ਵਣਜ ਤੇ ਉਦਯੋਗ ਮੰਤਰਾਲਾ
ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਰੋਮਾਨੀਆ ਦੀ ਵਿਦੇਸ਼ ਮੰਤਰੀ ਸੁਸ਼੍ਰੀ ਓਆਨਾ-ਸਿਲਵੀਆ ਤਸੋਈਉ ਨਾਲ ਦੁਵੱਲੀ ਮੀਟਿੰਗ ਕੀਤੀ
प्रविष्टि तिथि:
04 NOV 2025 9:49AM by PIB Chandigarh
ਵਣਜ ਅਤੇ ਉਦਯੋਗ ਰਾਜ ਮੰਤਰੀ, ਸ਼੍ਰੀ ਜਿਤਿਨ ਪ੍ਰਸਾਦ ਨੇ ਅੱਜ ਬੁਖਾਰੇਸਟ ਵਿੱਚ ਰੋਮਾਨੀਆ ਦੀ ਵਿਦੇਸ਼ ਮੰਤਰੀ, ਸੁਸ਼੍ਰੀ ਓਆਨਾ-ਸਿਲਵੀਆ ਤਸੋਈਉ ਨਾਲ ਇੱਕ ਦੁਵੱਲੀ ਮੀਟਿੰਗ ਕੀਤੀ। ਇਸ ਦੌਰਾਨ ਹੋਈਆਂ ਚਰਚਾਵਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਧਾਉਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਭਾਰਤ-ਯੂਰੋਪੀ ਸੰਘ ਦੇ ਵਿਆਪਕ ਆਰਥਿਕ ਢਾਂਚੇ ਦੇ ਅੰਦਰ ਸਪਲਾਈ ਚੇਨਾਂ ਦੇ ਸਮਰੱਥਨ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਦੋਵੇਂ ਧਿਰਾਂ ਨੇ ਇਸ ਵਰ੍ਹੇ ਚੱਲ ਰਹੀ ਗੱਲਬਾਤ ਲਈ ਨਿਰਧਾਰਿਤ ਰਾਜਨੀਤਕ ਦਿਸ਼ਾ ਦੇ ਅਨੁਸਾਰ ਇੱਕ ਨਿਰਪੱਖ, ਸੰਤੁਲਿਤ ਅਤੇ ਆਪਸੀ ਤੌਰ 'ਤੇ ਲਾਭਦਾਇਕ ਭਾਰਤ-ਯੂਰੋਪੀ ਸੰਘ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਸਹਿਮਤੀ ਵਿਅਕਤ ਕੀਤੀ।
ਮੰਤਰੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਸਥਿਰ ਵਪਾਰ ਅਤੇ ਨਿਵੇਸ਼ ਸਬੰਧਾਂ ਦੀ ਸਮੀਖਿਆ ਕੀਤੀ। ਵਿੱਤੀ ਵਰ੍ਹੇ 2024-25 ਵਿੱਚ ਰੋਮਾਨੀਆ ਨੂੰ ਭਾਰਤ ਦਾ ਨਿਰਯਾਤ 1.03 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਚਲਾ ਗਿਆ, ਜਦੋਂ ਕਿ ਵਿੱਤੀ ਵਰ੍ਹੇ 2023-24 ਵਿੱਚ ਕੁੱਲ ਦੁਵੱਲਾ ਵਪਾਰ ਲਗਭਗ 2.98 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ। ਦੋਵੇਂ ਧਿਰਾਂ ਨੇ ਪੈਟਰੋਲੀਅਮ ਉਤਪਾਦਾਂ, ਇੰਜੀਨੀਅਰਿੰਗ ਸਮੱਗਰੀ, ਫਾਰਮਾਸਿਊਟੀਕਲਸ ਅਤੇ ਸਿਰੇਮਿਕਸ ਵਰਗੇ ਤਰਜੀਹੀ ਖੇਤਰਾਂ ਵਿੱਚ ਸਪਲਾਈ-ਚੇਨ ਸਬੰਧਾਂ ਨੂੰ ਹੋਰ ਵਧਾਉਣ ਅਤੇ ਦੋਵਾਂ ਧਿਰਾਂ ਦੀ ਮਾਰਕੀਟ ਤੱਕ ਪਹੁੰਚ ਵਧਾਉਣ ਲਈ ਮਾਪਦੰਡਾਂ ਦੇ ਨਿਰਮਾਣ, ਟੈਸਟਿੰਗ ਅਤੇ ਨਿਵੇਸ਼ ਭਾਈਵਾਲੀ ਵਿੱਚ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਲਈ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿੱਚ ਵਪਾਰ ਦੀ ਸਥਿਰਤਾ ਅਤੇ ਵਿਸ਼ਵਾਸ ਯਕੀਨੀ ਬਣਾਉਣ ਲਈ ਮਜ਼ਬੂਤ, ਵਧੇਰੇ ਲਚਕੀਲੀ ਸਪਲਾਈ ਚੇਨ ਬਣਾਉਣ ਲਈ ਇਕੱਠੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਵਿੱਚ ਸਥਿਰਤਾ ਅਤੇ ਆਪਸੀ ਵਿਸ਼ਵਾਸ ਯਕੀਨੀ ਬਣਾਇਆ ਜਾ ਸਕੇ।
ਭਾਰਤ ਅਤੇ ਰੋਮਾਨੀਆ ਦੀ ਲੀਡਰਸ਼ਿਪ ਵਿਚਕਾਰ ਹਾਲ ਹੀ ਵਿੱਚ ਹੋਈ ਉੱਚ-ਪੱਧਰੀ ਗੱਲਬਾਤ ਦੇ ਅਧਾਰ 'ਤੇ, ਦੋਵੇਂ ਧਿਰਾਂ ਨਿਯਮਤ ਤੌਰ ‘ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਰਾਹੀਂ ਅਜਿਹੀ ਗੱਲਬਾਤ ਵਿੱਚ ਗਤੀ ਬਣਾਈ ਰੱਖਣ ਲਈ ਸਹਿਮਤ ਹੋਈਆਂ। ਉਨ੍ਹਾਂ ਨੇ ਵਪਾਰ ਨੂੰ ਸੁਚਾਰੂ ਬਣਾਉਣ, ਗਤੀਸ਼ੀਲਤਾ ਟੂਲਕਿੱਟ ਵਿਕਸਿਤ ਕਰਨ ਅਤੇ ਮੌਕਿਆਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਲਈ ਨਿਵੇਸ਼ਕਾਂ ਦੀ ਪਹੁੰਚ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੋਰ ਕਾਰਵਾਈਆਂ ਦਾ ਤਾਲਮੇਲ ਕਰਨ ਦਾ ਵੀ ਫੈਸਲਾ ਕੀਤਾ।
ਸ਼੍ਰੀ ਜਿਤਿਨ ਪ੍ਰਸਾਦ ਦੀ ਇਹ ਫੇਰੀ ਭਾਰਤ-ਰੋਮਾਨੀਆ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਵਪਾਰ ਦਾ ਵਿਸਤਾਰ ਕਰੇਗੀ, ਨਿਵੇਸ਼ ਪ੍ਰਵਾਹ ਨੂੰ ਵਧਾਏਗੀ ਅਤੇ ਦੋਵਾਂ ਅਰਥਵਿਵਸਥਾਵਾਂ ਦੇ ਆਪਸੀ ਲਾਭ ਲਈ ਹੁਨਰ-ਅਧਾਰਿਤ ਗਤੀਸ਼ੀਲਤਾ ਦਾ ਰਾਹ ਪੱਧਰਾ ਕਰੇਗੀ।
************
ਅਭਿਸ਼ੇਕ ਦਯਾਲ/ ਨਿਹੀ ਸ਼ਰਮਾ/ ਇਸ਼ਿਤਾ ਬਿਸਵਾਸ
(रिलीज़ आईडी: 2186967)
आगंतुक पटल : 22