ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰ ਸਰਕਾਰ ਸੰਪੂਰਨ ਅਰਾਵਲੀ ਪਰਵਤਮਾਲਾ ਦੀ ਰੱਖਿਆ ਕਰੇਗੀ; ਮਾਈਨਿੰਗ ਲੀਜ਼ਾਂ ਪ੍ਰਤੀਬੰਧਿਤ ਕਰਨ ਦੇ ਨਾਲ-ਨਾਲ ਸੁਰੱਖਿਅਤ ਖੇਤਰ ਦਾ ਵਿਸਤਾਰ ਕੀਤਾ ਜਾਵੇਗਾ
प्रविष्टि तिथि:
24 DEC 2025 7:12PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਦਿੱਲੀ ਤੋਂ ਗੁਜਰਾਤ ਤੱਕ ਫੈਲੀ ਸੰਪੂਰਨ ਅਰਾਵਲੀ ਰੇਂਜ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਇਸ ਦੀ ਸੁਰੱਖਿਆ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਕੇਂਦਰ ਨੇ ਰਾਜ ਸਰਕਾਰਾਂ ਨੂੰ ਅਰਾਵਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਨਵੇਂ ਮਾਈਨਿੰਗ ਲੀਜ਼ ਦੇਣ 'ਤੇ ਪੂਰੀ ਤਰ੍ਹਾਂ ਪ੍ਰਤੀਬੰਧ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਪ੍ਰਤੀਬੰਧ ਪੂਰੇ ਅਰਾਵਲੀ ਭੂਭਾਗ ‘ਤੇ ਸਮਾਨ ਤੌਰ ‘ਤੇ ਲਾਗੂ ਹੁੰਦਾ ਹੈ ਅਤੇ ਇਸ ਦਾ ਉਦੇਸ਼ ਪਹਾੜੀ ਸ਼੍ਰੇਣੀ ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣਾ ਹੈ। ਇਨ੍ਹਾਂ ਨਿਰਦੇਸ਼ਾਂ ਦਾ ਉਦੇਸ਼ ਗੁਜਰਾਤ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਤੱਕ ਫੈਲੀ ਟਿਕਾਊ ਭੂ-ਵਿਗਿਆਨਕ ਲੜੀ ਵਜੋਂ ਅਰਾਵਲੀ ਦੀ ਰੱਖਿਆ ਕਰਨਾ ਅਤੇ ਸਾਰੀਆਂ ਅਨਿਯਮਿਤ ਮਾਈਨਿੰਗ ਗਤੀਵਿਧੀਆਂ ਨੂੰ ਰੋਕਣਾ ਹੈ।
ਇਸ ਤੋਂ ਇਲਾਵਾ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਪ੍ਰੀਸ਼ਦ ਨੂੰ ਪੂਰੇ ਅਰਾਵਲੀ ਖੇਤਰ ਵਿੱਚ ਵਾਧੂ ਖੇਤਰਾਂ/ਜ਼ੋਨਾਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੇਂਦਰ ਦੁਆਰਾ ਪਹਿਲਾਂ ਹੀ ਮਾਈਨਿੰਗ ਲਈ ਪ੍ਰਤੀਬੰਧਿਤ ਖੇਤਰਾਂ ਦੇ ਇਲਾਵਾ ਈਕੋਸਿਸਟਮ, ਭੂ-ਵਿਗਿਆਨਕ ਅਤੇ ਭੂ-ਭਾਗ ਪੱਧਰ ਦੇ ਵਿਚਾਰਾਂ ਦੇ ਅਧਾਰ ‘ਤੇ ਇਨ੍ਹਾਂ ਥਾਵਾਂ ‘ਤੇ ਮਾਈਨਿੰਗ ਪ੍ਰਤੀਬੰਧਿਤ ਕੀਤੇ ਜਾਣ ਦੀ ਜ਼ਰੂਰਤ ਹੈ।
ਸੰਪੂਰਨ ਅਰਾਵਲੀ ਖੇਤਰ ਲਈ ਟਿਕਾਊ ਮਾਈਨਿੰਗ ਲਈ ਇੱਕ ਵਿਆਪਕ, ਵਿਗਿਆਨ-ਅਧਾਰਿਤ ਪ੍ਰਬੰਧਨ ਯੋਜਨਾ ਤਿਆਰ ਕਰਦੇ ਸਮੇਂ ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਪ੍ਰੀਸ਼ਦ ਨੂੰ ਇਹ ਕੰਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਯੋਜਨਾ ਸੰਚਿਤ ਵਾਤਾਵਰਣਿਕ ਪ੍ਰਭਾਵ ਅਤੇ ਵਾਤਾਵਰਣਿਕ ਪ੍ਰਭਾਵ ਸਮਰੱਥਾ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਵਾਤਾਵਰਣਿਕ ਤੌਰ 'ਤੇ ਸੰਵੇਦਨਸ਼ੀਲ ਅਤੇ ਸੰਭਾਲ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਖੇਤਰਾਂ ਦੀ ਪਛਾਣ ਕਰੇਗੀ ਅਤੇ ਬਹਾਲੀ ਅਤੇ ਪੁਨਰਵਾਸ ਉਪਾਅ ਨਿਰਧਾਰਿਤ ਕਰੇਗੀ। ਇਸ ਯੋਜਨਾ ਨੂੰ ਵਿਆਪਕ ਹਿਤਧਾਰਕ ਸਲਾਹ-ਮਸ਼ਵਰੇ ਲਈ ਜਨਤਕ ਕੀਤਾ ਜਾਵੇਗਾ।
ਕੇਂਦਰ ਦਾ ਇਹ ਯਤਨ ਸਥਾਨਕ ਭੂਗੋਲ ( ਕਿਸੇ ਜਗ੍ਹਾ ਦੀ ਜ਼ਮੀਨ ਦੀ ਬਨਾਵਟ, ਸਤਹਿ ਦੀਆਂ ਵਿਸ਼ੇਸ਼ਤਾਵਾਂ ਜਿਵੇਂ- ਪਹਾੜਾਂ, ਨਦੀਆਂ, ਵਾਦੀਆਂ ਅਤੇ ਉਚਾਈ ਦਾ ਅਧਿਐਨ ਜਾਂ ਵਰਣਨ), ਈਕੋਸਿਸਟਮ ਅਤੇ ਜੈਵ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਪੂਰਨ ਅਰਾਵਲੀ ਖੇਤਰ ਵਿੱਚ ਮਾਈਨਿੰਗ ਤੋਂ ਸੁਰੱਖਿਅਤ ਅਤੇ ਪ੍ਰਤੀਬੰਧਿਤ ਖੇਤਰਾਂ ਦੇ ਦਾਇਰੇ ਨੂੰ ਹੋਰ ਵਧਾਏਗਾ।
ਕੇਂਦਰ ਸਰਕਾਰ ਨੇ ਇਹ ਨਿਰਦੇਸ਼ ਵੀ ਦਿੱਤਾ ਹੈ ਕਿ ਪਹਿਲਾਂ ਤੋਂ ਹੀ ਚਾਲੂ ਖਾਣਾਂ ਬਾਰੇ ਸਬੰਧਿਤ ਰਾਜ ਸਰਕਾਰਾਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਸਾਰੇ ਵਾਤਾਵਰਣਿਕ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਵਾਤਾਵਰਣ ਸੁਰੱਖਿਆ ਅਤੇ ਟਿਕਾਊ ਮਾਈਨਿੰਗ ਅਭਿਆਸਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਚਲ ਰਹੀਆਂ ਮਾਈਨਿੰਗ ਗਤੀਵਿਧੀਆਂ ਨੂੰ ਵਾਧੂ ਪ੍ਰਤੀਬੰਧਾਂ ਨਾਲ ਸਖ਼ਤੀ ਨਾਲ ਨਿਯਮਿਤ ਕੀਤਾ ਜਾਣਾ ਚਾਹੀਦਾ ਹੈ।
ਕੇਂਦਰ ਸਰਕਾਰ ਅਰਾਵਲੀ ਈਕੋਸਿਸਟਮ ਦੀ ਲੰਬੇ ਸਮੇਂ ਦੀ ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਦਾ ਮੰਨਣਾ ਹੈ ਕਿ ਮਾਰੂਥਲੀਕਰਣ ਨੂੰ ਰੋਕਣ, ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ, ਜਲ ਭੰਡਾਰਾਂ ਨੂੰ ਰੀਚਾਰਜ ਕਰਨ ਅਤੇ ਖੇਤਰ ਲਈ ਵਾਤਾਵਰਣਿਕ ਸੇਵਾਵਾਂ ਵਿੱਚ ਅਰਾਵਲੀ ਦੀ ਭੂਮਿਕਾ ਮਹੱਤਵਪੂਰਨ ਹੈ।
*****
ਵੀਐੱਮ/ਜੀਐੱਸ
(रिलीज़ आईडी: 2208450)
आगंतुक पटल : 5