ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਇੰਡੀਆ ਮੈਰੀਟਾਈਮ ਵੀਕ 2025 ਵਿਖੇ ਮੈਰੀਟਾਈਮ ਲੀਡਰਜ਼ ਕਨਕਲੇਵ ਨੂੰ ਸੰਬੋਧਨ ਕੀਤਾ
ਭਾਰਤ ਦਾ ਸਮੁੰਦਰੀ ਖੇਤਰ ਬਹੁਤ ਤੇਜ਼ੀ ਅਤੇ ਊਰਜਾ ਨਾਲ ਤਰੱਕੀ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਅਸੀਂ ਇੱਕ ਸਦੀ ਤੋਂ ਵੱਧ ਪੁਰਾਣੇ ਬਸਤੀਵਾਦੀ ਸ਼ਿਪਿੰਗ ਕਾਨੂੰਨਾਂ ਨੂੰ 21ਵੀਂ ਸਦੀ ਲਈ ਢੁਕਵੇਂ ਆਧੁਨਿਕ, ਭਵਿੱਖਮੁਖੀ ਕਾਨੂੰਨਾਂ ਨਾਲ ਬਦਲ ਦਿੱਤਾ ਹੈ: ਪ੍ਰਧਾਨ ਮੰਤਰੀ ਮੋਦੀ
ਭਾਰਤ ਦੀਆਂ ਬੰਦਰਗਾਹਾਂ ਅੱਜ ਵਿਕਾਸਸ਼ੀਲ ਦੇਸ਼ਾਂ ਵਿੱਚ ਸਭ ਤੋਂ ਵੱਧ ਕੁਸ਼ਲ ਹਨ; ਕਈ ਤਰੀਕਿਆਂ ਨਾਲ, ਉਹ ਵਿਕਸਿਤ ਦੇਸ਼ਾਂ ਨੂੰ ਵੀ ਪਛਾੜ ਰਹੀਆਂ ਹਨ: ਪ੍ਰਧਾਨ ਮੰਤਰੀ
ਭਾਰਤ ਜਹਾਜ਼ ਨਿਰਮਾਣ ਵਿੱਚ ਨਵੀਂਆਂ ਉਚਾਈਆਂ 'ਤੇ ਪਹੁੰਚਣ ਲਈ ਤੇਜ਼ੀ ਨਾਲ ਯਤਨ ਕਰ ਰਿਹਾ ਹੈ; ਅਸੀਂ ਹੁਣ ਵੱਡੇ ਜਹਾਜ਼ਾਂ ਨੂੰ ਬੁਨਿਆਦੀ ਢਾਂਚਾ ਸੰਪਤੀ ਦਾ ਦਰਜਾ ਦੇ ਦਿੱਤਾ ਹੈ: ਪ੍ਰਧਾਨ ਮੰਤਰੀ ਮੋਦੀ
ਇਹ ਭਾਰਤ ਦੇ ਸ਼ਿਪਿੰਗ ਸੈਕਟਰ ਵਿੱਚ ਕੰਮ ਕਰਨ ਅਤੇ ਵਿਸਤਾਰ ਕਰਨ ਦਾ ਸਹੀ ਸਮਾਂ ਹੈ: ਪ੍ਰਧਾਨ ਮੰਤਰੀ
ਜਦੋਂ ਗਲੋਬਲ ਸਮੁੰਦਰ ਅਸ਼ਾਂਤ ਹੁੰਦੇ ਹਨ ਤਾਂ ਦੁਨੀਆ ਇੱਕ ਸਥਿਰ ਲਾਈਟ-ਹਾਊਸ ਦੀ ਖੋਜ ਕਰਦੀ ਹੈ ਅਤੇ ਭਾਰਤ ਤਾਕਤ ਅਤੇ ਸਥਿਰਤਾ ਨਾਲ ਇਸ ਭੂਮਿਕਾ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ: ਪ੍ਰਧਾਨ ਮੰਤਰੀ ਮੋਦੀ
ਵਿਸ਼ਵ-ਵਿਆਪੀ ਤਣਾਅ, ਵਪਾਰਕ ਰੁਕਾਵਟਾਂ ਅਤੇ ਬਦਲਦੀਆਂ ਸਪਲਾਈ ਚੇਨਾਂ ਦਰਮਿਆਨ, ਭਾਰਤ ਰਣਨੀਤਕ ਖ਼ੁਦਮੁਖ਼ੁਤਿਆਰੀ, ਸ਼ਾਂਤੀ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀਕ ਵਜੋਂ ਖੜ੍ਹਾ ਹੈ: ਪ੍ਰਧਾਨ ਮੰਤਰੀ।
Posted On:
29 OCT 2025 5:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਮੁੰਬਈ ਵਿੱਚ ਇੰਡੀਆ ਮੈਰੀਟਾਈਮ ਵੀਕ 2025 ਦੇ ਮੌਕੇ 'ਤੇ ਗਲੋਬਲ ਮੈਰੀਟਾਈਮ ਲੀਡਰਜ਼ ਕਨਕਲੇਵ ਨੂੰ ਸੰਬੋਧਨ ਕੀਤਾ ਅਤੇ ਗਲੋਬਲ ਮੈਰੀਟਾਈਮ ਸੀਈਓਜ਼ ਫੋਰਮ ਦੀ ਪ੍ਰਧਾਨਗੀ ਕੀਤੀ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਗਲੋਬਲ ਮੈਰੀਟਾਈਮ ਲੀਡਰਜ਼ ਕਨਕਲੇਵ ਵਿੱਚ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ 2016 ਵਿੱਚ ਮੁੰਬਈ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਹ ਹੁਣ ਇੱਕ ਗਲੋਬਲ ਸੰਮੇਲਨ ਵਜੋਂ ਵਿਕਸਿਤ ਹੋ ਗਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 85 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਇੱਕ ਮਜ਼ਬੂਤ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਇਸ ਸਮਾਗਮ ਵਿੱਚ ਇਕੱਠੇ ਹੋਏ ਮੋਹਰੀ ਸ਼ਿਪਿੰਗ ਪ੍ਰਤੀਨਿਧੀਆਂ, ਸਟਾਰਟਅੱਪਸ ਦੇ ਸੀਈਓਜ਼, ਨੀਤੀ ਨਿਰਮਾਤਾਵਾਂ ਅਤੇ ਨਵੀਨਤਾਕਾਰਾਂ ਦੀ ਮੌਜੂਦਗੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਛੋਟੇ ਟਾਪੂ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਨੂੰ ਵੀ ਸਵੀਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮੂਹਿਕ ਦ੍ਰਿਸ਼ਟੀਕੋਣ ਨੇ ਸੰਮੇਲਨ ਦੀ ਤਾਲਮੇਲ ਅਤੇ ਊਰਜਾ ਨੂੰ ਮਹੱਤਵਪੂਰਨ ਤੌਰ 'ਤੇ ਵਧਾਇਆ।
ਸ਼੍ਰੀ ਮੋਦੀ ਨੇ ਇਸ ਸੰਮੇਲਨ ਵਿੱਚ ਕਈ ਸ਼ਿਪਿੰਗ ਨਾਲ ਸਬੰਧਤ ਪ੍ਰੋਜੈਕਟਾਂ ਦੇ ਉਦਘਾਟਨ ਦਾ ਹਵਾਲਾ ਦਿੰਦੇ ਹੋਏ, ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਸ਼ਿਪਿੰਗ ਖੇਤਰ ਵਿੱਚ ਲੱਖਾਂ ਕਰੋੜ ਰੁਪਏ ਦੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਵਿੱਚ ਵਿਸ਼ਵ-ਵਿਆਪੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸਮਾਗਮ ਵਿੱਚ ਭਾਗੀਦਾਰਾਂ ਦੀ ਹਾਜ਼ਰੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "21ਵੀਂ ਸਦੀ ਵਿੱਚ, ਭਾਰਤ ਦਾ ਸਮੁੰਦਰੀ ਖੇਤਰ ਬਹੁਤ ਤੇਜ਼ੀ ਅਤੇ ਊਰਜਾ ਨਾਲ ਅੱਗੇ ਵਧ ਰਿਹਾ ਹੈ।" ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਲ 2025 ਇਸ ਖੇਤਰ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਮੁੱਖ ਪ੍ਰਾਪਤੀਆਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਪਹਿਲਾ ਡੂੰਘੇ ਪਾਣੀ ਵਾਲਾ ਅੰਤਰਰਾਸ਼ਟਰੀ ਟ੍ਰਾਂਸ-ਸ਼ਿਪਮੈਂਟ ਹੱਬ, ਵਿਝਿੰਜਮ ਬੰਦਰਗਾਹ ਹੁਣ ਕਾਰਜਸ਼ੀਲ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼ ਹਾਲ ਹੀ ਵਿੱਚ ਬੰਦਰਗਾਹ 'ਤੇ ਪਹੁੰਚਿਆ ਹੈ, ਜੋ ਕਿ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2024-25 ਵਿੱਚ, ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ ਹੁਣ ਤੱਕ ਦੀ ਸਭ ਤੋਂ ਵੱਧ ਕਾਰਗੋ ਵਾਲੀਅਮ ਨੂੰ ਸੰਭਾਲਣਗੀਆਂ, ਇੱਕ ਨਵਾਂ ਰਿਕਾਰਡ ਕਾਇਮ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ, ਇੱਕ ਭਾਰਤੀ ਬੰਦਰਗਾਹ ਨੇ ਇੱਕ ਮੈਗਾਵਾਟ ਪੈਮਾਨੇ ਦੀ ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਸਹੂਲਤ ਸ਼ੁਰੂ ਕੀਤੀ ਹੈ ਅਤੇ ਇਸ ਪ੍ਰਾਪਤੀ ਦਾ ਸਿਹਰਾ ਕਾਂਡਲਾ ਬੰਦਰਗਾਹ ਨੂੰ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਐੱਨਪੀਟੀ ਵਿਖੇ ਇੱਕ ਹੋਰ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਗਿਆ ਹੈ, ਜਿੱਥੇ ਭਾਰਤ ਮੁੰਬਈ ਕੰਟੇਨਰ ਟਰਮੀਨਲ ਦਾ ਪੜਾਅ 2 ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ "ਇਸ ਨਾਲ ਟਰਮੀਨਲ ਦੀ ਹੈਂਡਲਿੰਗ ਸਮਰੱਥਾ ਦੁੱਗਣੀ ਹੋ ਗਈ ਹੈ, ਜਿਸ ਨਾਲ ਇਹ ਭਾਰਤ ਦਾ ਸਭ ਤੋਂ ਵੱਡਾ ਕੰਟੇਨਰ ਬੰਦਰਗਾਹ ਬਣ ਗਿਆ ਹੈ।" ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੇ ਬੰਦਰਗਾਹ ਬੁਨਿਆਦੀ ਢਾਂਚੇ ਵਿੱਚ ਸਭ ਤੋਂ ਵੱਡੇ ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਨੇ ਸਿੰਗਾਪੁਰ ਦੇ ਭਾਈਵਾਲਾਂ ਦਾ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਭਾਰਤ ਨੇ ਸਮੁੰਦਰੀ ਖੇਤਰ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਵੱਲ ਵੱਡੇ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਸਦੀ ਤੋਂ ਵੱਧ ਪੁਰਾਣੇ ਬਸਤੀਵਾਦੀ ਸ਼ਿਪਿੰਗ ਕਾਨੂੰਨਾਂ ਨੂੰ 21ਵੀਂ ਸਦੀ ਲਈ ਢੁਕਵੇਂ ਆਧੁਨਿਕ ਅਤੇ ਭਵਿੱਖ ਲਈ ਤਿਆਰ ਕਾਨੂੰਨਾਂ ਨਾਲ ਬਦਲ ਦਿੱਤਾ ਗਿਆ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਨਵੇਂ ਕਾਨੂੰਨ ਰਾਜ ਸਮੁੰਦਰੀ ਬੋਰਡਾਂ ਨੂੰ ਸਸ਼ਕਤ ਬਣਾਉਂਦੇ ਹਨ, ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਬੰਦਰਗਾਹ ਪ੍ਰਬੰਧਨ ਵਿੱਚ ਡਿਜੀਟਾਈਜ਼ੇਸ਼ਨ ਦਾ ਵਿਸਤਾਰ ਕਰਦੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਮਰਚੈਂਟ ਸ਼ਿਪਿੰਗ ਐਕਟ ਦੇ ਤਹਿਤ ਭਾਰਤੀ ਕਾਨੂੰਨਾਂ ਨੂੰ ਗਲੋਬਲ ਅੰਤਰਰਾਸ਼ਟਰੀ ਸੰਮੇਲਨਾਂ ਨਾਲ ਜੋੜਿਆ ਗਿਆ ਹੈ। ਇਸ ਇਕਸਾਰਤਾ ਨੇ ਸੁਰੱਖਿਆ ਮਿਆਰਾਂ ਵਿੱਚ ਵਿਸ਼ਵਾਸ ਵਧਾਇਆ ਹੈ, ਕਾਰੋਬਾਰ ਕਰਨ ਵਿੱਚ ਆਸਾਨੀ ਵਿੱਚ ਸੁਧਾਰ ਕੀਤਾ ਹੈ ਅਤੇ ਸਰਕਾਰੀ ਦਖ਼ਲਅੰਦਾਜ਼ੀ ਨੂੰ ਘੱਟ ਕੀਤਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਨ੍ਹਾਂ ਯਤਨਾਂ ਨਾਲ ਹਿੱਸੇਦਾਰਾਂ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹੋਰ ਵਧੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਟਵਰਤੀ ਸ਼ਿਪਿੰਗ ਐਕਟ ਵਪਾਰ ਨੂੰ ਸਰਲ ਬਣਾਉਣ ਅਤੇ ਸਪਲਾਈ ਲੜੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਐਕਟ ਭਾਰਤ ਦੇ ਵਿਸ਼ਾਲ ਤਟਵਰਤੀ ਖੇਤਰ ਦੇ ਨਾਲ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ। ਇੱਕ ਰਾਸ਼ਟਰ, ਇੱਕ ਬੰਦਰਗਾਹ ਪਹਿਲ ਬੰਦਰਗਾਹ ਨਾਲ ਸਬੰਧਤ ਪ੍ਰਕਿਰਿਆਵਾਂ ਨੂੰ ਮਿਆਰੀ ਬਣਾਵੇਗੀ ਅਤੇ ਦਸਤਾਵੇਜ਼ੀ ਜ਼ਰੂਰਤਾਂ ਨੂੰ ਮਹੱਤਵਪੂਰਨ ਤੌਰ 'ਤੇ ਘਟਾਵੇਗੀ। ਇਸ ਪਹਿਲਕਦਮੀ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸ਼ਿਪਿੰਗ ਖੇਤਰ ਵਿੱਚ ਇਹ ਸੁਧਾਰ ਭਾਰਤ ਦੀ ਦਹਾਕੇ ਲੰਬੀ ਸੁਧਾਰ ਯਾਤਰਾ ਦਾ ਹਿੱਸਾ ਹਨ। ਪਿਛਲੇ ਦਸ-ਗਿਆਰਾਂ ਸਾਲਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਤਬਦੀਲੀ ਇਤਿਹਾਸਕ ਰਹੀ ਹੈ। ਮੈਰੀਟਾਈਮ ਇੰਡੀਆ ਵਿਜ਼ਨ ਦੇ ਤਹਿਤ, 150 ਤੋਂ ਵੱਧ ਨਵੀਂਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਸਦਕਾ ਪ੍ਰਮੁੱਖ ਬੰਦਰਗਾਹਾਂ ਦੀ ਸਮਰੱਥਾ ਲਗਭਗ ਦੁੱਗਣੀ ਹੋ ਗਈ ਹੈ, ਟਰਨਅਰਾਊਂਡ ਸਮੇਂ ਵਿੱਚ ਬਹੁਤ ਕਮੀ ਆਈ ਹੈ ਅਤੇ ਕਰੂਜ਼ ਟੂਰਿਜ਼ਮ ਨੂੰ ਇੱਕ ਨਵੀਂ ਗਤੀ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਦਰੂਨੀ ਜਲ ਮਾਰਗਾਂ 'ਤੇ ਕਾਰਗੋ ਆਵਾਜਾਈ 700 ਪ੍ਰਤੀਸ਼ਤ ਤੋਂ ਵੱਧ ਵਧੀ ਹੈ ਅਤੇ ਸੰਚਾਲਨ ਜਲ ਮਾਰਗਾਂ ਦੀ ਗਿਣਤੀ 3 ਤੋਂ ਵਧ ਕੇ 32 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤੀ ਬੰਦਰਗਾਹਾਂ ਦਾ ਸ਼ੁੱਧ ਸਾਲਾਨਾ ਸਰਪਲੱਸ 9 ਗੁਣਾ ਵਧਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੀਆਂ ਬੰਦਰਗਾਹਾਂ ਹੁਣ ਵਿਕਾਸਸ਼ੀਲ ਦੇਸ਼ਾਂ ਵਿੱਚ ਸਭ ਤੋਂ ਵੱਧ ਕੁਸ਼ਲ ਹਨ ਅਤੇ ਕਈ ਮਾਮਲਿਆਂ ਵਿੱਚ, ਵਿਕਸਿਤ ਦੇਸ਼ਾਂ ਦੀਆਂ ਬੰਦਰਗਾਹਾਂ ਤੋਂ ਵੀ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ।” ਉਨ੍ਹਾਂ ਨੇ ਮੁੱਖ ਪ੍ਰਦਰਸ਼ਨ ਅੰਕੜੇ ਸਾਂਝੇ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ ਔਸਤ ਕੰਟੇਨਰ ਰਹਿਣ ਦਾ ਸਮਾਂ ਤਿੰਨ ਦਿਨਾਂ ਤੋਂ ਵੀ ਘੱਟ ਰਹਿ ਗਿਆ ਹੈ, ਜੋ ਕਿ ਕਈ ਵਿਕਸਿਤ ਦੇਸ਼ਾਂ ਨਾਲੋਂ ਬਿਹਤਰ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜਹਾਜ਼ਾਂ ਲਈ ਔਸਤ ਟਰਨਅਰਾਊਂਡ ਸਮਾਂ 96 ਘੰਟਿਆਂ ਤੋਂ ਘਟ ਕੇ ਸਿਰਫ਼ 48 ਘੰਟੇ ਰਹਿ ਗਿਆ ਹੈ, ਜਿਸ ਨਾਲ ਭਾਰਤੀ ਬੰਦਰਗਾਹਾਂ ਵਿਸ਼ਵ-ਵਿਆਪੀ ਸ਼ਿਪਿੰਗ ਲਾਈਨਾਂ ਲਈ ਵਧੇਰੇ ਪ੍ਰਤੀਯੋਗੀ ਅਤੇ ਆਕਰਸ਼ਕ ਬਣ ਗਈਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਬੈਂਕ ਦੇ ਲੌਜਿਸਟਿਕਸ ਪ੍ਰਦਰਸ਼ਨ ਸੂਚਕਾਂਕ ਵਿੱਚ ਮਹੱਤਵਪੂਰਨ ਸੁਧਾਰ ਦਿਖਾਇਆ ਹੈ। ਉਨ੍ਹਾਂ ਨੇ ਸਮੁੰਦਰੀ ਮਨੁੱਖੀ ਸਰੋਤਾਂ ਵਿੱਚ ਭਾਰਤ ਦੀ ਵਧਦੀ ਤਾਕਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਨਾਵਿਕਾਂ ਦੀ ਗਿਣਤੀ 1.25 ਲੱਖ ਤੋਂ ਵੱਧ ਕੇ 3 ਲੱਖ ਤੋਂ ਵੱਧ ਹੋ ਗਈ ਹੈ। ਨਾਵਿਕਾਂ ਦੀ ਤਾਕਤ ਦੇ ਮਾਮਲੇ ਵਿੱਚ ਅੱਜ ਭਾਰਤ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਿਆ ਹੈ, ਅਤੇ ਅਗਲੇ 25 ਸਾਲ ਹੋਰ ਵੀ ਮਹੱਤਵਪੂਰਨ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਧਿਆਨ ਸਮੁੰਦਰੀ ਅਰਥਵਿਵਸਥਾ ਅਤੇ ਟਿਕਾਊ ਤੱਟਵਰਤੀ ਵਿਕਾਸ 'ਤੇ ਹੈ। ਉਨ੍ਹਾਂ ਨੇ ਗ੍ਰੀਨ ਲੌਜਿਸਟਿਕਸ, ਬੰਦਰਗਾਹ ਸੰਪਰਕ ਅਤੇ ਤੱਟਵਰਤੀ ਉਦਯੋਗਿਕ ਸਮੂਹਾਂ 'ਤੇ ਸਰਕਾਰ ਦੇ ਵਧੇ ਹੋਏ ਧਿਆਨ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਜਹਾਜ਼ ਨਿਰਮਾਣ ਹੁਣ ਭਾਰਤ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ।" ਜਹਾਜ਼ ਨਿਰਮਾਣ ਵਿੱਚ ਭਾਰਤ ਦੀ ਇਤਿਹਾਸਕ ਪ੍ਰਮੁੱਖਤਾ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਦੇਸ਼ ਕਦੇ ਇਸ ਖੇਤਰ ਦਾ ਇੱਕ ਪ੍ਰਮੁੱਖ ਆਲਮੀ ਕੇਂਦਰ ਸੀ। ਉਨ੍ਹਾਂ ਨੇ ਦੱਸਿਆ ਕਿ ਅਜੰਤਾ ਦੀਆਂ ਗੁਫਾਵਾਂ ਆਯੋਜਨ ਸਥਾਨ ਤੋਂ ਬਹੁਤ ਦੂਰ ਨਹੀਂ ਹਨ, ਜਿੱਥੇ 6ਵੀਂ ਸਦੀ ਦੀ ਇੱਕ ਪੇਂਟਿੰਗ ਵਿੱਚ ਤਿੰਨ-ਮਾਸਟਡ ਜਹਾਜ਼ ਦਾ ਡਿਜ਼ਾਈਨ ਦਰਸਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਭਾਰਤੀ ਕਲਾ ਵਿੱਚ ਦਿਖਾਈ ਦੇਣ ਵਾਲੇ ਇਸ ਡਿਜ਼ਾਈਨ ਨੂੰ ਸਦੀਆਂ ਬਾਅਦ ਦੂਜੇ ਦੇਸ਼ਾਂ ਨੇ ਵੀ ਅਪਣਾਇਆ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਬਣੇ ਜਹਾਜ਼ ਕਦੇ ਵਿਸ਼ਵ ਵਪਾਰ ਦਾ ਇੱਕ ਵੱਡਾ ਹਿੱਸਾ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਬਾਅਦ ਵਿੱਚ ਜਹਾਜ਼-ਤੋੜਨ ਦੇ ਖੇਤਰ ਵਿੱਚ ਅੱਗੇ ਵਧਿਆ ਅਤੇ ਹੁਣ ਜਹਾਜ਼-ਨਿਰਮਾਣ ਵਿੱਚ ਨਵੀਂਆਂ ਉਚਾਈਆਂ ਤੱਕ ਪਹੁੰਚਣ ਦੇ ਯਤਨਾਂ ਵਿੱਚ ਤੇਜ਼ੀ ਲਿਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਵੱਡੇ ਜਹਾਜ਼ਾਂ ਨੂੰ ਬੁਨਿਆਦੀ ਢਾਂਚਾ ਸੰਪਤੀ ਦਾ ਦਰਜਾ ਦਿੱਤਾ ਹੈ, ਇਹ ਇੱਕ ਅਜਿਹਾ ਨੀਤੀਗਤ ਫ਼ੈਸਲਾ ਹੈ ਜੋ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਜਹਾਜ਼ ਨਿਰਮਾਤਾਵਾਂ ਲਈ ਨਵੇਂ ਰਸਤੇ ਖੋਲ੍ਹੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ਨਵੇਂ ਵਿੱਤ ਵਿਕਲਪ ਉਪਲਬਧ ਹੋਣਗੇ, ਵਿਆਜ ਲਾਗਤਾਂ ਘੱਟ ਹੋਣਗੀਆਂ ਅਤੇ ਕ੍ਰੈਡਿਟ ਤੱਕ ਪਹੁੰਚ ਆਸਾਨ ਹੋਵੇਗੀ। ਇਸ ਸੁਧਾਰ ਨੂੰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਲਗਭਗ 70,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਘਰੇਲੂ ਸਮਰੱਥਾ ਨੂੰ ਵਧਾਵੇਗਾ, ਲੰਬੇ ਸਮੇਂ ਦੇ ਵਿੱਤ ਨੂੰ ਉਤਸ਼ਾਹਿਤ ਕਰੇਗਾ, ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਸ਼ਿਪਯਾਰਡਾਂ ਦੇ ਵਿਕਾਸ ਦਾ ਸਮਰਥਨ ਕਰੇਗਾ, ਉੱਨਤ ਸਮੁੰਦਰੀ ਹੁਨਰਾਂ ਦਾ ਨਿਰਮਾਣ ਕਰੇਗਾ ਅਤੇ ਨੌਜਵਾਨਾਂ ਲਈ ਲੱਖਾਂ ਰੁਜ਼ਗਾਰ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸਾਰੇ ਹਿੱਸੇਦਾਰਾਂ ਲਈ ਨਿਵੇਸ਼ ਦੇ ਨਵੇਂ ਮੌਕੇ ਵੀ ਖੋਲ੍ਹੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਵਾਲੀ ਧਰਤੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਧਰਤੀ ਹੈ, ਜਿਨ੍ਹਾਂ ਨੇ ਨਾ ਸਿਰਫ਼ ਸਮੁੰਦਰੀ ਸੁਰੱਖਿਆ ਦੀ ਨੀਂਹ ਰੱਖੀ ਸਗੋਂ ਅਰਬ ਸਾਗਰ ਵਪਾਰਕ ਮਾਰਗਾਂ 'ਤੇ ਭਾਰਤੀ ਸ਼ਕਤੀ ਨੂੰ ਵੀ ਪੇਸ਼ ਕੀਤਾ। ਉਨ੍ਹਾਂ ਨੇ ਸ਼ਿਵਾਜੀ ਮਹਾਰਾਜ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਮੁੰਦਰ ਸਰਹੱਦਾਂ ਨਹੀਂ ਸਗੋਂ ਮੌਕਿਆਂ ਦੇ ਪ੍ਰਵੇਸ਼ ਰਾਹ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਇਸੇ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ।
ਭਾਰਤ ਦੀ ਵਿਸ਼ਵ-ਵਿਆਪੀ ਸਪਲਾਈ ਲੜੀ ਦੀ ਲਚਕਤਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਅਤੇ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਦੇਸ਼ ਵਿਸ਼ਵ ਪੱਧਰੀ ਮੈਗਾ ਬੰਦਰਗਾਹਾਂ ਦਾ ਸਰਗਰਮੀ ਨਾਲ ਨਿਰਮਾਣ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਮਹਾਰਾਸ਼ਟਰ ਦੇ ਵਧਾਵਨ ਵਿਖੇ 76,000 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਬੰਦਰਗਾਹ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀਆਂ ਪ੍ਰਮੁੱਖ ਬੰਦਰਗਾਹਾਂ ਦੀ ਸਮਰੱਥਾ ਨੂੰ ਚੌਗੁਣਾ ਕਰਨ ਅਤੇ ਕੰਟੇਨਰਾਈਜ਼ਡ ਕਾਰਗੋ ਦੇ ਆਪਣੇ ਹਿੱਸੇ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਾਰੇ ਮੌਜੂਦ ਹਿਤਧਾਰਕ ਮੁੱਖ ਭਾਈਵਾਲ ਹਨ। ਉਨ੍ਹਾਂ ਨੇ ਉਨ੍ਹਾਂ ਦੇ ਵਿਚਾਰਾਂ, ਨਵੀਨਤਾਵਾਂ ਅਤੇ ਨਿਵੇਸ਼ਾਂ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਦੁਹਰਾਇਆ ਕਿ ਭਾਰਤ ਬੰਦਰਗਾਹਾਂ ਅਤੇ ਸ਼ਿਪਿੰਗ ਵਿੱਚ 100 ਫ਼ੀਸਦੀ ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਦੀ ਆਗਿਆ ਦਿੰਦਾ ਹੈ ਅਤੇ ਜਨਤਕ-ਨਿੱਜੀ ਭਾਈਵਾਲੀ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। "ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ" ਵਿਜ਼ਨ ਦੇ ਪ੍ਰੋਤਸਾਹਨ ਤਹਿਤ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਸੂਬਿਆਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਨਿਵੇਸ਼ਕਾਂ ਨੂੰ ਭਾਰਤ ਦੇ ਸ਼ਿਪਿੰਗ ਖੇਤਰ ਵਿੱਚ ਸ਼ਾਮਲ ਹੋਣ ਅਤੇ ਵਿਸਥਾਰ ਕਰਨ ਲਈ ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਹੀ ਸਮਾਂ ਹੈ।
ਭਾਰਤ ਦੇ ਜੀਵਤ ਲੋਕਤੰਤਰ ਅਤੇ ਭਰੋਸੇਯੋਗਤਾ ਨੂੰ ਇੱਕ ਨਿਰਣਾਇਕ ਸ਼ਕਤੀ ਵਜੋਂ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਵਿਸ਼ਵ ਸਮੁੰਦਰ ਅਸ਼ਾਂਤ ਹੁੰਦੇ ਹਨ, ਤਾਂ ਦੁਨੀਆ ਇੱਕ ਸਥਿਰ ਲਾਈਟ-ਹਾਊਸ ਦੀ ਖੋਜ ਕਰਦੀ ਹੈ; ਭਾਰਤ ਮਜ਼ਬੂਤੀ ਅਤੇ ਸਥਿਰਤਾ ਨਾਲ ਇਸ ਭੂਮਿਕਾ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।" ਵਿਸ਼ਵ-ਵਿਆਪੀ ਤਣਾਅ, ਵਪਾਰਕ ਰੁਕਾਵਟਾਂ ਅਤੇ ਬਦਲਦੀਆਂ ਸਪਲਾਈ ਲੜੀਆਂ ਦਰਮਿਆਨ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਰਣਨੀਤਕ ਖ਼ੁਦਮੁਖ਼ਤਿਆਰੀ, ਸ਼ਾਂਤੀ ਅਤੇ ਸਮਾਵੇਸ਼ੀ ਵਿਕਾਸ ਲਈ ਖੜ੍ਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਸਮੁੰਦਰੀ ਅਤੇ ਵਪਾਰਕ ਪਹਿਲਕਦਮੀ ਇਸ ਵਿਆਪਕ ਦ੍ਰਿਸ਼ਟੀਕੋਣ ਦਾ ਅਨਿੱਖੜਵਾਂ ਅੰਗ ਹਨ। ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਵਪਾਰਕ ਮਾਰਗਾਂ ਨੂੰ ਮੁੜ-ਪਰਿਭਾਸ਼ਿਤ ਕਰੇਗਾ ਅਤੇ ਸਾਫ਼ ਊਰਜਾ ਅਤੇ ਸਮਾਰਟ ਲੌਜਿਸਟਿਕਸ ਨੂੰ ਉਤਸ਼ਾਹਿਤ ਕਰੇਗਾ।
ਭਾਰਤ ਦੇ ਸਮਾਵੇਸ਼ੀ ਸਮੁੰਦਰੀ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟੀਚਾ ਸਿਰਫ਼ ਛੋਟੇ ਟਾਪੂ ਵਿਕਾਸਸ਼ੀਲ ਸੂਬਿਆਂ ਅਤੇ ਘੱਟ ਵਿਕਸਿਤ ਦੇਸ਼ਾਂ ਨੂੰ ਤਕਨਾਲੋਜੀ, ਸਿਖਲਾਈ ਅਤੇ ਬੁਨਿਆਦੀ ਢਾਂਚੇ ਰਾਹੀਂ ਸਸ਼ਕਤ ਬਣਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਸਪਲਾਈ ਲੜੀ ਵਿਘਨਾਂ, ਆਰਥਿਕ ਅਨਿਸ਼ਚਿਤਤਾ ਅਤੇ ਸਮੁੰਦਰੀ ਸੁਰੱਖਿਆ ਨੂੰ ਹੱਲ ਕਰਨ ਲਈ ਸਮੂਹਿਕ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਸਾਰੇ ਭਾਗੀਦਾਰਾਂ ਨੂੰ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਵੱਲ ਇਕੱਠੇ ਅੱਗੇ ਵਧਣ ਅਤੇ ਇੱਕ ਟਿਕਾਊ ਭਵਿੱਖ ਬਣਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸਮਾਪਨ ‘ਤੇ ਸੰਮੇਲਨ ਵਿੱਚ ਹਿੱਸਾ ਲੈਣ ਲਈ ਸਾਰੇ ਮੌਜੂਦ ਲੋਕਾਂ ਨੂੰ ਨਿੱਘੀਆਂ ਵਧਾਈਆਂ ਅਤੇ ਧੰਨਵਾਦ ਪ੍ਰਗਟ ਕੀਤਾ।
