ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ 2026 ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ


प्रविष्टि तिथि: 12 JAN 2026 10:03PM by PIB Chandigarh

ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਸਾਰੇ ਸੰਸਦ ਮੈਂਬਰ, ਵਿਕਸਿਤ ਭਾਰਤ ਯੰਗ ਲੀਡਰਜ਼ ਚੈਲੇਂਜ ਦੇ ਜੇਤੂ, ਹੋਰ ਪਤਵੰਤੇ ਅਤੇ ਦੇਸ਼ ਭਰ ਤੋਂ ਇੱਥੇ ਆਏ ਮੇਰੇ ਸਾਰੇ ਨੌਜਵਾਨ ਸਾਥੀ, ਵਿਦੇਸ਼ਾਂ ਤੋਂ ਜੋ ਨੌਜਵਾਨ ਆਏ ਹਨ, ਉਨ੍ਹਾਂ ਨੂੰ ਵੀ ਇੱਥੇ ਇੱਕ ਨਵਾਂ ਤਜਰਬਾ ਮਿਲਿਆ ਹੋਵੇਗਾ। ਕੀ ਤੁਸੀਂ ਲੋਕ ਥੱਕ ਨਹੀਂ ਗਏ? ਦੋ ਦਿਨਾਂ ਤੋਂ ਇਹੀ ਕਰ ਰਹੇ ਹੋ, ਤਾਂ ਹੁਣ ਕੀ-ਕੀ ਸੁਣ ਕੇ ਥੱਕ ਨਹੀਂ ਜਾਓਂਗੇ? ਵੈਸੇ ਤਾਂ ਪਿਛਲੀ ਸੀਟ 'ਤੇ ਮੈਂ ਜਿੰਨਾਂ ਕਹਿਣਾ ਸੀ, ਕਹਿ ਦਿੱਤਾ ਸੀ। ਜਦੋਂ ਮੈਂ ਪਹਿਲੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਮੈਂ ਸਮਝਦਾ ਹਾਂ ਓਦੋਂ ਤੁਹਾਡੇ ਵਿੱਚੋਂ ਬਹੁਤ ਸਾਰੇ ਨੌਜਵਾਨ ਅਜਿਹੇ ਹੋਣਗੇ, ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ। ਅਤੇ ਜਦੋਂ ਮੈਂ 2014 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਤਾਂ ਤੁਹਾਡੇ ਵਿੱਚੋਂ ਜ਼ਿਆਦਾਤਰ ਨੂੰ ਬੱਚੇ ਕਿਹਾ ਜਾਂਦਾ ਹੋਵੇਗਾ। ਪਰ ਪਹਿਲਾਂ ਮੁੱਖ ਮੰਤਰੀ ਵਜੋਂ ਅਤੇ ਹੁਣ ਪ੍ਰਧਾਨ ਮੰਤਰੀ ਵਜੋਂ, ਮੈਨੂੰ ਹਮੇਸ਼ਾ ਨੌਜਵਾਨ ਪੀੜ੍ਹੀ ’ਤੇ ਬਹੁਤ ਜ਼ਿਆਦਾ ਭਰੋਸਾ ਰਿਹਾ ਹੈ। ਤੁਹਾਡੀ ਤਾਕਤ, ਤੁਹਾਡੀ ਪ੍ਰਤਿਭਾ, ਮੈਂ ਹਮੇਸ਼ਾ ਤੁਹਾਡੀ ਊਰਜਾ ਤੋਂ, ਖ਼ੁਦ ਵੀ ਊਰਜਾ ਪਾਉਂਦਾ ਰਿਹਾ ਹਾਂ। ਅਤੇ ਅੱਜ ਦੇਖੋ, ਅੱਜ ਤੁਸੀਂ ਸਾਰਿਆਂ ਨੇ ਵਿਕਸਿਤ ਭਾਰਤ ਦੇ ਟੀਚੇ ਦੀ ਵਾਗਡੋਰ ਸੰਭਾਲੀ ਹੋਈ ਹੈ।

ਸਾਥੀਓ,

ਸਾਲ 2047 ਵਿੱਚ, ਜਦੋਂ ਸਾਡੀ ਆਜ਼ਾਦੀ ਦੇ 100 ਸਾਲ ਹੋਣਗੇ, ਉੱਥੇ ਤੱਕ ਦੀ ਯਾਤਰਾ ਭਾਰਤ ਲਈ ਵੀ ਅਹਿਮ ਹੈ, ਅਤੇ ਇਹੀ ਉਹ ਸਮਾਂ ਹੈ, ਜੋ ਤੁਹਾਡੇ ਜੀਵਨ ਵਿੱਚ ਵੀ ਸਭ ਤੋਂ ਅਹਿਮ ਹੈ, ਯਾਨੀ ਵੱਡਾ ਸੁਨਹਿਰੀ ਮੌਕਾ ਹੈ ਤੁਹਾਡੇ ਲਈ। ਤੁਹਾਡੀ ਤਾਕਤ, ਭਾਰਤ ਦੀ ਤਾਕਤ ਬਣੇਗੀ, ਤੁਹਾਡੀ ਸਫ਼ਲਤਾ, ਭਾਰਤ ਦੀ ਸਫ਼ਲਤਾ ਨੂੰ ਨਵੀਆਂ ਉਚਾਈਆਂ ਜ਼ਰੂਰ ਦੇਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ ਵਿੱਚ ਹਿੱਸਾ ਲੈਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਇਸ ਵਿਸ਼ੇ ’ਤੇ ਅੱਗੇ ਵਿਸਤਾਰ ਨਾਲ ਗੱਲ ਜ਼ਰੂਰ ਕਰਾਂਗਾ, ਪਰ ਪਹਿਲਾਂ ਗੱਲ ਅੱਜ ਦੇ ਖ਼ਾਸ ਦਿਨ ਦੀ।

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਵਾਮੀ ਵਿਵੇਕਾਨੰਦ ਜੀ ਦੀ ਜਨਮ ਵਰ੍ਹੇਗੰਢ ਹੈ। ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ, ਅੱਜ ਵੀ ਹਰ ਨੌਜਵਾਨ ਦੇ ਲਈ ਪ੍ਰੇਰਨਾ ਹਨ। ਸਾਡੇ ਜੀਵਨ ਦਾ ਟੀਚਾ ਕੀ ਹੈ, ਜੀਵਨ ਦਾ ਮੰਤਵ ਕੀ ਹੈ, ਕਿਵੇਂ ਅਸੀਂ ਨੇਸ਼ਨ ਫਸਟ ਦੀ ਭਾਵਨਾ ਦੇ ਨਾਲ ਆਪਣਾ ਜੀਵਨ ਜਿਉਂਈਏ। ਸਾਡੇ ਹਰ ਯਤਨ ਵਿੱਚ ਸਮਾਜ ਦਾ, ਦੇਸ਼ ਦਾ ਹਿਤ ਹੈ, ਇਸ ਦਿਸ਼ਾ ਵਿੱਚ ਸੁਆਮੀ ਵਿਵੇਕਾਨੰਦ ਜੀ ਦਾ ਜੀਵਨ ਸਾਡੇ ਸਾਰਿਆਂ ਲਈ ਬਹੁਤ ਵੱਡਾ ਮਾਰਗ-ਦਰਸ਼ਕ ਹੈ, ਪ੍ਰੇਰਕ ਹੈ। ਸਵਾਮੀ ਵਿਵੇਕਾਨੰਦ ਦੀ ਯਾਦ ਕਰਦੇ ਹੋਏ, ਹਰ ਸਾਲ 12 ਜਨਵਰੀ ਨੂੰ ਅਸੀਂ ਰਾਸ਼ਟਰੀ ਨੌਜਵਾਨ ਦਿਵਸ ਮਨਾਉਂਦੇ ਹਾਂ, ਅਤੇ ਉਨ੍ਹਾਂ ਦੀ ਹੀ ਪ੍ਰੇਰਣਾ ਵਜੋਂ ਅੱਜ 12 ਜਨਵਰੀ ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ ਲਈ ਚੁਣਿਆ ਗਿਆ ਹੈ।

ਸਾਥੀਓ,

ਮੈਨੂੰ ਖ਼ੁਸ਼ੀ ਹੈ ਕਿ ਬਹੁਤ ਹੀ ਘੱਟ ਸਮੇਂ ਵਿੱਚ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ ਇੰਨਾ ਵੱਡਾ ਮੰਚ ਬਣ ਗਿਆ ਹੈ। ਇੱਕ ਅਜਿਹਾ ਮੰਚ, ਜਿੱਥੇ ਦੇਸ਼ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ਵਿੱਚ ਨੌਜਵਾਨਾਂ ਦੀ ਸਿੱਧੀ ਭਾਗੀਦਾਰੀ ਹੁੰਦੀ ਹੈ। ਕਰੋੜਾਂ ਨੌਜਵਾਨਾਂ ਦਾ ਇਸ ਨਾਲ ਜੁੜਨਾ, 50 ਲੱਖ ਤੋਂ ਵੱਧ ਨੌਜਵਾਨਾਂ ਦੀ ਰਜਿਸਟਰੀ, 30 ਲੱਖ ਤੋਂ ਵੱਧ ਨੌਜਵਾਨਾਂ ਦਾ ਵਿਕਸਿਤ ਭਾਰਤ ਚੈਲੇਂਜ ਵਿੱਚ ਹਿੱਸਾ ਲੈਣਾ, ਦੇਸ਼ ਦੇ ਵਿਕਾਸ ਲਈ ਆਪਣੇ ਵਿਚਾਰ ਸਾਂਝੇ ਕਰਨਾ, ਇੰਨੇ ਵੱਡੇ ਪੱਧਰ ‘ਤੇ ਨੌਜਵਾਨ ਤਾਕਤ ਦਾ ਇੰਗੇਜ ਹੋਣਾ, ਆਪਣੇ ਆਪ ਵਿੱਚ ਬੇਮਿਸਾਲ ਹੈ। ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਆਮ ਤੌਰ ’ਤੇ ਥਿੰਕ ਟੈਂਕ, ਇਹ ਸ਼ਬਦ ਬਹੁਤ ਪ੍ਰਚਲਿਤ ਹੈ। ਥਿੰਕ ਟੈਂਕ ਦੀ ਚਰਚਾ ਵੀ ਹੁੰਦੀ ਹੈ। ਅਤੇ ਉਸ ਥਿੰਕ ਟੈਂਕ ਦਾ ਪ੍ਰਭਾਵ ਵੀ ਬਹੁਤ ਹੁੰਦਾ ਹੈ। ਉਹ ਇੱਕ ਤਰ੍ਹਾਂ ਨਾਲ ਓਪੀਨੀਅਨ ਮੇਕਰਸ ਦਾ ਇੱਕ ਸਮੂਹ ਬਣ ਜਾਂਦਾ ਹੈ। ਪਰ ਸ਼ਾਇਦ ਅੱਜ ਜੋ ਮੈਂ ਪ੍ਰਜੈਂਟੇਸ਼ਨ ਦੇਖੇ ਅਤੇ ਜਿਸ ਤਰ੍ਹਾਂ ਨਾਲ ਚੈਲੇਂਜਿੰਗ ਹੁੰਦੇ-ਹੁੰਦੇ ਤੁਸੀਂ ਲੋਕਾਂ ਨੇ, ਇੱਥੇ ਤੱਕ ਜੋ ਲਿਆਏ ਹੋ। ਮੈਂ ਸਮਝਦਾ ਹਾਂ ਕਿ ਇਹ ਆਪਣੇ ਆਪ ਵਿੱਚ, ਇਹ ਇਵੈਂਟ ਸੰਸਥਾਗਤ ਤਾਂ ਹੋਇਆ ਹੈ, ਇੱਕ ਆਪਣੇ ਆਪ ਵਿੱਚ, ਦੁਨੀਆਂ ਵਿੱਚ ਅਨੋਖੇ ਥਿੰਕ ਟੈਂਕ ਵਜੋਂ ਉਸਨੇ ਆਪਣੀ ਜਗ੍ਹਾ ਬਣਾ ਲਈ। ਇੱਕ ਤੈਅ ਵਿਸ਼ੇ ਨੂੰ ਲੈ ਕੇ, ਤੈਅ ਟੀਚੇ ਨੂੰ ਲੈ ਕੇ ਲੱਖਾਂ ਲੋਕਾਂ ਦਾ ਮੰਥਨ ਹੋਣਾ, ਇਸ ਤੋਂ ਵੱਡੀ ਸੋਚ ਕੀ ਹੋ ਸਕਦੀ ਹੈ? ਅਤੇ ਮੈਨੂੰ ਲਗਦਾ ਹੈ ਕਿ ਇਸਦੇ ਨਾਲ ਥਿੰਕ ਟੈਂਕ ਸ਼ਬਦ ਬੈਠਦਾ ਨਹੀਂ ਹੈ, ਕਿਉਂਕਿ ਟੈਂਕ ਸ਼ਬਦ ਇਸ ਲਈ ਆਇਆ ਹੋਵੇਗਾ, ਛੋਟਾ ਜਿਹਾ ਹੁੰਦਾ ਹੈ, ਇਹ ਤਾਂ ਵੱਡਾ ਹੈ, ਸਾਗਰ ਤੋਂ ਵੀ ਵੱਡਾ ਹੈ ਅਤੇ ਸਮੇਂ ਤੋਂ ਵੀ ਅੱਗੇ ਹੈ, ਅਤੇ ਵਿਚਾਰਾਂ ਵਿੱਚ ਸਮੁੰਦਰ ਤੋਂ ਵੀ ਜ਼ਿਆਦਾ ਡੂੰਘਾ ਹੈ। ਅਤੇ ਇਸ ਲਈ ਥਿੰਕ ਟੈਂਕ ਸ਼ਬਦ, ਟੈਂਕ ਵਾਲੇ ਸ਼ਬਦ ਤੋਂ ਵੀ ਸੀਮਤ ਨਹੀਂ ਕੀਤਾ ਜਾ ਸਕਦਾ, ਅਜਿਹਾ ਇਸਦਾ ਅਹਿਸਾਸ ਹੈ। ਅਤੇ ਜਿਨ੍ਹਾਂ ਵਿਸ਼ਿਆਂ ਨੂੰ ਅੱਜ ਤੁਸੀਂ ਚਰਚਾ ਵਿੱਚ ਲਿਆਂਦਾ ਹੈ, ਜਿਵੇਂ ਖ਼ਾਸ ਤੌਰ ‘ਤੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਅਤੇ ਨੌਜਵਾਨਾਂ ਦੀ ਲੋਕਤੰਤਰ ਵਿੱਚ ਭਾਗੀਦਾਰੀ, ਅਜਿਹੇ ਗੰਭੀਰ ਵਿਸ਼ਿਆਂ ‘ਤੇ ਜਿਸ ਤਰ੍ਹਾਂ ਦੇ ਵਿਚਾਰ ਤੁਸੀਂ ਰੱਖੇ ਹਨ, ਇਹ ਸ਼ਲਾਘਾਯੋਗ ਹਨ। ਥੋੜ੍ਹੀ ਦੇਰ ਪਹਿਲਾਂ ਤੁਸੀਂ ਇੱਥੇ ਜੋ ਪ੍ਰਜੈਂਟੇਸ਼ਨ ਰੱਖੀ, ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਪ੍ਰਭਾਵੀ ਗੱਲ ਰੱਖੀ ਹੈ। ਇਹ ਦਿਖਾਉਂਦਾ ਹੈ ਕਿ ਸਾਡੀ ਅੰਮ੍ਰਿਤ ਪੀੜ੍ਹੀ, ਵਿਕਸਿਤ ਭਾਰਤ ਦੇ ਨਿਰਮਾਣ ਲਈ ਕਿੰਨੀ ਸੰਕਲਪਿਤ ਹੈ। ਇਸ ਨਾਲ ਇਹ ਵੀ ਸਪਸ਼ਟ ਹੁੰਦਾ ਹੈ ਕਿ ਭਾਰਤ ਵਿੱਚ ਜੇਨ-ਜ਼ੀ ਦਾ ਮਿਜ਼ਾਜ ਕੀ ਹੈ। ਭਾਰਤ ਦਾ ਜੇਨ-ਜ਼ੀ ਕਿੰਨੀ ਕ੍ਰਿਏਟਿਵਿਟੀ ਨਾਲ ਭਰਿਆ ਹੋਇਆ ਹੈ। ਮੈਂ ਤੁਹਾਨੂੰ ਸਾਰੇ ਨੌਜਵਾਨ ਸਾਥੀਆਂ ਨੂੰ ਯੁਵਾ ਭਾਰਤ ਸੰਗਠਨ ਨਾਲ ਜੁੜੇ ਸਾਰੇ ਨੌਜਵਾਨਾਂ ਨੂੰ ਇਸ ਆਯੋਜਨ ਲਈ ਅਤੇ ਇਸਦੀ ਸਫ਼ਲਤਾ ਲਈ, ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਮੈਂ ਜਦੋਂ ਹੁਣ ਤੁਹਾਡੇ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ 2014 ਦਾ ਜ਼ਿਕਰ ਕੀਤਾ ਸੀ। ਓਦੋਂ ਇੱਥੇ ਬੈਠੇ ਜ਼ਿਆਦਾਤਰ ਨੌਜਵਾਨ 8-10 ਸਾਲ ਦੇ ਹੀ ਰਹੇ ਹੋਣਗੇ। ਅਖ਼ਬਾਰ ਪੜ੍ਹਨ ਦੀ ਉਨ੍ਹਾਂ ਦੀ ਆਦਤ ਵੀ ਨਹੀਂ ਵਿਕਸਿਤ ਹੋਈ ਹੋਵੇਗੀ। ਤੁਸੀਂ ਨੀਤੀਗਤ ਅਧਰੰਗ ਦਾ ਉਹ ਪੁਰਾਣਾ ਦੌਰ ਨਹੀਂ ਦੇਖਿਆ, ਜਦੋਂ ਉਸ ਸਮੇਂ ਦੀ ਸਰਕਾਰ ਦੀ ਇਸ ਲਈ ਆਲੋਚਨਾ ਹੁੰਦੀ ਸੀ ਕਿ ਉਹ ਸਮੇਂ ’ਤੇ ਫ਼ੈਸਲੇ ਨਹੀਂ ਲੈਂਦੀ। ਅਤੇ ਜੋ ਫ਼ੈਸਲੇ ਹੁੰਦੇ ਵੀ ਸੀ, ਉਹ ਜ਼ਮੀਨ ’ਤੇ ਠੀਕ ਤਰ੍ਹਾਂ ਲਾਗੂ ਨਹੀਂ ਹੁੰਦੇ ਸੀ। ਨਿਯਮ-ਕਾਇਦੇ ਅਜਿਹੇ ਸੀ, ਜਿਸ ਨਾਲ ਸਾਡਾ ਨੌਜਵਾਨ ਕੁਝ ਨਵਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਦੇਸ਼ ਦਾ ਨੌਜਵਾਨ ਪਰੇਸ਼ਾਨ ਸੀ ਕਿ ਇੰਨੀਆਂ ਔਕੜਾਂ ਵਿੱਚ ਉਹ ਜਾਏ ਤਾਂ, ਜਾਏ ਕਿੱਥੇ।

ਸਾਥੀਓ,

ਹਾਲਤ ਇਹ ਸੀ ਕਿ ਜੇਕਰ ਕਿਸੇ ਪ੍ਰੀਖਿਆ ਦੇ ਲਈ, ਨੌਕਰੀ ਦੇ ਲਈ ਅਪਲਾਈ ਕਰਨਾ ਹੁੰਦਾ ਸੀ, ਤਾਂ ਸਰਟੀਫਿਕੇਟ ਅਟੈਸਟ ਕਰਾਉਣ ਲਈ ਅਫ਼ਸਰਾਂ ਅਤੇ ਨੇਤਾਵਾਂ ਦੇ ਸਾਈਨ ਲੈਣ ਵਿੱਚ ਹੀ ਦਮ ਨਿਕਲ ਜਾਂਦਾ ਸੀ। ਫਿਰ ਫ਼ੀਸ ਦਾ ਡਿਮਾਂਡ ਡਰਾਫਟ ਬਣਾਉਣ ਲਈ ਬੈਂਕਾਂ ਅਤੇ ਪੋਸਟ-ਆਫਿਸ ਦੇ ਚੱਕਰ ਲਗਾਉਣੇ ਪੈਂਦੇ ਸੀ। ਆਪਣਾ ਕੋਈ ਬਿਜ਼ਨੇਸ ਸ਼ੁਰੂ ਕਰਨਾ ਹੁੰਦਾ ਸੀ, ਤਾਂ ਬੈਂਕ ਕੁਝ ਹਜ਼ਾਰ ਰੁਪਏ ਦੇ ਲੋਨ ਲਈ 100 ਗਰੰਟੀ ਮੰਗਦੇ ਸੀ। ਅੱਜ ਇਹ ਗੱਲਾਂ ਬਹੁਤ ਬੇਮਾਅਨੇ ਲੱਗਦੀਆਂ ਹਨ, ਪਰ ਇੱਕ ਦਹਾਕੇ ਪਹਿਲਾਂ ਤੱਕ ਇਹ ਸਭ ਕੁਝ ਚਲਦਾ ਸੀ।

ਸਾਥੀਓ,

ਤੁਸੀਂ ਇੱਥੇ ਸਟਾਰਟ-ਅੱਪ ਨੂੰ ਲੈ ਕੇ ਪ੍ਰਜੈਂਟੇਸ਼ਨ ਦਿੱਤੀ, ਮੈਂ ਤੁਹਾਨੂੰ ਸਟਾਰਟਅੱਪ ਈਕੋਸਿਸਟਮ ਦਾ ਹੀ ਉਦਾਹਰਣ ਦਿੰਦਾ ਹਾਂ, ਕਿ ਇਸ ਵਿੱਚ ਜੋ ਤਬਦੀਲੀ ਹੋਈ ਹੈ, ਉਹ ਕਿਵੇਂ ਹੋਈ ਹੈ। ਦੁਨੀਆਂ ਵਿੱਚ 50-60 ਸਾਲ ਪਹਿਲਾਂ ਸਟਾਰਟ-ਅੱਪ ਕਲਚਰ ਸ਼ੁਰੂ ਹੋਇਆ, ਹੌਲੀ-ਹੌਲੀ ਉਹ ਮੈਗਾ-ਕਾਰਪੋਰੇਸ਼ਨਸ ਦੇ ਯੁੱਗ ਵਿੱਚ ਬਦਲ ਗਿਆ, ਪਰ ਇਸ ਪੂਰੀ ਯਾਤਰਾ ਦੇ ਦੌਰਾਨ ਭਾਰਤ ਵਿੱਚ ਸਟਾਰਟ-ਅੱਪਸ ਬਾਰੇ ਬਹੁਤ ਘੱਟ ਚਰਚਾ ਹੁੰਦੀ ਸੀ। ਸਾਲ 2014 ਤੱਕ ਤਾਂ ਦੇਸ਼ ਵਿੱਚ 500 ਤੋਂ ਵੀ ਘੱਟ ਰਜਿਸਟਰਡ ਸਟਾਰਟ-ਅੱਪ ਹੋਇਆ ਕਰਦੇ ਸੀ। ਸਟਾਰਟ-ਅੱਪ ਕਲਚਰ ਦੀ ਕਮੀ ਕਾਰਨ, ਹਰ ਖੇਤਰ ਵਿੱਚ ਸਰਕਾਰ ਦਾ ਹੀ ਦਖ਼ਲ ਹਾਵੀ ਰਿਹਾ। ਸਾਡਾ ਨੌਜਵਾਨ ਟੈਲੈਂਟ, ਉਸਦੀ ਤਾਕਤ, ਉਸਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਹੀ ਨਹੀਂ ਮਿਲਿਆ।

ਸਾਥੀਓ,

ਮੈਨੂੰ ਆਪਣੇ ਦੇਸ਼ ਦੇ ਨੌਜਵਾਨਾਂ ’ਤੇ ਭਰੋਸਾ ਹੈ, ਉਨ੍ਹਾਂ ਦੀ ਤਾਕਤ ’ਤੇ ਭਰੋਸਾ ਹੈ, ਇਸ ਲਈ ਅਸੀਂ ਇੱਕ ਅਲੱਗ ਰਾਹ ਚੁਣੀ। ਅਸੀਂ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਤੋਂ ਬਾਅਦ ਇੱਕ ਨਵੀਆਂ ਸਕੀਮਾਂ ਬਣਾਈਆਂ, ਇੱਥੋਂ ਹੀ ਸਟਾਰਟ-ਅੱਪ ਕ੍ਰਾਂਤੀ ਨੇ ਭਾਰਤ ਵਿੱਚ ਅਸਲੀ ਰਫ਼ਤਾਰ ਫੜੀ। ਈਜ਼ ਆਫ ਡੂਇੰਗ ਬਿਜ਼ਨੇਸ ਸੁਧਾਰ, ਸਟਾਰਟ-ਅੱਪ ਇੰਡੀਆ, ਡਿਜੀਟਲ ਇੰਡੀਆ, ਫੰਡਾਂ ਦਾ ਫੰਡ, ਟੈਕਸ ਅਤੇ ਪਾਲਣਾ ਸਰਲੀਕਰਨ, ਅਜਿਹੀਆਂ ਅਨੇਕਾਂ ਪਹਿਲਕਦਮੀਆਂ ਲਈਆਂ ਗਈਆਂ। ਅਜਿਹੇ ਸੈਕਟਰ, ਜਿੱਥੇ ਪਹਿਲਾਂ ਸਿਰਫ਼ ਸਰਕਾਰ ਹੀ ਸਭ ਕੁਝ ਸੀ, ਸਭ ਜਗ੍ਹਾ ਉਸੇ ਦੀ ਚਲਦੀ ਸੀ, ਉਨ੍ਹਾਂ ਨੂੰ ਨੌਜਵਾਨ ਇਨੋਵੇਸ਼ਨ, ਨੌਜਵਾਨ ਉੱਦਮ ਦੇ ਲਈ ਖੋਲ੍ਹਿਆ ਗਿਆ। ਇਸਦਾ ਜੋ ਪ੍ਰਭਾਵ ਹੋਇਆ, ਉਹ ਵੀ ਇੱਕ ਅਲੱਗ ਹੀ ਸਕਸੈਸ ਸਟੋਰੀ ਬਣ ਚੁੱਕਿਆ ਹੈ।

ਸਾਥੀਓ,

ਤੁਸੀਂ ਸਪੇਸ ਸੈਕਟਰ ਨੂੰ ਹੀ ਲੈ ਲਓ, 5-6 ਸਾਲ ਪਹਿਲਾਂ ਤੱਕ ਸਪੇਸ ਸੈਕਟਰ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸਿਰਫ਼ ਇਸਰੋ ’ਤੇ ਸੀ। ਅਸੀਂ ਸਪੇਸ ਨੂੰ ਪ੍ਰਾਈਵੇਟ ਇੰਟਰਪ੍ਰਾਈਜ਼ ਲਈ ਖੋਲ੍ਹ ਦਿੱਤਾ, ਇਸ ਨਾਲ ਜੁੜੀਆਂ ਵਿਵਸਥਾਵਾਂ ਬਣਾਈਆਂ, ਅਦਾਰੇ ਤਿਆਰ ਕੀਤੇ ਅਤੇ ਅੱਜ ਸਪੇਸ ਸੈਕਟਰ ਵਿੱਚ 300 ਤੋਂ ਵੱਧ ਸਟਾਰਟ-ਅੱਪ ਕੰਮ ਕਰ ਰਹੇ ਹਨ। ਦੇਖਦੇ ਹੀ ਦੇਖਦੇ ਸਾਡੇ ਸਟਾਰਟ-ਅੱਪ ਸਕਾਈਰੂਟ ਐਰੋਸਪੇਸ ਨੇ ਆਪਣਾ ਰਾਕੇਟ ‘ਵਿਕਰਮ-ਐੱਸ’ ਤਿਆਰ ਕਰ ਲਿਆ ਹੈ। ਇੱਕ ਹੋਰ ਸਟਾਰਟ-ਅੱਪ ਅਗਨੀਕੁਲ ਕੋਸਮੋਸ ਨੇ ਦੁਨੀਆਂ ਦਾ ਪਹਿਲਾ 3ਡੀ ਪ੍ਰਿੰਟੇਡ ਇੰਜਨ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ, ਇਹ ਸਭ ਸਟਾਰਟ-ਅੱਪ ਦੀ ਕਮਾਲ ਹੈ। ਭਾਰਤ ਦੇ ਸਪੇਸ ਸਟਾਰਟ-ਅੱਪਸ ਹੁਣ ਲਗਾਤਾਰ ਕਮਾਲ ਕਰਕੇ ਦਿਖਾ ਰਹੇ ਹਨ।

ਸਾਥੀਓ,

ਮੈਂ ਹੁਣ ਤੁਹਾਨੂੰ ਇੱਕ ਸਵਾਲ ਕਰਦਾ ਹਾਂ। ਤੁਸੀਂ ਕਲਪਨਾ ਕਰੋ ਕਿ ਜੇਕਰ ਡਰੋਨ ਉਡਾਉਣ ‘ਤੇ 24 ਘੰਟੇ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਰਹਿੰਦੀਆਂ, ਤਾਂ ਕੀ ਹੁੰਦਾ? ਇਹ ਸੀ, ਪਹਿਲਾਂ ਸਾਡੇ ਇੱਥੇ ਡਰੋਨ ਉਡਾਉਣਾ ਜਾਂ ਬਣਾਉਣਾ, ਦੋਵੇਂ ਕਾਨੂੰਨਾਂ ਦੇ ਜਾਲ ਵਿੱਚ ਫ਼ਸਿਆ ਹੋਇਆ ਸੀ। ਲਾਇਸੈਂਸ ਲੈਣਾ ਪਹਾੜ ਚੜ੍ਹਨ ਜਿਹਾ ਕੰਮ ਸੀ ਅਤੇ ਇਸਨੂੰ ਸਿਰਫ਼ ਸੁਰੱਖਿਆ ਦੇ ਨਜ਼ਰੀਏ ਤੋਂ ਹੀ ਦੇਖਿਆ ਜਾਂਦਾ ਸੀ। ਅਸੀਂ ਨਵੇਂ ਨਿਯਮ ਬਣਾਏ, ਨਿਯਮ ਸੌਖੇ ਕੀਤੇ, ਇਸਦੇ ਕਾਰਨ ਅੱਜ ਸਾਡੇ ਇੱਥੇ ਕਿੰਨੇ ਹੀ ਨੌਜਵਾਨਾਂ ਨੂੰ ਡਰੋਨ ਨਾਲ ਜੁੜੇ ਸੈਕਟਰਾਂ ਵਿੱਚ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਜੰਗ ਦੇ ਖੇਤਰ ਵਿੱਚ ਮੇਡ ਇਨ ਇੰਡੀਆ ਡਰੋਨ ਦੇਸ਼ ਦੇ ਦੁਸ਼ਮਣਾਂ ਨੂੰ ਹਰਾ ਰਹੇ ਹਨ ਅਤੇ ਖੇਤੀਬਾੜੀ ਖੇਤਰ ਵਿੱਚ ਸਾਡੀਆਂ ਨਵੀਆਂ ਡਰੋਨ ਦੀਦੀਆਂ ਖੇਤੀ ਵਿੱਚ ਡਰੋਨ ਟੈਕਨਾਲੋਜੀ ਦੀ ਵਰਤੋਂ ਕਰ ਰਹੀਆਂ ਹਨ।

ਸਾਥੀਓ,

ਡਿਫੈਂਸ ਸੈਕਟਰ ਵੀ ਪਹਿਲਾਂ ਸਰਕਾਰੀ ਕੰਪਨੀਆਂ ’ਤੇ ਹੀ ਨਿਰਭਰ ਸੀ। ਸਾਡੀ ਸਰਕਾਰ ਨੇ ਇਸਨੂੰ ਵੀ ਬਦਲਿਆ, ਭਾਰਤ ਦੇ ਡਿਫੈਂਸ ਈਕੋਸਿਸਟਮ ਵਿੱਚ ਸਟਾਰਟ-ਅੱਪਸ ਦੇ ਲਈ ਦਰਵਾਜ਼ੇ ਖੋਲ੍ਹੇ। ਇਸਦਾ ਬਹੁਤ ਵੱਡਾ ਫ਼ਾਇਦਾ ਸਾਡੇ ਨੌਜਵਾਨਾਂ ਨੂੰ ਹੀ ਮਿਲਿਆ। ਅੱਜ ਭਾਰਤ ਵਿੱਚ 1000 ਤੋਂ ਵੱਧ ਡਿਫੈਂਸ ਸਟਾਰਟ-ਅੱਪਸ ਕੰਮ ਕਰ ਰਹੇ ਹਨ। ਅੱਜ ਇੱਕ ਨੌਜਵਾਨ ਡਰੋਨ ਬਣਾ ਰਿਹਾ ਹੈ, ਤਾਂ ਦੂਸਰਾ ਨੌਜਵਾਨ ਐਂਟੀ-ਡਰੋਨ ਸਿਸਟਮ ਬਣਾ ਰਿਹਾ ਹੈ, ਅਤੇ ਕੋਈ ਏਆਈ ਕੈਮਰਾ ਬਣਾ ਰਿਹਾ ਹੈ, ਕੋਈ ਰੋਬੋਟਿਕਸ ’ਤੇ ਕੰਮ ਕਰ ਰਿਹਾ ਹੈ।

ਸਾਥੀਓ,

ਡਿਜ਼ੀਟਲ ਇੰਡੀਆ ਨੇ ਵੀ ਭਾਰਤ ਵਿੱਚ ਕ੍ਰਿਏਟਰਸ ਦੀ ਇੱਕ ਨਵੀਂ ਕਮਿਊਨਟੀ ਖੜ੍ਹੀ ਕਰ ਦਿੱਤੀ ਹੈ। ਭਾਰਤ ਅੱਜ ‘ਔਰੇਂਜ ਇਕੋਨੌਮੀ’ ਯਾਨੀ ਕਲਚਰ, ਕੰਟੈਂਟ ਅਤੇ ਕ੍ਰਿਏਟਿਵਿਟੀ ਦਾ ਬੇਮਿਸਾਲ ਵਿਕਾਸ ਹੁੰਦੇ ਦੇਖ ਰਿਹਾ ਹੈ। ਭਾਰਤ ਮੀਡੀਆ, ਫਿਲਮ, ਗੇਮਿੰਗ, ਮਿਊਜ਼ਿਕ, ਡਿਜੀਟਲ ਕੰਟੈਂਟ, ਵੀਆਰ-ਐਕਸਆਰ ਜਿਹੇ ਖੇਤਰਾਂ ਵਿੱਚ ਇੱਕ ਵੱਡਾ ਗਲੋਬਲ ਸੈਂਟਰ ਬਣ ਰਿਹਾ ਹੈ। ਹਾਲੇ ਇੱਥੇ ਇੱਕ ਪ੍ਰਜੈਂਟੇਸ਼ਨ ਵਿੱਚ ਸਾਡੇ ਕਲਚਰ ਨੂੰ ਐਕਸਪੋਰਟ ਕਰਨ ਦੀ ਗੱਲ ਆਈ। ਮੈਂ ਤਾਂ ਤੁਹਾਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ, ਸਾਡੀਆਂ ਜੋ ਕਹਾਣੀਆਂ ਹਨ, ਕਹਾਣੀਆਂ-ਕਿੱਸੇ ਹਨ, ਰਮਾਇਣ ਹੈ, ਮਹਾਭਾਰਤ ਹੈ, ਬਹੁਤ ਕੁਝ ਹੈ। ਕੀ ਅਸੀਂ ਇਨ੍ਹਾਂ ਨੂੰ ਗੇਮਿੰਗ ਦੀ ਦੁਨੀਆ ਵਿੱਚ ਲਿਜਾ ਸਕਦੇ ਹਾਂ, ਇਨ੍ਹਾਂ ਚੀਜ਼ਾਂ ਨੂੰ? ਪੂਰੀ ਦੁਨੀਆਂ ਵਿੱਚ ਗੇਮਿੰਗ ਬਹੁਤ ਵੱਡੀ ਮਾਰਕਿਟ ਹੈ, ਬਹੁਤ ਵੱਡੀ ਇਕੋਨੌਮੀ ਹੈ। ਅਸੀਂ ਆਪਣੀ ਮੈਥੋਲੋਜੀ ਦੀਆਂ ਕਥਾਵਾਂ ਨੂੰ ਲੈ ਕੇ ਵੀ ਗੇਮਿੰਗ ਦੀ ਦੁਨੀਆਂ ਵਿੱਚ ਨਵੇਂ-ਨਵੇਂ ਖੇਡ ਲੈ ਕੇ ਜਾ ਸਕਦੇ ਹਾਂ, ਸਾਡੇ ਹਨੂਮਾਨ ਜੀ ਪੂਰੀ ਦੁਨੀਆਂ ਦੀ ਗੇਮਿੰਗ ਨੂੰ ਚਲਾ ਸਕਦੇ ਹਨ। ਸਾਡਾ ਕਲਚਰ ਵੀ ਐਕਸਪੋਰਟ ਹੋ ਜਾਵੇਗਾ, ਆਧੁਨਿਕ ਰੂਪ ਵਿੱਚ ਹੋ ਜਾਵੇਗਾ, ਟੈਕਨਾਲੋਜੀ ਦੀ ਵਰਤੋਂ ਹੋਵੇਗੀ। ਅਤੇ ਅੱਜਕੱਲ੍ਹ ਵੀ ਮੈਂ ਦੇਖ ਰਿਹਾ ਹਾਂ, ਸਾਡੇ ਦੇਸ਼ ਦੇ ਕਈ ਸਟਾਰਟ-ਅੱਪਸ ਹਨ, ਜੋ ਗੇਮਿੰਗ ਦੀ ਦੁਨੀਆਂ ਵਿੱਚ ਬਹੁਤ ਵਧੀਆ ਭਾਰਤ ਦੀਆਂ ਗੱਲਾਂ ਕਰ ਰਹੇ ਹਨ, ਅਤੇ ਬੱਚਿਆਂ ਨੂੰ ਵੀ ਖੇਡਦੇ-ਖੇਡਦੇ ਭਾਰਤ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ।

ਸਾਥੀਓ,

‘ਵਰਲਡ ਆਡੀਓ-ਵਿਜ਼ੂਅਲ ਐਂਡ ਇੰਟਰਟੇਨਮੈਂਟ ਸਮਿਟ’ ਯਾਨੀ ਵੇਵਜ਼ ਨੌਜਵਾਨ ਕ੍ਰਿਏਟ੍ਰਸ ਲਈ ਇੱਕ ਬਹੁਤ ਵੱਡਾ ਲਾਂਚ-ਪੈਡ ਬਣ ਗਈ ਹੈ। ਯਾਨੀ ਸੈਕਟਰ ਕੋਈ ਵੀ ਹੋਵੇ, ਤੁਹਾਡੇ ਲਈ ਅੱਜ ਭਾਰਤ ਵਿੱਚ ਅਨੇਕਾਂ ਸੰਭਾਵਨਾਵਾਂ ਦੇ ਦਰਵਾਜੇ ਖੁੱਲ੍ਹ ਰਹੇ ਹਨ। ਇਸ ਲਈ ਮੇਰਾ ਅੱਜ ਇੱਥੇ ਇਸ ਆਯੋਜਨ ਨਾਲ ਜੁੜੇ ਸਾਰੇ ਨੌਜਵਾਨਾਂ ਨੂੰ, ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਹੈ, ਤੁਸੀਂ ਆਪਣੇ ਵਿਚਾਰਾਂ ਦੇ ਨਾਲ ਅੱਗੇ ਵਧੋ, ਰਿਸਕ ਲੈਣ ਤੋਂ ਪਿੱਛੇ ਨਾ ਹਟੋ, ਸਰਕਾਰ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ।

ਸਾਥੀਓ,

ਬੀਤੇ ਦਹਾਕੇ ਵਿੱਚ ਬਦਲਾਅ ਦਾ, ਰਿਫੋਰਮਸ ਦਾ ਜੋ ਸਿਲਸਿਲਾ ਅਸੀਂ ਸ਼ੁਰੂ ਕੀਤਾ, ਉਹ ਹੁਣ ਰਿਫੋਰਮ ਐਕਸਪ੍ਰੈੱਸ ਬਣ ਚੁੱਕਿਆ ਹੈ। ਅਤੇ ਇਨ੍ਹਾਂ ਰਿਫੋਰਮਸ ਦੇ ਕੇਂਦਰ ਵਿੱਚ ਤੁਸੀਂ ਹੋ, ਸਾਡੀ ਨੌਜਵਾਨ ਤਾਕਤ ਹੈ। ਜੀਐੱਸਟੀ ਵਿੱਚ ਹੋਏ ਨੈਕਸਟ ਜੇਨਰੇਸ਼ਨ ਰਿਫੋਰਮਸ ਨਾਲ ਨੌਜਵਾਨਾਂ ਅਤੇ ਉਦਮੀਆਂ ਲਈ ਪ੍ਰੋਸੈਸ ਹੋਰ ਸੌਖਾ ਹੋ ਗਿਆ ਹੈ। ਹੁਣ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਟੈਕਸ ਜ਼ੀਰੋ ਹੋ ਗਿਆ ਹੈ, ਇਸ ਨਾਲ ਨਵੀਂ ਨੌਕਰੀ ਵਾਲਿਆਂ ਜਾਂ ਨਵੇਂ ਬਿਜ਼ਨੇਸ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ, ਉਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਬੱਚਤ ਹੋਣ ਦੀ ਸੰਭਾਵਨਾ ਵਧ ਗਈ ਹੈ।

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ, ਅੱਜ ਬਿਜਲੀ ਸਿਰਫ਼ ਚਾਨਣ ਦਾ ਜ਼ਰੀਆ ਨਹੀਂ ਹੈ, ਅੱਜ ਏਆਈ, ਡੇਟਾ ਸੈਂਟਰਸ, ਸੈਮੀਕੰਡਕਟਰ, ਮੈਨੁਫੈਕਚਰਿੰਗ, ਅਜਿਹੇ ਹਰ ਈਕੋਸਿਸਟਮ ਲਈ ਜ਼ਿਆਦਾ ਬਿਜਲੀ ਦੀ ਜ਼ਰੂਰਤ ਹੈ। ਇਸ ਲਈ ਅੱਜ ਭਾਰਤ ਅਸ਼ਿਓਰਡ ਐਨਰਜੀ ਯਕੀਨੀ ਬਣਾ ਰਿਹਾ ਹੈ। ਸਿਵਲ ਨਿਊਕਲੀਅਰ ਐਨਰਜੀ ਨਾਲ ਜੁੜਿਆ ਰਿਫੋਰਮ ਯਾਨੀ ਸ਼ਾਂਤੀ ਐਕਟ ਇਸ ਟੀਚੇ ਦੇ ਨਾਲ ਕੀਤਾ ਗਿਆ ਹੈ। ਇਸ ਨਾਲ ਨਿਊਕਲੀਅਰ ਸੈਕਟਰ ਵਿੱਚ ਤਾਂ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਹੀ, ਬਾਕੀ ਸੈਕਟਰਾਂ ‘ਤੇ ਵੀ ਇਸਦਾ ਮਲਟੀਪਲਾਇਰ ਪ੍ਰਭਾਵ ਪੈਣ ਵਾਲਾ ਹੈ।

ਸਾਥੀਓ,

ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਆਪਣੀਆਂ ਜ਼ਰੂਰਤਾਂ ਹਨ, ਆਪਣੀ ਮੰਗ ਹੈ। ਉੱਥੇ ਵਰਕਫੋਰਸ ਲਗਾਤਾਰ ਘਟ ਰਹੀ ਹੈ। ਸਾਡਾ ਯਤਨ ਹੈ ਕਿ ਭਾਰਤ ਦੇ ਨੌਜਵਾਨ ਦੁਨੀਆਂ ਭਰ ਵਿੱਚ ਬਣ ਰਹੇ ਮੌਕਿਆਂ ਲਈ ਤਿਆਰ ਹੋਣ। ਇਸ ਲਈ, ਸਕਿੱਲ ਡਿਵੈਲਪਮੈਂਟ ਨਾਲ ਜੁੜੇ ਖੇਤਰਾਂ ਵਿੱਚ ਵੀ ਲਗਾਤਾਰ ਰਿਫੋਰਮ ਕੀਤਾ ਜਾਣਾ ਚਾਹੀਦਾ ਹੈ ਅਤੇ ਅਸੀਂ ਕਰ ਰਹੇ ਹਾਂ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੋਂ ਬਾਅਦ, ਹੁਣ ਉੱਚ ਸਿੱਖਿਆ ਨਾਲ ਜੁੜੇ ਨਿਯਮਾਂ ਨੂੰ ਰਿਫੋਰਮ ਕੀਤਾ ਜਾ ਰਿਹਾ ਹੈ। ਵਿਦੇਸ਼ੀ ਯੂਨੀਵਰਸਿਟੀਆਂ ਵੀ ਹੁਣ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹ ਰਹੀਆਂ ਹਨ। ਹਾਲ ਹੀ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਨਾਲ ਪੀਐੱਮ ਸੇਤੁ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਸਾਡੇ ਹਜ਼ਾਰਾਂ ਆਈਟੀਆਈ ਅੱਪਗ੍ਰੇਡ ਕੀਤੇ ਜਾਣਗੇ, ਤਾਂ ਕਿ ਨੌਜਵਾਨਾਂ ਨੂੰ ਇੰਡਸਟਰੀ ਦੀਆਂ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਟ੍ਰੇਨ ਕੀਤਾ ਜਾ ਸਕੇ। ਬੀਤੇ ਸਮੇਂ ਵਿੱਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਨਾਲ ਭਾਰਤ ਨੇ ਵਪਾਰ ਸਮਝੌਤੇ ਕੀਤੇ ਹਨ। ਇਹ ਵੀ ਭਾਰਤ ਦੇ ਨੌਜਵਾਨਾਂ ਲਈ ਨਵੇਂ-ਨਵੇਂ ਮੌਕੇ ਲੈ ਕੇ ਆ ਰਹੇ ਹਨ।

ਸਾਥੀਓ,

ਕੋਈ ਵੀ ਦੇਸ਼ ਬਿਨਾਂ ਆਤਮ-ਵਿਸ਼ਵਾਸ ਦੇ ਸਵੈ-ਨਿਰਭਰ ਨਹੀਂ ਹੋ ਸਕਦਾ, ਵਿਕਸਿਤ ਨਹੀਂ ਹੋ ਸਕਦਾ। ਅਤੇ ਇਸ ਲਈ, ਆਪਣੀ ਤਾਕਤ, ਆਪਣੀ ਵਿਰਾਸਤ, ਆਪਣੇ ਸਾਜੋ-ਸਮਾਨ ’ਤੇ ਮਾਣ ਦੀ ਕਮੀ, ਸਾਨੂੰ ਚੁਭਦੀ ਹੈ, ਸਾਡੇ ਕੋਲ ਉਸਦੇ ਪ੍ਰਤੀ ਇੱਕ ਵਚਨਬੱਧਤਾ ਚਾਹੀਦੀ ਹੈ, ਮਾਣ ਦੀ ਭਾਵਨਾ ਹੋਣੀ ਚਾਹੀਦੀ ਹੈ। ਅਤੇ ਸਾਨੂੰ ਬਹੁਤ ਮਜ਼ਬੂਤੀ ਦੇ ਨਾਲ, ਮਾਣ ਦੇ ਨਾਲ ਮਜ਼ਬੂਤ ਕਦਮਾਂ ਨਾਲ ਅੱਗੇ ਵਧਣਾ ਚਾਹੀਦਾ ਹੈ। ਤੁਸੀਂ ਬ੍ਰਿਟਿਸ਼ ਰਾਜਨੇਤਾ ਮੈਕਾਲੇ ਦੇ ਬਾਰੇ ਜ਼ਰੂਰ ਪੜ੍ਹਿਆ ਹੋਵੇਗਾ, ਉਸਨੇ ਗ਼ੁਲਾਮੀ ਦੇ ਦੌਰ ਵਿੱਚ ਸਿੱਖਿਆ-ਤੰਤਰ ਦੇ ਜ਼ਰੀਏ ਭਾਰਤੀਆਂ ਦੀ ਅਜਿਹੀ ਪੀੜ੍ਹੀ ਬਣਾਉਣ ਲਈ ਕੰਮ ਕੀਤਾ, ਜੋ ਮਾਨਸਿਕ ਤੌਰ ’ਤੇ ਗ਼ੁਲਾਮ ਹੋਵੇ। ਇਸ ਨਾਲ ਭਾਰਤ ਵਿੱਚ ਸਵਦੇਸ਼ੀ ਦੇ ਪ੍ਰਤੀ, ਆਪਣੀਆਂ ਰਵਾਇਤਾਂ ਦੇ ਪ੍ਰਤੀ, ਆਪਣੇ ਉਤਪਾਦਾਂ, ਆਪਣੀ ਤਾਕਤ ਦੇ ਪ੍ਰਤੀ ਹੀਣ-ਭਾਵਨਾ ਫੈਲੀ। ਸਿਰਫ਼ ਵਿਦੇਸ਼ੀ ਹੋਣਾ ਅਤੇ ਇੰਪੋਰਟੇਡ ਹੋਣਾ ਹੀ, ਇਸੇ ਨੂੰ ਸਰਵ-ਉੱਚਤਾ ਦੀ ਗਰੰਟੀ ਮੰਨ ਲਿਆ। ਕੀ ਇਹ ਮਾਨਸਿਕਤਾ ਅੱਜ ਸਵੀਕਾਰਯੋਗ ਹੈ? ਅਸੀਂ ਮਿਲ ਕੇ ਗ਼ੁਲਾਮੀ ਦੀ ਮਾਨਸਿਕਤਾ ਨੂੰ ਖ਼ਤਮ ਕਰਨਾ ਹੈ। 10 ਸਾਲ ਬਾਅਦ, ਮੈਕਾਲੇ ਦੀ ਉਸ ਕਾਰਵਾਈ ਦੇ 200 ਸਾਲ ਪੂਰੇ ਹੋ ਰਹੇ ਹਨ, ਅਤੇ ਇਹ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ 200 ਸਾਲ ਪਹਿਲਾਂ ਦਾ ਜੋ ਪਾਪ ਹੈ ਨਾ, ਉਹ ਧੌਣ ਲਈ ਹੁਣ 10 ਸਾਲ ਬਚੇ ਹਨ ਸਾਡੇ ਕੋਲ। ਅਤੇ ਇਹ ਨੌਜਵਾਨ ਪੀੜ੍ਹੀ ਧੋ ਕੇ ਰਹੇਗੀ, ਮੈਨੂੰ ਪੂਰਾ ਭਰੋਸਾ ਹੈ। ਅਤੇ ਇਸ ਲਈ ਦੇਸ਼ ਦੇ ਹਰ ਨੌਜਵਾਨ ਨੇ ਸੰਕਲਪ ਲੈ ਕੇ ਇਸ ਮਾਨਸਿਕਤਾ ਵਿੱਚੋਂ ਦੇਸ਼ ਨੂੰ ਬਾਹਰ ਕੱਢਣਾ ਹੈ।

ਸਾਥੀਓ,

ਸਾਡੇ ਇੱਥੇ ਸ਼ਾਸ਼ਤਰਾਂ ਵਿੱਚ ਕਿਹਾ ਗਿਆ ਹੈ, ਅਤੇ ਇੱਥੇ ਸਟਾਰਟ-ਅੱਪ, ਇੱਥੇ ਜੋ ਪ੍ਰਜੈਂਟੇਸ਼ਨ ਹੋਇਆ, ਉਸ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ - ਆ ਨੋ ਭਦ੍ਰਾ: ਕ੍ਰਤਵੋ ਯੰਤੁ ਵਿਸ਼ਵਤ: (आ नो भद्राः क्रतवो यन्तु विश्वतः) ਯਾਨੀ ਸਾਡੇ ਲਈ ਸਾਰੀਆਂ ਦਿਸ਼ਾਵਾਂ ਤੋਂ ਕਲਿਆਣਕਾਰੀ, ਸ਼ੁਭ ਅਤੇ ਉੱਤਮ ਵਿਚਾਰ ਆਉਣ ਦਿਓ। ਤੁਸੀਂ ਵੀ ਦੁਨੀਆ ਦੇ ਹਰ ਬਿਹਤਰੀਨ ਅਭਿਆਸ ਤੋਂ ਸਿੱਖਣਾ ਹੈ, ਪਰ ਆਪਣੀ ਵਿਰਾਸਤ, ਆਪਣੇ ਵਿਚਾਰਾਂ ਨੂੰ ਘੱਟ ਸਮਝਣ ਦੀ ਪ੍ਰਵਿਰਤੀ ਨੂੰ ਕਦੇ ਹਾਵੀ ਨਹੀਂ ਹੋਣ ਦੇਣਾ ਹੈ। ਸਵਾਮੀ ਵਿਵੇਕਾਨੰਦ ਜੀ ਦਾ ਜੀਵਨ ਸਾਨੂੰ ਇਹੀ ਤਾਂ ਸਿਖਾਉਂਦਾ ਹੈ। ਉਹ ਦੁਨੀਆਂ ਭਰ ਵਿੱਚ ਘੁੰਮੇ, ਉੱਥੋਂ ਦੀਆਂ ਚੰਗੀਆਂ ਗੱਲਾਂ ਦੀ ਸ਼ਲਾਘਾ ਕੀਤੀ, ਪਰ ਉਨ੍ਹਾਂ ਨੇ ਭਾਰਤ ਦੀ ਵਿਰਾਸਤ ਨੂੰ ਲੈ ਕੇ ਫੈਲਾਏ ਗਏ ਵਹਿਮ ਨੂੰ ਤੋੜਨ ਲਈ ਲਗਾਤਾਰ ਯਤਨ ਕੀਤੇ, ਉਨ੍ਹਾਂ ਨੇ ਉਸ ਨੂੰ ਸਖ਼ਤ ਜ਼ਖ਼ਮ ਦਿੱਤੇ। ਉਨ੍ਹਾਂ ਨੇ ਵਿਚਾਰਾਂ ਨੂੰ ਸਿਰਫ਼ ਇਸ ਲਈ ਨਹੀਂ ਮੰਨਿਆ, ਕਿਉਂਕਿ ਉਹ ਮਸ਼ਹੂਰ ਸੀ, ਬਲਕਿ ਉਨ੍ਹਾਂ ਨੇ ਕੁਰੀਤੀਆਂ ਨੂੰ ਚੈਲੇਂਜ ਕੀਤਾ, ਸਵਾਮੀ ਵਿਵੇਕਾਨੰਦ ਜੀ ਇੱਕ ਬਿਹਤਰ ਭਾਰਤ ਬਣਾਉਣਾ ਚਾਹੁੰਦੇ ਸੀ। ਉਸੇ ਸਪਿਰਿਟ ਨਾਲ, ਅੱਜ ਤੁਸੀਂ ਨੌਜਵਾਨ ਤਾਕਤ ਨੇ ਅੱਗੇ ਵਧਣਾ ਹੈ। ਅਤੇ ਇੱਥੇ ਆਪਣੀ ਫਿਟਨੈਸ ਦਾ ਵੀ ਧਿਆਨ ਰੱਖਣਾ ਹੈ, ਖੇਡਣਾ ਹੈ, ਹੱਸਣਾ ਹੈ।

ਮੈਨੂੰ ਤੁਹਾਡੇ ਸਾਰਿਆਂ ’ਤੇ ਅਟੁੱਟ ਭਰੋਸਾ ਹੈ। ਤੁਹਾਡੀ ਤਾਕਤ, ਤੁਹਾਡੀ ਊਰਜਾ ’ਤੇ ਮੇਰਾ ਭਰੋਸਾ ਹੈ। ਇਨ੍ਹਾਂ ਸ਼ਬਦਾਂ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਨੌਜਵਾਨ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੈਂ ਇੱਕ ਹੋਰ ਸੁਝਾਅ ਦੇਣਾ ਚਾਹੁੰਦਾ ਹਾਂ। ਇਹ ਜੋ ਸਾਡਾ ਡਾਇਲੌਗ ਦਾ ਪ੍ਰੋਗਰਾਮ ਚੱਲ ਰਿਹਾ ਹੈ, ਇਹ ਡਾਇਲੌਗ ਪ੍ਰੋਗਰਾਮ ਸੂਬਾ ਪੱਧਰ 'ਤੇ ਵੀ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੂਬਿਆਂ ਦੇ ਅੰਦਰ ਵਿਕਾਸ 'ਤੇ ਚਰਚਾ ਕੀਤੀ ਜਾ ਸਕੇ। ਇਸ ਤੋਂ ਬਾਅਦ, ਸਾਨੂੰ ਜ਼ਿਲ੍ਹਾ ਪੱਧਰੀ ਡਾਇਲੌਗ ਵੱਲ ਵਧਣਾ ਚਾਹੀਦਾ ਹੈ। ਪਰ ਹਰ ਸੂਬੇ ਵਿੱਚ ਇੱਕ ਪ੍ਰੋਗਰਾਮ ਸੂਬੇ ਦੇ ਨੌਜਵਾਨ ਮਿਲ ਕੇ ਕਰਨ ਤਾਂ ਕਿ ਥਿੰਕ ਟੈਂਕ, ਜਿਸਨੂੰ ਕਿਹਾ ਗਿਆ, ਉਹ ਥਿੰਕ ਵੈਬ ਬਣ ਜਾਏਗਾ, ਇਸ ਦਿਸ਼ਾ ਵਿੱਚ ਅਸੀਂ ਕੰਮ ਕਰੀਏ। ਮੇਰੀਆਂ ਪੂਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਬਹੁਤ-ਬਹੁਤ ਧੰਨਵਾਦ ਦੋਸਤੋ।

*********


(रिलीज़ आईडी: 2214403) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Bengali , Assamese , Manipuri , Gujarati , Odia , Kannada