ਪ੍ਰਧਾਨ ਮੰਤਰੀ ਦਫਤਰ
ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਵਫ਼ਦ ਪੱਧਰੀ ਗੱਲਬਾਤ ਦੌਰਾਨ ਪੀਐੱਮ ਦੀਆਂ ਟਿੱਪਣੀਆਂ ਦਾ ਮੂਲ-ਪਾਠ
प्रविष्टि तिथि:
16 DEC 2025 10:17PM by PIB Chandigarh
ਮਹਾਮਹਿਮ, ਮੇਰੇ ਭਰਾ, ਮੇਰੇ ਦੋਸਤ
ਇਥੋਪੀਆ ਦੀ ਯਾਤਰਾ ਕਰਕੇ ਸੱਚ ਵਿੱਚ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹ ਇਥੋਪੀਆ ਦਾ ਮੇਰਾ ਪਹਿਲਾ ਦੌਰਾ ਹੈ। ਪਰ ਇੱਥੇ ਕਦਮ ਰੱਖਦੇ ਹੀ ਮੈਨੂੰ ਅਪਣੱਤ ਅਤੇ ਡੂੰਘੀ ਨੇੜਤਾ ਦਾ, ਉਸ ਦਾ ਬਹੁਤ ਡੂੰਘਾ ਅਨੁਭਵ ਹੋਇਆ ਹੈ। ਭਾਰਤ ਅਤੇ ਇਥੋਪੀਆ ਵਿਚਾਲੇ ਹਜ਼ਾਰਾਂ ਵਰ੍ਹਿਆਂ ਤੋਂ ਨਿਰੰਤਰ ਸੰਪਰਕ, ਗੱਲਬਾਤ ਅਤੇ ਆਦਾਨ-ਪ੍ਰਦਾਨ ਹੁੰਦਾ ਰਿਹਾ ਹੈ। ਕਈ ਭਾਸ਼ਾਵਾਂ ਅਤੇ ਅਮੀਰ ਪਰੰਪਰਾਵਾਂ ਨਾਲ ਭਰਪੂਰ ਸਾਡੇ ਦੋਵੇਂ ਦੇਸ਼ ਵਿਭਿੰਨਤਾ ਵਿੱਚ ਏਕਤਾ ਦੇ ਪ੍ਰਤੀਕ ਹਨ। ਦੋਵੇਂ ਦੇਸ਼ ਸ਼ਾਂਤੀ ਅਤੇ ਮਨੁੱਖੀ ਭਲਾਈ ਪ੍ਰਤੀ ਵਚਨਬੱਧ ਲੋਕਤੰਤਰੀ ਸ਼ਕਤੀਆਂ ਹਨ। ਅਸੀਂ ਗਲੋਬਲ ਸਾਊਥ ਦੇ ਸਹਿ-ਯਾਤਰੀ ਵੀ ਹਾਂ ਅਤੇ ਭਾਈਵਾਲ ਵੀ ਹਾਂ। ਅੰਤਰਰਾਸ਼ਟਰੀ ਮੰਚਾਂ 'ਤੇ ਵੀ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ ਹਾਂ।
ਅਫਰੀਕੀ ਯੂਨੀਅਨ ਦਾ ਮੁੱਖ ਦਫਤਰ ਇਥੋਪੀਆ ਵਿੱਚ ਹੋਣਾ, ਇਥੋਪੀਆ ਨੂੰ ਅਫਰੀਕੀ ਕੂਟਨੀਤੀ ਦਾ ਮੀਟਿੰਗ ਪੁਆਇੰਟ ਬਣਾਉਂਦਾ ਹੈ। ਇੱਕ ਸਮਾਵੇਸ਼ੀ ਵਿਸ਼ਵ, ਇੰਕਲੁਸਿਵ ਵਰਲਡ ਦੇ ਸਾਂਝੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ 2023 ਵਿੱਚ ਇਹ ਯਕੀਨੀ ਬਣਾਇਆ ਕਿ ਅਫਰੀਕੀ ਯੂਨੀਅਨ ਜੀ-20 ਦਾ ਮੈਂਬਰ ਬਣੇ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਅਸੀਂ ਭਾਰਤ-ਇਥੋਪੀਆ ਸਬੰਧਾਂ ਨੂੰ ਇੱਕ ਰਣਨੀਤਕ ਭਾਈਵਾਲੀ 'ਤੇ, ਉਸ ਪੱਧਰ ’ਤੇ ਲੈ ਜਾ ਰਹੇ ਹਾਂ। ਇਹ ਕਦਮ ਸਾਡੇ ਸਬੰਧਾਂ ਨੂੰ ਨਵੀਂ ਊਰਜਾ, ਨਵੀਂ ਗਤੀ ਅਤੇ ਨਵੀਂ ਡੂੰਘਾਈ ਪ੍ਰਦਾਨ ਕਰੇਗਾ।
ਭਵਿੱਖ ਦੀ ਬੇਹੱਦ ਸੰਭਾਵਨਾਵਾਂ ਨੂੰ ਪੂਰਾ ਕਰਨ ਲਈ ਇੱਕ ਸਪਸ਼ਟ ਰੋਡਮੈਪ ਤਿਆਰ ਹੋਵੇਗਾ। ਅੱਜ ਸਾਨੂੰ ਆਪਣੇ ਸਹਿਯੋਗ ਦੇ ਪ੍ਰਮੁੱਖ ਪਹਿਲੂਆਂ ਜਿਵੇਂ ਕਿ ਅਰਥ-ਵਿਵਸਥਾ, ਨਵੀਨਤਾ, ਤਕਨਾਲੋਜੀ, ਰੱਖਿਆ, ਸਿਹਤ, ਸਮਰੱਥਾ ਨਿਰਮਾਣ ਅਤੇ ਬਹੁਪੱਖੀ ਸਹਿਯੋਗ ’ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਮੈਨੂੰ ਖ਼ੁਸ਼ੀ ਹੈ ਕਿ ਅੱਜ ਅਸੀਂ ਭਾਰਤ ਵਿੱਚ ਇਥੋਪੀਆ ਲਈ ਵਿਦਿਆਰਥੀ ਸਕਾਲਰਸ਼ਿਪ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ।
ਮਹਾਮਹਿਮ,
ਪਹਿਲਗਾਮ ਅੱਤਵਾਦੀ ਹਮਲੇ ’ਤੇ ਤੁਹਾਡੀ ਸੰਵੇਦਨਾ ਅਤੇ ਅੱਤਵਾਦ ਦੇ ਵਿਰੁੱਧ ਸਾਡੀ ਲੜਾਈ ਵਿੱਚ ਤੁਹਾਡੇ ਸਮਰਥਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਤੇ ਅੱਤਵਾਦ ਵਿਰੁੱਧ ਸਾਡੀ ਲੜਾਈ ਵਿੱਚ ਮਿੱਤਰ ਦੇਸ਼ਾਂ ਦਾ ਨਾਲ ਹੋਣਾ, ਇਹ ਬਹੁਤ ਹੀ ਮਾਅਨੇ ਰੱਖਦਾ ਹੈ। ਇੱਕ ਵਾਰ ਫਿਰ, ਮੈਂ ਤੁਹਾਡਾ, ਮੇਰਾ ਅਤੇ ਮੇਰੇ ਵਫ਼ਦ ਦਾ ਇਨ੍ਹਾਂ ਨਿੱਘਾ ਸਵਾਗਤ ਕਰਨ ਲਈ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ।
************
ਐੱਮਜੇਪੀਐੱਸ/ਐੱਸਟੀ/ਆਰਕੇ
(रिलीज़ आईडी: 2205381)
आगंतुक पटल : 4