ਇਸ ਸਮਾਗਮ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਸ਼ਾਂਤਨੂ ਠਾਕੁਰ ਅਤੇ ਸ਼੍ਰੀ ਕੀਰਤੀ ਵਰਧਨ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਗਲੋਬਲ ਮੈਰੀਟਾਈਮ ਸੀਈਓ ਫੋਰਮ, ਇੰਡੀਆ ਮੈਰੀਟਾਈਮ ਵੀਕ 2025 ਦਾ ਪ੍ਰਮੁੱਖ ਪ੍ਰੋਗਰਾਮ ਹੈ, ਜੋ ਗਲੋਬਲ ਮੈਰੀਟਾਈਮ ਕੰਪਨੀਆਂ ਦੇ ਸੀਈਓ, ਪ੍ਰਮੁੱਖ ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਨਵੀਨਤਾਕਾਰੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਗਲੋਬਲ ਮੈਰੀਟਾਈਮ ਈਕੋਸਿਸਟਮ ਦੇ ਭਵਿੱਖ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਮੰਚ 'ਤੇ ਇਕੱਠਾ ਕਰੇਗਾ। ਇਹ ਫੋਰਮ ਟਿਕਾਊ ਸਮੁੰਦਰੀ ਵਿਕਾਸ, ਲਚਕੀਲੀ ਸਪਲਾਈ ਲੜੀ, ਗ੍ਰੀਨ ਸ਼ਿਪਿੰਗ ਅਤੇ ਸੰਮਲਿਤ ਨੀਲੀ ਅਰਥਵਿਵਸਥਾ ਰਣਨੀਤੀਆਂ 'ਤੇ ਗੱਲਬਾਤ ਲਈ ਇੱਕ ਮੁੱਖ ਪਲੇਟਫਾਰਮ ਵਜੋਂ ਕੰਮ ਕਰੇਗਾ।
ਪ੍ਰਧਾਨ ਮੰਤਰੀ ਦੀ ਭਾਗੀਦਾਰੀ 'ਮੈਰੀਟਾਈਮ ਅੰਮ੍ਰਿਤ ਕਾਲ ਵਿਜ਼ਨ 2047' ਦੇ ਨਾਲ ਜੁੜੇ ਇੱਕ ਅਭਿਲਾਸ਼ੀ, ਭਵਿੱਖ-ਮੁਖੀ ਸਮੁੰਦਰੀ ਖੇਤਰ ਦੇ ਬਦਲਾਅ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ, ਚਾਰ ਰਣਨੀਤਕ ਥੰਮ੍ਹਾਂ-ਬੰਦਰਗਾਹ ਦੀ ਅਗਵਾਈ ਵਾਲੇ ਵਿਕਾਸ, ਸ਼ਿਪਿੰਗ ਸੈਕਟਰ ਅਤੇ ਜਹਾਜ਼ ਨਿਰਮਾਣ, ਸਹਿਜ ਲੌਜਿਸਟਿਕਸ ਅਤੇ ਸਮੁੰਦਰੀ ਹੁਨਰ-ਨਿਰਮਾਣ 'ਤੇ ਅਧਾਰਤ ਹੈ, ਜਿਸ ਦਾ ਮੰਤਵ ਭਾਰਤ ਨੂੰ ਦੁਨੀਆ ਦੀਆਂ ਪ੍ਰਮੁੱਖ ਸਮੁੰਦਰੀ ਸ਼ਕਤੀਆਂ ਵਿੱਚ ਸਥਾਨ ਦੇਣਾ ਹੈ। ਇੰਡੀਆ ਮੈਰੀਟਾਈਮ ਵੀਕ 2025 ਭਾਰਤ ਸਰਕਾਰ ਦੇ ਇਸ ਦ੍ਰਿਸ਼ਟੀਕੋਣ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਪ੍ਰਮੁੱਖ ਆਲਮੀ ਮੰਚ ਵਜੋਂ ਕੰਮ ਕਰਦਾ ਹੈ ਜੋ ਕਿ ਸ਼ਿਪਿੰਗ ਸੈਕਟਰ, ਬੰਦਰਗਾਹਾਂ, ਜਹਾਜ਼ ਨਿਰਮਾਣ, ਕਰੂਜ਼ ਟੂਰਿਜ਼ਮ ਅਤੇ ਨੀਲੀ ਅਰਥਵਿਵਸਥਾ ਵਿੱਤ ਵਿੱਚ ਮੋਹਰੀ ਹਿੱਸੇਦਾਰਾਂ ਨੂੰ ਇਕੱਠੇ ਕਰਦਾ ਹੈ।
27 ਤੋਂ 31 ਅਕਤੂਬਰ, 2025 ਤੱਕ "ਮਹਾਸਾਗਰਾਂ ਨੂੰ ਜੋੜਨਾ, ਇੱਕ ਸਮੁੰਦਰੀ ਦ੍ਰਿਸ਼ਟੀਕੋਣ" ਵਿਸ਼ੇ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ, ਆਈਐੱਮਡਬਲਿਊ 2025 ਭਾਰਤ ਦੇ ਇੱਕ ਆਲਮੀ ਸਮੁੰਦਰੀ ਧੁਰੇ ਅਤੇ ਨੀਲੀ ਅਰਥਵਿਵਸਥਾ ਵਿੱਚ ਇੱਕ ਨੇਤਾ ਵਜੋਂ ਉੱਭਰਨ ਦੇ ਰਣਨੀਤਕ ਰੋਡਮੈਪ ਨੂੰ ਪ੍ਰਦਰਸ਼ਿਤ ਕਰੇਗਾ। ਆਈਐੱਮਡਬਲਿਊ 2025 ਵਿੱਚ 85 ਤੋਂ ਵੱਧ ਦੇਸ਼ਾਂ ਤੋਂ ਭਾਗੀਦਾਰੀ ਹੋਵੇਗੀ, ਜਿਸ ਵਿੱਚ 1,00,000 ਤੋਂ ਵੱਧ ਡੈਲੀਗੇਟ, 500+ ਪ੍ਰਦਰਸ਼ਕ ਅਤੇ 350+ ਅੰਤਰਰਾਸ਼ਟਰੀ ਬੁਲਾਰੇ ਸ਼ਾਮਲ ਹੋਣਗੇ।
***********
ਐੱਮਜੇਪੀਐੱਸ/ਐੱਸਆਰ
(Release ID: 2184170)
Visitor Counter : 2
Read this release in:
English
,
Urdu
,
Marathi
,
हिन्दी
,
Nepali
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam