਸਾਡੀ ਥਾਲ਼ੀ ਭਰੀ ਰਹੇ, ਸਾਡੀ ਜੇਬ ਭਰੀ ਰਹੇ ਅਤੇ ਸਾਡੀ ਧਰਤੀ ਸੁਰੱਖਿਅਤ ਰਹੇ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਤਾਮਿਲ ਸਭਿਆਚਾਰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਿਊਂਦੀਆਂ ਸਭਿਅਤਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਦੱਸਿਆ ਕਿ ਤਾਮਿਲ ਸਭਿਆਚਾਰ ਸਦੀਆਂ ਨੂੰ ਆਪਸ ਵਿੱਚ ਜੋੜਦਾ ਹੈ, ਇਤਿਹਾਸ ਤੋਂ ਸਬਕ ਲੈਂਦਾ ਹੈ ਅਤੇ ਵਰਤਮਾਨ ਨੂੰ ਭਵਿੱਖ ਵੱਲ ਵਧਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤੋਂ ਪ੍ਰੇਰਿਤ ਹੋ ਕੇ ਅੱਜ ਦਾ ਭਾਰਤ ਆਪਣੀਆਂ ਜੜ੍ਹਾਂ ਤੋਂ ਤਾਕਤ ਪ੍ਰਾਪਤ ਕਰ ਰਿਹਾ ਹੈ ਅਤੇ ਨਵੀਆਂ ਸੰਭਾਵਨਾਵਾਂ ਦੇ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੋਂਗਲ ਦੇ ਪਵਿੱਤਰ ਮੌਕੇ 'ਤੇ ਅਸੀਂ ਉਸ ਆਸਥਾ ਦਾ ਅਹਿਸਾਸ ਕਰ ਰਹੇ ਹਾਂ ਜੋ ਭਾਰਤ - ਇੱਕ ਅਜਿਹਾ ਰਾਸ਼ਟਰ ਜੋ ਆਪਣੇ ਸਭਿਆਚਾਰ ਨਾਲ ਜੁੜਿਆ ਹੈ, ਆਪਣੀ ਧਰਤੀ ਦਾ ਸਨਮਾਨ ਕਰਦਾ ਹੈ ਅਤੇ ਆਪਣੇ ਭਵਿੱਖ ਦੇ ਪ੍ਰਤੀ ਭਰੋਸੇ ਨਾਲ ਭਰਿਆ ਹੋਇਆ ਹੈ – ਨੂੰ ਅੱਗੇ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਤਾਮਿਲ ਵਿੱਚ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਇੱਕ ਵਾਰ ਫਿਰ ਸਾਰਿਆਂ ਨੂੰ ਪੋਂਗਲ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਧੰਨਵਾਦ ਪ੍ਰਗਟ ਕੀਤਾ।
ਪੋਂਗਲ ਦਾ ਜਸ਼ਨ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਦੀ ਰਿਹਾਇਸ਼ 'ਤੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਸ਼੍ਰੀ ਕੇ. ਰਾਮਮੋਹਨ ਨਾਇਡੂ, ਸ਼੍ਰੀ ਅਰਜੁਨ ਰਾਮ ਮੇਘਵਾਲ, ਸ਼੍ਰੀ ਵੀ. ਸੋਮੰਨਾ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
https://x.com/narendramodi/status/2011306679489761679?s=20
https://x.com/PMOIndia/status/2011308277767028954?s=20
https://x.com/PMOIndia/status/2011308700129247647?s=20
https://x.com/PMOIndia/status/2011309254112903191?s=20
https://x.com/PMOIndia/status/2011309693503983636?s=20
https://x.com/PMOIndia/status/2011310665991102696?s=20
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2214731)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam