ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਸ਼ਟਰੀ ਯੁਵਾ ਦਿਵਸ ਮੌਕੇ ਪ੍ਰਧਾਨ ਮੰਤਰੀ 12 ਜਨਵਰੀ ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਦੇ ਸਮਾਪਤੀ ਸੈਸ਼ਨ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਦੇਸ਼ ਭਰ ਦੇ ਤਕਰੀਬਨ 3,000 ਨੌਜਵਾਨ ਆਗੂਆਂ ਨਾਲ ਗੱਲਬਾਤ ਕਰਨਗੇ, ਜਿਨ੍ਹਾਂ ਵਿੱਚ ਕੌਮਾਂਤਰੀ ਪ੍ਰਵਾਸੀ ਭਾਈਚਾਰੇ ਦੇ ਨੌਜਵਾਨ ਨੁਮਾਇੰਦੇ ਵੀ ਸ਼ਾਮਲ ਹਨ

ਚੁਣੇ ਗਏ ਭਾਗੀਦਾਰ ਰਾਸ਼ਟਰੀ ਮਹੱਤਵ ਦੇ ਮੁੱਖ ਖੇਤਰਾਂ 'ਤੇ ਦਸ ਵਿਸ਼ਾ-ਆਧਾਰਿਤ ਟਰੈਕਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਆਪਣੀਆਂ ਅੰਤਿਮ ਪੇਸ਼ਕਾਰੀਆਂ ਦੇਣਗੇ

ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਵਿੱਚ ਦੇਸ਼ ਭਰ ਤੋਂ 50 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ

प्रविष्टि तिथि: 10 JAN 2026 10:00AM by PIB Chandigarh

ਸਵਾਮੀ ਵਿਵੇਕਾਨੰਦ ਦੀ ਜਯੰਤੀ ਦੀ ਯਾਦ ਵਿੱਚ ਮਨਾਏ ਜਾਂਦੇ ਰਾਸ਼ਟਰੀ ਯੁਵਾ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 12 ਜਨਵਰੀ ਨੂੰ ਸ਼ਾਮ ਤਕਰੀਬਨ 4:30 ਵਜੇ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਦੇ ਸਮਾਪਤੀ ਸੈਸ਼ਨ ਵਿੱਚ ਹਿੱਸਾ ਲੈਣਗੇ।

 

ਪ੍ਰਧਾਨ ਮੰਤਰੀ ਦੇਸ਼ ਭਰ ਦੇ ਤਕਰੀਬਨ 3,000 ਨੌਜਵਾਨਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪ੍ਰਵਾਸੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਨੌਜਵਾਨ ਡੈਲੀਗੇਟਾਂ ਨਾਲ ਗੱਲਬਾਤ ਕਰਨਗੇ। ਚੁਣੇ ਗਏ ਭਾਗੀਦਾਰ ਦਸ ਵਿਸ਼ਾ-ਆਧਾਰਿਤ ਟਰੈਕਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਆਪਣੀਆਂ ਅੰਤਿਮ ਪੇਸ਼ਕਾਰੀਆਂ ਦੇਣਗੇ ਅਤੇ ਰਾਸ਼ਟਰੀ ਮਹੱਤਵ ਦੇ ਮੁੱਖ ਖੇਤਰਾਂ 'ਤੇ ਨੌਜਵਾਨਾਂ ਦੇ ਨਜ਼ਰੀਏ ਅਤੇ ਅਮਲ ਕਰਨ ਯੋਗ ਵਿਚਾਰ ਸਾਂਝੇ ਕਰਨਗੇ।

 

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਲਈ ਲੇਖ ਸੰਗ੍ਰਹਿ ਜਾਰੀ ਕਰਨਗੇ, ਜਿਸ ਵਿੱਚ ਭਾਰਤ ਦੀਆਂ ਵਿਕਾਸ ਤਰਜੀਹਾਂ ਅਤੇ ਲੰਮੇ ਸਮੇਂ ਦੇ ਰਾਸ਼ਟਰ ਨਿਰਮਾਣ ਟੀਚਿਆਂ 'ਤੇ ਨੌਜਵਾਨ ਭਾਗੀਦਾਰਾਂ ਵੱਲੋਂ ਲਿਖੇ ਚੁਣੇ ਹੋਏ ਲੇਖ ਸ਼ਾਮਲ ਹਨ।

 

ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਦਾ ਦੂਜਾ ਐਡੀਸ਼ਨ ਚੱਲ ਰਿਹਾ ਹੈ। ਇਹ ਇੱਕ ਰਾਸ਼ਟਰੀ ਮੰਚ ਹੈ, ਜਿਸ ਨੂੰ ਭਾਰਤ ਦੇ ਨੌਜਵਾਨਾਂ ਅਤੇ ਰਾਸ਼ਟਰੀ ਲੀਡਰਸ਼ਿਪ ਵਿਚਾਲੇ ਢਾਂਚਾਗਤ ਤਾਲਮੇਲ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ। ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਦੇ ਉਸ ਸੱਦੇ ਨਾਲ ਮੇਲ ਖਾਂਦਾ ਹੈ, ਜਿਸ ਵਿੱਚ ਸਿਆਸੀ ਸਬੰਧਾਂ ਤੋਂ ਬਿਨਾਂ ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸ਼ਾਮਲ ਕਰਨ ਅਤੇ ਵਿਕਸਿਤ ਭਾਰਤ ਲਈ ਉਨ੍ਹਾਂ ਦੇ ਵਿਚਾਰ ਹਕੀਕਤ ਬਣਾਉਣ ਲਈ ਰਾਸ਼ਟਰੀ ਮੰਚ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਸੀ।

 

9 ਤੋਂ 12 ਜਨਵਰੀ, 2026 ਤੱਕ ਹੋ ਰਹੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਵਿੱਚ ਵੱਖ-ਵੱਖ ਪੱਧਰਾਂ 'ਤੇ ਦੇਸ਼ ਭਰ ਤੋਂ 50 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਹੈ। ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਵਿੱਚ ਇਕੱਠੇ ਹੋ ਰਹੇ ਨੌਜਵਾਨ ਆਗੂਆਂ ਨੂੰ ਸਖ਼ਤ, ਯੋਗਤਾ-ਆਧਾਰਿਤ ਤਿੰਨ-ਪੜਾਵੀ ਚੋਣ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ, ਜਿਸ ਵਿੱਚ ਦੇਸ਼ ਵਿਆਪੀ ਡਿਜੀਟਲ ਕੁਇਜ਼, ਲੇਖ ਮੁਕਾਬਲਾ ਅਤੇ ਰਾਜ-ਪੱਧਰੀ ਵਿਜ਼ਨ ਪੇਸ਼ਕਾਰੀਆਂ ਸ਼ਾਮਲ ਸਨ।

 

ਡਾਇਲਾਗ ਦਾ ਦੂਜਾ ਐਡੀਸ਼ਨ ਆਪਣੇ ਉਦਘਾਟਨੀ ਐਡੀਸ਼ਨ ਦੀ ਸਫਲਤਾ 'ਤੇ ਆਧਾਰਿਤ ਹੈ ਅਤੇ ਇਸ ਵਿੱਚ ਕਈ ਨਵੇਂ ਅਹਿਮ ਵਾਧੇ ਕੀਤੇ ਗਏ ਹਨ। ਇਨ੍ਹਾਂ ਵਿੱਚ 'ਡਿਜ਼ਾਈਨ ਫਾਰ ਭਾਰਤ', 'ਟੈੱਕ ਫਾਰ ਵਿਕਸਿਤ ਭਾਰਤ - ਹੈਕ ਫਾਰ ਏ ਸੋਸ਼ਲ ਕਾਜ਼' ਦੀ ਸ਼ੁਰੂਆਤ, ਵਿਸਤ੍ਰਿਤ ਵਿਸ਼ਾ-ਆਧਾਰਿਤ ਗਤੀਵਿਧੀਆਂ ਅਤੇ ਪਹਿਲੀ ਵਾਰ ਅੰਤਰਰਾਸ਼ਟਰੀ ਸ਼ਮੂਲੀਅਤ ਸ਼ਾਮਲ ਹੈ, ਜੋ ਡਾਇਲਾਗ ਦੇ ਘੇਰੇ ਅਤੇ ਪ੍ਰਭਾਵ ਨੂੰ ਹੋਰ ਮਜ਼ਬੂਤ ਕਰਦੇ ਹਨ।

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2213436) आगंतुक पटल : 4
इस विज्ञप्ति को इन भाषाओं में पढ़ें: Marathi , English , Urdu , हिन्दी , Bengali , Manipuri , Assamese , Gujarati , Tamil , Kannada , Malayalam