ਜਲ ਸ਼ਕਤੀ ਮੰਤਰਾਲਾ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ 6ਵੇਂ ਰਾਸ਼ਟਰੀ ਜਲ ਪੁਰਸਕਾਰ ਅਤੇ ਜਲ ਸੰਚਯ ਜਨ ਭਾਗੀਦਾਰੀ ਪੁਰਸਕਾਰ ਪ੍ਰਦਾਨ ਕੀਤੇ
ਪ੍ਰਭਾਵਸ਼ਾਲੀ ਜਲ ਪ੍ਰਬੰਧਨ ਵਿਅਕਤੀਆਂ, ਪਰਿਵਾਰਾਂ, ਸਮਾਜ ਅਤੇ ਸਰਕਾਰ ਦੀ ਭਾਗੀਦਾਰੀ ਨਾਲ ਹੀ ਸੰਭਵ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਰਾਸ਼ਟਰਪਤੀ ਨੇ ਭਾਰਤ ਦੀ "ਸੁਜਲਮ" ਵਿਰਾਸਤ ਨੂੰ ਯਾਦ ਕੀਤਾ, ਜਲ ਸਰੋਤਾਂ ਦੇ ਪ੍ਰਬੰਧਨ ਅਤੇ ਸੰਭਾਲ ਲਈ ਨਵੀਂ ਵਚਨਬੱਧਤਾ ਦੀ ਤਾਕੀਦ ਕੀਤੀ
ਜਲ ਸੰਚਯ - ਜਨ ਭਾਗੀਦਰੀ ਤਹਿਤ ਇੱਕ ਸਾਲ ਵਿੱਚ 35 ਲੱਖ ਭੂਮੀਗਤ ਵਾਟਰ ਰੀਚਾਰਜ ਢਾਂਚੇ ਦੀ ਸਿਰਜਣਾ ਕੀਤੀ ਗਈ
6ਵੇਂ ਰਾਸ਼ਟਰੀ ਜਲ ਪੁਰਸਕਾਰਾਂ ਲਈ ਰਾਜਾਂ ਵਿੱਚੋਂ ਮਹਾਰਾਸ਼ਟਰ ਪਹਿਲੇ, ਗੁਜਰਾਤ ਦੂਜੇ ਅਤੇ ਹਰਿਆਣਾ ਤੀਜੇ ਸਥਾਨ 'ਤੇ ਰਿਹਾ
Posted On:
18 NOV 2025 5:00PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 6ਵੇਂ ਰਾਸ਼ਟਰੀ ਜਲ ਪੁਰਸਕਾਰ, 2024 ਅਤੇ ਜਲ ਸੰਚਯ ਜਨ ਭਾਗੀਦਾਰੀ ਪੁਰਸਕਾਰ ਪ੍ਰਦਾਨ ਕੀਤੇ। 10 ਸ਼੍ਰੇਣੀਆਂ ਵਿੱਚ ਸਾਂਝੇ ਜੇਤੂਆਂ ਸਮੇਤ 46 ਜੇਤੂਆਂ ਨੂੰ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਉਨ੍ਹਾਂ ਦੇ ਮਿਸਾਲੀ ਕੰਮ ਲਈ ਸਨਮਾਨਿਤ ਕੀਤਾ ਗਿਆ। ਹਰੇਕ ਪੁਰਸਕਾਰ ਜੇਤੂ ਨੂੰ ਇੱਕ ਪ੍ਰਸ਼ੰਸਾ ਪੱਤਰ, ਇੱਕ ਟਰਾਫੀ ਅਤੇ ਕੁਝ ਸ਼੍ਰੇਣੀਆਂ ਵਿੱਚ ਨਕਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ, ਜਲ ਸੰਚਯ ਜਨ ਭਾਗੀਦਾਰੀ (JSJB) ਪਹਿਲਕਦਮੀ ਵਿੱਚ ਭੂਮੀਗਤ ਵਾਟਰ ਰੀਚਾਰਜ ਢਾਂਚਿਆਂ ਦੇ ਵਿਕਾਸ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ 100 ਵਿਸ਼ੇਸ਼ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਇਹ ਸਮਾਗਮ ਰਵਾਇਤੀ 'ਜਲ ਕਲਸ਼' ਸਮਾਰੋਹ ਨਾਲ ਸ਼ੁਰੂ ਹੋਇਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪੁਰਸਕਾਰ ਜੇਤੂਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਜਲ ਨਾਲ ਸਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਜ਼ਬੂਤ ਪਹਿਲਕਦਮੀ ਕੀਤੀ ਹੈ ਅਤੇ ਆਪਣੇ ਯਤਨਾਂ ਰਾਹੀਂ, ਸਮਾਜ ਵਿੱਚ ਜਲ ਪ੍ਰਤੀ ਇੱਕ ਨਵੀਂ ਕਿਸਮ ਦੀ ਜਾਗਰੂਕਤਾ ਪੈਦਾ ਕੀਤੀ ਹੈ। ਰਾਸ਼ਟਰਪਤੀ ਨੇ ਮੰਤਰਾਲੇ ਦੁਆਰਾ ਸਾਰੇ ਘਰਾਂ ਲਈ ਸੁਰੱਖਿਅਤ ਪੀਣ ਵਾਲਾ ਜਲ ਯਕੀਨੀ ਬਣਾਉਣ, ਪੇਂਡੂ ਖੇਤਰਾਂ ਵਿੱਚ ਖੁੱਲ੍ਹੇ ਵਿੱਚ ਸ਼ੌਚ ਨੂੰ ਖਤਮ ਕਰਨ ਅਤੇ ਜਲ ਦੀ ਸੰਭਾਲ ਵਰਗੇ ਖਾਹਿਸ਼ੀ ਪ੍ਰੋਗਰਾਮਾਂ ਨੂੰ ਸ਼ਾਮਲ ਕਰਨ ਵਾਲੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ "ਜਲ ਸੰਚਯ ਜਨ ਭਾਗੀਦਾਰੀ" ਯੋਜਨਾ ਦੀ ਸ਼ਲਾਘਾ ਕੀਤੀ ਅਤੇ ਪਿਛਲੇ ਸਾਲ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ 35 ਲੱਖ ਤੋਂ ਵੱਧ ਭੂਮੀਗਤ ਵਾਟਰ ਰੀਚਾਰਜ ਢਾਂਚੇ ਨੂੰ ਪੂਰਾ ਕਰਨ ਲਈ ਮੰਤਰਾਲੇ ਨੂੰ ਵਧਾਈ ਦਿੱਤੀ।

ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 7 ਨਵੰਬਰ ਤੋਂ ਪੂਰਾ ਦੇਸ਼ ਸਾਡੇ ਰਾਸ਼ਟਰੀ ਗੀਤ, ਵੰਦੇ ਮਾਤਰਮ ਦੀ ਰਚਨਾ ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਰਾਸ਼ਟਰੀ ਗੀਤ ਵਿੱਚ, ਬੰਕਿਮ ਚੰਦਰ ਚੱਟੋਪਾਧਿਆਏ ਦੁਆਰਾ ਭਾਰਤ ਮਾਤਾ ਨੂੰ ਨਮਸਕਾਰ ਕਰਦੇ ਹੋਏ ਲਿਖਿਆ ਗਿਆ ਪਹਿਲਾ ਸ਼ਬਦ "ਸੁਜਲਮ" ਹੈ – ਜਿਸ ਦਾ ਅਰਥ ਹੈ ਉੱਤਮ ਜਲ ਸਰੋਤਾਂ ਨਾਲ ਭਰਪੂਰ। ਇਹ ਸਾਡੇ ਰਾਸ਼ਟਰ ਲਈ ਜਲ ਦੀ ਤਰਜੀਹ ਨੂੰ ਦਰਸਾਉਂਦਾ ਹੈ। ਨਾਲ ਹੀ, "ਸੁਜਲਮ ਭਾਰਤ" (Sujalam Bharat) ਇੱਕ ਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਪਹਿਲਕਦਮੀ ਹੈ ਜੋ ਜਲ ਸਰੋਤਾਂ ਦੇ ਪੁਨਰ ਸੁਰਜੀਤੀ, ਕੁਸ਼ਲ ਜਲ ਪ੍ਰਬੰਧਨ ਅਤੇ ਟਿਕਾਊ ਅਭਿਆਸਾਂ ਰਾਹੀਂ ਜਲ ਸੁਰੱਖਿਆ 'ਤੇ ਕੇਂਦ੍ਰਿਤ ਹੈ। ਇਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਹਿੱਸੇਦਾਰਾਂ ਵਿੱਚ ਭਾਈਚਾਰਕ ਭਾਗੀਦਾਰੀ, ਤਕਨੀਕੀ ਏਕੀਕਰਣ ਅਤੇ ਨੀਤੀਗਤ ਕਨਵਰਜੈਂਸ ਸ਼ਾਮਲ ਹੈ।
ਉਨ੍ਹਾਂ ਨੇ ਭਾਰਤ ਦੇ ਹਰ ਪੇਂਡੂ ਘਰ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਨਲ ਤੋਂ ਜਲ ਪ੍ਰਦਾਨ ਕਰਨ ਲਈ ਦੁਨੀਆ ਦੇ ਸਭ ਤੋਂ ਵੱਡੇ ਪੀਣ ਵਾਲੇ ਜਲ ਦੀ ਸਪਲਾਈ ਵਾਲੇ ਪ੍ਰੋਗਰਾਮ, ਜਲ ਜੀਵਨ ਮਿਸ਼ਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਪਿਛਲੇ ਛੇ ਸਾਲਾਂ ਵਿੱਚ ਪਿੰਡਾਂ ਵਿੱਚ ਘਰਾਂ ਨੂੰ ਪੀਣ ਵਾਲੇ ਜਲ ਦੀ ਸਪਲਾਈ 17% ਤੋਂ ਵਧ ਕੇ 81% ਹੋ ਗਈ ਹੈ। ਇਸ ਪ੍ਰੋਗਰਾਮ ਨੇ ਤਾਜ਼ਾ ਜਲ ਲਿਆਉਣ ਦੀ ਰੋਜ਼ਾਨਾ ਦੀ ਗਤੀਵਿਧੀ ਤੋਂ ਰਾਹਤ ਪ੍ਰਦਾਨ ਕਰਕੇ ਪੇਂਡੂ ਮਹਿਲਾਵਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਲ ਖੁਸ਼ਹਾਲੀ ਵੈਲਿਊ ਚੇਨ ਨੂੰ ਸਮਰਥਨ ਪ੍ਰਦਾਨ ਕਰਨ ਲਈ ਰਾਜਾਂ, ਪੰਚਾਇਤਾਂ, ਜ਼ਿਲ੍ਹਿਆਂ, ਸਕੂਲਾਂ, ਵਿਅਕਤੀਆਂ ਅਤੇ ਸੰਗਠਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਨਮਾਨਿਤ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ "ਜਨ ਸ਼ਕਤੀ" "ਜਲ ਸ਼ਕਤੀ" ਦੀ ਸੰਭਾਲ ਅਤੇ ਪ੍ਰਬੰਧਨ ਵਿੱਚ ਮਦਦ ਕਰ ਸਕਦੀ ਹੈ।

ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ.ਆਰ ਪਾਟਿਲ ਨੇ ਜਲ ਪ੍ਰਬੰਧਨ ਅਤੇ ਸੰਭਾਲ ਦੇ ਖੇਤਰ ਵਿੱਚ ਕੀਤੇ ਗਏ ਯਤਨਾਂ ਲਈ ਪੁਰਸਕਾਰ ਜੇਤੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਪੁਰਸਕਾਰਾਂ ਨੇ ਜਲ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ ਅਤੇ ਇੱਕ ਸਿਹਤਮੰਦ ਮੁਕਾਬਲੇ ਵਾਲਾ ਵਾਤਾਵਰਣ ਬਣਾਇਆ ਹੈ। ਸ਼੍ਰੀ ਪਾਟਿਲ ਨੇ ਜ਼ਿਕਰ ਕੀਤਾ ਕਿ ਬਨਾਸਕਾਂਠਾ ਜ਼ਿਲ੍ਹੇ ਵਿੱਚ ਸਰਕਾਰ ਤੋਂ ਵਿੱਤੀ ਸਹਾਇਤਾ ਤੋਂ ਬਿਨਾ ਜਨਤਾ ਦੁਆਰਾ ਕੀਤੇ ਗਏ ਜਲ ਸੰਭਾਲ ਦੇ ਯਤਨਾਂ ਨੇ ਖੇਤਰ ਵਿੱਚ ਸਫਲ ਜਲ ਸੰਭਾਲ ਅਤੇ ਪ੍ਰਬੰਧਨ ਦੀ ਇੱਕ ਉਦਾਹਰਣ ਸਥਾਪਿਤ ਕੀਤੀ ਹੈ। ਮੰਤਰੀ ਮਹੋਦਯ ਨੇ 'ਜਲ ਸਮ੍ਰਿੱਧ ਭਾਰਤ' ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਦੇਸ਼ ਭਰ ਦੇ ਵੱਖ-ਵੱਖ ਹਿੱਸੇਦਾਰਾਂ ਦੁਆਰਾ ਕੀਤੇ ਗਏ ਚੰਗੇ ਕੰਮ ਅਤੇ ਯਤਨਾਂ ਦੀ ਮਾਨਤਾ ਵਜੋਂ ਰਾਸ਼ਟਰੀ ਜਲ ਪੁਰਸਕਾਰਾਂ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ।
ਜਲ ਸਰੋਤ ਵਿਭਾਗ, ਆਰਡੀ ਅਤੇ ਜੀਆਰ, ਜਲ ਸ਼ਕਤੀ ਮੰਤਰਾਲੇ ਦੇ ਸਕੱਤਰ, ਸ਼੍ਰੀ ਵੀ.ਐੱਲ ਕਾਂਥਾ ਰਾਓ ਨੇ ਆਪਣੇ ਭਾਸ਼ਣ ਵਿੱਚ ਜ਼ਿਕਰ ਕੀਤਾ ਕਿ ਜਲ ਸਾਡੇ ਜੀਵਨ ਦੀ ਨੀਂਹ ਹੈ ਅਤੇ ਜਲ ਸ਼ਕਤੀ ਮੰਤਰਾਲਾ ਜਨਤਾ ਦੇ ਸਹਿਯੋਗ ਨਾਲ ਜਲ ਦੀ ਸੰਭਾਲ ਅਤੇ ਪ੍ਰਬੰਧਨ ਨੂੰ ਜਨ ਅੰਦੋਲਨ ਵਿੱਚ ਬਦਲਣ ਲਈ ਵਚਨਬੱਧ ਹੈ। ਉਨ੍ਹਾਂ ਨੇ ਜਲ ਸ਼ਕਤੀ ਮੰਤਰਾਲੇ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ 'ਤੇ ਚਾਨਣਾ ਪਾਇਆ ਅਤੇ ਜਲ ਜੀਵਨ ਮਿਸ਼ਨ, ਨਮਾਮੀ ਗੰਗੇ, ਸਵੱਛ ਭਾਰਤ ਅਭਿਆਨ ਅਤੇ ਅਟਲ ਭੂਜਲ ਯੋਜਨਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ।

ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ, ਸ਼੍ਰੀ ਅਸ਼ੋਕ ਕੇ.ਕੇ ਮੀਣਾ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ, ਭਾਰਤ ਦੇ ਰਾਸ਼ਟਰਪਤੀ ਵੱਲੋਂ ਇਸ ਸਮਾਗਮ ਦਾ ਉਦਘਾਟਨ ਕਰਨ ਅਤੇ ਰਾਸ਼ਟਰੀ ਜਲ ਪੁਰਸਕਾਰ ਜੇਤੂਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਪੁਰਸਕਾਰ ਜੇਤੂਆਂ ਦਾ ਧੰਨਵਾਦ ਕੀਤਾ ਅਤੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਜਲ ਦੀ ਸੰਭਾਲ ਅਤੇ ਪ੍ਰਬੰਧਨ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਇੱਕ ਨਵਾਂ ਮਾਰਗ, ਇੱਕ ਨਵੀਂ ਊਰਜਾ ਅਤੇ ਇੱਕ ਨਵਾਂ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਨੂੰ ਪੁਰਸਕਾਰ ਜੇਤੂਆਂ ਦੁਆਰਾ ਕੀਤੇ ਗਏ ਮਿਸਾਲੀ ਕੰਮ ਰਾਹੀਂ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ ਹੈ, ਜਿਸ ਕਾਰਨ ਸਾਨੂੰ ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਹੋਰ ਨਿਰਮਾਣ ਦੇ ਕੰਮ ਕਰਨੇ ਪੈਣਗੇ।
ਜਲ ਸ਼ਕਤੀ ਮੰਤਰੀ ਅਤੇ ਮੰਚ 'ਤੇ ਮੌਜੂਦ ਪਤਵੰਤਿਆਂ ਦੁਆਰਾ ਰਾਸ਼ਟਰੀ ਭੂਮੀਗਤ ਸਰੋਤ ਮੁਲਾਂਕਣ, 2025 ਅਤੇ ਰਾਸ਼ਟਰੀ ਭੂਮੀਗਤ ਜਲ ਗੁਣਵੱਤਾ ਮੁਲਾਂਕਣ, 2025 'ਤੇ ਰਿਪੋਰਟਾਂ ਵੀ ਲਾਂਚ ਕੀਤੀਆਂ ਗਈਆਂ। ਇਹ ਰਿਪੋਰਟਾਂ ਕੇਂਦਰੀ ਭੂਮੀਗਤ ਜਲ ਬੋਰਡ ਅਤੇ ਰਾਜ ਭੂਮੀਗਤ ਜਲ ਸੰਗਠਨਾਂ ਦੇ ਸਹਿਯੋਗੀ ਯਤਨਾਂ ਨੂੰ ਉਜਾਗਰ ਕਰਦੀਆਂ ਹਨ, ਜੋ ਸਾਡੇ ਦੇਸ਼ ਦੇ ਸਭ ਤੋਂ ਕੀਮਤੀ ਸਰੋਤਾਂ ਵਿੱਚੋਂ ਇੱਕ ਹਨ ਅਤੇ ਇੱਕ ਮਹੱਤਵਪੂਰਨ ਸਿਹਤ ਜਾਂਚ ਪ੍ਰਦਾਨ ਕਰਦੀਆਂ ਹਨ ਅਤੇ ਗੁਣਵੱਤਾ ਦੇ ਸਮਾਨ ਰੂਪ ਨਾਲ ਮਹੱਤਵਪੂਰਨ ਸਵਾਲ ਨੂੰ ਸੰਬੋਧਿਤ ਕਰਦੀਆਂ ਹਨ।
