ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 25 NOV 2025 9:13PM by PIB Chandigarh

ਪ੍ਰਧਾਨ ਮੰਤਰੀ ਨੇ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਅਯੋਧਿਆ ਵਿੱਚ ਪਵਿੱਤਰ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਦੇ ਸਿਖਰ 'ਤੇ ਰਸਮੀ ਤੌਰ 'ਤੇ ਕੇਸਰੀ ਧਵਜ ਲਹਿਰਾਇਆ, ਜੋ ਕਿ ਮੰਦਿਰ ਦੀ ਉਸਾਰੀ ਦੇ ਮੁਕੰਮਲ ਹੋਣ ਅਤੇ ਸਭਿਆਚਾਰਕ ਜਸ਼ਨ ਅਤੇ ਰਾਸ਼ਟਰੀ ਏਕਤਾ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਸਪਤਮੰਦਿਰ ਦਾ ਦੌਰਾ ਕੀਤਾ, ਜਿੱਥੇ ਮਹਾਰਿਸ਼ੀ ਵਸ਼ਿਸ਼ਠ, ਮਹਾਰਿਸ਼ੀ ਵਿਸ਼ਵਾਮਿਤ੍ਰ, ਮਹਾਰਿਸ਼ੀ ਅਗਸਤਯ, ਮਹਾਰਿਸ਼ੀ ਵਾਲਮੀਕਿ, ਦੇਵੀ ਅਹਿੱਲਿਆ, ਨਿਸ਼ਾਦਰਾਜ ਗੁਹਾ ਅਤੇ ਮਾਤਾ ਸ਼ਬਰੀ ਨਾਲ ਸਬੰਧਿਤ ਮੰਦਿਰ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੇਸ਼ਾਵਤਾਰ ਮੰਦਿਰ ਅਤੇ ਮਾਤਾ ਅੰਨਪੂਰਣਾ ਮੰਦਿਰ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਰਾਮ ਦਰਬਾਰ ਗਰਭ ਗ੍ਰਹਿ ਵਿੱਚ ਦਰਸ਼ਨ ਅਤੇ ਪੂਜਾ ਵੀ ਕੀਤੀ, ਜਿਸ ਤੋਂ ਬਾਅਦ ਗਰਭ ਗ੍ਰਹਿ ਵਿੱਚ ਰਾਮ ਲੱਲਾ ਦੇ ਦਰਸ਼ਨ ਕੀਤੇ।

ਸ਼੍ਰੀ ਮੋਦੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

“ਅੱਜ, ਅਯੋਧਿਆ ਦੇ ਰਾਮਲੱਲਾ ਮੰਦਿਰ ਵਿੱਚ ਧਵਜ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਮੰਦਿਰ ਕੰਪਲੈਕਸ ਦੇ ਅੰਦਰ ਸੱਤ ਮੰਦਿਰਾਂ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਮਹਾਰਿਸ਼ੀ ਵਸ਼ਿਸ਼ਠ, ਮਹਾਰਿਸ਼ੀ ਵਿਸ਼ਵਾਮਿਤ੍ਰ, ਮਹਾਰਿਸ਼ੀ ਅਗਸਤਯ, ਮਹਾਰਿਸ਼ੀ ਵਾਲਮੀਕਿ, ਦੇਵੀ ਅਹਿੱਲਿਆ, ਨਿਸ਼ਾਦਰਾਜ ਅਤੇ ਮਾਂ ਸ਼ਬਰੀ ਦੇ ਸੱਤ ਮੰਦਿਰਾਂ ਤੋਂ ਉਹ ਗਿਆਨ ਅਤੇ ਭਗਤੀ ਪ੍ਰਾਪਤ ਹੁੰਦੀ ਹੈ, ਜੋ ਸਾਨੂੰ ਭਗਵਾਨ ਰਾਮ ਦੇ ਚਰਨਾਂ ਦੇ ਯੋਗ ਬਣਾਉਂਦੀ ਹੈ।”

"ਸਪਤ ਮੰਦਿਰਾਂ ਦੇ ਸਾਰੇ ਸੱਤ ਰਿਸ਼ੀਆਂ ਅਤੇ ਮਹਾਨ ਭਾਗਵਤਾਂ ਦੀ ਮੌਜੂਦਗੀ ਨਾਲ ਹੀ ਰਾਮਚਰਿਤ ਸੰਪੂਰਨ ਹੁੰਦਾ ਹੈ। ਮਹਾਰਿਸ਼ੀ ਵਸ਼ਿਸ਼ਠ ਅਤੇ ਮਹਾਰਿਸ਼ੀ ਵਿਸ਼ਵਾਮਿਤ੍ਰ ਨੇ ਭਗਵਾਨ ਰਾਮਲੱਲਾ ਦੀ ਸਿੱਖਿਆ ਦੀ ਲੀਲ੍ਹਾ ਪੂਰੀ ਕਰਵਾਈ। ਮਹਾਰਿਸ਼ੀ ਅਗਸਤਯ ਨਾਲ ਜੰਗਲ ਦੇ ਬਨਵਾਸ ਦੌਰਾਨ ਗਿਆਨ ਦੀ ਚਰਚਾ ਹੋਈ ਅਤੇ ਰਾਕਸ਼ਸੀ ਦਹਿਸ਼ਤ ਦੇ ਵਿਨਾਸ਼ ਦਾ ਰਸਤਾ ਤਿਆਰ ਹੋਇਆ। ਪਹਿਲੇ ਕਵੀ ਮਹਾਰਿਸ਼ੀ ਵਾਲਮੀਕਿ ਨੇ ਦੁਨੀਆ ਨੂੰ ਅਲੌਕਿਕ ਰਾਮਾਇਣ ਦਿੱਤਾ। ਦੇਵੀ ਅਹਿੱਲਿਆ, ਨਿਸ਼ਾਦਰਾਜ ਅਤੇ ਮਾਤਾ ਸ਼ਬਰੀ ਨੇ ਮਹਾਨ ਭਗਤੀ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਅਤੇ ਅਸੀਂ ਭਗਵਾਨ ਰਾਮ ਦੇ ਉਸ ਸੁਮੇਲ ਵਾਲੇ ਆਦਰਸ਼ ਤੋਂ ਜਾਣੂ ਹੋਏ, ਜਿਸ ਵਿੱਚ ਉਨ੍ਹਾਂ ਨੇ ਖ਼ੁਦ ਕਿਹਾ ਹੈ – ਕਹ ਰਘੁਪਤਿ ਸੁਨੁ ਭਾਮਿਨਿ ਬਾਤਾ। ਮਾਨਉਂ ਏਕ ਭਗਤਿ ਕਰ ਨਾਤਾ।।"

"ਅੱਜ, ਅਯੋਧਿਆ ਦੇ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਵਿਖੇ ਧਰਮ ਧਵਜਾਰੋਹਣ ਉਤਸਵ ਤੋਂ ਪਹਿਲਾਂ ਮੈਨੂੰ ਮੰਦਿਰ ਕੰਪਲੈਕਸ ਦੇ ਅੰਦਰ ਸਥਿਤ ਸਪਤ ਮੰਦਿਰ ਕੰਪਲੈਕਸ ਵਿੱਚ ਪ੍ਰਾਰਥਨਾ ਕਰਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।"

"ਇਹ ਸੱਤ ਪਵਿੱਤਰ ਮੰਦਿਰ, ਜੋ ਮਹਾਰਿਸ਼ੀ ਵਸ਼ਿਸ਼ਠ, ਮਹਾਰਿਸ਼ੀ ਵਿਸ਼ਵਾਮਿਤ੍ਰ, ਮਹਾਰਿਸ਼ੀ ਅਗਸਤਯ, ਮਹਾਰਿਸ਼ੀ ਵਾਲਮੀਕਿ, ਦੇਵੀ ਅਹਿੱਲਿਆ, ਨਿਸ਼ਾਦਰਾਜ ਅਤੇ ਮਾਂ ਸ਼ਬਰੀ ਨੂੰ ਸਮਰਪਿਤ ਹਨ, ਸਾਨੂੰ ਗਿਆਨ ਅਤੇ ਭਗਤੀ ਦੋਵੇਂ ਪ੍ਰਦਾਨ ਕਰਦੇ ਹਨ। ਇਹ ਬ੍ਰਹਮ ਕਿਰਪਾ ਸਾਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਦੀ ਪਾਲਣਾ ਕਰਨ ਦੇ ਯੋਗ ਬਣਾਉਂਦੀ ਹੈ।"

"ਅਯੋਧਿਆ ਦੇ ਪਵਿੱਤਰ ਤੀਰਥ ਸਥਾਨ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਵਿੱਚ ਧਵਜਾਰੋਹਣ ਉਤਸਵ ਦਾ ਹਿੱਸਾ ਬਣਨਾ ਮੇਰੇ ਲਈ ਇੱਕ ਡੂੰਘਾ ਭਾਵੁਕ ਕਰਨ ਵਾਲਾ ਅਨੁਭਵ ਰਿਹਾ। ਸ਼ੁਭ ਸਮੇਂ 'ਤੇ ਕੀਤੀ ਗਈ ਇਹ ਰਸਮ ਸਾਡੇ ਸਭਿਆਚਾਰਕ ਮਾਣ ਅਤੇ ਰਾਸ਼ਟਰੀ ਏਕਤਾ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਰਾਮ ਮੰਦਿਰ ਦਾ ਸ਼ਾਨਦਾਰ ਧਵਜ ਵਿਕਸਿਤ ਭਾਰਤ ਦੇ ਪੁਨਰਜਾਗਰਣ ਦੀ ਨੀਂਹ ਹੈ। ਇਹ ਧਵਜ ਨੀਤੀ ਅਤੇ ਨਿਆਂ ਦਾ ਪ੍ਰਤੀਕ ਹੋਵੇ, ਇਹ ਧਵਜ ਚੰਗੇ ਸ਼ਾਸਨ ਨਾਲ ਖ਼ੁਸ਼ਹਾਲੀ ਦਾ ਮਾਰਗ ਹੋਵੇ ਅਤੇ ਇਹ ਧਵਜ ਵਿਕਸਿਤ ਭਾਰਤ ਦੀ ਊਰਜਾ ਬਣ ਕੇ ਇਸੇ ਰੂਪ ਵਿੱਚ ਹਮੇਸ਼ਾ ਲਹਿਰਾਉਂਦਾ ਰਹੇ... ਭਗਵਾਨ ਸ਼੍ਰੀ ਰਾਮ ਨੂੰ ਇਹੀ ਕਾਮਨਾ ਹੈ। ਜੈ ਜੈ ਸੀਯਾਰਮ।" 

 

"ਅਯੋਧਿਆ ਦੇ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਵਿੱਚ ਧਰਮ ਧਵਜਾਰੋਹਣ ਉਤਸਵ ਦੇਖਣ ਦਾ ਪਲ ਭਾਰਤ ਅਤੇ ਦੁਨੀਆ ਭਰ ਦੇ ਕਰੋੜਾਂ ਲੋਕ ਬੇਸਬਰੀ ਨਾਲ ਉਡੀਕ ਰਹੇ ਹਨ। ਅਯੋਧਿਆ  ਵਿੱਚ ਇਤਿਹਾਸ ਰਚਿਆ ਗਿਆ ਹੈ ਅਤੇ ਇਹ ਸਾਨੂੰ ਹੋਰ ਵੱਧ ਪ੍ਰੇਰਿਤ ਕਰਦਾ ਹੈ ਕਿ ਅਸੀਂ ਭਗਵਾਨ ਸ਼੍ਰੀ ਰਾਮ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲੀਏ।"

"ਅੱਜ ਅਯੋਧਿਆ ਵਿੱਚ ਮਾਤਾ ਅੰਨਪੂਰਨਾ ਮੰਦਿਰ ਵਿੱਚ ਪੂਜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੇਵੀ ਮਾਂ ਤੋਂ ਸਮੁੱਚੇ ਦੇਸ਼ ਵਾਸੀਆਂ ਦੀ ਚੰਗੀ ਸਿਹਤ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਮਾਤਾ ਅੰਨਪੂਰਨਾ ਅੰਨ, ਖ਼ੁਸ਼ੀ ਅਤੇ ਨਿਡਰਤਾ ਦੀ ਦੇਵੀ ਹੈ। ਮੇਰੀ ਪ੍ਰਾਰਥਨਾ ਹੈ ਕਿ ਉਨ੍ਹਾਂ ਦਾ ਅਸ਼ੀਰਵਾਦ ਵਿਕਸਿਤ ਭਾਰਤ ਦੇ ਹਰ ਯਤਨ ਵਿੱਚ ਮਹਿਮਾ ਅਤੇ ਚੰਗੀ ਕਿਸਮਤ ਜੋੜ ਕੇ ਗਤੀ ਪ੍ਰਦਾਨ ਕਰੇ।" 

"ਬ੍ਰਹਮ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਵਿੱਚ ਸ਼੍ਰੀ ਰਾਮ ਪਰਿਵਾਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਪਲ ਸ਼ਰਧਾ ਅਤੇ ਭਗਤੀ ਨਾਲ ਭਰ ਗਿਆ। ਭਗਵਾਨ ਸ਼੍ਰੀ ਰਾਮ, ਮਾਤਾ ਜਾਨਕੀ, ਸ਼ੇਸ਼ਾਵਤਾਰ ਲਕਸ਼ਮਣ ਜੀ ਅਤੇ ਪੂਰੇ ਪਰਿਵਾਰ ਦਾ ਇਹ ਬ੍ਰਹਮ ਰੂਪ ਭਾਰਤ ਦੀ ਚੇਤਨਾ ਦੀ ਇੱਕ ਜੀਵਿਤ ਮੂਰਤੀ ਵਾਂਗ ਹੈ। ਇਹ ਅਣਗਿਣਤ ਰਾਮ ਭਗਤਾਂ ਦੀ ਤਪੱਸਿਆ ਦਾ ਨਤੀਜਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਸ਼੍ਰੀ ਰਾਮ ਦੇ ਬ੍ਰਹਮ ਅਸ਼ੀਰਵਾਦ ਸਾਰੇ ਭਾਰਤੀਆਂ ਦੇ ਜੀਵਨ ਵਿੱਚ ਮਹਿਮਾ ਅਤੇ ਪ੍ਰਸਿੱਧੀ ਲਿਆਉਣ।" 

"ਅਯੋਧਿਆ  ਦੀ ਪਵਿੱਤਰ ਧਰਤੀ 'ਤੇ ਸਥਿਤ ਬ੍ਰਹਮ ਅਤੇ ਸ਼ਾਨਦਾਰ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਵਿੱਚ ਸ਼੍ਰੀ ਰਾਮਲੱਲਾ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦੀ ਪੂਜਾ ਕਰਨ ਦੇ ਸ਼ਾਨਦਾਰ ਪਲ ਨੇ ਮੇਰੇ ਮਨ ਨੂੰ ਬਹੁਤ ਖ਼ੁਸ਼ੀ ਨਾਲ ਭਰ ਦਿੱਤਾ। ਰਾਮਲੱਲਾ ਦੀ ਇਹ ਬਾਲ ਮੂਰਤੀ ਭਾਰਤ ਦੀ ਚੇਤਨਾ ਦਾ ਜੀਵਿਤ ਰੂਪ ਹੈ। ਹਰ ਵਾਰ, ਰਾਮਲੱਲਾ ਦੀ ਇਹ ਬ੍ਰਹਮ ਮੂਰਤੀ ਮੈਨੂੰ ਬੇਅੰਤ ਊਰਜਾ ਦੇਣ ਦਾ ਮਾਧਿਅਮ ਬਣ ਜਾਂਦੀ ਹੈ। ਇਹ ਊਰਜਾ ਦੁਨੀਆ ਭਰ ਦੇ ਰਾਮ ਭਗਤਾਂ ਦਾ ਸੰਕਲਪ ਹੈ। ਅੱਜ ਦਾ ਧਵਜਾਰੋਹਣ ਉਤਸਵ, ਇਸ ਸੰਕਲਪ ਦੀ ਪੂਰਤੀ ਦਾ ਮੌਕਾ ਬਣ ਗਿਆ ਹੈ। ਪ੍ਰਭੁ ਕੀਂ ਕ੍ਰਪਾ ਭਯਉ ਸਬੁ ਕਾਜੂ। ਜਨਮ ਹਮਾਰ ਸੁਫਲ ਭਾ ਆਜੂ।।"

 

"ਸ਼੍ਰੀ ਰਾਮਲੱਲਾ ਮੰਦਿਰ ਦੇ ਪਵਿੱਤਰ ਸਥਾਨ ਦੀ ਅਨੰਤ ਊਰਜਾ ਅਤੇ ਉਨ੍ਹਾਂ ਦੀ ਬ੍ਰਹਮ ਸ਼ਕਤੀ ਧਰਮ ਧਵਜਾਰੋਹਣ ਦੇ ਰੂਪ ਵਿੱਚ ਬ੍ਰਹਮ ਅਤੇ ਸ਼ਾਨਦਾਰ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਵਿੱਚ ਸਥਾਪਿਤ ਹੋਈ ਹੈ। ਇਹ ਧਰਮ ਧਵਜਾਰੋਹਣ ਸਿਰਫ਼ ਇੱਕ ਧਵਜ ਨਹੀਂ ਹੈ, ਸਗੋਂ ਭਾਰਤੀ ਸਭਿਅਤਾ ਦੇ ਪੁਨਰਜਾਗਰਣ ਦਾ ਪ੍ਰਤੀਕ ਹੈ।"

"ਮੈਨੂੰ ਬਹੁਤ ਖ਼ੁਸ਼ੀ ਹੈ ਕਿ ਰਾਮ ਮੰਦਿਰ ਦਾ ਬ੍ਰਹਮ ਵਿਹੜਾ ਭਾਰਤ ਦੀ ਸਮੂਹਿਕ ਸ਼ਕਤੀ ਦੇ ਜਾਗਰਣ ਦਾ ਸਥਾਨ ਬਣ ਰਿਹਾ ਹੈ। ਮੈਂ ਹਰ ਨਾਗਰਿਕ ਨੂੰ ਇੱਥੇ ਸਪਤ ਮੰਦਿਰ ਦੇ ਦਰਸ਼ਨ ਕਰਨ ਦੀ ਤਾਕੀਦ ਕਰਦਾ ਹਾਂ, ਜੋ ਸਾਡੀ ਆਸਥਾ ਦੇ ਨਾਲ-ਨਾਲ ਦੋਸਤੀ, ਫ਼ਰਜ਼ ਅਤੇ ਸਮਾਜਿਕ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।"

"ਰਾਮ ਇੱਕ ਆਦਰਸ਼ ਹਨ, ਇੱਕ ਮਰਿਆਦਾ ਹਨ, ਇੱਕ ਦਿਸ਼ਾ ਹਨ। ਭਾਰਤ ਨੂੰ 2047 ਤੱਕ ਵਿਕਸਿਤ ਅਤੇ ਸਮਾਜ ਨੂੰ ਸਸ਼ਕਤ ਬਣਾਉਣ ਲਈ ਸਾਨੂੰ ਆਪਣੇ ਅੰਦਰ ਦੇ ਰਾਮ ਨੂੰ ਸਥਾਪਿਤ ਕਰਨਾ ਹੋਵੇਗਾ।" 

 

"ਇਸੇ ਲਈ ਮੈਂ ਕਹਿੰਦਾ ਹਾਂ ਕਿ ਜੇਕਰ ਸਾਡੇ ਦੇਸ਼ ਨੇ ਤਰੱਕੀ ਕਰਨੀ ਹੈ, ਤਾਂ ਸਾਨੂੰ ਆਪਣੀ ਵਿਰਾਸਤ 'ਤੇ ਮਾਣ ਕਰਨਾ ਹੋਵੇਗਾ..."

 "ਭਾਰਤ ਦੇ ਹਰ ਘਰ ਵਿੱਚ, ਹਰ ਭਾਰਤੀ ਦੇ ਮਨ ਵਿੱਚ ਅਤੇ ਭਾਰਤ ਦੇ ਹਰ ਕਣ ਵਿੱਚ ਰਾਮ ਹਨ। ਪਰ ਗ਼ੁਲਾਮੀ ਦੀ ਮਾਨਸਿਕਤਾ ਇੰਨੀ ਭਾਰੀ ਹੋ ਗਈ ਹੈ ਕਿ ਭਗਵਾਨ ਰਾਮ ਨੂੰ ਵੀ ਕਾਲਪਨਿਕ ਐਲਾਨਿਆ ਜਾ ਰਿਹਾ ਹੈ।" 

"ਸਾਨੂੰ ਅਜਿਹਾ ਭਾਰਤ ਬਣਾਉਣਾ ਹੈ, ਜੋ ਰਾਮ-ਰਾਜ ਤੋਂ ਪ੍ਰੇਰਿਤ ਹੋਵੇ। ਇਹ ਤਾਂ ਹੀ ਸੰਭਵ ਹੈ ਜਦੋਂ ਆਪਣੇ ਹਿਤ ਤੋਂ ਪਹਿਲਾਂ ਰਾਸ਼ਟਰੀ ਹਿਤ ਆਵੇ ਅਤੇ ਰਾਸ਼ਟਰੀ ਹਿਤ ਸਰਬਉੱਚ ਹੋਵੇ।" 

****

ਐੱਮਜੇਪੀਐੱਸ/ਐੱਸਆਰ


(रिलीज़ आईडी: 2197468) आगंतुक पटल : 22
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam