ਪ੍ਰਧਾਨ ਮੰਤਰੀ ਦਫਤਰ
ਸੰਸਦ ਦੇ ਸਰਦ ਰੁੱਤ ਦੇ ਇਜਲਾਸ ਤੋਂ ਪਹਿਲਾਂ ਮੀਡੀਆ ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ
प्रविष्टि तिथि:
01 DEC 2025 12:11PM by PIB Chandigarh
ਨਮਸਕਾਰ ਸਾਥੀਓ,
ਤੁਸੀਂ ਵੀ ਮੌਸਮ ਦਾ ਆਨੰਦ ਲਓ।
ਸਾਥੀਓ,
ਇਹ ਸਰਦ ਰੁੱਤ ਦਾ ਇਜਲਾਸ, ਇਹ ਸਿਰਫ਼ ਕੋਈ ਰਸਮ ਨਹੀਂ ਹੈ। ਇਹ ਰਾਸ਼ਟਰ ਨੂੰ ਤਰੱਕੀ ਵੱਲ ਤੇਜ਼ ਰਫ਼ਤਾਰ ਨਾਲ ਲਿਜਾਣ ਦੇ ਜੋ ਉਪਰਾਲੇ ਚੱਲ ਰਹੇ ਹਨ, ਉਸ ਵਿੱਚ ਊਰਜਾ ਭਰਨ ਦਾ ਕੰਮ, ਇਹ ਸਰਦ ਰੁੱਤ ਇਜਲਾਸ ਵੀ ਕਰੇਗਾ, ਅਜਿਹਾ ਮੇਰਾ ਪੂਰਾ ਭਰੋਸਾ ਹੈ। ਭਾਰਤ ਨੇ ਲੋਕਤੰਤਰ ਨੂੰ ਹੰਢਾਇਆ ਹੈ, ਲੋਕਤੰਤਰ ਦੀ ਉਮੰਗ ਅਤੇ ਉਤਸ਼ਾਹ ਨੂੰ ਸਮੇਂ-ਸਮੇਂ 'ਤੇ ਅਜਿਹਾ ਜ਼ਾਹਰ ਕੀਤਾ ਹੈ ਕਿ ਲੋਕਤੰਤਰ ਪ੍ਰਤੀ ਭਰੋਸਾ ਹੋਰ ਪੱਕਾ ਹੁੰਦਾ ਰਹਿੰਦਾ ਹੈ। ਪਿਛਲੇ ਦਿਨੀਂ, ਬਿਹਾਰ ਵਿੱਚ ਜੋ ਚੋਣਾਂ ਹੋਈਆਂ, ਉਸ ਵਿੱਚ ਵੀ ਵੋਟਾਂ ਪੈਣ ਦਾ ਜੋ ਰਿਕਾਰਡ ਬਣਿਆ ਹੈ, ਉਹ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਮਾਵਾਂ-ਭੈਣਾਂ ਦੀ ਜੋ ਹਿੱਸੇਦਾਰੀ ਵਧ ਰਹੀ ਹੈ, ਇਹ ਆਪਣੇ ਆਪ ਵਿੱਚ ਇੱਕ ਨਵੀਂ ਆਸ, ਨਵਾਂ ਵਿਸ਼ਵਾਸ ਪੈਦਾ ਕਰਦੀ ਹੈ। ਇੱਕ ਪਾਸੇ ਲੋਕਤੰਤਰ ਦੀ ਮਜ਼ਬੂਤੀ ਅਤੇ ਇਸ ਲੋਕਤੰਤਰੀ ਢਾਂਚੇ ਦੇ ਅੰਦਰ ਅਰਥਚਾਰੇ ਦੀ ਮਜ਼ਬੂਤੀ, ਇਸ ਨੂੰ ਵੀ ਦੁਨੀਆ ਬਹੁਤ ਬਾਰੀਕੀ ਨਾਲ ਦੇਖ ਰਹੀ ਹੈ। ਭਾਰਤ ਨੇ ਸਾਬਤ ਕਰ ਦਿੱਤਾ ਹੈ- ਡੈਮੋਕਰੇਸੀ ਕੈਨ ਡਿਲੀਵਰ। ਜਿਸ ਰਫ਼ਤਾਰ ਨਾਲ ਅੱਜ ਭਾਰਤ ਦੀ ਆਰਥਿਕ ਹਾਲਤ, ਨਵੀਂਆਂ ਉੱਚਾਈਆਂ ਨੂੰ ਹਾਸਲ ਕਰ ਰਹੀ ਹੈ। ਵਿਕਸਿਤ ਭਾਰਤ ਦੇ ਟੀਚੇ ਵੱਲ ਜਾਣ ਵਿੱਚ ਇਹ ਸਾਡੇ ਅੰਦਰ ਨਵਾਂ ਭਰੋਸਾ ਤਾਂ ਜਗਾਉਂਦੀ ਹੈ, ਨਵੀਂ ਤਾਕਤ ਵੀ ਦਿੰਦੀ ਹੈ।
ਸਾਥੀਓ,
ਇਹ ਇਜਲਾਸ, ਸੰਸਦ ਦੇਸ਼ ਲਈ ਕੀ ਸੋਚ ਰਹੀ ਹੈ, ਸੰਸਦ ਦੇਸ਼ ਲਈ ਕੀ ਕਰਨਾ ਚਾਹੁੰਦੀ ਹੈ, ਸੰਸਦ ਦੇਸ਼ ਲਈ ਕੀ ਕਰਨ ਵਾਲੀ ਹੈ, ਇਨ੍ਹਾਂ ਮੁੱਦਿਆਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ਵੀ ਆਪਣਾ ਫਰਜ਼ ਨਿਭਾਵੇ, ਚਰਚਾ ਵਿੱਚ ਅਜਿਹੇ ਮੁੱਦੇ ਚੁੱਕੇ, ਮਜ਼ਬੂਤ ਮੁੱਦੇ ਚੁੱਕੇ। ਹਾਰ ਦੀ ਨਿਰਾਸ਼ਾ ਵਿੱਚੋਂ ਬਾਹਰ ਨਿਕਲ ਕੇ ਆਵੇ। ਅਤੇ ਬਦਕਿਸਮਤੀ ਇਹ ਹੈ ਕਿ ਇੱਕ-ਅੱਧ ਦੋ ਪਾਰਟੀਆਂ ਤਾਂ ਅਜਿਹੀਆਂ ਹਨ ਕਿ ਉਹ ਹਾਰ ਵੀ ਨਹੀਂ ਪਚਾ ਪਾਉਂਦੀਆਂ। ਅਤੇ ਮੈਂ ਸੋਚ ਰਿਹਾ ਸੀ ਕਿ ਬਿਹਾਰ ਦੇ ਨਤੀਜੇ ਆਏ ਨੂੰ ਇੰਨਾ ਸਮਾਂ ਹੋ ਗਿਆ ਹੈ, ਤਾਂ ਹੁਣ ਥੋੜ੍ਹਾ ਸੰਭਲ ਗਏ ਹੋਣਗੇ, ਪਰ ਕੱਲ੍ਹ ਜੋ ਮੈਂ ਬਿਆਨਬਾਜ਼ੀ ਸੁਣ ਰਿਹਾ ਹਾਂ ਉਨ੍ਹਾਂ ਦੀ, ਤਾਂ ਉਸ ਤੋਂ ਲੱਗਦਾ ਹੈ ਕਿ ਹਾਰ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਪਰ, ਮੇਰੀ ਸਾਰੀਆਂ ਪਾਰਟੀਆਂ ਨੂੰ ਬੇਨਤੀ ਹੈ ਕਿ ਸਰਦ ਰੁੱਤ ਇਜਲਾਸ ਵਿੱਚ ਹਾਰ ਦੀ ਬੌਖਲਾਹਟ ਦਾ ਇਹ ਮੈਦਾਨ ਨਹੀਂ ਬਣਨਾ ਚਾਹੀਦਾ। ਅਤੇ ਇਹ ਸਰਦ ਰੁੱਤ ਇਜਲਾਸ ਜਿੱਤ ਦੇ ਹੰਕਾਰ ਵਿੱਚ ਵੀ ਨਹੀਂ ਬਦਲਣਾ ਚਾਹੀਦਾ। ਬਹੁਤ ਹੀ ਸੰਤੁਲਿਤ ਤਰੀਕੇ ਨਾਲ, ਜ਼ਿੰਮੇਵਾਰੀ ਦੇ ਨਾਲ, ਲੋਕ ਨੁਮਾਇੰਦੇ ਦੇ ਰੂਪ ਵਿੱਚ ਦੇਸ਼ ਦੀ ਜਨਤਾ ਦਾ ਸਾਡੇ ਤੋਂ ਜੋ, ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਤੇ ਸਾਡੇ ਤੋਂ ਜੋ ਉਮੀਦਾਂ ਹਨ, ਉਸ ਨੂੰ ਸਾਂਭਦੇ ਹੋਏ, ਅਸੀਂ ਅੱਗੇ ਲਈ ਸੋਚੀਏ। ਜੋ ਹੈ ਉਸ ਨੂੰ ਕਿਵੇਂ ਚੰਗਾ ਕਰ ਸਕੀਏ, ਜੇ ਬੁਰਾ ਹੁੰਦਾ ਹੈ ਤਾਂ ਉਸ 'ਤੇ ਢੁਕਵੀਂ ਟਿੱਪਣੀ ਕਿਵੇਂ ਕਰ ਸਕੀਏ, ਤਾਂ ਜੋ ਦੇਸ਼ ਦੇ ਨਾਗਰਿਕਾਂ ਦੇ ਗਿਆਨ ਵਿੱਚ ਵੀ ਵਾਧਾ ਹੋਵੇ। ਇਹ ਮਿਹਨਤ ਦਾ ਕੰਮ ਜ਼ਰੂਰ ਹੈ, ਪਰ ਦੇਸ਼ ਲਈ ਕਰਨਾ ਚਾਹੀਦਾ ਹੈ। ਅਤੇ ਮੈਂ ਉਮੀਦ ਕਰਦਾ ਹਾਂ, ਮੇਰੀ ਇੱਕ ਸਭ ਤੋਂ ਵੱਡੀ ਚਿੰਤਾ ਰਹੀ ਹੈ ਪਿਛਲੇ ਕਈ ਲੰਬੇ ਸਮੇਂ ਤੋਂ ਸਦਨ ਵਿੱਚ ਜੋ ਪਹਿਲੀ ਵਾਰ ਚੁਣ ਕੇ ਆਏ ਹਨ ਜਾਂ ਜੋ ਛੋਟੀ ਉਮਰ ਦੇ ਹਨ, ਉਂਝ ਸਾਰੀਆਂ ਪਾਰਟੀਆਂ ਦੇ, ਸਾਰੇ ਸੰਸਦ ਮੈਂਬਰ ਬਹੁਤ ਪਰੇਸ਼ਾਨ ਹਨ, ਬਹੁਤ ਦੁਖੀ ਹਨ। ਉਨ੍ਹਾਂ ਨੂੰ ਆਪਣੀ ਸਮਰੱਥਾ ਦੀ ਪਛਾਣ ਕਰਾਉਣ ਦਾ ਮੌਕਾ ਨਹੀਂ ਮਿਲ ਰਿਹਾ ਹੈ, ਆਪਣੇ ਇਲਾਕੇ ਦੀਆਂ ਮੁਸ਼ਕਲਾਂ ਦੀ ਗੱਲ ਦੱਸਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਹੈ। ਰਾਸ਼ਟਰ ਦੇ ਵਿਕਾਸ ਦੇ ਸਫ਼ਰ ਵਿੱਚ ਭਾਈਵਾਲ ਬਣਨ ਲਈ ਉਹ ਆਪਣੀਆਂ ਕੁਝ ਗੱਲਾਂ ਦੱਸਣਾ ਚਾਹੁੰਦੇ ਹਨ, ਉਸ 'ਤੇ ਵੀ ਰੋਕ ਲਗਾ ਦਿੱਤੀ ਜਾ ਰਹੀ ਹੈ। ਕੋਈ ਵੀ ਪਾਰਟੀ ਹੋਵੇ, ਸਾਨੂੰ ਕਿਸੇ ਨੂੰ ਵੀ, ਸਾਡੀ ਇਹ ਨਵੀਂ ਪੀੜ੍ਹੀ ਦੇ ਆ ਰਹੇ ਨੌਜਵਾਨ ਸੰਸਦ ਮੈਂਬਰ, ਪਹਿਲੀ ਵਾਰ ਆਏ ਹੋਏ ਸੰਸਦ ਮੈਂਬਰ, ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਉਨ੍ਹਾਂ ਦੇ ਤਜਰਬਿਆਂ ਦਾ ਸਾਨੂੰ, ਸਦਨ ਨੂੰ ਲਾਭ ਮਿਲਣਾ ਚਾਹੀਦਾ ਹੈ। ਇਸ ਨਵੀਂ ਪੀੜ੍ਹੀ ਦੇ ਤਜਰਬੇ ਸਦਨ ਰਾਹੀਂ ਰਾਸ਼ਟਰ ਨੂੰ ਵੀ ਲਾਭ ਪਹੁੰਚਾਉਣਗੇ। ਅਤੇ ਇਸ ਲਈ ਮੇਰੀ ਬੇਨਤੀ ਰਹੇਗੀ ਕਿ ਅਸੀਂ ਇਨ੍ਹਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲਈਏ। ਡਰਾਮਾ ਕਰਨ ਲਈ ਥਾਂ ਬਹੁਤ ਹੁੰਦੀ ਹੈ, ਜਿਸ ਨੇ ਕਰਨਾ ਹੈ, ਕਰਦੇ ਰਹਿਣ। ਇੱਥੇ ਡਰਾਮਾ ਨਹੀਂ, ਡਿਲੀਵਰੀ (ਕੰਮ) ਹੋਣੀ ਚਾਹੀਦੀ ਹੈ। ਨਾਅਰੇ ਲਈ ਵੀ ਜਿੰਨੇ ਨਾਅਰੇ ਬੁਲਵਾਉਣੇ ਹਨ, ਪੂਰਾ ਦੇਸ਼ ਖਾਲੀ ਪਿਆ ਹੈ। ਜਿੱਥੇ ਹਾਰ ਕੇ ਆਏ ਹੋ, ਉੱਥੇ ਬੋਲ ਚੁੱਕੇ ਹੋ। ਜਿੱਥੇ ਹਾਲੇ ਹਾਰਨ ਲਈ ਜਾਣ ਵਾਲੇ ਹੋ, ਉੱਥੇ ਵੀ ਬੋਲ ਦੇਵੋ। ਪਰ ਇੱਥੇ ਤਾਂ ਨਾਅਰੇ ਨਹੀਂ, ਨੀਤੀ 'ਤੇ ਜ਼ੋਰ ਦੇਣਾ ਚਾਹੀਦਾ ਹੈ। ਅਤੇ ਉਹ ਤੁਹਾਡੀ ਨੀਅਤ ਹੋਣੀ ਚਾਹੀਦੀ ਹੈ।
ਸਾਥੀਓ,
ਹੋ ਸਕਦਾ ਹੈ ਸਿਆਸਤ ਵਿੱਚ ਨੈਗੇਟਿਵਿਟੀ (ਨਕਾਰਾਤਮਕਤਾ) ਕੁਝ ਕੰਮ ਆਉਂਦੀ ਹੋਵੇਗੀ, ਪਰ ਅਲਟੀਮੇਟਲੀ (ਅਖੀਰ ਵਿੱਚ) ਨੇਸ਼ਨ ਬਿਲਡਿੰਗ (ਰਾਸ਼ਟਰ ਉਸਾਰੀ) ਲਈ ਕੁਝ ਹਾਂ-ਪੱਖੀ ਸੋਚ ਵੀ ਹੋਣੀ ਚਾਹੀਦੀ ਹੈ। ਨੈਗੇਟਿਵਿਟੀ ਨੂੰ ਜ਼ਰਾ ਆਪਣੀ ਮਰਿਆਦਾ ਵਿੱਚ ਰੱਖ ਕੇ ਨੇਸ਼ਨ ਬਿਲਡਿੰਗ ਵੱਲ ਧਿਆਨ ਦੇਣ, ਇਹ ਮੇਰੀ ਉਮੀਦ ਰਹੇਗੀ।
ਸਾਥੀਓ,
ਇਹ ਸਰਦ ਰੁੱਤ ਇਜਲਾਸ ਇੱਕ ਹੋਰ ਕਾਰਨ ਕਰਕੇ ਵੀ ਅਹਿਮ ਹੈ। ਸਾਡੇ ਨਵੇਂ ਮਾਣਯੋਗ ਸਭਾਪਤੀ ਜੀ, ਅੱਜ ਤੋਂ ਸਾਡੇ ਉੱਚ ਸਦਨ ਦਾ ਮਾਰਗ-ਦਰਸ਼ਨ, ਉਨ੍ਹਾਂ ਦਾ ਸ਼ੁਰੂ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਜੀ.ਐੱਸ.ਟੀ. ਸੁਧਾਰਾਂ, ਅਗਲੀ ਪੀੜ੍ਹੀ ਦੇ ਸੁਧਾਰਾਂ ਲਈ ਦੇਸ਼ ਵਾਸੀਆਂ ਦੇ ਮਨ ਵਿੱਚ ਇੱਕ ਸ਼ਰਧਾ ਦਾ ਮਾਹੌਲ ਪੈਦਾ ਕੀਤਾ ਹੈ। ਇਸ ਇਜਲਾਸ ਵਿੱਚ ਵੀ ਉਸ ਦਿਸ਼ਾ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਹਨ। ਸਾਡੇ ਦੇਸ਼ ਦਾ ਇੱਕ, ਸਾਡੇ ਮੀਡੀਆ ਦੇ ਮਿੱਤਰ ਕਦੇ ਜੇ ਵਿਸ਼ਲੇਸ਼ਣ ਕਰਨਗੇ, ਤਾਂ ਉਨ੍ਹਾਂ ਦੇ ਧਿਆਨ ਵਿੱਚ ਆਵੇਗਾ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਸਦਨ ਨੂੰ ਜਾਂ ਤਾਂ ਚੋਣਾਂ ਦੀ ਤਿਆਰੀ ਲਈ ਵਰਤਿਆ ਜਾ ਰਿਹਾ ਹੈ ਜਾਂ ਫਿਰ ਹਾਰ ਦੀ ਬੌਖਲਾਹਟ ਕੱਢਣ ਲਈ ਵਰਤਿਆ ਜਾ ਰਿਹਾ ਹੈ। ਹੁਣ ਮੈਂ ਦੇਖਿਆ ਹੈ ਕੁਝ ਸੂਬੇ ਅਜਿਹੇ ਹਨ ਕਿ ਸੱਤਾ ਵਿੱਚ ਰਹਿਣ ਤੋਂ ਬਾਅਦ ਇੰਨੀ ਐਂਟੀ-ਇਨਕੰਬੈਂਸੀ (ਸਰਕਾਰ ਵਿਰੋਧੀ ਲਹਿਰ) ਹੈ ਕਿ ਉਹ ਉੱਥੇ ਜਨਤਾ ਵਿੱਚ ਜਾ ਨਹੀਂ ਪਾ ਰਹੇ ਹਨ। ਉੱਥੇ ਲੋਕਾਂ ਦੇ ਵਿਚਕਾਰ ਜਾ ਕੇ ਆਪਣੀ ਗੱਲ ਦੱਸ ਨਹੀਂ ਪਾ ਰਹੇ ਹਨ। ਅਤੇ ਇਸ ਲਈ ਸਾਰਾ ਗੁੱਸਾ ਇੱਥੇ ਸਦਨ ਵਿੱਚ ਆ ਕੇ ਕੱਢਦੇ ਹਨ। ਅਤੇ ਸਦਨ ਨੂੰ ਆਪਣੇ ਉਸ ਰਾਜ ਦੀ ਸਿਆਸਤ ਲਈ ਵਰਤਣ ਦੀ ਇੱਕ ਨਵੀਂ ਰੀਤ ਨੂੰ ਕੁਝ ਦਲਾਂ ਨੇ ਜਨਮ ਦਿੱਤਾ ਹੈ। ਹੁਣ ਉਨ੍ਹਾਂ ਨੂੰ ਇੱਕ ਵਾਰ ਚਿੰਤਨ ਕਰਨਾ ਚਾਹੀਦਾ ਹੈ ਕਿ ਪਿਛਲੇ 10 ਸਾਲ ਤੋਂ ਇਹ ਜੋ ਖੇਡ ਖੇਡ ਰਹੇ ਹਨ, ਦੇਸ਼ ਸਵੀਕਾਰ ਨਹੀਂ ਕਰ ਰਿਹਾ ਇਨ੍ਹਾਂ ਤਰੀਕਿਆਂ ਨੂੰ। ਤਾਂ ਹੁਣ ਥੋੜ੍ਹਾ ਬਦਲਣ ਆਪਣੀ, ਰਣਨੀਤੀ ਬਦਲਣ। ਮੈਂ ਟਿਪਸ (ਗੁਰ) ਦੇਣ ਲਈ ਤਿਆਰ ਹਾਂ, ਉਨ੍ਹਾਂ ਨੂੰ ਕਿਵੇਂ ਪਰਫਾਰਮ (ਕੰਮ) ਕਰਨਾ ਚਾਹੀਦਾ ਹੈ। ਪਰ ਘੱਟੋ-ਘੱਟ ਸੰਸਦ ਮੈਂਬਰਾਂ ਦੇ ਹੱਕਾਂ 'ਤੇ ਡਾਕਾ ਨਾ ਮਾਰੋ। ਸੰਸਦ ਮੈਂਬਰਾਂ ਨੂੰ ਪ੍ਰਗਟਾਵੇ ਦਾ ਮੌਕਾ ਦਿਓ। ਆਪਣੀ ਨਿਰਾਸ਼ਾ ਅਤੇ ਆਪਣੀ ਹਾਰ ਕਰਕੇ ਸੰਸਦ ਮੈਂਬਰਾਂ ਦੀ ਬਲੀ ਨਾ ਦਿਓ। ਮੈਂ ਉਮੀਦ ਕਰਦਾ ਹਾਂ ਕਿ ਇਨ੍ਹਾਂ ਜ਼ਿੰਮੇਵਾਰੀਆਂ ਨਾਲ ਅਸੀਂ ਸਾਰੇ ਚੱਲੀਏ। ਪਰ ਮੈਂ ਦੇਸ਼ ਨੂੰ ਭਰੋਸਾ ਦਿੰਦਾ ਹਾਂ ਕਿ ਰਾਸ਼ਟਰ ਤਰੱਕੀ ਦੇ ਰਾਹ 'ਤੇ ਤੁਰ ਪਿਆ ਹੈ। ਰਾਸ਼ਟਰ ਨਵੀਂਆਂ ਉਚਾਈਆਂ ਨੂੰ ਪਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਇਹ ਸਦਨ ਵੀ ਉਸ ਵਿੱਚ ਇੱਕ ਨਵੀਂ ਊਰਜਾ, ਨਵੀਂ ਸਮਰੱਥਾ ਭਰਨ ਦਾ ਕੰਮ ਕਰੇਗਾ। ਇਸੇ ਭਰੋਸੇ ਦੇ ਨਾਲ ਬਹੁਤ-ਬਹੁਤ ਧੰਨਵਾਦ।
https://www.youtube.com/watch?v=jfRor_AAhdA
************
(रिलीज़ आईडी: 2197401)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Telugu
,
Kannada
,
Malayalam