ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 3 ਜਨਵਰੀ ਨੂੰ ਭਗਵਾਨ ਬੁੱਧ ਨਾਲ ਸਬੰਧਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰ-ਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ
ਪਿਪਰਾਹਵਾ ਅਵਸ਼ੇਸ਼ ਭਗਵਾਨ ਬੁੱਧ ਨਾਲ ਸਿੱਧੇ ਤੌਰ 'ਤੇ ਜੁੜੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਪੱਖੋਂ ਅਹਿਮ ਅਵਸ਼ੇਸ਼ਾਂ ਵਿੱਚੋਂ ਹਨ
'ਦਿ ਲਾਈਟ ਐਂਡ ਦਿ ਲੋਟਸ: ਰੈਲਿਕਸ ਆਫ਼ ਦਿ ਅਵੇਕਨਡ ਵਨ' ਸਿਰਲੇਖ ਵਾਲੀ ਇਹ ਪ੍ਰਦਰਸ਼ਨੀ ਭਗਵਾਨ ਬੁੱਧ ਦੇ ਜੀਵਨ ਬਾਰੇ ਡੂੰਘੀ ਜਾਣਕਾਰੀ ਦਿੰਦੀ ਹੈ
ਇਹ ਪ੍ਰਦਰਸ਼ਨੀ ਭਾਰਤ ਦੀ ਸਦੀਵੀ ਬੋਧੀ ਵਿਰਾਸਤ ਨੂੰ ਦਰਸਾਉਂਦੀ ਹੈ
ਇਹ ਪ੍ਰਦਰਸ਼ਨੀ ਇੱਕ ਸਦੀ ਤੋਂ ਵੀ ਵੱਧ ਸਮੇਂ ਬਾਅਦ, ਵਤਨ ਵਾਪਸ ਲਿਆਂਦੇ ਗਏ ਅਵਸ਼ੇਸ਼ਾਂ ਅਤੇ ਪਿਪਰਾਹਵਾ ਦੇ ਪੁਰਾਤੱਤਵ ਖ਼ਜ਼ਾਨਿਆਂ ਨੂੰ ਇੱਕ ਥਾਂ ਇਕੱਠਾ ਕਰਦੀ ਹੈ
Posted On:
01 JAN 2026 5:39PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਜਨਵਰੀ, 2026 ਨੂੰ ਸਵੇਰੇ ਤਕਰੀਬਨ 11 ਵਜੇ ਰਾਏ ਪਿਥੌਰਾ ਕਲਚਰਲ ਕੰਪਲੈਕਸ, ਨਵੀਂ ਦਿੱਲੀ ਵਿੱਚ ਭਗਵਾਨ ਬੁੱਧ ਨਾਲ ਸਬੰਧਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ, ਜਿਸ ਦਾ ਸਿਰਲੇਖ 'ਦਿ ਲਾਈਟ ਐਂਡ ਦਿ ਲੋਟਸ: ਰੈਲਿਕਸ ਆਫ਼ ਦਿ ਅਵੇਕਨਡ ਵਨ' ਹੈ।
ਇਹ ਪ੍ਰਦਰਸ਼ਨੀ ਪਹਿਲੀ ਵਾਰ ਉਨ੍ਹਾਂ ਪਿਪਰਾਹਵਾ ਅਵਸ਼ੇਸ਼ਾਂ ਨੂੰ ਇੱਕ ਥਾਂ ਇਕੱਠਾ ਕਰਦੀ ਹੈ, ਜਿਨ੍ਹਾਂ ਨੂੰ ਇੱਕ ਸਦੀ ਤੋਂ ਵੀ ਵੱਧ ਸਮੇਂ ਬਾਅਦ ਵਤਨ ਵਾਪਸ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਇਹ ਪਿਪਰਾਹਵਾ ਤੋਂ ਮਿਲੇ ਉਨ੍ਹਾਂ ਅਸਲੀ ਅਵਸ਼ੇਸ਼ਾਂ ਅਤੇ ਪੁਰਾਤੱਤਵ ਸਮਗਰੀ ਨੂੰ ਵੀ ਦਿਖਾਉਂਦੀ ਹੈ, ਜੋ ਰਾਸ਼ਟਰੀ ਅਜਾਇਬ ਘਰ, ਨਵੀਂ ਦਿੱਲੀ ਅਤੇ ਭਾਰਤੀ ਅਜਾਇਬ ਘਰ, ਕੋਲਕਾਤਾ ਦੇ ਸੰਗ੍ਰਹਿ ਵਿੱਚ ਸੁਰੱਖਿਅਤ ਹਨ।
1898 ਵਿੱਚ ਲੱਭੇ ਗਏ ਪਿਪਰਾਹਵਾ ਦੇ ਅਵਸ਼ੇਸ਼ ਮੁੱਢਲੇ ਬੁੱਧ ਧਰਮ ਦੇ ਪੁਰਾਤੱਤਵ ਅਧਿਐਨ ਵਿੱਚ ਇੱਕ ਕੇਂਦਰੀ ਥਾਂ ਰੱਖਦੇ ਹਨ। ਇਹ ਭਗਵਾਨ ਬੁੱਧ ਨਾਲ ਸਿੱਧੇ ਤੌਰ 'ਤੇ ਜੁੜੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਪੱਖੋਂ ਅਹਿਮ ਅਵਸ਼ੇਸ਼ਾਂ ਵਿੱਚੋਂ ਹਨ। ਪੁਰਾਤੱਤਵ ਸਬੂਤ ਪਿਪਰਾਹਵਾ ਵਾਲੀ ਥਾਂ ਨੂੰ ਪ੍ਰਾਚੀਨ ਕਪਿਲਵਸਤੂ ਨਾਲ ਜੋੜਦੇ ਹਨ, ਜਿਸ ਨੂੰ ਵਿਆਪਕ ਤੌਰ 'ਤੇ ਉਸ ਥਾਂ ਵਜੋਂ ਪਛਾਣਿਆ ਜਾਂਦਾ ਹੈ, ਜਿੱਥੇ ਭਗਵਾਨ ਬੁੱਧ ਨੇ ਸੰਨਿਆਸ ਲੈਣ ਤੋਂ ਪਹਿਲਾਂ ਆਪਣਾ ਮੁੱਢਲਾ ਜੀਵਨ ਬਿਤਾਇਆ ਸੀ।
ਇਹ ਪ੍ਰਦਰਸ਼ਨੀ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨਾਲ ਭਾਰਤ ਦੇ ਡੂੰਘੇ ਅਤੇ ਲਗਾਤਾਰ ਸਭਿਅਕ ਜੁੜਾਅ ਨੂੰ ਉਜਾਗਰ ਕਰਦੀ ਹੈ। ਇਹ ਭਾਰਤ ਦੀ ਅਮੀਰ ਅਧਿਆਤਮਕ ਅਤੇ ਸਭਿਆਚਾਰਕ ਵਿਰਾਸਤ ਨੂੰ ਸਾਂਭਣ ਪ੍ਰਤੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਇਨ੍ਹਾਂ ਅਵਸ਼ੇਸ਼ਾਂ ਨੂੰ ਹਾਲ ਹੀ ਵਿੱਚ ਵਤਨ ਵਾਪਸ ਲਿਆਉਣਾ ਲਗਾਤਾਰ ਸਰਕਾਰੀ ਕੋਸ਼ਿਸ਼ਾਂ, ਸੰਸਥਾਗਤ ਸਹਿਯੋਗ ਅਤੇ ਨਿਵੇਕਲੇ ਜਨਤਕ-ਨਿੱਜੀ ਭਾਈਵਾਲੀ ਰਾਹੀਂ ਸੰਭਵ ਹੋਇਆ ਹੈ।
ਪ੍ਰਦਰਸ਼ਨੀ ਨੂੰ ਵੱਖ-ਵੱਖ ਵਿਸ਼ਿਆਂ ਮੁਤਾਬਕ ਤਰਤੀਬ ਦਿੱਤੀ ਗਈ ਹੈ। ਇਸ ਦੇ ਕੇਂਦਰ ਵਿੱਚ ਸਾਂਚੀ ਸਤੂਪ ਤੋਂ ਪ੍ਰੇਰਿਤ ਮੁੜ-ਉਸਾਰਿਆ ਵਿਆਖਿਆਤਮਿਕ ਮਾਡਲ ਹੈ, ਜਿਸ ਵਿੱਚ ਰਾਸ਼ਟਰੀ ਸੰਗ੍ਰਹਿ ਦੇ ਅਸਲੀ ਅਵਸ਼ੇਸ਼ ਅਤੇ ਵਤਨ ਵਾਪਸ ਲਿਆਂਦੇ ਗਏ ਰਤਨ ਇੱਕ ਥਾਂ ਰੱਖੇ ਗਏ ਹਨ। ਦੂਜੇ ਹਿੱਸਿਆਂ ਵਿੱਚ ਪਿਪਰਾਹਵਾ ਰੀਵਿਜ਼ਿਟਿਡ, ਬੁੱਧ ਦੇ ਜੀਵਨ ਦੀਆਂ ਝਲਕੀਆਂ, ਮੂਰਤ ਵਿੱਚ ਅਮੂਰਤ: ਬੋਧੀ ਸਿੱਖਿਆਵਾਂ ਦੀ ਸੁਹਜਮਈ ਭਾਸ਼ਾ, ਸਰਹੱਦਾਂ ਤੋਂ ਪਾਰ ਬੋਧੀ ਕਲਾ ਤੇ ਆਦਰਸ਼ਾਂ ਦਾ ਫੈਲਾਅ ਅਤੇ ਸਭਿਆਚਾਰਕ ਪੁਰਾਤਨ ਵਸਤਾਂ ਦੀ ਵਾਪਸੀ: ਲਗਾਤਾਰ ਕੋਸ਼ਿਸ਼ਾਂ ਸ਼ਾਮਲ ਹਨ।
ਆਮ ਲੋਕਾਂ ਦੀ ਸਮਝ ਵਧਾਉਣ ਲਈ ਇਸ ਪ੍ਰਦਰਸ਼ਨੀ ਵਿੱਚ ਵਿਆਪਕ ਆਡੀਓ-ਵਿਜ਼ੂਅਲ ਹਿੱਸੇ ਦਾ ਸਹਿਯੋਗ ਲਿਆ ਗਿਆ ਹੈ, ਜਿਸ ਵਿੱਚ ਇਮਰਸਿਵ ਫ਼ਿਲਮਾਂ, ਡਿਜੀਟਲ ਰੀਕੰਸਟ੍ਰਕਸ਼ਨ, ਇੰਟਰਪ੍ਰਿਟਿਵ ਪ੍ਰੋਜੈਕਸ਼ਨ ਅਤੇ ਮਲਟੀਮੀਡੀਆ ਪੇਸ਼ਕਾਰੀਆਂ ਸ਼ਾਮਲ ਹਨ। ਇਹ ਤੱਤ ਭਗਵਾਨ ਬੁੱਧ ਦੇ ਜੀਵਨ, ਪਿਪਰਾਹਵਾ ਅਵਸ਼ੇਸ਼ਾਂ ਦੀ ਖੋਜ, ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਯਾਤਰਾ ਅਤੇ ਉਨ੍ਹਾਂ ਨਾਲ ਜੁੜੀਆਂ ਕਲਾ ਪਰੰਪਰਾਵਾਂ ਬਾਰੇ ਆਸਾਨ ਅਤੇ ਡੂੰਘੀ ਜਾਣਕਾਰੀ ਦਿੰਦੇ ਹਨ।
************
ਐੱਮਜੇਪੀਐੱਸ/ਐੱਸਆਰ
(Release ID: 2210704)
ਵਿਜ਼ੀਟਰ ਕਾਊਂਟਰ : 37
Read this release in:
Assamese
,
Odia
,
English
,
Urdu
,
Marathi
,
हिन्दी
,
Manipuri
,
Bengali
,
Gujarati
,
Tamil
,
Telugu
,
Kannada
,
Malayalam