ਵਿੱਤ ਮੰਤਰਾਲਾ
ਐੱਚਐੱਸਐੱਨਐੱਸ ਸੈੱਸ ਐਕਟ, 2026 ਅਤੇ ਐੱਚਐੱਸਐੱਨਐੱਸ ਸੈੱਸ ਨਿਯਮ, 2026 ਸਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
प्रविष्टि तिथि:
02 JAN 2026 5:03PM by PIB Chandigarh
ਪ੍ਰਸ਼ਨ 1. ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਤਹਿਤ ਕਿਸ ਨੂੰ ਰਜਿਸਟਰ ਕਰਵਾਉਣਾ ਜ਼ਰੂਰੀ ਹੈ?
ਉੱਤਰ: ਸਿਹਤ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਸੈੱਸ ਐਕਟ, 2025 (ਜਿਸ ਨੂੰ ਇਸ ਤੋਂ ਬਾਅਦ 'ਐਕਟ' ਵਜੋਂ ਜਾਣਿਆ ਜਾਵੇਗਾ) ਦੀ ਧਾਰਾ 3 ਦੇ ਅਨੁਸਾਰ ਹਰੇਕ ਟੈਕਸਯੋਗ ਵਿਅਕਤੀ ਲਈ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੈ। ਰਜਿਸਟ੍ਰੇਸ਼ਨ ਲਈ ਅਰਜ਼ੀ ਏਸੀਈਐੱਸ ਪੋਰਟਲ ਰਾਹੀਂ ਐੱਚਐੱਸਐੱਨਐੱਸ ਆਰਈਜੀ -01 ਫਾਰਮ ਵਿੱਚ ਦਿੱਤੀ ਜਾਵੇਗੀ। ਜਿੱਥੇ ਮਸ਼ੀਨਾਂ ਇੱਕ ਤੋਂ ਵੱਧ ਫੈਕਟਰੀ ਵਿੱਚ ਸਥਾਪਿਤ ਕੀਤੀਆਂ ਜਾਂਦੀਆਂ ਹਨ, ਹਰੇਕ ਫੈਕਟਰੀ ਲਈ ਵੱਖਰੀ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੋਵੇਗੀ।
ਪ੍ਰਸ਼ਨ 2. ਮੈਂ ਪਾਨ ਮਸਾਲਾ ਦਾ ਮੌਜੂਦਾ ਨਿਰਮਾਤਾ ਹਾਂ। ਮੈਨੂੰ ਨਵੇਂ ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਤਹਿਤ ਰਜਿਸਟ੍ਰੇਸ਼ਨ ਲਈ ਕਿਸ ਮਿਤੀ ਤੱਕ ਅਰਜ਼ੀ ਦੇਣੀ ਚਾਹੀਦੀ ਹੈ?
ਉੱਤਰ: ਤੁਹਾਨੂੰ ਐਕਟ ਅਤੇ ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਸ਼ੁਰੂ ਹੋਣ ਦੇ ਤੁਰੰਤ ਬਾਅਦ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣੀ ਚਾਹੀਦੀ ਹੈ, ਭਾਵ ਕਿ 1 ਫਰਵਰੀ, 2026 ਨੂੰ। ਕਿਉਂਕਿ ਸੈੱਸ ਦਾ ਭੁਗਤਾਨ ਕਰਨ ਦੀ ਦੇਣਦਾਰੀ ਉਸ ਮਿਤੀ ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਤੁਹਾਨੂੰ ਜਲਦੀ ਤੋਂ ਜਲਦੀ ਪੋਰਟਲ 'ਤੇ ਫਾਰਮ ਐੱਚਐੱਸਐੱਨਐੱਸ ਆਰਈਜੀ-01 ਵਿੱਚ ਰਜਿਸਟ੍ਰੇਸ਼ਨ ਅਰਜ਼ੀ ਜਮ੍ਹਾਂ ਕਰਾਉਣੀ ਚਾਹੀਦੀ ਹੈ। ਤੁਹਾਡਾ ਰਜਿਸਟ੍ਰੇਸ਼ਨ ਸਰਟੀਫਿਕੇਟ ਉਸ ਮਿਤੀ ਤੋਂ ਪ੍ਰਭਾਵੀ ਹੋਵੇਗਾ ਜਿਸ ਮਿਤੀ ਤੋਂ ਤੁਸੀਂ ਜਵਾਬਦੇਹ ਬਣਦੇ ਹੋ, ਜੋ ਕਿ ਮੌਜੂਦਾ ਨਿਰਮਾਤਾਵਾਂ ਲਈ 1 ਫਰਵਰੀ, 2026 ਹੈ।
ਪ੍ਰਸ਼ਨ 3. ਮੈਂ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ, ਪਰ ਅਧਿਕਾਰੀ ਨੇ ਪਿਛਲੇ ਦਸ ਦਿਨਾਂ ਤੋਂ ਜਵਾਬ ਨਹੀਂ ਦਿੱਤਾ ਹੈ। ਕੀ ਮੈਂ ਨਿਰਮਾਣ ਸ਼ੁਰੂ ਕਰ ਸਕਦਾ ਹਾਂ?
ਉੱਤਰ: ਹਾਂ। ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਨਿਯਮ 5(3) ਦੇ ਅਨੁਸਾਰ, ਜੇਕਰ ਯੋਗ ਅਧਿਕਾਰੀ ਸੱਤ ਕਾਰਜਕਾਰੀ ਦਿਨਾਂ ਦੇ ਅੰਦਰ ਕਾਰਵਾਈ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਮੰਨ ਲਿਆ ਜਾਂਦਾ ਹੈ। ਫਾਰਮ ਐੱਚਐੱਸਐੱਨਐੱਸ ਆਰਈਜ-02 ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਪੋਰਟਲ 'ਤੇ ਉਪਲਬਧ ਕਰਵਾਇਆ ਜਾਵੇਗਾ।
ਪ੍ਰਸ਼ਨ 4. ਕੀ ਮੈਂ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ ਬਿਨਾ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ ਤੋਂ ਬਾਅਦ ਆਪਣੀ ਸੈੱਸ ਦੇਣਦਾਰੀ ਦਾ ਭੁਗਤਾਨ ਕਰ ਸਕਦਾ ਹਾਂ?
ਉੱਤਰ: ਹਾਂ, ਤੁਸੀਂ ਫਾਰਮ ਐੱਚਐੱਸਐੱਨਐੱਸ ਆਰਈਜੀ-01 ਨੂੰ ਸਫਲਤਾਪੂਰਵਕ ਜਮ੍ਹਾਂ ਕਰਵਾਉਣ 'ਤੇ ਅਸਥਾਈ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਸੈੱਸ ਦੇਣਦਾਰੀ ਦਾ ਭੁਗਤਾਨ ਕਰ ਸਕਦੇ ਹੋ। ਐਕਟ ਅਨੁਸਾਰ ਹਰੇਕ ਟੈਕਸਯੋਗ ਵਿਅਕਤੀ ਤੋਂ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਸੈੱਸ ਇਕੱਠਾ ਕੀਤਾ ਜਾਣਾ ਚਾਹੀਦਾ ਹੈ, ਪਰ ਉਸ ਮਹੀਨੇ ਦੀ 7 ਤਰੀਕ ਤੋਂ ਬਾਅਦ ਨਹੀਂ। ਨਵੇਂ ਬਿਨੈਕਾਰਾਂ ਲਈ ਜੋ ਪਹਿਲਾਂ ਹੀ 1 ਫਰਵਰੀ, 2026 ਨੂੰ ਮਸ਼ੀਨਾਂ ਦੇ ਮਾਲਕ ਹਨ ਜਾਂ ਕੰਟਰੋਲ ਕਰਦੇ ਹਨ, ਸੈੱਸ ਦਾ ਭੁਗਤਾਨ ਉਕਤ ਅਸਥਾਈ ਰਜਿਸਟ੍ਰੇਸ਼ਨ ਨੰਬਰ ਦੀ ਵਰਤੋਂ ਕਰਕੇ ਪੋਰਟਲ 'ਤੇ ਕਰ ਸਕਦੇ ਹਨ ਭਾਵੇਂ ਰਜਿਸਟ੍ਰੇਸ਼ਨ ਸਰਟੀਫਿਕੇਟ (ਜੋ ਕਿ ਸੱਤ ਕੰਮਕਾਜੀ ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ) ਅਜੇ ਵੀ ਪ੍ਰਕਿਰਿਆ ਅਧੀਨ ਹੈ।
ਪ੍ਰਸ਼ਨ 5. ਇੱਕ ਵਾਰ ਜਦੋਂ ਮੈਨੂੰ ਆਪਣੀ ਰਜਿਸਟ੍ਰੇਸ਼ਨ ਮਿਲ ਜਾਂਦੀ ਹੈ, ਤਾਂ ਮੈਨੂੰ ਆਪਣੀਆਂ ਮਸ਼ੀਨਾਂ ਸਬੰਧੀ ਐਲਾਨਨਾਮਾ ਕਦੋਂ ਦਾਇਰ ਕਰਨਾ ਚਾਹੀਦਾ ਹੈ?
ਉੱਤਰ: ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਦੀ ਪ੍ਰਵਾਨਗੀ ਦੇ ਸੱਤ ਦਿਨਾਂ ਦੇ ਅੰਦਰ ਪੋਰਟਲ 'ਤੇ ਐੱਚਐੱਸਐੱਨਐੱਸ ਡੀਈਸੀ -01 ਫਾਰਮ ਵਿੱਚ ਐਲਾਨਨਾਮਾ ਦਾਇਰ ਕਰਨਾ ਚਾਹੀਦਾ ਹੈ। ਇਸ ਐਲਾਨਨਾਮੇ ਵਿੱਚ ਸੈੱਸ ਦੀ ਗਣਨਾ ਲਈ ਸਬੰਧਿਤ ਤੁਹਾਡੀਆਂ ਮਸ਼ੀਨਾਂ ਦੇ ਮਾਪਦੰਡ (ਵੱਧ ਤੋਂ ਵੱਧ ਦਰਜਾਬੰਦੀ ਵਾਲੀ ਗਤੀ, ਨਿਰਧਾਰਿਤ ਸਮਾਨ ਦਾ ਭਾਰ, ਆਦਿ) ਦਰਸਾਏ ਜਾਣੇ ਚਾਹੀਦੇ ਹਨ।
ਉਦਾਹਰਣ: ਮੰਨ ਲਓ ‘ਏਬੀਸੀ ਲਿਮਿਟੇਡ ’ ਨੂੰ 10 ਫਰਵਰੀ, 2026 ਨੂੰ ਆਪਣਾ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਹੋਵੇਗਾ। ਉਨ੍ਹਾਂ ਨੂੰ 17 ਫਰਵਰੀ, 2026 ਤੱਕ ਫਾਰਮ ਐੱਚਐੱਸਐੱਨਐੱਸ ਡੀਈਸੀ-01 ਦਾਇਰ ਕਰਨਾ ਲਾਜ਼ਮੀ ਹੈ।
ਪ੍ਰਸ਼ਨ 6. ਜੇਕਰ ਮੈਂ ਇੱਕ ਨਵੀਂ ਮਸ਼ੀਨ ਲਗਾਉਂਦਾ ਹਾਂ ਤਾਂ ਕੀ ਹੋਵੇਗਾ? ਕੀ ਮੈਨੂੰ ਵਿਭਾਗ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੈ?
ਉੱਤਰ: ਹਾਂ। ਤੁਹਾਨੂੰ ਸੈੱਸ ਦੀ ਗਣਨਾ ਲਈ ਸਬੰਧਿਤ ਮਾਪਦੰਡਾਂ ਵਿੱਚ ਕਿਸੇ ਵੀ ਤਬਦੀਲੀ ਦੇ ਪੰਦਰ੍ਹਾਂ ਦਿਨਾਂ ਦੇ ਅੰਦਰ ਐਕਟ ਦੀ ਧਾਰਾ 9(3) ਅਤੇ ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਨਿਯਮ 9(2) ਦੇ ਤਹਿਤ ਇੱਕ ਨਵਾਂ ਐਲਾਨਨਾਮਾ ਦਾਇਰ ਕਰਨਾ ਚਾਹੀਦਾ ਹੈ, ਜਿਸ ਵਿੱਚ ਇੱਕ ਨਵੀਂ ਮਸ਼ੀਨ ਦੀ ਸਥਾਪਨਾ ਜਾਂ ਜੋੜਨਾ ਸ਼ਾਮਲ ਹੈ।
ਉਦਾਹਰਣ: ਮੰਨ ਲਓ 1 ਮਾਰਚ, 2026 ਨੂੰ, ਤੁਸੀਂ ਇੱਕ ਨਵੀਂ ਪੈਕਿੰਗ ਮਸ਼ੀਨ ਸਥਾਪਿਤ ਕਰਦੇ ਹੋ। ਤੁਹਾਨੂੰ 16 ਮਾਰਚ, 2026 ਤੱਕ ਇਸ ਤਬਦੀਲੀ ਨੂੰ ਦਰਸਾਉਂਦੇ ਹੋਏ ਫਾਰਮ ਐੱਚਐੱਸਐੱਨਐੱਸ ਡੀਈਸੀ-01 ਵਿੱਚ ਇੱਕ ਨਵਾਂ ਐਲਾਨਨਾਮਾ ਦਾਇਰ ਕਰਨਾ ਚਾਹੀਦਾ ਹੈ।
ਪ੍ਰਸ਼ਨ 7. ਕੀ ਮੈਂ ਪਹਿਲੀ ਵਾਰ ਫਾਈਲ ਕਰਨ ਤੋਂ ਤੁਰੰਤ ਬਾਅਦ ਇੱਕ ਨਵਾਂ ਐਲਾਨਨਾਮਾ ਦਾਇਰ ਕਰ ਸਕਦਾ ਹਾਂ?
ਉੱਤਰ: ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਨਿਯਮ 9(2) ਦੇ ਅਨੁਸਾਰ, ਤੁਸੀਂ ਉਦੋਂ ਤੱਕ ਨਵਾਂ ਐਲਾਨਨਾਮਾ ਦਾਇਰ ਨਹੀਂ ਕਰ ਸਕਦੇ ਜਦੋਂ ਤੱਕ ਕਿ ਯੋਗ ਅਧਿਕਾਰੀ ਤੁਹਾਡੇ ਪਿਛਲੇ ਐਲਾਨਨਾਮੇ ਦੇ ਸਬੰਧ ਵਿੱਚ ਨਿਯਮ 11 ਦੇ ਤਹਿਤ ਹੁਕਮ ਜਾਰੀ ਨਹੀਂ ਕਰਦਾ।
ਪ੍ਰਸ਼ਨ 8. ਵਿਭਾਗ ਮੇਰੇ ਐਲਾਨਨਾਮੇ ਦੀ ਪੁਸ਼ਟੀ ਕਿਵੇਂ ਕਰੇਗਾ?
ਉੱਤਰ: ਸਬੰਧਿਤ ਅਧਿਕਾਰੀ ਐੱਚਐੱਸਐੱਨਐੱਸ ਸੈੱਸ ਨਿਯਮਾਂ (ਅਧਿਆਏ III) ਦੇ ਨਿਯਮ 10 ਦੇ ਅਨੁਸਾਰ 90 ਦਿਨਾਂ ਦੇ ਅੰਦਰ ਤੁਹਾਡੇ ਐਲਾਨਨਾਮੇ ਦੀ ਪੁਸ਼ਟੀ ਕਰੇਗਾ।
ਪ੍ਰਸ਼ਨ 9. ਕੀ ਹੁੰਦਾ ਹੈ ਜੇਕਰ ਅਧਿਕਾਰੀ ਨੂੰ ਪਤਾ ਲੱਗਦਾ ਹੈ ਕਿ ਮੇਰੀ ਮਸ਼ੀਨ ਦੀ ਵੱਧ ਤੋਂ ਵੱਧ ਰੇਟਿਡ ਸਪੀਡ ਮੇਰੇ ਐਲਾਨ ਕੀਤੇ ਗਏ ਨਾਲੋਂ ਵੱਧ ਹੈ?
ਉੱਤਰ: ਜੇਕਰ ਕੋਈ ਅੰਤਰ ਸੈੱਸ ਦੀ ਗਣਨਾ ਨੂੰ ਪ੍ਰਭਾਵਿਤ ਕਰਦਾ ਪਾਇਆ ਜਾਂਦਾ ਹੈ:
1. ਅਧਿਕਾਰੀ ਤੁਹਾਨੂੰ ਅੰਤਰ ਬਾਰੇ ਸੂਚਿਤ ਕਰੇਗਾ।
2. ਤੁਹਾਨੂੰ ਸੁਣਵਾਈ ਦਾ ਮੌਕਾ ਦੇਣ ਤੋਂ ਬਾਅਦ, ਯੋਗ ਅਧਿਕਾਰੀ ਤਸਦੀਕ ਦੇ 30 ਦਿਨਾਂ ਦੇ ਅੰਦਰ ਸੈੱਸ ਦੀ ਗਣਨਾ ਦੀ ਪੁਸ਼ਟੀ ਕਰਨ ਵਾਲਾ ਇੱਕ ਹੁਕਮ ਪਾਸ ਕਰੇਗਾ।
3. ਤੁਹਾਨੂੰ ਨਿਯਮ 11(3) ਦੇ ਅਨੁਸਾਰ ਬਾਅਦ ਦੀ ਮਿਆਦ ਅਤੇ ਪਿਛਲੀ ਮਿਆਦ ਲਈ ਨਿਰਧਾਰਿਤ ਸੈੱਸ ਦੀ ਰਕਮ ਦਾ ਭੁਗਤਾਨ ਕਰਨਾ ਪਵੇਗਾ ਜੋ ਇਹ ਹੁਕਮ ਦਿੰਦਾ ਹੈ ਕਿ ਤੁਸੀਂ ਇੰਸਟਾਲੇਸ਼ਨ ਦੀ ਮਿਤੀ (ਸ਼ੁਰੂਆਤੀ ਐਲਾਨਾ ਲਈ) ਜਾਂ ਪੈਰਾਮੀਟਰਾਂ ਵਿੱਚ ਤਬਦੀਲੀ ਦੀ ਮਿਤੀ (ਤਾਜ਼ਾ ਐਲਾਨਾ ਲਈ) ਤੋਂ ਅਸਲ ਭੁਗਤਾਨ ਦੀ ਮਿਤੀ ਤੱਕ ਵਿਆਜ ਦੇ ਨਾਲ ਸੈੱਸ ਦੀ ਅੰਤਰ ਰਕਮ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋ ਅਤੇ ਨਾਲ ਹੀ, ਬਾਅਦ ਦੀ ਮਿਆਦ ਲਈ ਨਿਰਧਾਰਿਤ ਸੈੱਸ ਦੀ ਰਕਮ ਦਾ ਭੁਗਤਾਨ ਤੁਹਾਨੂੰ ਕਰਨਾ ਹੋਵੇਗਾ।
ਉਦਾਹਰਣ: ਮੰਨ ਲਓ 1 ਫਰਵਰੀ ਨੂੰ, ਇੱਕ ਨਿਰਮਾਤਾ 300 ਪਾਊਚ/ਮਿੰਟ ਦੀ ਗਤੀ ਨਾਲ ਇੱਕ ਮਸ਼ੀਨ ਸਥਾਪਿਤ ਕਰਦਾ ਹੈ ਅਤੇ ਵਿਭਾਗ ਨੂੰ ਇਸਦੇ ਵੇਰਵਿਆਂ ਦਾ ਐਲਾਨ ਕਰਦਾ ਹੈ। 1 ਅਪ੍ਰੈਲ ਨੂੰ, ਤਸਦੀਕ ਤੋਂ ਬਾਅਦ, ਸਬੰਧਿਤ ਅਧਿਕਾਰੀ ਇਹ ਸਿੱਟਾ ਕੱਢਦਾ ਹੈ ਕਿ ਮਸ਼ੀਨ ਦੀ ਵੱਧ ਤੋਂ ਵੱਧ ਦਰਜਾਬੰਦੀ ਦੀ ਗਤੀ ਅਸਲ ਵਿੱਚ 700 ਪਾਊਚ/ਮਿੰਟ ਹੈ। ਸਬੰਧਿਤ ਅਧਿਕਾਰੀ 30 ਅਪ੍ਰੈਲ ਤੱਕ ਇੱਕ ਹੁਕਮ ਜਾਰੀ ਕਰੇਗਾ ਜਿਸ ਵਿੱਚ ਸੁਣਵਾਈ ਦਾ ਵਾਜਬ ਮੌਕਾ ਦੇਣ ਤੋਂ ਬਾਅਦ ਸੈੱਸ ਦੀ ਗਣਨਾ ਦਾ ਵੇਰਵਾ ਦਿੱਤਾ ਜਾਵੇਗਾ। ਰਜਿਸਟਰਡ ਵਿਅਕਤੀ ਫਰਵਰੀ, ਮਾਰਚ ਅਤੇ ਅਪ੍ਰੈਲ ਲਈ ਵਿਆਜ ਸਮੇਤ ਵਿਭਿੰਨ ਸੈੱਸ ਰਕਮ ਦਾ ਭੁਗਤਾਨ ਕਰੇਗਾ, ਕਿਉਂਕਿ ਦੇਣਦਾਰੀ ਸਥਾਪਿਤ ਕਰਨ ਦੀ ਮਿਤੀ (1 ਫਰਵਰੀ) ਤੋਂ ਪੁਰਾਣੀ ਹੈ ਅਤੇ ਨਾਲ ਹੀ, ਜਾਰੀ ਕੀਤੇ ਗਏ ਹੁਕਮ ਅਨੁਸਾਰ ਬਾਅਦ ਦੀ ਮਿਆਦ ਲਈ ਨਿਰਧਾਰਿਤ ਸੈੱਸ ਦਾ ਭੁਗਤਾਨ ਕਰੇਗਾ।
ਪ੍ਰਸ਼ਨ 10. ਜੇਕਰ ਅਧਿਕਾਰੀ ਮੇਰੇ ਐਲਾਨ ਨਾਲ ਸਹਿਮਤ ਹੈ, ਤਾਂ ਕੀ ਮੈਨੂੰ ਪੁਸ਼ਟੀ ਮਿਲੇਗੀ?
ਉੱਤਰ: ਹਾਂ। ਜੇਕਰ ਕੋਈ ਅੰਤਰ ਨਹੀਂ ਮਿਲਦਾ ਹੈ, ਤਾਂ ਯੋਗ ਅਧਿਕਾਰੀ ਤਸਦੀਕ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਤੁਹਾਡੇ ਐਲਾਨ ਦੀ ਪੁਸ਼ਟੀ ਕਰਨ ਵਾਲਾ ਹੁਕਮ ਪਾਸ ਕਰੇਗਾ।
ਪ੍ਰਸ਼ਨ 11. ਐੱਚਐੱਸਐੱਨਐੱਸ ਸੈੱਸ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ? ਕੀ ਇਹ ਅਸਲ ਉਤਪਾਦਨ 'ਤੇ ਅਧਾਰਿਤ ਹੈ?
ਉੱਤਰ: ਨਹੀਂ। ਇਸਦੀ ਗਣਨਾ ਐਕਟ ਦੇ ਅਨੁਸੂਚੀ II ਦੀ ਸਾਰਣੀ 1 ਦੇ ਅਨੁਸਾਰ, ਪੈਕਿੰਗ ਮਸ਼ੀਨਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਪੈਕਿੰਗ ਗਤੀ ਦੇ ਅਧਾਰ ਅਤੇ ਮਹੀਨਾਵਾਰ ਅਧਾਰ 'ਤੇ ਕੀਤੀ ਜਾਂਦੀ ਹੈ। ਜੇਕਰ ਇੱਕ ਪੂਰੀ ਤਰ੍ਹਾਂ ਦਸਤੀ ਪ੍ਰਕਿਰਿਆ ਇਕਾਈ ਹੈ, ਤਾਂ ਭੁਗਤਾਨਯੋਗ ਸੈੱਸ ਐਕਟ ਦੀ ਅਨੁਸੂਚੀ II ਦੀ ਸਾਰਣੀ 2 ਦੇ ਅਨੁਸਾਰ ਹੈ।
ਪ੍ਰਸ਼ਨ 12. ਮੈਂ ਮਹੀਨੇ ਦੇ ਵਿਚਕਾਰ ਇੱਕ ਨਵੀਂ ਮਸ਼ੀਨ ਸਥਾਪਿਤ ਕਰਦਾ ਹਾਂ। ਕੀ ਮੈਨੂੰ ਪੂਰੇ ਮਹੀਨੇ ਲਈ ਸੈੱਸ ਅਦਾ ਕਰਨਾ ਹੋਵੇਗਾ?
ਉੱਤਰ: ਹਾਂ। ਜੇਕਰ ਤੁਸੀਂ ਇੱਕ ਰਜਿਸਟਰਡ ਵਿਅਕਤੀ ਹੋ ਅਤੇ ਤੁਸੀਂ ਇੱਕ ਮਹੀਨੇ ਦੇ ਵਿਚਕਾਰ ਇੱਕ ਨਵੀਂ ਮਸ਼ੀਨ ਜੋੜਦੇ ਜਾਂ ਸਥਾਪਿਤ ਕਰਦੇ ਹੋ, ਤਾਂ ਉਸ ਨਵੀਂ ਮਸ਼ੀਨ ਲਈ ਭੁਗਤਾਨਯੋਗ ਸੈੱਸ ਨੂੰ ਅਜਿਹੇ ਜੋੜਨ ਜਾਂ ਸਥਾਪਨਾ ਦੇ ਪੰਜ ਦਿਨਾਂ ਦੇ ਅੰਦਰ ਉਸ ਪੂਰੇ ਮਹੀਨੇ ਲਈ ਪੂਰੀ ਤਰ੍ਹਾਂ ਭੁਗਤਾਨ ਕਰਨਾ ਜ਼ਰੂਰੀ ਹੈ।
ਉਦਾਹਰਣ: 'ਮੈਸਰਜ਼ ਏਬੀਸੀ ਲਿਮਿਟੇਡ ' (ਇੱਕ ਮੌਜੂਦਾ ਰਜਿਸਟਰਡ ਇਕਾਈ) 4 ਮਸ਼ੀਨਾਂ ਚਲਾਉਂਦੀ ਹੈ। 20 ਅਗਸਤ, 2026 ਨੂੰ, ਉਹ ₹ 1,01,00,000 ਦੀ ਮਾਸਿਕ ਸੈੱਸ ਦੇਣਦਾਰੀ ਵਾਲੀ 5ਵੀਂ ਮਸ਼ੀਨ ਸਥਾਪਿਤ ਕਰਦੇ ਹਨ। ਉਨ੍ਹਾਂ ਨੂੰ 25 ਅਗਸਤ, 2026 ਤੱਕ ₹ 1,01,00,000 ਦਾ ਮਾਸਿਕ ਸੈੱਸ ਅਦਾ ਕਰਨਾ ਪਵੇਗਾ। ਭੁਗਤਾਨ ਵਿੱਚ ਕਿਸੇ ਵੀ ਦੇਰੀ ਦੀ ਸਥਿਤੀ ਵਿੱਚ, 26 ਅਗਸਤ, 2026 ਤੋਂ ਅਸਲ ਭੁਗਤਾਨ ਦੀ ਮਿਤੀ ਤੱਕ ਵਿਆਜ ਦੇਣਾ ਪਵੇਗਾ।
ਪ੍ਰਸ਼ਨ 13. ਭੁਗਤਾਨ ਅਤੇ ਰਿਟਰਨ ਫਾਈਲ ਕਰਨ ਦੀਆਂ ਨਿਯਤ ਮਿਤੀਆਂ ਕੀ ਹਨ?
ਉੱਤਰ: ਤੁਹਾਨੂੰ ਮੌਜੂਦਾ ਮਹੀਨੇ ਦੀ 7 ਤਰੀਕ ਤੱਕ ਇਲੈਕਟ੍ਰੌਨਿਕ ਤੌਰ 'ਤੇ ਮਹੀਨਾਵਾਰ ਸੈੱਸ ਦਾ ਭੁਗਤਾਨ ਕਰਨਾ ਪਵੇਗਾ। ਤੁਹਾਨੂੰ ਅਗਲੇ ਮਹੀਨੇ ਦੀ 20 ਤਰੀਕ ਤੱਕ ਫਾਰਮ ਐੱਚਐੱਸਐੱਨਐੱਸ ਆਰਈਟੀ -01 ਵਿੱਚ ਮਹੀਨਾਵਾਰ ਰਿਟਰਨ ਫਾਈਲ ਕਰਨੀ ਪਵੇਗੀ।
ਪ੍ਰਸ਼ਨ 14. ਜੇਕਰ ਮੈਂ ਆਪਣੀ ਰਿਟਰਨ ਦੇਰ ਨਾਲ ਫਾਈਲ ਕਰਦਾ ਹਾਂ ਤਾਂ ਕੀ ਹੁੰਦਾ ਹੈ?
ਉੱਤਰ: ਜੇਕਰ ਤੁਸੀਂ ਨਿਯਤ ਮਿਤੀ ਤੱਕ ਰਿਟਰਨ ਜਮ੍ਹਾਂ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਯੋਗ ਅਧਿਕਾਰੀ ਇੱਕ ਨੋਟਿਸ ਜਾਰੀ ਕਰੇਗਾ ਜਿਸ ਵਿੱਚ ਤੁਹਾਨੂੰ ਉਕਤ ਨੋਟਿਸ ਪ੍ਰਾਪਤ ਹੋਣ ਦੇ ਪੰਦਰ੍ਹਾਂ ਦਿਨਾਂ ਦੇ ਅੰਦਰ ਅਜਿਹੀ ਰਿਟਰਨ ਜਮ੍ਹਾਂ ਕਰਨ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ, ਐਕਟ ਦੀ ਧਾਰਾ 18(1)(ਸੀ) ਦੇ ਅਨੁਸਾਰ, ਨਿਯਤ ਮਿਤੀ 'ਤੇ ਰਿਟਰਨ ਜਮ੍ਹਾਂ ਕਰਨ ਵਿੱਚ ਅਸਫਲ ਰਹਿਣ 'ਤੇ ₹ 10,000 ਦਾ ਜੁਰਮਾਨਾ ਲਗਾਇਆ ਜਾਵੇਗਾ।
ਪ੍ਰਸ਼ਨ 15. ਜੇਕਰ ਮੈਂ ਆਪਣੀ ਰਿਟਰਨ ਵਿੱਚ ਗਲਤੀਆਂ ਕਰਦਾ ਹਾਂ ਜਾਂ ਗਲਤ ਜਾਣਕਾਰੀ ਦਿੰਦਾ ਹਾਂ ਤਾਂ ਕੀ ਹੁੰਦਾ ਹੈ?
ਉੱਤਰ: ਤੁਸੀਂ ਆਪਣੀ ਰਿਟਰਨ ਵਿੱਚ ਕਿਸੇ ਵੀ ਭੁੱਲ ਜਾਂ ਗਲਤ ਵੇਰਵਿਆਂ ਨੂੰ ਕੈਲੰਡਰ ਮਹੀਨੇ ਦੇ ਅੰਤ ਤੋਂ ਪਹਿਲਾਂ ਸੁਧਾਰ ਸਕਦੇ ਹੋ ਜਿਸ ਵਿੱਚ ਅਸਲ ਰਿਟਰਨ ਦਾਇਰ ਕੀਤੀ ਗਈ ਸੀ। ਹਾਲਾਂਕਿ, ਜੇਕਰ ਅਜਿਹੀ ਸੋਧ ਦੇ ਨਤੀਜੇ ਵਜੋਂ ਅਸਲ ਵਿੱਚ ਐਲਾਨੇ ਗਏ ਸੈੱਸ ਨਾਲੋਂ ਵੱਧ ਦੇਣਦਾਰੀ ਹੁੰਦੀ ਹੈ, ਤਾਂ ਤੁਹਾਨੂੰ ਵਿਆਜ ਸਮੇਤ ਅੰਤਰ ਰਕਮ ਦਾ ਭੁਗਤਾਨ ਕਰਨਾ ਪਵੇਗਾ।
ਪ੍ਰਸ਼ਨ 16. ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਤਹਿਤ "ਕਟੌਤੀ" ਕੀ ਹੈ?
ਉੱਤਰ: ਕਟੌਤੀ ਇੱਕ ਰਜਿਸਟਰਡ ਵਿਅਕਤੀ ਦੀ ਸੈੱਸ ਦੇਣਦਾਰੀ ਵਿੱਚ ਸਮਾਯੋਜਨ ਦਾ ਇੱਕ ਰੂਪ ਹੈ ਜੇਕਰ ਕੋਈ ਮਸ਼ੀਨ ਜਾਂ ਦਸਤੀ ਪ੍ਰਕਿਰਿਆ ਯੂਨਿਟ ਪੰਦਰ੍ਹਾਂ ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਨਿਰੰਤਰ ਕਾਰਜਸ਼ੀਲ ਨਹੀਂ ਰਹਿੰਦਾ ਹੈ। ਕਿਉਂਕਿ ਸੈੱਸ ਪ੍ਰਤੀ ਮਸ਼ੀਨ ਮਹੀਨਾਵਾਰ ਅਧਾਰ 'ਤੇ ਗਿਣਿਆ ਜਾਂਦਾ ਹੈ, ਇਸ ਲਈ ਕਟੌਤੀ ਅਜਿਹੇ ਸਮੇਂ ਲਈ ਪਹਿਲਾਂ ਤੋਂ ਭੁਗਤਾਨ ਕੀਤੇ ਸੈੱਸ ਦੇ ਸਮਾਯੋਜਨ ਨੂੰ ਯਕੀਨੀ ਬਣਾਉਂਦਾ ਹੈ, ਜਦੋਂ ਮਸ਼ੀਨ ਸੀਲ ਕੀਤੀ ਗਈ ਸੀ ਅਤੇ ਵਰਤੋਂ ਵਿੱਚ ਨਹੀਂ ਸੀ।
ਪ੍ਰਸ਼ਨ: 17. ਕਟੌਤੀ ਦਾ ਦਾਅਵਾ ਕਰਨ ਲਈ ਘੱਟੋ-ਘੱਟ ਬੰਦ ਕਰਨ ਦੀ ਮਿਆਦ ਕਿੰਨੀ ਹੈ?
ਉੱਤਰ: ਤੁਸੀਂ ਸਿਰਫ਼ ਤਾਂ ਹੀ ਕਟੌਤੀ ਦਾ ਦਾਅਵਾ ਕਰ ਸਕਦੇ ਹੋ ਜੇਕਰ ਮਸ਼ੀਨ ਜਾਂ ਦਸਤੀ ਯੂਨਿਟ ਪੰਦਰ੍ਹਾਂ ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਨਿਰੰਤਰ ਕਾਰਜਸ਼ੀਲ ਨਹੀਂ ਹੈ। ਜੇਕਰ ਇੱਕ ਮਸ਼ੀਨ ਨੂੰ 10 ਦਿਨਾਂ ਲਈ ਸੀਲ ਕੀਤਾ ਜਾਂਦੀ ਹੈ, ਫਿਰ ਦੋ ਦਿਨਾਂ ਲਈ ਡੀ-ਸੀਲ ਕੀਤੀ ਜਾਂਦੀ ਹੈ ਅਤੇ ਦੁਬਾਰਾ 10 ਦਿਨਾਂ ਲਈ ਸੀਲ ਕੀਤਾ ਜਾਂਦੀ ਹੈ, ਤਾਂ ਤੁਸੀਂ ਕਟੌਤੀ ਦਾ ਦਾਅਵਾ ਨਹੀਂ ਕਰ ਸਕਦੇ ਕਿਉਂਕਿ ਨਿਰੰਤਰ ਮਿਆਦ 15 ਦਿਨਾਂ ਤੋਂ ਘੱਟ ਹੈ।
ਪ੍ਰਸ਼ਨ: 18. ਕੀ ਮੈਂ ਸਿਰਫ਼ ਮਸ਼ੀਨ ਨੂੰ ਬੰਦ ਕਰ ਸਕਦਾ ਹਾਂ ਅਤੇ ਬਾਅਦ ਵਿੱਚ ਕਟੌਤੀ ਦਾ ਦਾਅਵਾ ਕਰ ਸਕਦਾ ਹਾਂ?
ਉੱਤਰ: ਨਹੀਂ। ਤੁਹਾਨੂੰ ਮਸ਼ੀਨ ਬੰਦ ਹੋਣ ਤੋਂ ਘੱਟੋ-ਘੱਟ 3 ਕੰਮਕਾਜੀ ਦਿਨ ਪਹਿਲਾਂ ਯੋਗ ਅਧਿਕਾਰੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਸਬੰਧਿਤ ਅਧਿਕਾਰੀ ਤੁਹਾਡੀ ਫੈਕਟਰੀ ਦਾ ਦੌਰਾ ਕਰੇਗਾ ਅਤੇ ਮਸ਼ੀਨ ਨੂੰ ਅਧਿਕਾਰਤ ਤੌਰ 'ਤੇ ਸੀਲ ਕਰ ਦੇਵੇਗਾ ਤਾਂ ਜੋ ਸੂਚਨਾ ਪ੍ਰਾਪਤ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਇਸ ਨੂੰ ਚਲਾਇਆ ਨਾ ਜਾ ਸਕੇ।
ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮਸ਼ੀਨ ਨੂੰ ਸੀਲ ਕੀਤੇ ਜਾਣ ਦੀ ਮਿਆਦ ਦੌਰਾਨ ਉਸ ਮਸ਼ੀਨ 'ਤੇ ਕੋਈ ਨਿਰਮਾਣ ਨਾ ਹੋਵੇ।
ਪ੍ਰਸ਼ਨ 19. ਕੀ ਮੈਂ ਸੈੱਸ ਦਾ ਭੁਗਤਾਨ ਕਰਨਾ ਬੰਦ ਕਰ ਸਕਦਾ ਹਾਂ, ਜੇਕਰ ਮੇਰੀ ਮਸ਼ੀਨ ਕੰਮ ਨਹੀਂ ਕਰ ਰਹੀ ਹੈ ਜਾਂ ਜੇਕਰ ਕੋਈ ਮੰਗ ਨਹੀਂ ਹੈ?
ਉੱਤਰ: ਤੁਸੀਂ ਸਿਰਫ਼ ਤਾਂ ਹੀ ਕਟੌਤੀ (ਐਡਜਸਟਮੈਂਟ) ਦਾ ਦਾਅਵਾ ਕਰ ਸਕਦੇ ਹੋ, ਜੇਕਰ ਮਸ਼ੀਨ 15 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਨਿਰੰਤਰ ਕਾਰਜਸ਼ੀਲ ਨਹੀਂ ਹੈ। ਐੱਚਐੱਸਐੱਨਐੱਸ ਸੈੱਸ ਨਿਯਮਾਂ ਦੇ ਅਧਿਆਏ 5 ਦੇ ਤਹਿਤ ਕਟੌਤੀ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਪ੍ਰਸ਼ਨ 20. ਕਟੌਤੀ ਦੀ ਰਕਮ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ?
ਉੱਤਰ: ਕਟੌਤੀ ਦੀ ਗਣਨਾ ਹੇਠਾਂ ਦਿੱਤੇ ਫਾਰਮੂਲੇ ਦੀ ਵਰਤੋਂ ਕਰਕੇ ਅਨੁਪਾਤ ਦੇ ਅਧਾਰ 'ਤੇ ਕੀਤੀ ਜਾਂਦੀ ਹੈ:
A=(C/N)×D
ਇੱਥੇ ਪ੍ਰਤੀਕਾਂ ਦਾ ਅਰਥ ਹੇਠਾਂ ਦਿੱਤੇ ਅਨੁਸਾਰ ਹੈ:-
A: ਕਟੌਤੀ ਦੀ ਰਕਮ
C: ਉਸ ਮਸ਼ੀਨ ਲਈ ਕੁੱਲ ਮਾਸਿਕ ਸੈੱਸ ਦੇਣਦਾਰੀ
N: ਉਸ ਮਹੀਨੇ ਦੇ ਕੁੱਲ ਦਿਨਾਂ ਦੀ ਗਿਣਤੀ (ਜਿਵੇਂ ਕਿ, 28, 29, 30 ਜਾਂ 31)
D: ਉਸ ਮਹੀਨੇ ਦੇ ਕੁੱਲ ਨਿਰੰਤਰ ਦਿਨਾਂ ਦੀ ਗਿਣਤੀ ਜਦੋਂ ਮਸ਼ੀਨ ਕੰਮ ਨਹੀਂ ਕਰ ਰਹੀ ਸੀ।
ਉਦਾਹਰਣ 1: 'ਏਬੀਸੀ ਲਿਮਿਟੇਡ ' ਨੇ ਇੱਕ ਹਾਈ-ਸਪੀਡ ਪਾਊਚ ਪੈਕਿੰਗ ਮਸ਼ੀਨ (700 ਪੀਪੀਐੱਮ) ਸਥਾਪਿਤ ਕੀਤੀ ਹੈ। ਉਨ੍ਹਾਂ ਦੀ ਮਾਸਿਕ ਦੇਣਦਾਰੀ (C) ₹ 2,02,00,000 ਹੈ। ਮਸ਼ੀਨ 1 ਸਤੰਬਰ ਤੋਂ 19 ਸਤੰਬਰ (19 ਦਿਨ) ਲਈ ਸੀਲ ਕੀਤੀ ਗਈ ਹੈ। ਇਸ ਨੂੰ 20 ਸਤੰਬਰ ਨੂੰ ਡੀ-ਸੀਲ ਕੀਤੀ ਜਾਂਦੀ ਹੈ। ਕਿਉਂਕਿ ਬੰਦ (19 ਦਿਨ) 15 ਦਿਨਾਂ ਤੋਂ ਵੱਧ ਹੈ, ਉਹ ਛੂਟ ਲਈ ਯੋਗ ਹਨ, ਜਿਸਦੀ ਗਣਨਾ ਇਸ ਤਰ੍ਹਾਂ ਕੀਤੀ ਜਾਵੇਗੀ:
ਮਹੀਨੇ ਵਿੱਚ ਕੁੱਲ ਦਿਨਾਂ ਦੀ ਗਿਣਤੀ (N): 30
ਮਹੀਨੇ ਵਿੱਚ ਮਸ਼ੀਨ ਦੇ ਕੰਮ ਨਾ ਕਰਨ ਵਾਲੇ ਲਗਾਤਾਰ ਦਿਨਾਂ ਦੀ ਕੁੱਲ ਗਿਣਤੀ (D): 19
ਕਟੌਤੀ ਦੀ ਰਕਮ (A):
A=(2,02,00,000/30)×19=₹ 1,27,93,333
ਉਹ 20 ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਸਬੰਧਿਤ ਅਧਿਕਾਰੀ ਨੂੰ ਅਰਜ਼ੀ ਦੇ ਕੇ ₹ 1.28 ਕਰੋੜ ਦੀ ਕਟੌਤੀ ਦਾ ਦਾਅਵਾ ਕਰ ਸਕਦੇ ਹਨ। ਮੰਨ ਲਓ, ਉਹ 25 ਸਤੰਬਰ ਨੂੰ ਦਾਅਵਾ ਦਾਇਰ ਕਰਦੇ ਹਨ, ਅਤੇ ਕਟੌਤੀ ਦਾ ਹੁਕਮ 7 ਅਕਤੂਬਰ ਨੂੰ ਪਾਸ ਹੋ ਜਾਂਦਾ ਹੈ, ਉਹ ਇਸ ਰਕਮ ਨੂੰ ਨਵੰਬਰ ਲਈ ਆਪਣੀ ਦੇਣਦਾਰੀ ਦੇ ਵਿਰੁੱਧ ਐਡਜਸਟ ਕਰ ਸਕਦੇ ਹਨ।
ਉਦਾਹਰਣ 2: ‘ਏਬੀਸੀ ਲਿਮਿਟੇਡ ’ ਨੇ ਇੱਕ ਹਾਈ-ਸਪੀਡ ਪਾਊਚ ਪੈਕਿੰਗ ਮਸ਼ੀਨ (700 ਪੀਪੀਐੱਮ) ਸਥਾਪਿਤ ਕੀਤੀ ਹੈ। ਉਨ੍ਹਾਂ ਦੀ ਮਾਸਿਕ ਦੇਣਦਾਰੀ (C) ₹ 2,02,00,000 ਹੈ। ਮਸ਼ੀਨ 20 ਜੁਲਾਈ ਨੂੰ ਸੀਲ ਕੀਤੀ ਜਾਂਦੀ ਹੈ ਅਤੇ 9 ਅਗਸਤ ਨੂੰ ਡੀ-ਸੀਲ ਕੀਤੀ ਜਾਂਦੀ ਹੈ। ਕਿਉਂਕਿ ਬੰਦ (21 ਦਿਨ) 15 ਦਿਨਾਂ ਤੋਂ ਵੱਧ ਹੈ, ਉਹ ਕਟੌਤੀ ਲਈ ਯੋਗ ਹਨ ਜਿਸਦੀ ਗਣਨਾ ਹਰੇਕ ਮਹੀਨੇ ਲਈ ਵੱਖਰੇ ਤੌਰ 'ਤੇ ਹੇਠਾਂ ਦਿੱਤੀ ਜਾਵੇਗੀ:
ਜੁਲਾਈ ਲਈ:
N: 31 ਦਿਨ
D: 12 ਦਿਨ (20-31 ਜੁਲਾਈ)
ਕਟੌਤੀ(A1):
A1=(2,02,00,000/31)×12=₹ 78,19,355
ਅਗਸਤ ਲਈ:
N: 31 ਦਿਨ
D: 9 ਦਿਨ (1 -9 ਅਗਸਤ)
ਕਟੌਤੀ (A2):
A2=(2,02,00,000/31)×9=₹ 58,64,516
ਉਹ 20 ਸਤੰਬਰ ਨੂੰ ਜਾਂ ਇਸ ਤੋਂ ਪਹਿਲਾਂ ਸਬੰਧਿਤ ਅਧਿਕਾਰੀ ਨੂੰ ਅਰਜ਼ੀ ਦੇ ਕੇ ₹ 1,36,83,871 (A1 + A2) ਦੀ ਕਟੌਤੀ ਰਕਮ ਦਾ ਦਾਅਵਾ ਕਰ ਸਕਦੇ ਹਨ। ਮੰਨ ਲਓ, ਉਹ 25 ਅਗਸਤ ਨੂੰ ਦਾਅਵਾ ਦਾਇਰ ਕਰਦੇ ਹਨ ਅਤੇ ਕਟੌਤੀ ਦਾ ਹੁਕਮ 5 ਸਤੰਬਰ ਨੂੰ ਪਾਸ ਹੁੰਦਾ ਹੈ, ਤਾਂ ਉਹ ਇਸ ਰਕਮ ਨੂੰ ਅਕਤੂਬਰ ਮਹੀਨੇ ਲਈ ਆਪਣੀ ਦੇਣਦਾਰੀ ਦੇ ਵਿਰੁੱਧ ਐਡਜਸਟ ਕਰ ਸਕਦੇ ਹਨ।
ਪ੍ਰਸ਼ਨ 21. ਮੈਨੂੰ ਇਹ ਪੈਸੇ ਕਦੋਂ ਵਾਪਸ ਮਿਲਣਗੇ?
ਉੱਤਰ: ਇਹ ਨਕਦ ਰਿਫੰਡ ਨਹੀਂ ਹੈ। ਤੁਸੀਂ ਉਸ ਮਿਆਦ ਤੋਂ ਬਾਅਦ ਮਹੀਨੇ ਦੀ 20 ਤਰੀਕ ਨੂੰ ਜਾਂ ਇਸ ਤੋਂ ਪਹਿਲਾਂ ਇੱਕ ਦਾਅਵਾ ਜਮ੍ਹਾਂ ਕਰ ਸਕਦੇ ਹੋ ਜਿਸ ਲਈ ਕਟੌਤੀ ਦਾ ਦਾਅਵਾ ਕੀਤਾ ਗਿਆ ਹੈ। ਸਬੰਧਿਤ ਅਧਿਕਾਰੀ ਦਾਅਵਾ ਪ੍ਰਾਪਤ ਹੋਣ ਦੇ 15 ਦਿਨਾਂ ਦੇ ਅੰਦਰ ਇੱਕ ਹੁਕਮ ਜਾਰੀ ਕਰੇਗਾ। ਕਟੌਤੀ ਰਕਮ ਨੂੰ ਉਸ ਮਹੀਨੇ ਦੇ ਅਗਲੇ ਮਹੀਨੇ ਲਈ ਤੁਹਾਡੀ ਸੈੱਸ ਦੇਣਦਾਰੀ ਦੇ ਵਿਰੁੱਧ ਐਡਜਸਟ ਕੀਤਾ ਜਾਣਾ ਹੈ ਜਿਸ ਵਿੱਚ ਉਕਤ ਹੁਕਮ ਜਾਰੀ ਕੀਤਾ ਗਿਆ ਹੈ।
ਪ੍ਰਸ਼ਨ 22. ਮੈਂ ਸੀਲਬੰਦ ਮਸ਼ੀਨ ਨੂੰ ਕਿਵੇਂ ਮੁੜ ਸ਼ੁਰੂ ਕਰਾਂ?
ਉੱਤਰ: ਤੁਹਾਨੂੰ ਕੰਮ ਦੁਬਾਰਾ ਸ਼ੁਰੂ ਕਰਨ ਤੋਂ ਘੱਟੋ-ਘੱਟ 3 ਕੰਮਕਾਜੀ ਦਿਨ ਪਹਿਲਾਂ ਸਬੰਧਿਤ ਅਧਿਕਾਰੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਅਧਿਕਾਰੀ ਮਸ਼ੀਨ ਨੂੰ ਡੀ-ਸੀਲ ਕਰਨ ਲਈ ਤੁਹਾਡੇ ਸਥਾਨ ਦਾ ਦੌਰਾ ਕਰੇਗਾ।
ਪ੍ਰਸ਼ਨ 23. ਕੀ ਮੇਰੀ ਫੈਕਟਰੀ ਲਈ ਕੋਈ ਲਾਜ਼ਮੀ ਨਿਗਰਾਨੀ ਜ਼ਰੂਰਤਾਂ ਹਨ?
ਉੱਤਰ: ਹਾਂ। ਤੁਹਾਨੂੰ ਸਾਰੀਆਂ ਪੈਕਿੰਗ ਮਸ਼ੀਨਾਂ ਅਤੇ ਦਸਤੀ ਪ੍ਰਕਿਰਿਆ ਇਕਾਈਆਂ ਨੂੰ ਕਵਰ ਕਰਨ ਵਾਲਾ ਇੱਕ ਸੀਸੀਟੀਵੀ ਸਿਸਟਮ ਲਗਾਉਣਾ ਚਾਹੀਦਾ ਹੈ। ਫੁਟੇਜ 24 ਮਹੀਨਿਆਂ ਲਈ ਸੁਰੱਖਿਅਤ ਰੱਖੀ ਜਾਣੀ ਚਾਹੀਦੀ ਹੈ ਅਤੇ ਬੇਨਤੀ ਕਰਨ 'ਤੇ 48 ਘੰਟਿਆਂ ਦੇ ਅੰਦਰ ਅਧਿਕਾਰੀਆਂ ਨੂੰ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਪ੍ਰਸ਼ਨ 24. ਕੀ ਮੈਂ ਆਪਣੀ ਫੈਕਟਰੀ 'ਚੋਂ ਪੁਰਾਣੀ ਮਸ਼ੀਨ ਹਟਾ ਸਕਦਾ ਹਾਂ?
ਉੱਤਰ: ਹਾਂ। ਤੁਹਾਨੂੰ 3 ਕੰਮਕਾਜੀ ਦਿਨ ਪਹਿਲਾਂ ਸਬੰਧਿਤ ਅਧਿਕਾਰੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਹ ਅਧਿਕਾਰੀ ਅਣ-ਇੰਸਟੌਲੇਸ਼ਨ ਅਤੇ ਹਟਾਉਣ ਦੀ ਨਿਗਰਾਨੀ ਕਰੇਗਾ। ਜੇਕਰ ਹਟਾਉਣਾ ਸੰਭਵ ਨਹੀਂ ਹੈ, ਤਾਂ ਇਸ ਨੂੰ ਸੀਲ ਕਰ ਦਿੱਤਾ ਜਾਵੇਗਾ।
ਪ੍ਰਸ਼ਨ 25. ਮੇਰੀ ਮਸ਼ੀਨ ਦੀ ਵੱਧ ਤੋਂ ਵੱਧ ਗਤੀ 700 ਪਾਊਚ/ਮਿੰਟ ਰੇਟ ਕੀਤੀ ਹੈ, ਪਰ ਮੈਂ ਇਸਨੂੰ ਸਿਰਫ਼ 300 ਪਾਊਚ/ਮਿੰਟ 'ਤੇ ਚਲਾਉਂਦਾ ਹਾਂ। ਕਿਹੜਾ ਸ਼ਡਿਊਲ II ਸਲੈਬ ਮੇਰੇ 'ਤੇ ਲਾਗੂ ਹੁੰਦਾ ਹੈ?
ਉੱਤਰ: ਤੁਹਾਨੂੰ ਵੱਧ ਤੋਂ ਵੱਧ ਰੇਟ ਕੀਤੀ ਗਤੀ ਦੇ ਅਧਾਰ'ਤੇ ਸੈੱਸ ਦੀ ਰਕਮ ਦਾ ਭੁਗਤਾਨ ਕਰਨਾ ਪਵੇਗਾ, ਅਸਲ ਓਪਰੇਟਿੰਗ ਗਤੀ ਦੇ ਨਹੀਂ। ਨਿਯਮ 12 ਦੇ ਅਨੁਸਾਰ, ਕਿਸੇ ਮਸ਼ੀਨ ਦੀ ਵੱਧ ਤੋਂ ਵੱਧ ਦਰਜਾਬੰਦੀ ਵਾਲੀ ਗਤੀ ਨੂੰ ਮਸ਼ੀਨ ਵਲੋਂ ਪ੍ਰਾਪਤ ਕੀਤੀ ਜਾਣ ਵਾਲੀ ਵੱਧ ਤੋਂ ਵੱਧ ਗਤੀ ਮੰਨਿਆ ਜਾਵੇਗਾ, ਭਾਵੇਂ ਮਸ਼ੀਨ ਦੀ ਵਰਤੋਂ ਕਿਸੇ ਵੀ ਭਾਰ ਦੇ ਸਮਾਨ ਦੇ ਉਤਪਾਦਨ ਲਈ ਕਿਸੇ ਵੀ ਓਪਰੇਟਿੰਗ ਗਤੀ 'ਤੇ ਕੀਤੀ ਗਈ ਹੋਵੇ।
ਪ੍ਰਸ਼ਨ 26. ਜੇਕਰ ਮੈਂ ਇੱਕ ਮਹੀਨੇ ਵਿੱਚ ਨਿਰਧਾਰਿਤ ਸਮਾਨ ਦਾ ਉਤਪਾਦਨ ਨਹੀਂ ਕਰਦਾ, ਪਰ ਮਸ਼ੀਨ ਨੂੰ ਸੀਲ ਨਹੀਂ ਕੀਤਾ ਗਿਆ ਸੀ, ਤਾਂ ਕੀ ਮੈਂ ਫਿਰ ਵੀ ਸੈੱਸ ਅਦਾ ਕਰਦਾ ਹਾਂ?
ਉੱਤਰ: ਹਾਂ।
ਪ੍ਰਸ਼ਨ 27. ਮੇਰੀ ਮਸ਼ੀਨ 1 ਸਤੰਬਰ ਤੋਂ 15 ਸਤੰਬਰ ਤੱਕ ਸੀਲ ਕੀਤੀ ਗਈ ਸੀ। 15 ਸਤੰਬਰ ਸ਼ਾਮ ਨੂੰ, ਇਸਨੂੰ ਡੀ-ਸੀਲ ਕਰ ਦਿੱਤਾ ਗਿਆ ਸੀ। ਕੀ ਮੈਂ ਛੂਟ ਦਾ ਦਾਅਵਾ ਕਰਨ ਦੇ ਯੋਗ ਹਾਂ?
ਉੱਤਰ: ਨਹੀਂ। ਕਿਉਂਕਿ ਮਸ਼ੀਨ ਸਿਰਫ਼ 14 ਦਿਨਾਂ ਦੀ ਲਗਾਤਾਰ ਮਿਆਦ ਲਈ ਗੈਰ-ਕਾਰਜਸ਼ੀਲ ਸੀ, ਤੁਸੀਂ ਛੂਟ ਦਾ ਦਾਅਵਾ ਕਰਨ ਦੇ ਯੋਗ ਨਹੀਂ ਹੋ।
ਪ੍ਰਸ਼ਨ 28. ਮੇਰੇ ਕੋਲ 5 ਮਸ਼ੀਨਾਂ ਹਨ। 4 ਨੂੰ 20 ਦਿਨਾਂ ਲਈ ਸੀਲ ਕੀਤਾ ਗਿਆ ਸੀ, ਪਰ 1 ਚੱਲ ਰਹੀ ਸੀ। ਕੀ ਮੈਂ 4 ਮਸ਼ੀਨਾਂ ਲਈ ਛੂਟ ਦਾ ਦਾਅਵਾ ਕਰ ਸਕਦਾ ਹਾਂ?
ਉੱਤਰ: ਹਾਂ। ਛੂਟ ਦਾ ਦਾਅਵਾ ਮਸ਼ੀਨ ਅਨੁਸਾਰ ਕੀਤਾ ਜਾਂਦਾ ਹੈ।
ਪ੍ਰਸ਼ਨ 29. ਮੈਂ ਇੱਕ ਪੁਰਾਣੀ ਮਸ਼ੀਨ ਨੂੰ ਸਕ੍ਰੈਪ ਕਰਨਾ ਚਾਹੁੰਦਾ ਹਾਂ। ਕੀ ਮੈਂ ਇਸਨੂੰ ਸਿਰਫ਼ ਤੋੜ ਸਕਦਾ ਹਾਂ?
ਉੱਤਰ: ਨਹੀਂ। ਤੁਹਾਨੂੰ ਨਿਯਮ 34 ਦੇ ਅਨੁਸਾਰ ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਲਈ ਤੁਹਾਨੂੰ ਅਣ-ਇੰਸਟੌਲੇਸ਼ਨ ਦੀ ਨਿਰਧਾਰਿਤ ਮਿਤੀ ਤੋਂ ਘੱਟੋ-ਘੱਟ ਤਿੰਨ ਕੰਮਕਾਜੀ ਦਿਨ ਪਹਿਲਾਂ ਯੋਗ ਅਧਿਕਾਰੀ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੁੰਦੀ ਹੈ। ਫਿਰ ਯੋਗ ਅਧਿਕਾਰੀ ਫੈਕਟਰੀ ਤੋਂ ਮਸ਼ੀਨ ਨੂੰ ਹਟਾਉਣ ਦੀ ਨਿਗਰਾਨੀ ਕਰੇਗਾ। ਜੇਕਰ ਮਸ਼ੀਨ ਨੂੰ ਹਟਾਉਣਾ ਸੰਭਵ ਨਹੀਂ ਹੈ, ਤਾਂ ਅਧਿਕਾਰੀ ਇਸਨੂੰ ਇਸ ਤਰੀਕੇ ਨਾਲ ਸੀਲ ਕਰੇਗਾ ਕਿ ਇਸਨੂੰ ਚਲਾਇਆ ਨਹੀਂ ਜਾ ਸਕਦਾ।
ਪ੍ਰਸ਼ਨ 30. ਜੇਕਰ ਮੇਰੀ ਫੈਕਟਰੀ ਮਸ਼ੀਨਾਂ ਅਤੇ ਦਸਤੀ ਪ੍ਰਕਿਰਿਆਵਾਂ ਦੋਵਾਂ ਦੀ ਵਰਤੋਂ ਕਰਦੀ ਹੈ ਤਾਂ ਸੈੱਸ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ?
ਉੱਤਰ: ਐਕਟ ਦੇ ਤਹਿਤ, ਉਤਪਾਦਨ ਸੈੱਟਅੱਪ ਦੀ ਖਾਸ ਪ੍ਰਕਿਰਤੀ ਦੇ ਅਧਾਰ 'ਤੇ ਸੈੱਸ ਦੀ ਗਣਨਾ ਕੀਤੀ ਜਾਂਦੀ ਹੈ। ਜੇਕਰ ਪ੍ਰਕਿਰਿਆ ਦੇ ਕਿਸੇ ਵੀ ਹਿੱਸੇ ਵਿੱਚ ਇੱਕ ਮਸ਼ੀਨ ਸ਼ਾਮਲ ਹੁੰਦੀ ਹੈ, ਤਾਂ ਸੈੱਸ ਦੀ ਗਣਨਾ ਐਕਟ ਦੀ ਅਨੁਸੂਚੀ II ਦੀ ਸਾਰਣੀ 1 ਵਿੱਚ ਮਸ਼ੀਨ-ਅਧਾਰਿਤ ਦਰਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਇੱਕ ਪ੍ਰਕਿਰਿਆ ਨੂੰ ਸਿਰਫ਼ "ਪੂਰੀ ਤਰ੍ਹਾਂ ਦਸਤੀ" ਮੰਨਿਆ ਜਾਂਦਾ ਹੈ ਜੇਕਰ ਫੈਕਟਰੀ ਵਿੱਚ ਨਿਰਮਾਣ ਜਾਂ ਉਤਪਾਦਨ ਦੇ ਕਿਸੇ ਵੀ ਹਿੱਸੇ ਨੂੰ ਸਹਾਇਤਾ ਕਰਨ ਜਾਂ ਪੂਰਾ ਕਰਨ ਦੇ ਸਮਰੱਥ ਕੋਈ ਮਸ਼ੀਨ ਸਥਾਪਿਤ ਨਹੀਂ ਕੀਤੀ ਜਾਂਦੀ। ਭੁਗਤਾਨ ਯੋਗ ਸੈੱਸ ਦੀ ਰਕਮ ਐਕਟ ਦੀ ਅਨੁਸੂਚੀ II ਦੀ ਸਾਰਣੀ 2 (ਪ੍ਰਤੀ ਮਹੀਨਾ 11 ਲੱਖ) ਦੇ ਅਨੁਸਾਰ ਹੋਵੇਗੀ।
ਪ੍ਰਸ਼ਨ 31. ਮੈਂ ਮਾਰਚ 2026 ਵਿੱਚ ਇੱਕ ਨਵੀਂ ਪਾਨ ਮਸਾਲਾ ਨਿਰਮਾਣ ਇਕਾਈ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹਾਂ (ਨਿਯਮਾਂ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ)। ਜੇਕਰ ਮੈਂ ਆਪਣੀਆਂ ਮਸ਼ੀਨਾਂ ਸਥਾਪਿਤ ਕਰਦਾ ਹਾਂ ਅਤੇ ਮਹੀਨੇ ਦੀ 10 ਤਰੀਕ ਨੂੰ ਉਤਪਾਦਨ ਸ਼ੁਰੂ ਕਰਦਾ ਹਾਂ, ਤਾਂ ਕੀ ਮੈਨੂੰ ਪੂਰੇ ਮਹੀਨੇ ਲਈ ਸੈੱਸ ਦਾ ਭੁਗਤਾਨ ਕਰਨਾ ਪਵੇਗਾ?
ਉੱਤਰ: ਨਹੀਂ। ਐੱਚਐੱਸਐੱਨਐੱਸ ਨਿਯਮਾਂ ਦੇ ਨਿਯਮ 12 ਦੇ ਅਨੁਸਾਰ, ਜੇਕਰ ਕੋਈ ਨਵਾਂ ਰਜਿਸਟਰਡ ਵਿਅਕਤੀ ਇੱਕ ਮਹੀਨੇ ਦੌਰਾਨ ਮਸ਼ੀਨਾਂ ਸਥਾਪਿਤ ਕਰਦਾ ਹੈ, ਤਾਂ ਉਸ ਖਾਸ ਮਹੀਨੇ ਲਈ ਭੁਗਤਾਨ ਯੋਗ ਸੈੱਸ ਦੀ ਗਣਨਾ ਅਨੁਪਾਤ ਦੇ ਅਧਾਰ'ਤੇ ਕੀਤੀ ਜਾਂਦੀ ਹੈ। ਤੁਸੀਂ ਉਸ ਮਹੀਨੇ ਵਿੱਚ ਬਾਕੀ ਰਹਿੰਦੇ ਦਿਨਾਂ ਲਈ ਹੀ ਭੁਗਤਾਨ ਕਰੋਗੇ, ਜਦੋਂ ਮਸ਼ੀਨ ਦੀ ਸਥਾਪਨਾ ਦੀ ਮਿਤੀ ਜਾਂ ਮੈਨੂਅਲ ਪ੍ਰਕਿਰਿਆ ਯੂਨਿਟ ਦੀ ਸ਼ੁਰੂਆਤ ਤੋਂ ਸ਼ੁਰੂ ਹੋ ਕੇ, ਜਿਵੇਂ ਕੋਈ ਮਾਮਲਾ ਹੋਵੇ। ਇਸ ਤੋਂ ਇਲਾਵਾ, ਤੁਹਾਨੂੰ ਅਜਿਹੀ ਸਥਾਪਨਾ ਜਾਂ ਸ਼ੁਰੂਆਤ ਦੇ ਪੰਜ ਦਿਨਾਂ ਦੇ ਅੰਦਰ ਇਸ ਅਨੁਪਾਤੀ ਸੈੱਸ ਦੀ ਰਕਮ ਦਾ ਭੁਗਤਾਨ ਕਰਨਾ ਹੋਵੇਗਾ।
ਉਦਾਹਰਣ: ਜੇਕਰ ਤੁਸੀਂ 16 ਸਤੰਬਰ ਨੂੰ ਇੱਕ ਨਵਾਂ ਯੂਨਿਟ ਸ਼ੁਰੂ ਕਰਦੇ ਹੋ ਅਤੇ ਮਸ਼ੀਨਾਂ ਨੂੰ ਸਥਾਪਿਤ ਕਰਦੇ ਹੋ, ਤਾਂ ਤੁਸੀਂ 21 ਸਤੰਬਰ ਤੱਕ ਅਨੁਪਾਤ ਦੇ ਅਧਾਰ 'ਤੇ 15 ਦਿਨਾਂ (16-30 ਸਤੰਬਰ) ਲਈ ਸੈੱਸ ਦੀ ਬਣਦੀ ਰਕਮ ਦਾ ਭੁਗਤਾਨ ਕਰੋਗੇ।
ਪ੍ਰਸ਼ਨ 32. ਮਸ਼ੀਨਾਂ ਦੀ ਤਸਦੀਕ ਕਿੰਨੀ ਵਾਰ ਕੀਤੀ ਜਾਵੇਗੀ?
ਉੱਤਰ: ਫੈਕਟਰੀ ਅਤੇ ਮਸ਼ੀਨਾਂ ਦੀ ਭੌਤਿਕ ਤਸਦੀਕ ਐੱਚਐੱਸਐੱਨਐੱਸ ਡੀਈਸੀ -01 ਫਾਰਮ ਵਿੱਚ ਸ਼ੁਰੂਆਤੀ ਐਲਾਨ ਦਾਇਰ ਕਰਨ ਦੇ 90 ਦਿਨਾਂ ਦੇ ਅੰਦਰ ਯੋਗ ਅਧਿਕਾਰੀ ਵਲੋਂ ਕੀਤੀ ਜਾਵੇਗੀ। ਸੈੱਸ ਦੀ ਗਣਨਾ ਲਈ ਕਿਸੇ ਵੀ ਮਾਪਦੰਡ ਵਿੱਚ ਤਬਦੀਲੀ (ਮਸ਼ੀਨ ਦੀ ਜੋੜ ਜਾਂ ਸਥਾਪਨਾ, ਮਸ਼ੀਨ ਦੀ ਵੱਧ ਤੋਂ ਵੱਧ ਦਰਜਾਬੰਦੀ ਦੀ ਗਤੀ ਜਾਂ ਨਿਰਧਾਰਿਤ ਸਮਾਨ ਦਾ ਭਾਰ) ਦੇ ਮਾਮਲੇ ਵਿੱਚ, ਅਜਿਹੀ ਤਬਦੀਲੀ ਦੇ 15 ਦਿਨਾਂ ਦੇ ਅੰਦਰ ਇੱਕ ਨਵਾਂ ਐਲਾਨਨਾਮਾ ਪੇਸ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਨਵੇਂ ਐਲਾਨਾਂ ਦੀ ਫਾਈਲਿੰਗ ਦੇ 90 ਦਿਨਾਂ ਦੇ ਅੰਦਰ ਪੁਸ਼ਟੀ ਕੀਤੀ ਜਾਵੇਗੀ।
****
ਐੱਨਬੀ/ਕੇਐੱਮਐੱਨ
(रिलीज़ आईडी: 2210977)
आगंतुक पटल : 4