ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਪਾਸਿੰਗ-ਆਊਟ ਪਰੇਡ ਸਮਾਰੋਹ ਨੂੰ ਸੰਬੋਧਨ ਕੀਤਾ


ਭਰੋਸੇ, ਕੁਸ਼ਲਤਾ ਅਤੇ ਤਕਨਾਲੋਜੀ ਨਾਲ ਲੈਸ ਹਰਿਆਣਾ ਪੁਲਿਸ, ਡਿਊਟੀ ਨੂੰ ਹੀ ਸਭ ਕੁਝ ਮੰਨ ਕੇ ਅੱਗੇ ਵਧ ਰਹੀ ਹੈ

ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਟ੍ਰੇਨਿੰਗ ਅਤੇ ਇਸ ਦੇ ਤਹਿਤ ਡਿਊਟੀ ਸੰਭਾਲਣ ਵਾਲਾ ਹਰਿਆਣਾ ਪੁਲਿਸ ਦਾ ਇਹ ਪਹਿਲਾ ਬੈਚ ਹੈ

ਜਦੋਂ ਦੇਸ਼ ਦੀਆਂ ਧੀਆਂ ਸੁਰੱਖਿਆ ਦੀ ਪਹਿਲੀ ਕਤਾਰ ਵਿੱਚ ਖੜ੍ਹੀਆਂ ਹੁੰਦੀਆਂ ਹਨ, ਤਾਂ ਦੇਸ਼ ਦੀ ਸੁਰੱਖਿਆ ਵਿੱਚ ਵਿਸ਼ਵਾਸ ਕਈ ਗੁਣਾ ਵਧ ਜਾਂਦਾ ਹੈ

ਮੋਦੀ ਸਰਕਾਰ ਤਕਨਾਲੋਜੀ-ਅਧਾਰਿਤ ਸਬੂਤਾਂ ਅਤੇ ਗਵਾਹੀਆਂ ਰਾਹੀਂ ਦਰੁਸਤ ਨਿਆਂ ਨੂੰ ਯਕੀਨੀ ਬਣਾ ਰਹੀ ਹੈ

ਹਰਿਆਣਾ ਪੁਲਿਸ ਤਿੰਨ ਨਵੇਂ ਕਾਨੂੰਨਾਂ ਅਤੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਦੇਸ਼ ਵਿੱਚ ਮੋਹਰੀ ਹੈ

ਜਨਤਕ ਸੇਵਾ ਲਈ ਨਵੇਂ ਕਾਨੂੰਨਾਂ ਅਤੇ ਨਵੀਂ ਤਕਨਾਲੋਜੀ ਨੂੰ ਲਾਗੂ ਕਰਨਾ ਸਿਖਲਾਈ ਪ੍ਰਾਪਤ ਪੁਲਿਸ ਕਰਮਚਾਰੀਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ

ਹਰਿਆਣਾ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ, ਸਾਈਬਰ ਅਪਰਾਧ ਅਤੇ ਜਬਰੀ ਵਸੂਲੀ ਵਿੱਚ ਸ਼ਾਮਲ ਸੰਗਠਿਤ ਅਪਰਾਧ ਨੈੱਟਵਰਕ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਹੋਵੇਗਾ

ਸਾਡੀ ਸਰਕਾਰ ਨੇ ਹਰਿਆਣਾ ਨੂੰ ਇੱਕ ਬਿਨਾ ਕਿਸੇ "ਖਰਚੀ" (ਰਿਸ਼ਵਤ) ਜਾਂ "ਪਰਚੀ" ਤੋਂ ਨੌਕਰੀਆਂ ਦੇਣ ਵਾਲਾ ਰਾਜ ਬਣਾ ਕੇ ਦੇਸ਼ ਦੀ ਜਨਤਾ ਲਈ ਬਹੁਤ ਵੱਡਾ ਕੰਮ ਕੀਤਾ ਹੈ

ਹਰਿਆਣਾ ਪੁਲਿਸ ਵਿੱਚ ਲਗਭਗ 5,000 ਨਵੇਂ ਨਿਯੁਕਤ ਨੌਜਵਾਨ ਅਤੇ ਮਹਿਲਾਵਾਂ ਹਨ, ਜੋ ਕਿ ਪੂਰੀ ਤਰ੍ਹਾਂ ਯੋਗਤਾ ਦੇ ਅਧਾਰ 'ਤੇ ਚੁਣੇ ਗਏ ਹਨ, ਰਾਜ ਦੀ ਸੇਵਾ ਕਰਨ ਅਤੇ ਸੁਰੱਖਿਆ ਕਰਨ ਲਈ ਤਿਆਰ ਹਨ

ਮੋਦੀ ਸਰਕਾਰ ਨੇ ਤਿੰਨ ਅੰਦਰੂਨੀ ਸੁਰੱਖਿਆ ਸਥਾਨਾਂ - ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਂਤੀ ਸਥਾਪਿਤ ਕੀਤੀ ਹੈ

प्रविष्टि तिथि: 24 DEC 2025 9:40PM by PIB Chandigarh

ਸ਼ਾਹ ਨੇ ਅੱਜ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਪਾਸਿੰਗ-ਆਊਟ ਪਰੇਡ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਮੁੱਖ ਸਕੱਤਰ, ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਿਸ਼ਵਾਸ, ਕੁਸ਼ਲਤਾ ਅਤੇ ਤਕਨਾਲੋਜੀ ਨਾਲ ਸਿਖਲਾਈ ਪ੍ਰਾਪਤ ਨੌਜਵਾਨ ਪੁਲਿਸ ਕਰਮਚਾਰੀਆਂ 'ਤੇ ਹੁਣ ਹਰਿਆਣਾ ਅਤੇ ਇਸ ਦੇ ਨਾਲ ਲੱਗਦੇ ਦੇਸ਼ ਦੀ ਰਾਜਧਾਨੀ ਦੀ ਰੱਖਿਆ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ 5,161 ਜਵਾਨਾਂ ਦੇ 93ਵੇਂ ਬੈਚ ਵਿੱਚ, ਮਹਿਲਾਵਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਦੇਸ਼ ਦੀਆਂ ਜਵਾਨ ਧੀਆਂ ਪਹਿਲੀ ਰੱਖਿਆ ਕਤਾਰ ਵਿੱਚ ਖੜ੍ਹੀਆਂ ਹੁੰਦੀਆਂ ਹਨ, ਤਾਂ ਦੇਸ਼ ਦੀ ਸੁਰੱਖਿਆ ਵਿੱਚ ਵਿਸ਼ਵਾਸ ਕਈ ਗੁਣਾ ਵਧ ਜਾਂਦਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਬੈਚ ਹੈ ਜਿਸ ਵਿੱਚ 85 ਪ੍ਰਤੀਸ਼ਤ ਨੌਜਵਾਨ ਗ੍ਰੈਜੂਏਟ ਜਾਂ ਡਬਲ ਗ੍ਰੈਜੂਏਟ ਹਨ, ਜੋ ਅੱਜ ਹਰਿਆਣਾ ਪੁਲਿਸ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪਹਿਲਾ ਬੈਚ ਹੈ ਜਿਸ ਦੀ ਔਸਤ ਉਮਰ ਸਭ ਤੋਂ ਘੱਟ ਹੈ - 26 ਸਾਲ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਇਹ ਉਹ ਕਾਲਖੰਡ ਹੈ ਜਦੋਂ ਅੰਗਰੇਜ਼ਾਂ ਦੁਆਰਾ ਬਣਾਏ ਗਏ ਪੁਰਾਣੇ ਕਾਨੂੰਨਾਂ ਨੂੰ ਹਟਾ ਕੇ ਨਵੀਂ ਅਪਰਾਧਿਕ ਨਿਆਂ ਪ੍ਰਣਾਲੀ – ਭਾਰਤੀਯ ਨਿਆਏ ਸੰਹਿਤਾ, ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ, ਅਤੇ ਭਾਰਤੀਯ ਸਾਕਸ਼ਯ ਅਧਿਨਿਯਮ - ਰਾਹੀਂ ਦੇਸ਼ ਦੀ ਜਨਤਾ ਨੂੰ ਨਿਆਂ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਟ੍ਰੇਨਿੰਗ ਅਤੇ ਇਸ ਦੇ ਤਹਿਤ ਡਿਊਟੀ ਸੰਭਾਲਣ ਵਾਲਾ ਹਰਿਆਣਾ ਪੁਲਿਸ ਦਾ ਇਹ ਪਹਿਲਾ ਬੈਚ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 1966 ਵਿੱਚ ਅੰਬਾਲਾ ਵਿੱਚ ਇਹ ਅਕਾਦਮੀ ਸਥਾਪਿਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਅੱਜ ਤੱਕ, ਪਾਸ ਆਊਟ ਹੋਏ ਸਾਰੇ ਬੈਚਾਂ ਨੇ ਅੰਗਰੇਜ਼ਾਂ ਦੁਆਰਾ ਬਣਾਏ ਗਏ ਕਾਨੂੰਨਾਂ ਦਾ ਅਧਿਐਨ ਕੀਤਾ ਹੈ ਅਤੇ ਸਿੱਖਿਆ ਹੈ। ਇਹ ਪਹਿਲਾ ਬੈਚ ਹੈ ਜਿਸ ਨੂੰ ਭਾਰਤ ਦੀ ਸੰਸਦ ਦੁਆਰਾ ਬਣਾਏ ਗਏ ਨਵੇਂ ਕਾਨੂੰਨਾਂ ਵਿੱਚ ਸਿਖਲਾਈ ਦਿੱਤੀ ਗਈ ਹੈ ਅਤੇ ਹੁਣ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਵਧੇਗਾ। ਉਨ੍ਹਾਂ ਅੱਗੇ ਕਿਹਾ ਕਿ 2023 ਵਿੱਚ, ਹਰਿਆਣਾ ਪੁਲਿਸ ਨੂੰ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਨਿਰੰਤਰ ਅਤੇ ਸ਼ਲਾਘਾਯੋਗ ਯਾਤਰਾ ਦੇ ਸਨਮਾਨ ਵਿੱਚ ਰਾਸ਼ਟਰਪਤੀ ਦੁਆਰਾ ਪ੍ਰੈਜ਼ੀਡੈਂਟਸ ਕਲਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਜ, ਸਿਖਲਾਈ ਪ੍ਰਾਪਤ ਜਵਾਨਾਂ ਨੂੰ ਉਸੇ ਪਰੰਪਰਾ ਨੂੰ ਅੱਗੇ ਵਧਾਉਣਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਹਰਿਆਣਾ ਬਣਿਆ, ਤਦ ਸਿਰਫ਼ ਇੱਕ ਪੁਲਿਸ ਰੇਂਜ ਅਤੇ 6 ਜ਼ਿਲ੍ਹੇ ਸਨ। ਅੱਜ, ਹਰਿਆਣਾ ਪੁਲਿਸ ਇੱਕ ਵੱਡਾ ਬੋਹੜ ਦਾ ਦਰੱਖਤ ਬਣ ਚੁੱਕੀ ਹੈ, ਜਿਸ ਵਿੱਚ 5 ਰੇਂਜ, 19 ਜ਼ਿਲ੍ਹੇ, ਇਸ ਦੇ ਨਾਲ ਰੇਲਵੇ ਪੁਲਿਸ, ਸਾਈਬਰ ਕ੍ਰਾਈਮ ਯੂਨਿਟਾਂ ਅਤੇ ਕਈ ਪੁਲਿਸ ਫੋਰਸ ਦੀਆਂ ਵੱਖ-ਵੱਖ ਹੋਰ ਸ਼ਾਖਾਵਾਂ ਅਤੇ ਵਿੰਗ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਨੂੰ ਦੇਸ਼ ਦੇ ਮੋਹਰੀ ਪੁਲਿਸ ਬਲਾਂ ਵਿੱਚ ਗਿਣਿਆ ਜਾਂਦਾ ਹੈ। 77,000 ਦੀ ਪ੍ਰਵਾਨਿਤ ਸਮਰੱਥਾ ਵਾਲੇ ਹਰਿਆਣਾ ਪੁਲਿਸ ਕਰਮਚਾਰੀ ਹਮੇਸ਼ਾ ਰਾਜ ਦੇ ਲੋਕਾਂ ਦੀ ਸੇਵਾ ਵਿੱਚ ਉਪਲਬਧ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵਾਸ, ਕੁਸ਼ਲਤਾ ਅਤੇ ਤਕਨਾਲੋਜੀ ਨਾਲ ਲੈਸ ਹਰਿਆਣਾ ਪੁਲਿਸ ਡਿਊਟੀ ਨੂੰ ਸਭ ਕੁਝ ਮੰਨ ਕੇ ਹੀ ਅੱਗੇ ਵਧ ਰਹੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਸ ਵਰ੍ਹੇ ਪਹਿਲਾਂ ਦੇਸ਼ ਨੂੰ ਕਾਨੂੰਨ ਵਿਵਸਥਾ ਦੇ ਸਬੰਧ ਵਿੱਚ ਤਿੰਨ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ - ਖੱਬੇ-ਪੱਖੀ ਅੱਤਵਾਦ, ਜੰਮੂ-ਕਸ਼ਮੀਰ ਦਾ ਅੱਤਵਾਦ ਅਤੇ ਉੱਤਰ-ਪੂਰਬ ਵਿੱਚ ਸਰਗਰਮ ਹਥਿਆਰਬੰਦ ਸਮੂਹ। ਹਾਲਾਂਕਿ, ਮੋਦੀ ਸਰਕਾਰ ਨੇ ਇਨ੍ਹਾਂ ਤਿੰਨੋਂ ਖੇਤਰਾਂ ਵਿੱਚ ਸ਼ਾਂਤੀ ਸਥਾਪਿਤ ਕੀਤੀ ਹੈ। ਫਿਰ ਵੀ, ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਅੱਜ ਵੀ ਓਨੀ ਹੀ ਮਹੱਤਵਪੂਰਨ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਵੀਂ ਤਕਨਾਲੋਜੀ ਨੂੰ ਜਨਤਾ ਦੀ ਸੇਵਾ ਵਿੱਚ ਹੀ ਲਾਗੂ ਕਰਨਾ ਇਸ ਬੈਚ ਲਈ ਸਭ ਤੋਂ ਵੱਡੀ ਚੁਣੌਤੀ ਬਣਨ ਵਾਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਫੌਰੈਂਸਿਕ ਸਾਇੰਸ ਦੀ ਭੂਮਿਕਾ ਨੂੰ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਸੱਤ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਕਿਸੇ ਵੀ ਅਪਰਾਧ ਲਈ, ਅਪਰਾਧ ਵਿੱਚ ਕ੍ਰਾਈਮ ਸੀਨ ਦੀ ਫੌਰੈਂਸਿਕ ਵਿਜ਼ਿਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਵਿਵਸਥਾ ਦਾ ਇੱਕੋ-ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੋਸ਼ੀਆਂ ਨੂੰ ਸਹੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਕਨਾਲੋਜੀ-ਅਧਾਰਿਤ ਸਬੂਤਾਂ ਰਾਹੀਂ ਸਹੀ ਨਿਆਂ ਨੂੰ ਯਕੀਨੀ ਬਣਾ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹਫ਼ਤਾਵਾਰੀ ਅੰਕੜਿਆਂ ਦੀ ਸਮੀਖਿਆ ਤੋਂ ਪਤਾ ਚੱਲਦਾ ਹੈ ਕਿ ਹਰਿਆਣਾ ਪੁਲਿਸ ਤਿੰਨ ਨਵੇਂ ਕਾਨੂੰਨਾਂ ਅਤੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਰਹੀ ਹੈ। ਸਿਖਲਾਈ ਪ੍ਰਾਪਤ ਪੁਲਿਸ ਕਰਮਚਾਰੀਆਂ ਨੂੰ ਇਸ ਪਰੰਪਰਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਹਰਿਆਣਾ ਦੇਸ਼ ਦਾ ਇੱਕ ਮੋਹਰੀ ਰਾਜ ਬਣ ਜਾਵੇਗਾ, ਹਾਲਾਂਕਿ ਕੁਝ ਚੁਣੌਤੀਆਂ ਵੀ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਹਰਿਆਣਾ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ, ਸਾਈਬਰ ਅਪਰਾਧ ਅਤੇ ਜਬਰੀ ਵਸੂਲੀ ਵਿੱਚ ਸ਼ਾਮਲ ਸੰਗਠਿਤ ਅਪਰਾਧ ਨੈੱਟਵਰਕ ਵਰਗੀਆਂ ਵੱਡੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਚਾਰ ਚੁਣੌਤੀਆਂ ਨਾਲ ਨਜਿੱਠਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਵਿਆਪਕ ਤਿਆਰੀਆਂ ਕੀਤੀਆਂ ਹਨ। ਅਸੀਂ ਰਾਜਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਸੀ ਕਿ ਨੌਕਰੀ ਚਾਹੀਦੀ ਹੈ ਤਾਂ ਖਰਚੀ ਵੀ ਦੇਣੀ ਪੈਂਦੀ ਹੈ ਅਤੇ ਪਰਚੀ ਵੀ ਦੇਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕਿਸੇ ਇੱਕ ਖਾਸ ਜਾਤੀ ਨਾਲ ਸਬੰਧਿਤ ਹੋਵੇ ਅਤੇ ਰਿਸ਼ਵਤ ਦੇਣ ਦੀ ਸਮਰੱਥਾ ਹੈ ਤਾਂ ਹੀ ਨੌਕਰੀਆਂ ਮਿਲਦੀਆਂ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਨਾਇਬ ਸਿੰਘ ਸੈਣੀ ਜੀ ਨੇ ਹਰਿਆਣਾ ਨੂੰ ਬਿਨਾ ਖਰਚੀ-ਪਰਚੀ ਦੇ ਨੌਕਰੀ ਦੇਣ ਵਾਲਾ ਰਾਜ ਬਣਾ ਕੇ ਪ੍ਰਦੇਸ਼ ਦੀ ਜਨਤਾ ਦੀ ਬਹੁਤ ਮਹੱਤਵਪੂਰਨ ਸੇਵਾ ਕੀਤੀ ਹੈ। ਅੱਜ, ਲਗਭਗ 5,000 ਨੌਜਵਾਨ ਆਪਣੀ ਮੈਰਿਟ ਦੇ ਅਧਾਰ ‘ਤੇ ਰਾਜ ਦੀ ਰੱਖਿਆ ਕਰਨ ਅਤੇ ਰਾਜ ਦੀ ਸੇਵਾ ਕਰਨ ਲਈ ਤਿਆਰ ਹਨ।

*****

 

ਆਰਕੇ/ਪੀਆਰ/ਪੀਐੱਸ/ਏਕੇ


(रिलीज़ आईडी: 2208443) आगंतुक पटल : 20
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Assamese , Gujarati