ਪ੍ਰਧਾਨ ਮੰਤਰੀ ਦਫਤਰ
ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
25 NOV 2025 7:52PM by PIB Chandigarh
"ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ"
ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਜੀ, ਹਰਮਨ ਪਿਆਰੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਮਨੋਹਰ ਲਾਲ ਜੀ, ਰਾਓ ਇੰਦਰਜੀਤ ਸਿੰਘ ਜੀ, ਕ੍ਰਿਸ਼ਨਪਾਲ ਜੀ, ਹਰਿਆਣਾ ਐੱਸਜੀਪੀਸੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਜੀ ਤੇ ਹੋਰ ਪਤਵੰਤੇ ਸੱਜਣੋ।
ਅੱਜ ਦਾ ਦਿਨ ਭਾਰਤ ਦੀ ਵਿਰਾਸਤ ਦਾ ਸ਼ਾਨਦਾਰ ਸੰਗਮ ਬਣ ਕੇ ਆਇਆ ਹੈ। ਅੱਜ ਸਵੇਰੇ ਮੈਂ ਰਾਮਾਇਣ ਦੀ ਨਗਰੀ ਅਯੁੱਧਿਆ ਵਿੱਚ ਸੀ ਅਤੇ ਹੁਣ ਮੈਂ ਇੱਥੇ ਗੀਤਾ ਦੀ ਨਗਰੀ ਕੁਰੂਕਸ਼ੇਤਰ ਵਿੱਚ ਹਾਂ। ਇੱਥੇ ਅਸੀਂ ਸਾਰੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਨਮਨ ਕਰ ਰਹੇ ਹਾਂ। ਇਸ ਸਮਾਗਮ ਵਿੱਚ ਸਾਡੇ ਦਰਮਿਆਨ ਜੋ ਸੰਤ ਮੌਜੂਦ ਹਨ, ਜੋ ਸਤਿਕਾਰਯੋਗ ਸੰਗਤ ਹਾਜ਼ਰ ਹੈ, ਮੈਂ ਤੁਹਾਡੇ ਸਾਰਿਆਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।
ਸਾਥੀਓ,
5-6 ਸਾਲ ਪਹਿਲਾਂ ਇੱਕ ਹੋਰ ਸੰਯੋਗ ਬਣਿਆ ਸੀ, ਮੈਂ ਉਸ ਦਾ ਜ਼ਿਕਰ ਵੀ ਜ਼ਰੂਰ ਕਰਨਾ ਚਾਹੁੰਦਾ ਹਾਂ। ਸਾਲ 2019 ਵਿੱਚ 9 ਨਵੰਬਰ ਨੂੰ ਜਦੋਂ ਰਾਮ ਮੰਦਿਰ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸੀ, ਤਾਂ ਉਸ ਦਿਨ ਮੈਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਡੇਰਾ ਬਾਬਾ ਨਾਨਕ ਵਿੱਚ ਸਾਂ। ਮੈਂ ਇਹੀ ਅਰਦਾਸ ਕਰ ਰਿਹਾ ਸੀ ਕਿ ਰਾਮ ਮੰਦਿਰ ਨਿਰਮਾਣ ਦਾ ਰਾਹ ਪੱਧਰਾ ਹੋਵੇ, ਕਰੋੜਾਂ ਰਾਮ ਭਗਤਾਂ ਦੀ ਇੱਛਾ ਪੂਰੀ ਹੋਵੇ ਅਤੇ ਸਾਡੀ ਸਭ ਦੀ ਅਰਦਾਸ ਪੂਰੀ ਹੋਈ, ਉਸੇ ਦਿਨ ਰਾਮ ਮੰਦਿਰ ਦੇ ਹੱਕ ਵਿੱਚ ਫ਼ੈਸਲਾ ਆਇਆ। ਹੁਣ ਅੱਜ ਅਯੁੱਧਿਆ ਵਿੱਚ ਜਦੋਂ ਧਰਮ ਧ੍ਵਜ ਦੀ ਸਥਾਪਨਾ ਹੋਈ ਹੈ, ਤਾਂ ਫਿਰ ਮੈਨੂੰ ਸਿੱਖ ਸੰਗਤ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ।
ਸਾਥੀਓ,
ਹੁਣੇ ਕੁਝ ਦੇਰ ਪਹਿਲਾਂ ਕੁਰੂਕਸ਼ੇਤਰ ਦੀ ਧਰਤੀ 'ਤੇ ਪਾਂਚਜਨਯ ਸਮਾਰਕ ਦਾ ਲੋਕ ਅਰਪਣ ਵੀ ਹੋਇਆ ਹੈ। ਕੁਰੂਕਸ਼ੇਤਰ ਦੀ ਇਸੇ ਧਰਤੀ 'ਤੇ ਖੜ੍ਹੇ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਸੱਚ ਅਤੇ ਇਨਸਾਫ ਦੀ ਰਾਖੀ ਨੂੰ ਸਭ ਤੋਂ ਵੱਡਾ ਧਰਮ ਦੱਸਿਆ ਸੀ। ਉਨ੍ਹਾਂ ਕਿਹਾ ਸੀ - ਸਵਧਰਮੇ ਨਿਧਨਮ ਸ਼੍ਰੇਅ:। ਭਾਵ, ਸੱਚ ਦੇ ਰਾਹ 'ਤੇ ਆਪਣੇ ਧਰਮ ਲਈ ਜਾਨ ਦੇਣਾ ਵੀ ਸਭ ਤੋਂ ਉੱਤਮ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਵੀ ਸੱਚ, ਇਨਸਾਫ ਅਤੇ ਆਸਥਾ ਦੀ ਰਾਖੀ ਨੂੰ ਆਪਣਾ ਧਰਮ ਮੰਨਿਆ ਅਤੇ ਇਸ ਧਰਮ ਦੀ ਰਾਖੀ ਉਨ੍ਹਾਂ ਨੇ ਆਪਣੀ ਜਾਨ ਦੇ ਕੇ ਕੀਤੀ। ਇਸ ਇਤਿਹਾਸਕ ਮੌਕੇ ਭਾਰਤ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਵਿੱਚ ਯਾਦਗਾਰੀ ਡਾਕ ਟਿਕਟ ਅਤੇ ਵਿਸ਼ੇਸ਼ ਸਿੱਕਾ ਵੀ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ। ਮੇਰੀ ਕਾਮਨਾ ਹੈ, ਸਾਡੀ ਸਰਕਾਰ ਗੁਰੂ ਪਰੰਪਰਾ ਦੀ ਇਸੇ ਤਰ੍ਹਾਂ ਨਿਰੰਤਰ ਸੇਵਾ ਕਰਦੀ ਰਹੇ।
ਸਾਥੀਓ,
ਕੁਰੂਕਸ਼ੇਤਰ ਦੀ ਇਹ ਪਵਿੱਤਰ ਧਰਤੀ, ਸਿੱਖ ਪਰੰਪਰਾ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਇਸ ਧਰਤੀ ਦਾ ਸੁਭਾਗ ਦੇਖੋ, ਸਿੱਖ ਪਰੰਪਰਾ ਦੇ ਤਕਰੀਬਨ ਸਾਰੇ ਗੁਰੂ ਆਪਣੀਆਂ ਪਵਿੱਤਰ ਯਾਤਰਾਵਾਂ ਦੌਰਾਨ ਇੱਥੇ ਆਏ। ਜਦੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਇਸ ਪਵਿੱਤਰ ਧਰਤੀ 'ਤੇ ਪਧਾਰੇ, ਤਾਂ ਉਨ੍ਹਾਂ ਨੇ ਇੱਥੇ ਆਪਣੇ ਡੂੰਘੇ ਤਪ ਅਤੇ ਨਿਡਰ ਹਿੰਮਤ ਦੀ ਛਾਪ ਛੱਡੀ ਸੀ।
ਸਾਥੀਓ,
ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਰਗੀਆਂ ਸ਼ਖ਼ਸੀਅਤਾਂ ਇਤਿਹਾਸ ਵਿੱਚ ਵਿਰਲੀਆਂ ਹੀ ਹੁੰਦੀਆਂ ਹਨ। ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਤਿਆਗ, ਉਨ੍ਹਾਂ ਦਾ ਚਰਿੱਤਰ ਬਹੁਤ ਵੱਡੀ ਪ੍ਰੇਰਨਾ ਹੈ। ਮੁਗ਼ਲ ਹਮਲਾਵਰਾਂ ਦੇ ਉਸ ਦੌਰ ਵਿੱਚ ਗੁਰੂ ਸਾਹਿਬ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਅਸੀਂ ਸਾਰੇ ਜਾਣਦੇ ਹਾਂ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਪਹਿਲਾਂ ਕੀ ਹੋਇਆ ਸੀ। ਮੁਗ਼ਲ ਹਮਲਾਵਰਾਂ ਦੇ ਉਸ ਦੌਰ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਜਬਰੀ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਸੰਕਟ ਦੌਰਾਨ ਪੀੜਤਾਂ ਦੇ ਇੱਕ ਗਰੁੱਪ ਨੇ ਗੁਰੂ ਸਾਹਿਬ ਤੋਂ ਸਹਿਯੋਗ ਮੰਗਿਆ। ਉਦੋਂ ਗੁਰੂ ਸਾਹਿਬ ਨੇ ਉਨ੍ਹਾਂ ਪੀੜਤਾਂ ਨੂੰ ਜਵਾਬ ਦਿੱਤਾ ਸੀ, ਕਿ ਤੁਸੀਂ ਸਾਰੇ ਔਰੰਗਜ਼ੇਬ ਨੂੰ ਸਾਫ-ਸਾਫ ਕਹਿ ਦਿਓ, ਜੇ ਸ੍ਰੀ ਗੁਰੂ ਤੇਗ਼ ਬਹਾਦਰ ਇਸਲਾਮ ਸਵੀਕਾਰ ਕਰ ਲੈਣ, ਤਾਂ ਅਸੀਂ ਸਾਰੇ ਇਸਲਾਮ ਧਰਮ ਅਪਣਾ ਲਵਾਂਗੇ।
ਸਾਥੀਓ,
ਇਨ੍ਹਾਂ ਵਾਕਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਨਿਡਰਤਾ, ਉਨ੍ਹਾਂ ਦੀ ਸਿਖਰ ਸੀ। ਇਸ ਤੋਂ ਬਾਅਦ ਜਿਸ ਦਾ ਡਰ ਸੀ, ਉਹੀ ਹੋਇਆ। ਉਸ ਜ਼ਾਲਮ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕੈਦੀ ਬਣਾਉਣ ਦਾ ਹੁਕਮ ਦਿੱਤਾ, ਪਰ ਗੁਰੂ ਸਾਹਿਬ ਨੇ ਖ਼ੁਦ, ਦਿੱਲੀ ਜਾਣ ਦਾ ਐਲਾਨ ਕਰ ਦਿੱਤਾ। ਮੁਗ਼ਲ ਸ਼ਾਸਕਾਂ ਨੇ ਉਨ੍ਹਾਂ ਨੂੰ ਲਾਲਚ ਵੀ ਦਿੱਤੇ, ਪਰ ਸ੍ਰੀ ਗੁਰੂ ਤੇਗ਼ ਬਹਾਦਰ ਅਡੋਲ ਰਹੇ, ਉਨ੍ਹਾਂ ਨੇ ਧਰਮ ਅਤੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਅਤੇ ਇਸੇ ਲਈ ਉਨ੍ਹਾਂ ਦਾ ਮਨ ਤੋੜਨ ਲਈ, ਗੁਰੂ ਸਾਹਿਬ ਨੂੰ ਰਾਹ ਤੋਂ ਭਟਕਾਉਣ ਲਈ, ਉਨ੍ਹਾਂ ਦੇ ਸਾਹਮਣੇ, ਉਨ੍ਹਾਂ ਦੇ ਤਿੰਨ ਸਾਥੀਆਂ- ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ। ਪਰ ਗੁਰੂ ਸਾਹਿਬ ਅਡੋਲ ਰਹੇ, ਉਨ੍ਹਾਂ ਦਾ ਸੰਕਲਪ ਅਡੋਲ ਰਿਹਾ। ਉਨ੍ਹਾਂ ਨੇ ਧਰਮ ਦਾ ਰਸਤਾ ਨਹੀਂ ਛੱਡਿਆ, ਤਪ ਦੀ ਅਵਸਥਾ ਵਿੱਚ, ਗੁਰੂ ਸਾਹਿਬ ਨੇ ਆਪਣਾ ਸੀਸ ਧਰਮ ਦੀ ਰਾਖੀ ਲਈ ਸਮਰਪਿਤ ਕਰ ਦਿੱਤਾ।
ਸਾਥੀਓ,
ਮੁਗ਼ਲ ਇੰਨੇ 'ਤੇ ਹੀ ਨਹੀਂ ਰੁਕੇ ਸਨ, ਉਨ੍ਹਾਂ ਨੇ ਗੁਰੂ ਮਹਾਰਾਜ ਦੇ ਸੀਸ ਦਾ ਅਪਮਾਨ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਭਾਈ ਜੈਤਾ ਜੀ ਨੇ, ਆਪਣੀ ਬਹਾਦਰੀ ਦੇ ਦਮ 'ਤੇ, ਉਨ੍ਹਾਂ ਦੇ ਸੀਸ ਨੂੰ ਆਨੰਦਪੁਰ ਸਾਹਿਬ ਪਹੁੰਚਾਇਆ। ਇਸ ਲਈ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ - " ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥" ਇਸ ਦਾ ਅਰਥ ਸੀ ਕਿ ਧਰਮ ਦਾ ਤਿਲਕ ਸੁਰੱਖਿਅਤ ਰਹੇ, ਲੋਕਾਂ ਦੀ ਆਸਥਾ 'ਤੇ ਜ਼ੁਲਮ ਨਾ ਹੋਵੇ, ਇਸ ਦੇ ਲਈ ਗੁਰੂ ਸਾਹਿਬ ਨੇ ਸਭ ਕੁਝ ਕੁਰਬਾਨ ਕਰ ਦਿੱਤਾ।
ਸਾਥੀਓ,
ਅੱਜ ਗੁਰੂ ਸਾਹਿਬ ਦੀ ਇਸੇ ਕੁਰਬਾਨੀ ਦੀ ਧਰਤੀ ਦੇ ਰੂਪ ਵਿੱਚ ਅੱਜ ਦਿੱਲੀ ਦਾ ਸੀਸਗੰਜ ਗੁਰਦੁਆਰਾ, ਸਾਡੀ ਪ੍ਰੇਰਨਾ ਦਾ ਇੱਕ ਜੀਵੰਤ ਸਥਾਨ ਬਣ ਕੇ ਖੜ੍ਹਾ ਹੈ। ਆਨੰਦਪੁਰ ਸਾਹਿਬ ਦਾ ਤੀਰਥ, ਸਾਡੀ ਰਾਸ਼ਟਰੀ ਚੇਤਨਾ ਦੀ ਸ਼ਕਤੀ ਭੂਮੀ ਹੈ। ਅਤੇ ਅੱਜ ਹਿੰਦੁਸਤਾਨ ਦਾ ਜੋ ਸਰੂਪ ਬਾਕੀ ਹੈ, ਉਸ ਵਿੱਚ ਗੁਰੂ ਸਾਹਿਬ ਵਰਗੇ ਯੁੱਗ ਪੁਰਸ਼ਾਂ ਦਾ ਤਿਆਗ ਅਤੇ ਸਮਰਪਣ ਸਮਾਇਆ ਹੋਇਆ ਹੈ। ਅਤੇ ਇਸੇ ਤਿਆਗ ਸਦਕਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਹਿ ਕੇ ਪੂਜਿਆ ਜਾਂਦਾ ਹੈ।
ਸਾਥੀਓ,
ਸਾਡੇ ਗੁਰੂਆਂ ਦੀ ਪਰੰਪਰਾ, ਸਾਡੇ ਰਾਸ਼ਟਰ ਦੇ ਚਰਿੱਤਰ, ਸਾਡੀ ਸਭਿਅਤਾ ਅਤੇ ਸਾਡੀ ਮੂਲ ਭਾਵਨਾ ਦਾ ਆਧਾਰ ਹੈ। ਅਤੇ ਮੈਨੂੰ ਤਸੱਲੀ ਹੈ ਕਿ ਪਿਛਲੇ 11 ਸਾਲਾਂ ਵਿੱਚ ਸਾਡੀ ਸਰਕਾਰ ਨੇ ਇਨ੍ਹਾਂ ਪਵਿੱਤਰ ਪਰੰਪਰਾਵਾਂ ਨੂੰ ਸਿੱਖ ਪਰੰਪਰਾ ਦੇ ਹਰ ਉਤਸਵ ਨੂੰ ਰਾਸ਼ਟਰੀ ਉਤਸਵ ਦੇ ਰੂਪ ਵਿੱਚ ਵੀ ਸਥਾਪਿਤ ਕੀਤਾ ਹੈ। ਸਾਡੀ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਉਤਸਵ ਵਜੋਂ ਮਨਾਉਣ ਦਾ ਮੌਕਾ ਮਿਲਿਆ। ਪੂਰੇ ਭਾਰਤ ਦੇ ਲੋਕ, ਆਪਣੇ ਮਤ, ਪਰੰਪਰਾ ਅਤੇ ਵਿਸ਼ਵਾਸਾਂ ਤੋਂ ਅੱਗੇ ਵਧ ਕੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਏ ਹਨ।
ਸਾਥੀਓ,
ਸਾਡੀ ਸਰਕਾਰ ਨੂੰ ਗੁਰੂਆਂ ਨਾਲ ਸਬੰਧਤ ਪਵਿੱਤਰ ਅਸਥਾਨਾਂ ਨੂੰ ਸਭ ਤੋਂ ਸ਼ਾਨਦਾਰ ਅਤੇ ਦੈਵੀ ਰੂਪ ਦੇਣ ਦਾ ਸੁਭਾਗ ਵੀ ਮਿਲਿਆ ਹੈ। ਬੀਤੇ ਦਹਾਕੇ ਵਿੱਚ ਕਈ ਅਜਿਹੇ ਮੌਕੇ ਆਏ ਹਨ, ਜਦੋਂ ਮੈਂ ਨਿੱਜੀ ਤੌਰ 'ਤੇ ਗੁਰੂ ਪਰੰਪਰਾ ਦੇ ਸਮਾਗਮਾਂ ਦਾ ਹਿੱਸਾ ਬਣਿਆ। ਕੁਝ ਸਮਾਂ ਪਹਿਲਾਂ ਜਦੋਂ ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਮੂਲ ਸਰੂਪ ਭਾਰਤ ਆਏ ਸਨ, ਤਾਂ ਇਹ ਹਰ ਦੇਸ਼ਵਾਸੀ ਲਈ ਮਾਣ ਦਾ ਪਲ ਬਣਿਆ ਸੀ।
ਸਾਥੀਓ,
ਸਾਡੀ ਸਰਕਾਰ ਨੇ ਗੁਰੂਆਂ ਦੇ ਹਰ ਤੀਰਥ ਨੂੰ ਆਧੁਨਿਕ ਭਾਰਤ ਦੇ ਸਰੂਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਕਰਤਾਰਪੁਰ ਲਾਂਘੇ ਦਾ ਕੰਮ ਪੂਰਾ ਕਰਨਾ ਹੋਵੇ, ਹੇਮਕੁੰਟ ਸਾਹਿਬ ਵਿੱਚ ਰੋਪਵੇਅ ਪ੍ਰੋਜੈਕਟ ਦਾ ਨਿਰਮਾਣ ਕਰਨਾ ਹੋਵੇ, ਆਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖ਼ਾਲਸਾ ਅਜਾਇਬ ਘਰ ਦਾ ਵਿਸਤਾਰ ਹੋਵੇ, ਅਸੀਂ ਗੁਰੂਆਂ ਦੀ ਸ਼ਾਨਦਾਰ ਪਰੰਪਰਾ ਨੂੰ ਆਪਣਾ ਆਦਰਸ਼ ਮੰਨ ਕੇ, ਇਨ੍ਹਾਂ ਸਾਰੇ ਕੰਮਾਂ ਨੂੰ ਪੂਰੀ ਸ਼ਰਧਾ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਮੁਗ਼ਲਾਂ ਨੇ ਵੀਰ ਸਾਹਿਬਜ਼ਾਦਿਆਂ ਨਾਲ ਵੀ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਵੀਰ ਸਾਹਿਬਜ਼ਾਦਿਆਂ ਨੇ ਉਨ੍ਹਾਂ ਨੂੰ ਕੰਧ ਵਿੱਚ ਚਿਣਿਆ ਜਾਣਾ ਸਵੀਕਾਰ ਕੀਤਾ, ਪਰ ਆਪਣੇ ਫ਼ਰਜ਼ ਅਤੇ ਧਰਮ ਦਾ ਰਸਤਾ ਨਹੀਂ ਛੱਡਿਆ। ਇਨ੍ਹਾਂ ਹੀ ਆਦਰਸ਼ਾਂ ਦੇ ਸਨਮਾਨ ਲਈ ਹੁਣ ਅਸੀਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਂਦੇ ਹਾਂ।
ਸਾਥੀਓ,
ਅਸੀਂ ਸਿੱਖ ਪਰੰਪਰਾ ਦੇ ਇਤਿਹਾਸ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਰਾਸ਼ਟਰੀ ਪਾਠਕ੍ਰਮ ਦਾ ਹਿੱਸਾ ਵੀ ਬਣਾਇਆ ਹੈ, ਤਾਂ ਜੋ ਸੇਵਾ, ਹਿੰਮਤ ਅਤੇ ਸੱਚ ਦੇ ਇਹ ਆਦਰਸ਼ ਸਾਡੀ ਨਵੀਂ ਪੀੜ੍ਹੀ ਦੀ ਸੋਚ ਦਾ ਆਧਾਰ ਬਣਨ।
ਸਾਥੀਓ,
ਮੈਨੂੰ ਭਰੋਸਾ ਹੈ ਕਿ ਤੁਸੀਂ ਸਾਰਿਆਂ ਨੇ 'ਜੋੜਾ ਸਾਹਿਬ' ਦੇ ਪਵਿੱਤਰ ਦਰਸ਼ਨ ਜ਼ਰੂਰ ਕੀਤੇ ਹੋਣਗੇ। ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰ ਮੇਰੇ ਮੰਤਰੀ ਮੰਡਲ ਦੇ ਸਾਥੀ ਹਰਦੀਪ ਸਿੰਘ ਪੁਰੀ ਜੀ ਨੇ ਮੇਰੇ ਨਾਲ ਇਸ ਮਹੱਤਵਪੂਰਨ ਵਿਰਾਸਤ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਾ ਪਵਿੱਤਰ 'ਜੋੜਾ ਸਾਹਿਬ' ਕਰੀਬ ਤਿੰਨ ਸੌ ਸਾਲਾਂ ਤੋਂ ਸੰਭਾਲ ਕੇ ਰੱਖਿਆ ਹੈ। ਅਤੇ ਹੁਣ ਉਹ ਇਸ ਪਵਿੱਤਰ ਵਿਰਾਸਤ ਨੂੰ ਦੇਸ਼-ਦੁਨੀਆ ਦੀ ਸਿੱਖ ਸੰਗਤ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ।
ਸਾਥੀਓ,
ਇਸ ਤੋਂ ਬਾਅਦ ਇਨ੍ਹਾਂ ਪਵਿੱਤਰ 'ਜੋੜਾ ਸਾਹਿਬ' ਦਾ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਵਿਗਿਆਨਕ ਪ੍ਰੀਖਣ ਕਰਵਾਇਆ ਗਿਆ, ਤਾਂ ਜੋ ਇਹ ਪਵਿੱਤਰ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਹੋ ਸਕੇ। ਸਾਰੇ ਤੱਥ ਦੇਖਦਿਆਂ ਅਸੀਂ ਇਹ ਸਮੂਹਿਕ ਫ਼ੈਸਲਾ ਲਿਆ ਕਿ ਇਨ੍ਹਾਂ ਪਵਿੱਤਰ 'ਜੋੜਾ ਸਾਹਿਬ' ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਸਮਰਪਿਤ ਕੀਤਾ ਜਾਵੇਗਾ, ਜਿੱਥੇ ਗੁਰੂ ਮਹਾਰਾਜ ਨੇ ਆਪਣੇ ਬਚਪਨ ਦਾ ਇੱਕ ਲੰਬਾ ਸਮਾਂ ਬਿਤਾਇਆ ਸੀ। ਪਿਛਲੇ ਮਹੀਨੇ ਪਵਿੱਤਰ ਯਾਤਰਾ ਦੇ ਰੂਪ ਵਿੱਚ ਗੁਰੂ ਮਹਾਰਾਜ ਦੇ ਇਹ ਪਵਿੱਤਰ 'ਜੋੜਾ ਸਾਹਿਬ' ਦਿੱਲੀ ਤੋਂ ਪਟਨਾ ਸਾਹਿਬ ਲਿਜਾਏ ਗਏ। ਅਤੇ ਉੱਥੇ ਮੈਨੂੰ ਵੀ ਇਨ੍ਹਾਂ ਪਵਿੱਤਰ 'ਜੋੜਾ ਸਾਹਿਬ' ਦੇ ਸਾਹਮਣੇ ਆਪਣਾ ਸੀਸ ਨਿਵਾਉਣ ਦਾ ਮੌਕਾ ਮਿਲਿਆ। ਮੈਂ ਇਸ ਨੂੰ ਗੁਰੂਆਂ ਦੀ ਵਿਸ਼ੇਸ਼ ਕਿਰਪਾ ਮੰਨਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਸੇਵਾ ਦਾ, ਇਸ ਸਮਰਪਣ ਦਾ, ਅਤੇ ਇਸ ਪਵਿੱਤਰ ਵਿਰਾਸਤ ਨਾਲ ਜੁੜਨ ਦਾ ਮੌਕਾ ਦਿੱਤਾ।
ਸਾਥੀਓ,
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਯਾਦ ਸਾਨੂੰ ਇਹ ਸਿਖਾਉਂਦੀ ਹੈ ਕਿ ਭਾਰਤ ਦੀ ਸਭਿਅਤਾ ਕਿੰਨੀ ਵਿਆਪਕ, ਕਿੰਨੀ ਉਦਾਰ ਅਤੇ ਕਿੰਨੀ ਮਨੁੱਖਤਾ-ਕੇਂਦਰਿਤ ਰਹੀ ਹੈ। ਉਨ੍ਹਾਂ ਨੇ ਸਰਬੱਤ ਦਾ ਭਲਾ ਦਾ ਮੰਤਰ ਆਪਣੇ ਜੀਵਨ ਤੋਂ ਸਿੱਧ ਕੀਤਾ। ਅੱਜ ਦਾ ਇਹ ਸਮਾਗਮ ਸਿਰਫ਼ ਇਨ੍ਹਾਂ ਯਾਦਾਂ ਅਤੇ ਸਿੱਖਿਆਵਾਂ ਦੇ ਸਨਮਾਨ ਦਾ ਪਲ ਨਹੀਂ ਹੈ, ਇਹ ਸਾਡੇ ਵਰਤਮਾਨ ਅਤੇ ਭਵਿੱਖ ਲਈ ਇੱਕ ਮਹੱਤਵਪੂਰਨ ਪ੍ਰੇਰਨਾ ਵੀ ਹੈ। ਗੁਰੂ ਸਾਹਿਬ ਨੇ ਸਿਖਾਇਆ ਹੈ, ‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥’ ਭਾਵ ਜੋ ਉਲਟ ਹਾਲਾਤ ਵਿੱਚ ਵੀ ਅਡੋਲ ਰਹਿੰਦਾ ਹੈ, ਉਹੀ ਸੱਚਾ ਗਿਆਨੀ ਹੈ, ਉਹੀ ਸੱਚਾ ਸਾਧਕ ਹੈ। ਇਸੇ ਪ੍ਰੇਰਨਾ ਨਾਲ ਸਾਨੂੰ ਹਰ ਚੁਨੌਤੀ ਨੂੰ ਪਾਰ ਕਰਦਿਆਂ ਆਪਣੇ ਦੇਸ਼ ਨੂੰ ਅੱਗੇ ਲਿਜਾਣਾ ਹੈ, ਆਪਣੇ ਭਾਰਤ ਨੂੰ ਵਿਕਸਿਤ ਬਣਾਉਣਾ ਹੈ।
ਸਾਥੀਓ,
ਗੁਰੂ ਸਾਹਿਬ ਨੇ ਹੀ ਸਾਨੂੰ ਸਿਖਾਇਆ ਹੈ, ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥’ ਭਾਵ ਅਸੀਂ ਨਾ ਕਿਸੇ ਨੂੰ ਡਰਾਈਏ ਤੇ ਨਾ ਕਿਸੇ ਤੋਂ ਡਰ ਕੇ ਜਿਊਈਏ। ਇਹੀ ਨਿਡਰਤਾ ਸਮਾਜ ਅਤੇ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ। ਅੱਜ ਭਾਰਤ ਵੀ ਇਸੇ ਸਿਧਾਂਤ 'ਤੇ ਚਲਦਾ ਹੈ। ਅਸੀਂ ਵਿਸ਼ਵ ਨੂੰ ਭਾਈਚਾਰੇ ਦੀ ਗੱਲ ਵੀ ਦੱਸਦੇ ਹਾਂ ਅਤੇ ਆਪਣੀਆਂ ਸਰਹੱਦਾਂ ਦੀ ਰਾਖੀ ਵੀ ਕਰਦੇ ਹਾਂ। ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਆਪਣੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰਦੇ। ਅਪਰੇਸ਼ਨ ਸਿੰਧੂਰ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਪੂਰੀ ਦੁਨੀਆ ਨੇ ਇਹ ਦੇਖਿਆ ਹੈ, ਨਵਾਂ ਭਾਰਤ ਨਾ ਡਰਦਾ ਹੈ, ਨਾ ਰੁਕਦਾ ਹੈ ਅਤੇ ਨਾ ਅੱਤਵਾਦ ਦੇ ਖ਼ਿਲਾਫ਼ ਝੁਕਦਾ ਹੈ। ਅੱਜ ਦਾ ਭਾਰਤ, ਹਿੰਮਤ ਅਤੇ ਸਪਸ਼ਟਤਾ ਨਾਲ ਪੂਰੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ।
ਸਾਥੀਓ,
ਅੱਜ ਇਸ ਅਹਿਮ ਮੌਕੇ ਮੈਂ ਸਾਡੇ ਸਮਾਜ ਨਾਲ, ਨੌਜਵਾਨਾਂ ਨਾਲ ਜੁੜੇ ਇੱਕ ਅਜਿਹੇ ਵਿਸ਼ੇ 'ਤੇ ਵੀ ਗੱਲ ਕਰਨਾ ਚਾਹੁੰਦਾ ਹਾਂ, ਜਿਸ ਦੀ ਚਿੰਤਾ ਗੁਰੂ ਸਾਹਿਬ ਨੇ ਵੀ ਕੀਤੀ ਸੀ। ਇਹ ਵਿਸ਼ਾ- ਨਸ਼ੇ ਦਾ ਹੈ, ਡਰੱਗਜ਼ ਦਾ ਹੈ। ਨਸ਼ੇ ਦੀ ਆਦਤ ਨੇ ਸਾਡੇ ਕਈ ਨੌਜਵਾਨਾਂ ਦੇ ਸੁਪਨਿਆਂ ਨੂੰ ਡੂੰਘੀਆਂ ਚੁਨੌਤੀਆਂ ਵਿੱਚ ਧੱਕ ਦਿੱਤਾ ਹੈ। ਸਰਕਾਰ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੋਸ਼ਿਸ਼ਾਂ ਵੀ ਕਰ ਰਹੀ ਹੈ। ਪਰ ਇਹ ਸਮਾਜ ਦੀ, ਪਰਿਵਾਰ ਦੀ ਵੀ ਲੜਾਈ ਹੈ। ਅਤੇ ਅਜਿਹੇ ਸਮੇਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸਿੱਖਿਆ ਸਾਡੇ ਲਈ ਪ੍ਰੇਰਨਾ ਵੀ ਹੈ ਅਤੇ ਹੱਲ ਵੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਕਈ ਪਿੰਡਾਂ ਵਿੱਚ ਸੰਗਤ ਨੂੰ ਆਪਣੇ ਨਾਲ ਜੋੜਿਆ। ਉਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਦੀ ਸ਼ਰਧਾ ਅਤੇ ਆਸਥਾ ਦਾ ਵਿਸਤਾਰ ਕੀਤਾ, ਬਲਕਿ ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਸਮਾਜ ਦਾ ਆਚਰਨ ਵੀ ਬਦਲਿਆ। ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਹਰ ਤਰ੍ਹਾਂ ਦੇ ਨਸ਼ੇ ਦੀ ਖੇਤੀ ਛੱਡੀ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਭਵਿੱਖ ਸਮਰਪਿਤ ਕੀਤਾ। ਗੁਰੂ ਮਹਾਰਾਜ ਦੇ ਦਿਖਾਏ ਇਸੇ ਮਾਰਗ 'ਤੇ ਚਲਦੇ ਹੋਏ, ਜੇ ਸਮਾਜ, ਪਰਿਵਾਰ ਅਤੇ ਨੌਜਵਾਨ ਮਿਲ ਕੇ ਨਸ਼ੇ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲੜਨ ਦਾ ਕੰਮ ਕਰਨ, ਤਾਂ ਇਹ ਸਮੱਸਿਆ ਜੜ੍ਹੋਂ ਖ਼ਤਮ ਹੋ ਸਕਦੀ ਹੈ।
ਸਾਥੀਓ,
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਸਾਡੇ ਆਚਰਨ ਵਿੱਚ ਸ਼ਾਂਤੀ, ਸਾਡੀਆਂ ਨੀਤੀਆਂ ਵਿੱਚ ਸੰਤੁਲਨ, ਅਤੇ ਸਾਡੇ ਸਮਾਜ ਵਿੱਚ ਵਿਸ਼ਵਾਸ ਦਾ ਆਧਾਰ ਬਣਨ, ਇਹੀ ਇਸ ਮੌਕੇ ਦਾ ਸਾਰ ਹੈ। ਅੱਜ ਜਿਸ ਤਰ੍ਹਾਂ ਨਾਲ ਪੂਰੇ ਦੇਸ਼ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਦਾ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹ ਇਹ ਦੱਸਦਾ ਹੈ ਕਿ ਗੁਰੂਆਂ ਦੀ ਸਿੱਖਿਆ ਅੱਜ ਵੀ ਸਾਡੇ ਸਮਾਜ ਦੀ ਚੇਤਨਾ ਵਿੱਚ ਕਿੰਨੀ ਜੀਵੰਤ ਹੈ। ਇਸੇ ਭਾਵਨਾ ਨਾਲ ਕਿ ਇਹ ਸਾਰੇ ਸਮਾਗਮ ਭਾਰਤ ਨੂੰ ਅੱਗੇ ਲਿਜਾਣ ਵਿੱਚ ਸਾਡੀ ਨੌਜਵਾਨ ਪੀੜ੍ਹੀ ਦੀ ਸਾਰਥਕ ਪ੍ਰੇਰਨਾ ਬਣਨ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।
************
ਐੱਮਜੇਪੀਐੱਸ/ਐੱਸਐੱਸ/ਏਕੇ/ਡੀਕੇ
(Release ID: 2194482)
Visitor Counter : 4