2024 ਦੇ ਛੇਵੇਂ ਰਾਸ਼ਟਰੀ ਪੁਰਸਕਾਰ ਜੇਤੂਆਂ ਦੀ ਸੂਚੀ https://www.jalshakti-dowr.gov.in/ 'ਤੇ ਵੇਖੀ ਜਾ ਸਕਦੀ ਹੈ।
ਜਲ ਸੰਚਯ ਜਨ ਭਾਗੀਦਰੀ (JSJB) ਪਹਿਲਕਦਮੀ ਬਾਰੇ: JSJB ਪਹਿਲਕਦਮੀ 6 ਸਤੰਬਰ 2024 ਨੂੰ ਸੂਰਤ, ਗੁਜਰਾਤ ਵਿਖੇ ਸ਼ੁਰੂ ਕੀਤੀ ਗਈ ਸੀ। ਇਹ ਪਹਿਲਕਦਮੀ, ਜੋ ਕਿ ਪੂਰੀ ਸਰਕਾਰ ਅਤੇ ਪੂਰੀ ਸਮਾਜ ਦੇ ਦ੍ਰਿਸ਼ਟੀਕੋਣ ਦੁਆਰਾ ਨਿਰਦੇਸ਼ਿਤ ਹੈ, ਜ਼ਮੀਨੀ ਪੱਧਰ 'ਤੇ ਭਾਗੀਦਾਰੀ ਪ੍ਰਬੰਧਨ ਅਤੇ ਟਿਕਾਊ ਜਲ ਸ਼ਾਸਨ ਨੂੰ ਉਤਸ਼ਾਹਿਤ ਕਰਦੀ ਹੈ। 3Cs ਮੰਤਰ - ਕਮਿਊਨਿਟੀ (ਭਾਈਚਾਰਾ), ਸੀਐੱਸਆਰ ਅਤੇ ਕੌਸਟ (ਲਾਗਤ) - ‘ਤੇ ਅਧਾਰਿਤ ਇੱਕ ਸਮਾਵੇਸ਼ੀ ਮਾਡਲ ਹੈ ਜੋ ਲੰਬੇ ਸਮੇਂ ਦੀ ਜਲ ਸੁਰੱਖਿਆ ਅਤੇ ਜਲ ਦੇ ਸੰਕਟ ਪ੍ਰਤੀ ਮਜ਼ਬੂਤੀ ਨੂੰ ਯਕੀਨੀ ਕਰਦਾ ਹੈ।
ਇਸ ਪਹਿਲਕਦਮੀ ਦੇ ਤਹਿਤ, ਰਾਜਾਂ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਹੈ, ਅਤੇ ਜ਼ਿਲ੍ਹਿਆਂ ਨੂੰ ਘੱਟੋ-ਘੱਟ 10,000 ਆਰਟੀਫਿਸ਼ੀਅਲ ਰੀਚਾਰਜ ਅਤੇ ਸਟੋਰੇਜ ਢਾਂਚੇ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਗਿਣਤੀ ਉੱਤਰ-ਪੂਰਬੀ ਅਤੇ ਪਹਾੜੀ ਰਾਜਾਂ ਦੇ ਜ਼ਿਲ੍ਹਿਆਂ ਲਈ 3,000 ਹੈ, ਜਦਕਿ ਦੇਸ਼ ਭਰ ਦੇ ਨਗਰ ਨਿਗਮਾਂ ਲਈ ਇਹ 10,000 ਹੈ। ਇਨ੍ਹਾਂ ਢਾਂਚਿਆਂ ਵਿੱਚ ਛੱਤਾਂ 'ਤੇ ਮੀਂਹ ਦੇ ਜਲ ਦੀ ਸੰਭਾਲ ਅਤੇ ਨਾਲ ਹੀ ਝੀਲਾਂ, ਤਲਾਬਾਂ ਅਤੇ ਸਟੇਪਵੈੱਲ ਦੀ ਪੁਨਰ-ਸੁਰਜੀਤੀ ਆਦਿ ਸ਼ਾਮਲ ਹਨ।
ਇਸ ਪਹਿਲਕਦਮੀ ਅਤੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਪੀਆਈਬੀ ਪ੍ਰੈੱਸ ਰਿਲੀਜ਼ ਵੇਖੋ। https://www.pib.gov.in/PressReleasePage.aspx?PRID=2188706
************
ਐਨ.ਡੀ./ਏਕੇ
(Release ID: 2191620)
Visitor Counter : 4