ਪ੍ਰਧਾਨ ਮੰਤਰੀ ਦਫਤਰ
ਕੋਇੰਬਟੂਰ, ਤਾਮਿਲਨਾਡੂ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
19 NOV 2025 6:53PM by PIB Chandigarh
ਵਣੱਕਮ!
ਮੰਚ 'ਤੇ ਬਿਰਾਜਮਾਨ ਤਾਮਿਲਨਾਡੂ ਦੇ ਰਾਜਪਾਲ ਆਰ ਐੱਨ ਰਵੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਐੱਲ ਮੁਰੂਗਨ ਜੀ, ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾਕਟਰ ਕੇ. ਰਾਮਾਸਾਮੀ ਜੀ, ਵੱਖ-ਵੱਖ ਖੇਤੀ ਸੰਗਠਨਾਂ ਤੋਂ ਆਏ ਸਾਰੇ ਪਤਵੰਤੇ ਸੱਜਣੋ, ਬਾਕੀ ਹਾਜ਼ਰੀਨ ਮੇਰੇ ਪਿਆਰੇ ਕਿਸਾਨ ਭਰਾਵੋ ਤੇ ਭੈਣੋ ਅਤੇ ਦੇਸ਼ ਭਰ ਵਿੱਚ ਡਿਜੀਟਲ ਤਕਨੀਕ ਦੇ ਜ਼ਰੀਏ ਜੁੜੇ ਲੱਖਾਂ ਕਿਸਾਨਾਂ ਨੂੰ ਮੈਂ ਇੱਥੋਂ ਵਣੱਕਮ ਕਹਿੰਦਾ ਹਾਂ, ਨਮਸਕਾਰ ਕਹਿੰਦਾ ਹਾਂ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਅਤੇ ਦੇਸ਼ ਭਰ ਵਿੱਚ ਇਕੱਠੇ ਹੋਏ ਮੇਰੇ ਕਿਸਾਨ ਭਰਾਵਾਂ-ਭੈਣਾਂ ਤੋਂ ਵੀ ਮੁਆਫੀ ਮੰਗਦਾ ਹਾਂ। ਮੈਨੂੰ ਆਉਣ ਵਿੱਚ ਕਰੀਬ-ਕਰੀਬ ਇੱਕ ਘੰਟਾ ਦੇਰੀ ਹੋ ਗਈ, ਕਿਉਂਕਿ ਅੱਜ ਪੁੱਟਾਪਰਥੀ ਵਿੱਚ ਸੱਤਿਆ ਸਾਈਂ ਬਾਬਾ ਦੇ ਪ੍ਰੋਗਰਾਮ ਵਿੱਚ ਸੀ, ਪਰ ਉੱਥੇ ਪ੍ਰੋਗਰਾਮ ਥੋੜ੍ਹਾ ਲੰਮਾ ਚੱਲ ਗਿਆ, ਤਾਂ ਮੈਨੂੰ ਆਉਣ ਵਿੱਚ ਦੇਰੀ ਹੋਈ। ਤੁਹਾਨੂੰ ਸਭ ਨੂੰ ਅਤੇ ਦੇਸ਼ ਭਰ ਵਿੱਚ ਬੈਠੇ ਸਾਨੂੰ ਦੇਖ ਰਹੇ ਵੱਡੀ ਗਿਣਤੀ ਲੋਕਾਂ ਨੂੰ ਜੋ ਅਸੁਵਿਧਾ ਹੋਈ, ਉਸ ਲਈ ਮੈਂ ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ।
ਜਦੋਂ ਮੈਂ ਪਾਂਡੀਅਨ ਜੀ ਦਾ ਭਾਸ਼ਣ ਸੁਣ ਰਿਹਾ ਸੀ, ਮੈਨੂੰ ਮਹਿਸੂਸ ਹੋਇਆ ਕਿ ਕਿੰਨਾ ਚੰਗਾ ਹੁੰਦਾ ਜੇ ਕਿਸੇ ਨੇ ਮੈਨੂੰ ਬਚਪਨ ਵਿੱਚ ਤਾਮਿਲ ਸਿਖਾਈ ਹੁੰਦੀ ਤਾਂ ਜੋ ਮੈਂ ਉਨ੍ਹਾਂ ਦੇ ਭਾਸ਼ਣ ਦਾ ਹੋਰ ਵੀ ਆਨੰਦ ਲੈ ਸਕਦਾ। ਪਰ ਮੇਰੀ ਇੰਨੀ ਚੰਗੀ ਕਿਸਮਤ ਨਹੀਂ ਸੀ। ਫਿਰ ਵੀ, ਜੋ ਕੁਝ ਮੈਂ ਸਮਝ ਸਕਿਆ, ਮੈਨੂੰ ਅਹਿਸਾਸ ਹੋਇਆ ਕਿ ਉਹ ਜੱਲੀਕੱਟੂ ਬਾਰੇ ਗੱਲ ਕਰ ਰਹੇ ਸਨ ਅਤੇ ਕੋਵਿਡ ਦੌਰਾਨ ਆਈਆਂ ਮੁਸ਼ਕਲਾਂ ਦਾ ਜ਼ਿਕਰ ਵੀ ਕਰ ਰਹੇ ਸਨ। ਮੈਂ ਰਵੀ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਮੈਨੂੰ ਪਾਂਡੀਅਨ ਜੀ ਦਾ ਭਾਸ਼ਣ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਭੇਜਣ। ਮੈਂ ਇਸ ਨੂੰ ਪੜ੍ਹਨਾ ਚਾਹਾਂਗਾ। ਪਰ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਨ ਅਤੇ ਮਨ ਵਿੱਚ ਵਸਾ ਸਕਦਾ ਸੀ ਅਤੇ ਇਹ ਮੇਰੇ ਲਈ ਬਹੁਤ ਖ਼ਾਸ ਪਲ ਸੀ। ਜਦੋਂ ਮੈਂ ਇੱਥੇ ਮੰਚ 'ਤੇ ਆਇਆ, ਤਾਂ ਮੈਂ ਦੇਖਿਆ ਕਿ ਕਈ ਕਿਸਾਨ ਭਰਾ ਅਤੇ ਭੈਣਾਂ ਆਪਣੇ ਪਰਨੇ ਲਹਿਰਾ ਰਹੇ ਸਨ। ਇੰਝ ਮਹਿਸੂਸ ਹੋਇਆ ਜਿਵੇਂ ਬਿਹਾਰ ਦੀ ਹਵਾ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਇੱਥੇ ਪਹੁੰਚ ਗਈ ਹੋਵੇ।
ਮੇਰੇ ਪਿਆਰੇ ਕਿਸਾਨ ਭਰਾਵੋ ਅਤੇ ਭੈਣੋ,
ਕੋਇੰਬਟੂਰ ਦੀ ਇਸ ਪਵਿੱਤਰ ਧਰਤੀ 'ਤੇ ਸਭ ਤੋਂ ਪਹਿਲਾਂ ਮੈਂ ਮਰੁਦਮਲਾਈ ਦੇ ਭਗਵਾਨ ਮੁਰੂਗਨ ਨੂੰ ਪ੍ਰਣਾਮ ਕਰਦਾ ਹਾਂ। ਕੋਇੰਬਟੂਰ ਸਭਿਆਚਾਰ, ਦਇਆ ਅਤੇ ਰਚਨਾਤਮਕਤਾ ਦੀ ਧਰਤੀ ਹੈ। ਇਹ ਸ਼ਹਿਰ ਦੱਖਣੀ ਭਾਰਤ ਦੀ ਉੱਦਮੀ ਸ਼ਕਤੀ ਦਾ ਊਰਜਾ ਕੇਂਦਰ ਹੈ। ਇਸ ਦਾ ਕੱਪੜਾ ਖੇਤਰ ਸਾਡੇ ਦੇਸ਼ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਹੁਣ ਕੋਇੰਬਟੂਰ ਹੋਰ ਵੀ ਖ਼ਾਸ ਬਣ ਗਿਆ ਹੈ ਕਿਉਂਕਿ ਇਸ ਦੇ ਸਾਬਕਾ ਸੰਸਦ ਮੈਂਬਰ ਸੀ.ਪੀ. ਰਾਧਾਕ੍ਰਿਸ਼ਨਨ ਜੀ ਹੁਣ ਉਪ-ਰਾਸ਼ਟਰਪਤੀ ਵਜੋਂ ਸਾਡੀ ਸਭ ਦੀ ਅਗਵਾਈ ਕਰ ਰਹੇ ਹਨ।
ਸਾਥੀਓ,
ਕੁਦਰਤੀ ਖੇਤੀ ਇੱਕ ਅਜਿਹਾ ਵਿਸ਼ਾ ਹੈ ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਇਹ ਸ਼ਾਨਦਾਰ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ ਕਰਵਾਉਣ ਲਈ ਤਾਮਿਲਨਾਡੂ ਦੇ ਸਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਹੁਣੇ ਪ੍ਰਦਰਸ਼ਨੀ ਦੇਖਣ ਅਤੇ ਕਈ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਕੁਝ ਨੇ ਮਕੈਨੀਕਲ ਇੰਜੀਨੀਅਰਿੰਗ ਅਤੇ ਪੀਐੱਚਡੀ ਕੀਤੀ ਹੈ ਅਤੇ ਫਿਰ ਖੇਤੀ ਨੂੰ ਚੁਣਿਆ ਹੈ। ਕੁਝ ਨਾਸਾ ਵਿੱਚ ਚੰਦਰਯਾਨ ਨਾਲ ਸਬੰਧਤ ਵੱਕਾਰੀ ਕੰਮ ਛੱਡ ਕੇ ਖੇਤੀ ਵੱਲ ਵਾਪਸ ਆ ਗਏ ਹਨ। ਉਹ ਨਾ ਸਿਰਫ ਖੁਦ ਖੇਤੀ ਕਰ ਰਹੇ ਹਨ, ਸਗੋਂ ਉਹ ਕਈ ਹੋਰ ਕਿਸਾਨਾਂ ਅਤੇ ਨੌਜਵਾਨਾਂ ਨੂੰ ਸਿਖਲਾਈ ਵੀ ਦੇ ਰਹੇ ਹਨ। ਅੱਜ ਮੈਨੂੰ ਜਨਤਕ ਤੌਰ 'ਤੇ ਇਹ ਮੰਨਣਾ ਪਵੇਗਾ ਕਿ ਜੇ ਮੈਂ ਇਸ ਸਮਾਗਮ ਵਿੱਚ ਨਾ ਆਇਆ ਹੁੰਦਾ, ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਬਹੁਤ ਅਹਿਮ ਗੁਆ ਦਿੱਤਾ ਹੁੰਦਾ। ਮੈਂ ਅੱਜ ਇੱਥੇ ਬਹੁਤ ਕੁਝ ਸਿੱਖਿਆ ਹੈ। ਮੈਂ ਤਾਮਿਲਨਾਡੂ ਦੇ ਕਿਸਾਨਾਂ ਦੀ ਹਿੰਮਤ ਅਤੇ ਬਦਲਾਅ ਨੂੰ ਅਪਣਾਉਣ ਦੀ ਉਨ੍ਹਾਂ ਦੀ ਤਾਕਤ ਨੂੰ ਤਹਿ ਦਿਲੋਂ ਸਲਾਮ ਕਰਦਾ ਹਾਂ। ਇੱਥੇ ਕਿਸਾਨ ਭੈਣ-ਭਰਾ, ਖੇਤੀ ਵਿਗਿਆਨੀ, ਉਦਯੋਗਿਕ ਭਾਈਵਾਲ, ਸਟਾਰਟ-ਅੱਪ ਅਤੇ ਨਵੀਨਤਾਕਾਰੀ ਸਭ ਇਕੱਠੇ ਹੋਏ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ।
ਸਾਥੀਓ,
ਮੈਂ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਖੇਤੀਬਾੜੀ ਵਿੱਚ ਕਈ ਵੱਡੇ ਬਦਲਾਅ ਹੁੰਦੇ ਦੇਖ ਰਿਹਾ ਹਾਂ। ਭਾਰਤ ਕੁਦਰਤੀ ਖੇਤੀ ਦਾ ਵਿਸ਼ਵ ਪੱਧਰੀ ਕੇਂਦਰ ਬਣਨ ਦੇ ਰਾਹ 'ਤੇ ਹੈ। ਸਾਡੀ ਜੈਵਿਕ ਵਿਭਿੰਨਤਾ ਨਵਾਂ ਰੂਪ ਲੈ ਰਹੀ ਹੈ ਅਤੇ ਸਾਡੇ ਦੇਸ਼ ਦੇ ਨੌਜਵਾਨ ਹੁਣ ਖੇਤੀਬਾੜੀ ਨੂੰ ਆਧੁਨਿਕ ਤੇ ਵਧਣਯੋਗ ਮੌਕੇ ਵਜੋਂ ਦੇਖਦੇ ਹਨ। ਇਹ ਸਾਡੇ ਰਾਸ਼ਟਰ ਦੀ ਪੇਂਡੂ ਅਰਥ-ਵਿਵਸਥਾ ਨੂੰ ਬਹੁਤ ਜ਼ਿਆਦਾ ਤਾਕਤ ਦੇਣ ਜਾ ਰਿਹਾ ਹੈ।
ਮੇਰੇ ਕਿਸਾਨ ਭਰਾਵੋ ਅਤੇ ਭੈਣੋ,
ਪਿਛਲੇ 11 ਸਾਲਾਂ ਵਿੱਚ ਦੇਸ਼ ਦੇ ਪੂਰੇ ਖੇਤੀਬਾੜੀ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ। ਸਾਡੀ ਖੇਤੀਬਾੜੀ ਬਰਾਮਦ ਤਕਰੀਬਨ ਦੁੱਗਣੀ ਹੋ ਗਈ ਹੈ। ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਰਸਤਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੂੰ ਇਸ ਸਾਲ ਹੀ ਕਿਸਾਨ ਕ੍ਰੈਡਿਟ ਕਾਰਡ ਰਾਹੀਂ 10 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਾਪਤ ਹੋਈ ਹੈ। 10 ਲੱਖ ਕਰੋੜ ਰੁਪਏ ਦਾ ਇਹ ਅੰਕੜਾ ਬਹੁਤ ਮਹੱਤਵਪੂਰਨ ਹੈ। ਸੱਤ ਸਾਲ ਪਹਿਲਾਂ ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਵੀ ਕੇਸੀਸੀ ਸਕੀਮ ਅਧੀਨ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਨੇ ਵੀ ਇਸ ਤੋਂ ਬਹੁਤ ਲਾਭ ਉਠਾਇਆ ਹੈ। ਜੈਵਿਕ ਖਾਦਾਂ 'ਤੇ ਜੀਐੱਸਟੀ ਘਟਾਉਣ ਨਾਲ ਵੀ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਇਆ ਹੈ।
ਸਾਥੀਓ,
ਕੁਝ ਸਮਾਂ ਪਹਿਲਾਂ ਹੀ ਅਸੀਂ ਇੱਥੋਂ ਦੇਸ਼ ਦੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਅਗਲੀ ਕਿਸ਼ਤ ਜਾਰੀ ਕੀਤੀ ਹੈ। ਦੇਸ਼ ਭਰ ਦੇ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ 18,000 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇੱਥੇ ਤਾਮਿਲਨਾਡੂ ਵਿੱਚ ਵੀ ਲੱਖਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਪੈਸੇ ਮਿਲੇ ਹਨ।
ਸਾਥੀਓ,
ਹੁਣ ਤੱਕ ਇਸ ਯੋਜਨਾ ਤਹਿਤ ਦੇਸ਼ ਭਰ ਦੇ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 4 ਲੱਖ ਕਰੋੜ ਰੁਪਏ ਸਿੱਧੇ ਭੇਜੇ ਜਾ ਚੁੱਕੇ ਹਨ। ਇਸ ਰਕਮ ਨੇ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਵੱਖ-ਵੱਖ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕੀਤੀ ਹੈ। ਮੈਂ ਇਸ ਯੋਜਨਾ ਦੇ ਲਾਭਪਾਤਰੀ ਕਰੋੜਾਂ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਪਿੱਛੇ ਦੋ ਬੱਚੀਆਂ ਕਾਫੀ ਦੇਰ ਤੋਂ ਤਖ਼ਤੀਆਂ ਫੜ ਕੇ ਖੜ੍ਹੀਆਂ ਹਨ। ਉਨ੍ਹਾਂ ਦੇ ਹੱਥ ਥੱਕ ਜਾਣਗੇ। ਮੈਂ ਸੁਰੱਖਿਆ ਕਰਮਚਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਨ੍ਹਾਂ ਤੋਂ ਤਖ਼ਤੀਆਂ ਲੈ ਲੈਣ ਅਤੇ ਮੈਨੂੰ ਦੇ ਦੇਣ। ਉਨ੍ਹਾਂ ਦਾ ਜੋ ਵੀ ਸੰਦੇਸ਼ ਹੈ, ਮੈਂ ਉਸ ਨੂੰ ਬਹੁਤ ਗੰਭੀਰਤਾ ਨਾਲ ਲਵਾਂਗਾ। ਕਿਰਪਾ ਕਰਕੇ ਇਸ ਨੂੰ ਮੇਰੇ ਕੋਲ ਲਿਆਓ।
ਸਾਥੀਓ,
ਧੰਨਵਾਦ ਬੇਟਾ। ਤੁਸੀਂ ਇੰਨੇ ਲੰਮੇ ਸਮੇਂ ਤੋਂ ਹੱਥ ਉੱਪਰ ਕਰਕੇ ਖੜ੍ਹੇ ਸੀ।
ਸਾਥੀਓ,
ਕੁਦਰਤੀ ਖੇਤੀ ਦਾ ਵਿਸਤਾਰ 21ਵੀਂ ਸਦੀ ਦੀ ਖੇਤੀ ਦੀ ਲੋੜ ਹੈ। ਪਿਛਲੇ ਸਾਲਾਂ ਦੌਰਾਨ ਵਧਦੀ ਮੰਗ ਕਾਰਨ ਖੇਤਾਂ ਵਿੱਚ ਅਤੇ ਖੇਤੀਬਾੜੀ ਨਾਲ ਸਬੰਧਤ ਕਈ ਖੇਤਰਾਂ ਵਿੱਚ ਰਸਾਇਣਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਮਿੱਟੀ ਦੀ ਨਮੀ ਪ੍ਰਭਾਵਿਤ ਹੋ ਰਹੀ ਹੈ ਅਤੇ ਇਸ ਸਭ ਦੇ ਨਾਲ-ਨਾਲ ਹਰ ਸਾਲ ਖੇਤੀ ਦੀ ਲਾਗਤ ਵਧਦੀ ਜਾ ਰਹੀ ਹੈ। ਇਸ ਦਾ ਹੱਲ ਫਸਲੀ ਵਿਭਿੰਨਤਾ ਅਤੇ ਕੁਦਰਤੀ ਖੇਤੀ ਵਿੱਚ ਹੈ।
ਸਾਥੀਓ,
ਸਾਨੂੰ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲਾਂ ਦੀ ਪੌਸ਼ਟਿਕਤਾ ਨੂੰ ਬਹਾਲ ਕਰਨ ਲਈ ਕੁਦਰਤੀ ਖੇਤੀ ਦੇ ਰਾਹ 'ਤੇ ਅੱਗੇ ਵਧਣਾ ਪਵੇਗਾ। ਇਹ ਸਾਡਾ ਦ੍ਰਿਸ਼ਟੀਕੋਣ ਵੀ ਹੈ ਅਤੇ ਸਾਡੀ ਲੋੜ ਵੀ। ਸਿਰਫ ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਜੈਵਿਕ ਵਿਭਿੰਨਤਾ ਨੂੰ ਸੁਰੱਖਿਅਤ ਰੱਖ ਸਕਾਂਗੇ। ਕੁਦਰਤੀ ਖੇਤੀ ਸਾਨੂੰ ਜਲਵਾਯੂ ਪਰਿਵਰਤਨ ਅਤੇ ਮੌਸਮ ਦੇ ਬਦਲਦੇ ਢੰਗਾਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਦੀ ਹੈ। ਇਹ ਸਾਡੀ ਮਿੱਟੀ ਨੂੰ ਤੰਦਰੁਸਤ ਰੱਖਦੀ ਹੈ ਅਤੇ ਲੋਕਾਂ ਨੂੰ ਹਾਨੀਕਾਰਕ ਰਸਾਇਣਾਂ ਤੋਂ ਬਚਾਉਂਦੀ ਹੈ। ਅੱਜ ਦਾ ਸਮਾਗਮ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ।
ਸਾਥੀਓ,
ਸਾਡੀ ਸਰਕਾਰ ਭਾਰਤ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਸਾਲ ਪਹਿਲਾਂ ਕੇਂਦਰ ਸਰਕਾਰ ਨੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਲੱਖਾਂ ਕਿਸਾਨ ਪਹਿਲਾਂ ਹੀ ਇਸ ਨਾਲ ਜੁੜ ਚੁੱਕੇ ਹਨ। ਇਸ ਦਾ ਸਕਾਰਾਤਮਕ ਪ੍ਰਭਾਵ ਖ਼ਾਸ ਕਰਕੇ ਪੂਰੇ ਦੱਖਣੀ ਭਾਰਤ ਵਿੱਚ ਦਿਖਾਈ ਦੇ ਰਿਹਾ ਹੈ। ਇੱਥੇ ਸਿਰਫ਼ ਤਾਮਿਲਨਾਡੂ ਵਿੱਚ ਹੀ ਤਕਰੀਬਨ 35,000 ਹੈਕਟੇਅਰ ਜ਼ਮੀਨ ਜੈਵਿਕ ਅਤੇ ਕੁਦਰਤੀ ਖੇਤੀ ਹੇਠ ਹੈ।
ਸਾਥੀਓ,
ਕੁਦਰਤੀ ਖੇਤੀ ਭਾਰਤ ਦਾ ਇੱਕ ਸਵਦੇਸ਼ੀ ਸੰਕਲਪ ਹੈ। ਅਸੀਂ ਇਸ ਨੂੰ ਕਿਤੋਂ ਵੀ ਇੰਪੋਰਟ ਨਹੀਂ ਕੀਤਾ ਹੈ। ਇਹ ਸਾਡੀਆਂ ਆਪਣੀਆਂ ਪਰੰਪਰਾਵਾਂ ਵਿੱਚੋਂ ਪੈਦਾ ਹੋਇਆ ਹੈ। ਸਾਡੇ ਪੁਰਖਿਆਂ ਨੇ ਇਸ ਨੂੰ ਬੜੀ ਲਗਨ ਨਾਲ ਵਿਕਸਤ ਕੀਤਾ ਸੀ ਅਤੇ ਇਹ ਸਾਡੇ ਵਾਤਾਵਰਨ ਦੇ ਬਿਲਕੁਲ ਅਨੁਕੂਲ ਹੈ। ਮੈਨੂੰ ਖੁਸ਼ੀ ਹੈ ਕਿ ਦੱਖਣੀ ਭਾਰਤ ਦੇ ਕਿਸਾਨ ਕੁਦਰਤੀ ਖੇਤੀ ਦੇ ਰਵਾਇਤੀ ਤਰੀਕਿਆਂ ਜਿਵੇਂ ਕਿ ਪੰਚਗਵਯ, ਜੀਵਾਮ੍ਰਿਤ, ਬੀਜਾਮ੍ਰਿਤ, ਅੱਛਾਦਨ ਆਦਿ ਦੀ ਪਾਲਣਾ ਕਰਦੇ ਆ ਰਹੇ ਹਨ। ਇਹ ਅਭਿਆਸ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ, ਫ਼ਸਲਾਂ ਨੂੰ ਰਸਾਇਣ-ਮੁਕਤ ਰੱਖਦੇ ਹਨ ਅਤੇ ਲਾਗਤ ਖਰਚਿਆਂ ਨੂੰ ਕਾਫ਼ੀ ਘਟਾਉਂਦੇ ਹਨ।
ਸਾਥੀਓ,
ਜਦੋਂ ਅਸੀਂ ਕੁਦਰਤੀ ਖੇਤੀ ਨੂੰ ਸ਼੍ਰੀ ਅੰਨ (ਮੋਟੇ ਅਨਾਜ) ਦੀ ਕਾਸ਼ਤ ਨਾਲ ਜੋੜਦੇ ਹਾਂ ਤਾਂ ਇਹ ਧਰਤੀ ਮਾਂ ਦੀ ਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਤਾਮਿਲਨਾਡੂ ਵਿੱਚ ਭਗਵਾਨ ਮੁਰੂਗਨ ਨੂੰ ਵੀ 'ਤੇਨੁਮ ਤਿਨਈ ਮਾਵੁਮ' ਚੜ੍ਹਾਇਆ ਜਾਂਦਾ ਹੈ - ਜੋ ਸ਼ਹਿਦ ਅਤੇ ਮੋਟੇ ਅਨਾਜ ਤੋਂ ਬਣਿਆ ਇੱਕ ਪਵਿੱਤਰ ਪ੍ਰਸ਼ਾਦ ਹੈ। ਤਾਮਿਲ ਖੇਤਰਾਂ ਵਿੱਚ ਕੰਬੂ ਅਤੇ ਸਾਮਈ, ਕੇਰਲ ਅਤੇ ਕਰਨਾਟਕ ਵਿੱਚ ਰਾਗੀ ਅਤੇ ਤੇਲਗੂ ਬੋਲਣ ਵਾਲੇ ਰਾਜਾਂ ਵਿੱਚ ਸੱਜਾ ਅਤੇ ਜੋਨਾ ਪੀੜ੍ਹੀਆਂ ਤੋਂ ਸਾਡੀ ਖੁਰਾਕ ਦਾ ਹਿੱਸਾ ਰਹੇ ਹਨ। ਸਾਡੀ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਸੁਪਰਫੂਡ ਆਲਮੀ ਬਾਜ਼ਾਰਾਂ ਤੱਕ ਪਹੁੰਚੇ। ਕੁਦਰਤੀ ਖੇਤੀ ਅਤੇ ਰਸਾਇਣ ਮੁਕਤ ਖੇਤੀ ਇਨ੍ਹਾਂ ਦੀ ਵਿਸ਼ਵਵਿਆਪੀ ਮਾਨਤਾ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਹੀਆਂ ਹਨ। ਇਸ ਲਈ ਮੇਰਾ ਮੰਨਣਾ ਹੈ ਕਿ ਇਸ ਸੰਮੇਲਨ ਵਿੱਚ ਇਸ ਵਿਸ਼ੇ ਨਾਲ ਸਬੰਧਤ ਕੋਸ਼ਿਸ਼ਾਂ 'ਤੇ ਜ਼ਰੂਰ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਸਾਥੀਓ,
ਮੈਂ ਹਮੇਸ਼ਾ ਇੱਕ ਫ਼ਸਲੀ ਖੇਤੀ (ਮੋਨੋਕਲਚਰ) ਦੀ ਬਜਾਏ ਬਹੁ-ਫ਼ਸਲੀ ਖੇਤੀ (ਮਲਟੀਕਲਚਰ) ਨੂੰ ਉਤਸ਼ਾਹਿਤ ਕੀਤਾ ਹੈ। ਸਾਨੂੰ ਇਸ ਲਈ ਦੱਖਣੀ ਭਾਰਤ ਦੇ ਕਈ ਖੇਤਰਾਂ ਤੋਂ ਬਹੁਤ ਪ੍ਰੇਰਨਾ ਮਿਲਦੀ ਹੈ। ਜੇ ਅਸੀਂ ਕੇਰਲ ਜਾਂ ਕਰਨਾਟਕ ਦੇ ਪਹਾੜੀ ਇਲਾਕਿਆਂ ਵਿੱਚ ਜਾਈਏ ਤਾਂ ਅਸੀਂ ਬਹੁ-ਮੰਜ਼ਿਲਾ ਖੇਤੀ ਦੀਆਂ ਉਦਾਹਰਣਾਂ ਦੇਖ ਸਕਦੇ ਹਾਂ। ਇੱਕੋ ਖੇਤ ਵਿੱਚ ਨਾਰੀਅਲ ਦੇ ਦਰਖਤ, ਸੁਪਾਰੀ ਦੇ ਦਰੱਖਤ ਅਤੇ ਫਲਾਂ ਦੇ ਬੂਟੇ ਹੁੰਦੇ ਹਨ। ਉਨ੍ਹਾਂ ਦੇ ਹੇਠਾਂ ਮਸਾਲਿਆਂ ਅਤੇ ਕਾਲੀ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਸਹੀ ਯੋਜਨਾਬੰਦੀ ਨਾਲ ਥੋੜ੍ਹੇ ਜਿਹੇ ਰਕਬੇ ਵਿੱਚ ਕਈ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ। ਇਹ ਕੁਦਰਤੀ ਖੇਤੀ ਦਾ ਮੂਲ ਫਲਸਫਾ ਹੈ। ਸਾਨੂੰ ਖੇਤੀ ਦੇ ਇਸ ਮਾਡਲ ਨੂੰ ਪੂਰੇ ਭਾਰਤ ਦੇ ਪੱਧਰ ਤੱਕ ਲੈ ਕੇ ਜਾਣਾ ਪਵੇਗਾ। ਮੈਂ ਰਾਜ ਸਰਕਾਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇਸ ਗੱਲ 'ਤੇ ਵਿਚਾਰ ਕਰਨ ਕਿ ਇਨ੍ਹਾਂ ਅਭਿਆਸਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।
ਸਾਥੀਓ,
ਦੱਖਣੀ ਭਾਰਤ ਖੇਤੀਬਾੜੀ ਦੀ ਇੱਕ ਜਿਊਂਦੀ-ਜਾਗਦੀ ਯੂਨੀਵਰਸਿਟੀ ਰਿਹਾ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਚਾਲੂ ਬੰਨ੍ਹ ਇਸੇ ਖੇਤਰ ਵਿੱਚ ਬਣਾਏ ਗਏ ਸਨ। ਕਲਿੰਗ-ਰਾਇਨ ਨਹਿਰ ਇੱਥੇ 13ਵੀਂ ਸਦੀ ਵਿੱਚ ਬਣਾਈ ਗਈ ਸੀ। ਇੱਥੋਂ ਦੇ ਮੰਦਰਾਂ ਦੇ ਤਲਾਬ ਵਿਕੇਂਦਰੀਕ੍ਰਿਤ ਜਲ ਸੰਭਾਲ ਪ੍ਰਣਾਲੀਆਂ ਦੇ ਨਮੂਨੇ ਬਣੇ। ਇਸ ਧਰਤੀ ਨੇ ਦਰਿਆਵਾਂ ਦੇ ਪਾਣੀ ਨੂੰ ਕੰਟਰੋਲ ਕਰਨ ਅਤੇ ਇਸ ਨੂੰ ਖੇਤੀ ਲਈ ਵਰਤਣ ਦਾ ਵਿਗਿਆਨਕ ਮਾਡਲ ਵਿਕਸਤ ਕੀਤਾ। ਇਸ ਖੇਤਰ ਨੇ ਹਜ਼ਾਰਾਂ ਸਾਲ ਪਹਿਲਾਂ ਇੰਨੀ ਵਿਗਿਆਨਕ ਵਾਟਰ ਇੰਜੀਨੀਅਰਿੰਗ ਕੀਤੀ ਹੈ। ਇਸ ਲਈ ਮੇਰਾ ਪੱਕਾ ਵਿਸ਼ਵਾਸ ਹੈ ਕਿ ਦੇਸ਼ ਅਤੇ ਦੁਨੀਆ ਲਈ ਕੁਦਰਤੀ ਖੇਤੀ ਵਿੱਚ ਅਗਵਾਈ ਵੀ ਇਸੇ ਖੇਤਰ ਤੋਂ ਉਭਰੇਗੀ।
ਸਾਥੀਓ,
'ਵਿਕਸਿਤ ਭਾਰਤ' ਲਈ ਭਵਿੱਖਮੁਖੀ ਖੇਤੀਬਾੜੀ ਈਕੋਸਿਸਟਮ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਮੈਂ ਦੇਸ਼ ਭਰ ਦੇ ਆਪਣੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ, ਖ਼ਾਸ ਕਰਕੇ ਤਾਮਿਲਨਾਡੂ ਦੇ ਆਪਣੇ ਕਿਸਾਨ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇੱਕ ਸੀਜ਼ਨ ਵਿੱਚ ਇੱਕ ਏਕੜ ਤੋਂ ਸ਼ੁਰੂਆਤ ਕਰਨ। ਭਾਵ, ਇੱਕ ਸੀਜ਼ਨ ਵਿੱਚ ਸਿਰਫ਼ ਇੱਕ ਏਕੜ 'ਤੇ ਕੁਦਰਤੀ ਖੇਤੀ ਕਰਕੇ ਦੇਖੋ। ਤੁਸੀਂ ਆਪਣੇ ਖੇਤ ਦਾ ਕੋਈ ਇੱਕ ਕੋਨਾ ਚੁਣੋ ਅਤੇ ਤਜਰਬਾ ਕਰੋ। ਨਤੀਜਿਆਂ ਦੇ ਆਧਾਰ 'ਤੇ ਅਗਲੇ ਸਾਲ ਇਸ ਦਾ ਵਿਸਤਾਰ ਕਰੋ, ਤੀਜੇ ਸਾਲ ਇਸ ਨੂੰ ਹੋਰ ਵਧਾਓ ਅਤੇ ਅੱਗੇ ਵਧਦੇ ਰਹੋ। ਮੈਂ ਸਾਰੇ ਵਿਗਿਆਨੀਆਂ ਅਤੇ ਖੋਜ ਸੰਸਥਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਕੁਦਰਤੀ ਖੇਤੀ ਨੂੰ ਖੇਤੀਬਾੜੀ ਪਾਠਕ੍ਰਮ ਦਾ ਮੁੱਖ ਹਿੱਸਾ ਬਣਾਉਣ। ਪਿੰਡਾਂ ਵਿੱਚ ਜਾਓ, ਕਿਸਾਨਾਂ ਦੇ ਖੇਤਾਂ ਨੂੰ ਆਪਣੀਆਂ ਪ੍ਰਯੋਗਸ਼ਾਲਾਵਾਂ ਬਣਾਓ। ਸਾਨੂੰ ਕੁਦਰਤੀ ਖੇਤੀ ਨੂੰ ਵਿਗਿਆਨ-ਆਧਾਰਿਤ ਅੰਦੋਲਨ ਵਿੱਚ ਬਦਲਣਾ ਪਵੇਗਾ। ਕੁਦਰਤੀ ਖੇਤੀ ਦੀ ਇਸ ਮੁਹਿੰਮ ਵਿੱਚ ਰਾਜ ਸਰਕਾਰਾਂ ਅਤੇ ਐੱਫਪੀਓਜ਼ ਦੀ ਭੂਮਿਕਾ ਬਹੁਤ ਵੱਡੀ ਹੈ। ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ 10,000 ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਬਣੇ ਹਨ। ਐੱਫਪੀਓਜ਼ ਦੀ ਮਦਦ ਨਾਲ ਅਸੀਂ ਕਿਸਾਨਾਂ ਦੇ ਛੋਟੇ ਸਮੂਹ (ਕਲੱਸਟਰ) ਬਣਾਈਏ। ਸਾਨੂੰ ਸਥਾਨਕ ਪੱਧਰ 'ਤੇ ਸਫਾਈ, ਪੈਕਿੰਗ ਅਤੇ ਪ੍ਰੋਸੈਸਿੰਗ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਸਾਨੂੰ ਉਨ੍ਹਾਂ ਨੂੰ ਈ-ਐੱਨਏਐੱਮ ਵਰਗੇ ਆਨਲਾਈਨ ਬਾਜ਼ਾਰਾਂ ਨਾਲ ਸਿੱਧਾ ਜੋੜਨਾ ਚਾਹੀਦਾ ਹੈ। ਇਸ ਨਾਲ ਕੁਦਰਤੀ ਖੇਤੀ ਵਿੱਚ ਲੱਗੇ ਕਿਸਾਨਾਂ ਦੇ ਲਾਭ ਵਿੱਚ ਬਹੁਤ ਵਾਧਾ ਹੋਵੇਗਾ। ਜਦੋਂ ਸਾਡੇ ਕਿਸਾਨਾਂ ਦਾ ਰਵਾਇਤੀ ਗਿਆਨ, ਵਿਗਿਆਨ ਦੀ ਤਾਕਤ ਅਤੇ ਸਰਕਾਰ ਦਾ ਸਹਿਯੋਗ ਮਿਲ ਜਾਵੇਗਾ ਤਾਂ ਨਾ ਸਿਰਫ ਸਾਡੇ ਕਿਸਾਨ ਖੁਸ਼ਹਾਲ ਹੋਣਗੇ, ਸਗੋਂ ਸਾਡੀ ਧਰਤੀ ਮਾਂ ਵੀ ਤੰਦਰੁਸਤ ਰਹੇਗੀ।
ਸਾਥੀਓ,
ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ ਸੰਮੇਲਨ ਅਤੇ ਖ਼ਾਸ ਕਰਕੇ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਵੱਲੋਂ ਕੀਤੀ ਗਈ ਅਗਵਾਈ ਦੇਸ਼ ਵਿੱਚ ਕੁਦਰਤੀ ਖੇਤੀ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਇੱਥੋਂ ਨਵੇਂ ਵਿਚਾਰ ਅਤੇ ਨਵੇਂ ਹੱਲ ਨਿਕਲਣਗੇ। ਇਸੇ ਉਮੀਦ ਨਾਲ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!
ਕਿਰਪਾ ਕਰਕੇ ਮੇਰੇ ਨਾਲ ਬੋਲੋ:
ਭਾਰਤ ਮਾਤਾ ਦੀ ਜੈ!
ਭਾਰਤ ਮਾਤਾ ਦੀ ਜੈ!
ਭਾਰਤ ਮਾਤਾ ਦੀ ਜੈ!
ਬਹੁਤ-ਬਹੁਤ ਧੰਨਵਾਦ
************
ਐੱਮਜੇਪੀਐੱਸ/ਵੀਜੇ/ਵੀਕੇ/ਏਕੇ
(Release ID: 2192842)
Visitor Counter : 4
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam