ਰੱਖਿਆ ਮੰਤਰਾਲਾ
ਆਪ੍ਰੇਸ਼ਨ ਸਿੰਦੂਰ ਦੌਰਾਨ ਸਵਦੇਸ਼ੀ ਫੌਜੀ ਉਪਕਰਣਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੇ ਭਾਰਤ ਦਾ ਖੇਤਰੀ ਅਤੇ ਅੰਤਰਰਾਸ਼ਟਰੀ ਮਾਣ ਵਧਾਇਆ: ਰੱਖਿਆ ਮੰਤਰੀ
ਸ਼੍ਰੀ ਰਾਜਨਾਥ ਸਿੰਘ ਨੇ ਘਰੇਲੂ ਉਦਯੋਗ ਨੂੰ ਵਿਅਕਤੀਗਤ ਉਪ-ਪ੍ਰਣਾਲੀਆਂ ਅਤੇ ਹਿੱਸਿਆਂ ਦੇ ਉਤਪਾਦਨ ਅਤੇ ਸਪਲਾਈ ਅਤੇ ਰੱਖ-ਰਖਾਅ ਲੜੀ 'ਤੇ ਦਬਦਬਾ ਹਾਸਲ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ
"ਸਰਕਾਰ ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ ਉਪਕਰਣਾਂ ਦੇ ਉਤਪਾਦਨ ਲਈ ਇੱਕ ਅਸਲ ਨਿਰਮਾਣ ਅਧਾਰ ਸਥਾਪਤ ਕਰ ਰਹੀ ਹੈ"
"ਰੱਖਿਆ ਨਿਰਯਾਤ ਮਾਰਚ 2026 ਤੱਕ 30,000 ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ"
"ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਇੱਕੋ ਇੱਕ ਤਰੀਕਾ ਆਤਮ-ਨਿਰਭਰਤਾ ਹੈ"
Posted On:
27 OCT 2025 3:38PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਆਪ੍ਰੇਸ਼ਨ ਸਿੰਦੂਰ ਦੌਰਾਨ ਹਥਿਆਰਬੰਦ ਬਲਾਂ ਦੁਆਰਾ ਭਾਰਤ ਵਿੱਚ ਨਿਰਮਿਤ ਉਪਕਰਣਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਮਾਣ ਵਧਾਇਆ ਹੈ।” ਉਨ੍ਹਾਂ ਘਰੇਲੂ ਉਦਯੋਗ, ਖਾਸ ਕਰਕੇ ਨਿੱਜੀ ਖੇਤਰ ਨੂੰ ਅਪੀਲ ਕੀਤੀ ਕਿ ਉਹ ਨਵੀਨਤਾ ਅਤੇ ਖੋਜ ਅਤੇ ਵਿਕਾਸ; ਤਕਨਾਲੋਜੀ-ਅਧਾਰਿਤ ਨਿਰਮਾਣ; ਵਿਅਕਤੀਗਤ ਉਪ-ਪ੍ਰਣਾਲੀਆਂ ਅਤੇ ਹਿੱਸਿਆਂ ਦਾ ਉਤਪਾਦਨ; ਅਤੇ ਸਪਲਾਈ ਅਤੇ ਰੱਖ-ਰਖਾਅ ਚੇਨਾਂ ਦੇ ਦਬਦਬੇ 'ਤੇ ਧਿਆਨ ਕੇਂਦ੍ਰਿਤ ਕਰਕੇ ਆਤਮ-ਨਿਰਭਰਤਾ ਵਿੱਚ ਹੋਰ ਤੇਜ਼ੀ ਲਿਆਉਣ। ਉਹ 27 ਅਕਤੂਬਰ, 2025 ਨੂੰ ਨਵੀਂ ਦਿੱਲੀ ਵਿੱਚ 'ਰੱਖਿਆ ਆਤਮ-ਨਿਰਭਰਤਾ: ਸਵਦੇਸ਼ੀ ਉਦਯੋਗ ਰਾਹੀਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ' ਵਿਸ਼ੇ 'ਤੇ ਸੋਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸਆਈਡੀਐੱਮ) ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ, ਦੁਨੀਆ ਨੇ ਆਕਾਸ਼ ਮਿਜ਼ਾਈਲ ਸਿਸਟਮ, ਬ੍ਰਹਮੋਸ, ਆਕਾਸ਼ ਐਰੋ ਏਅਰ ਡਿਫੈਂਸ ਕੰਟਰੋਲ ਸਿਸਟਮ ਅਤੇ ਹੋਰ ਸਵਦੇਸ਼ੀ ਉਪਕਰਣਾਂ/ਪਲੈਟਫਾਰਮਾਂ ਦੀ ਤਾਕਤ ਦੇਖੀ ਅਤੇ ਇਸ ਆਪ੍ਰੇਸ਼ਨ ਦੀ ਸਫਲਤਾ ਦਾ ਸਿਹਰਾ ਬਹਾਦਰ ਹਥਿਆਰਬੰਦ ਸੈਨਾਵਾਂ ਦੇ ਨਾਲ-ਨਾਲ "ਇੰਡਸਟਰੀ ਵਾਰੀਅਰਜ਼" ਨੂੰ ਜਾਂਦਾ ਹੈ ਜਿਨ੍ਹਾਂ ਨੇ ਨਵੀਨਤਾ, ਡਿਜ਼ਾਈਨ ਅਤੇ ਨਿਰਮਾਣ ਦੇ ਖੇਤਰਾਂ ਵਿੱਚ ਸਭ ਤੋਂ ਅੱਗੇ ਕੰਮ ਕੀਤਾ। ਉਨ੍ਹਾਂ ਨੇ ਭਾਰਤੀ ਉਦਯੋਗ ਨੂੰ ਥਲ ਸੇਨਾ (ਫੌਜ), ਜਲ ਸੈਨਾ ਅਤੇ ਹਵਾਈ ਸੈਨਾ ਦੇ ਨਾਲ-ਨਾਲ ਰੱਖਿਆ ਦੇ ਸਭ ਤੋਂ ਮਹੱਤਵਪੂਰਨ ਥੰਮ੍ਹਾਂ ਵਿੱਚੋਂ ਇੱਕ ਦੱਸਿਆ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਹਾਲਾਂਕਿ ਅਸੀਂ ਦ੍ਰਿੜਤਾ ਨਾਲ ਜਵਾਬ ਦਿੱਤਾ ਅਤੇ ਸਾਡੀਆਂ ਫੌਜਾਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ, ਸਾਨੂੰ ਆਤਮ-ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਆਪ੍ਰੇਸ਼ਨ ਸਿੰਦੂਰ ਇੱਕ ਕੇਸ ਸਟੱਡੀ ਵਜੋਂ ਕੰਮ ਕਰਨਾ ਚਾਹੀਦਾ ਹੈ ਜਿਸ ਤੋਂ ਅਸੀਂ ਸਿੱਖ ਸਕਦੇ ਹਾਂ ਅਤੇ ਆਪਣੇ ਭਵਿੱਖ ਦੇ ਰਸਤੇ ਨੂੰ ਤਿਆਰ ਕਰ ਸਕਦੇ ਹਾਂ। ਇਸ ਘਟਨਾ ਨੇ ਸਾਨੂੰ ਇੱਕ ਵਾਰ ਫਿਰ ਦਿਖਾਇਆ ਹੈ ਕਿ ਸਾਡੀਆਂ ਸਰਹੱਦਾਂ 'ਤੇ, ਕਿਤੇ ਵੀ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਸਾਨੂੰ ਜੰਗ ਵਰਗੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਸਾਡੀਆਂ ਤਿਆਰੀਆਂ ਸਾਡੇ ਆਪਣੇ ਸਿਧਾਂਤਾਂ 'ਤੇ ਅਧਾਰਿਤ ਹੋਣੀਆਂ ਚਾਹੀਦੀਆਂ ਹਨ।"
ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਲਈ ਹਰ ਖੇਤਰ ਦਾ ਡੂੰਘਾਈ ਨਾਲ ਮੁਲਾਂਕਣ ਕਰਨ ਦੀ ਲੋੜ ਹੈ ਅਤੇ 'ਸਵਦੇਸ਼ੀਕਰਣ' ਹੀ ਲਗਾਤਾਰ ਵਿਕਸਿਤ ਹੋ ਰਹੇ ਰੱਖਿਆ ਖੇਤਰ ਅਤੇ ਯੁੱਧ ਦੀ ਪ੍ਰਕਿਰਤੀ ਦੁਆਰਾ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਇੱਕੋ ਇੱਕ ਹੱਲ ਹੈ। ਉਨ੍ਹਾਂ ਕਿਹਾ, "ਸਥਾਪਤ ਵਿਸ਼ਵ ਵਿਵਸਥਾ ਕਮਜ਼ੋਰ ਹੋ ਰਹੀ ਹੈ ਅਤੇ ਕਈ ਖੇਤਰਾਂ ਵਿੱਚ ਟਕਰਾਅ ਦੇ ਖੇਤਰ ਵੱਧ ਰਹੇ ਹਨ। ਇਸ ਲਈ, ਭਾਰਤ ਲਈ ਆਪਣੀ ਸੁਰੱਖਿਆ ਅਤੇ ਰਣਨੀਤੀ ਨੂੰ ਮੁੜ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨਾ ਜ਼ਰੂਰੀ ਹੋ ਗਿਆ ਹੈ।"

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਰੱਖਿਆ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਘਰੇਲੂ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਬਰਾਬਰੀ ਦਾ ਮੈਦਾਨ ਪ੍ਰਦਾਨ ਕਰ ਰਹੀ ਹੈ ਅਤੇ ਉਦਯੋਗ ਨੂੰ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਅਸੀਂ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹਾਂ ਕਿ ਰੱਖਿਆ ਉਪਕਰਣ ਸਿਰਫ਼ ਦੇਸ਼ ਵਿੱਚ ਹੀ ਇਕੱਠੇ ਨਾ ਕੀਤੇ ਜਾਣ, ਸਗੋਂ 'ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ' ਦੀ ਭਾਵਨਾ ਨੂੰ ਦਰਸਾਉਂਦੇ ਉਪਕਰਣਾਂ ਦਾ ਉਤਪਾਦਨ ਕਰਨ ਲਈ ਇੱਕ ਅਸਲ ਨਿਰਮਾਣ ਅਧਾਰ ਸਥਾਪਤ ਕੀਤਾ ਜਾਵੇ। ਨਵੀਨਤਾ ਅਤੇ ਖੋਜ ਅਤੇ ਵਿਕਾਸ ਦੇ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਕੁਆਂਟਮ ਮਿਸ਼ਨ, ਅਟਲ ਇਨੋਵੇਸ਼ਨ ਮਿਸ਼ਨ ਅਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਵਰਗੀਆਂ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਸਾਡੇ ਉਦਯੋਗ ਨੂੰ ਉਹ ਪ੍ਰਾਪਤ ਕਰਨਾ ਚਾਹੀਦਾ ਹੈ ਜੋ ਦੇਸ਼ ਨੇ ਅਜੇ ਤੱਕ ਪ੍ਰਾਪਤ ਨਹੀਂ ਕੀਤਾ ਹੈ।"
ਸਰਕਾਰ ਦੇ ਆਤਮਨਿਰਭਰ ਯਤਨਾਂ ਕਾਰਨ ਹੋਈ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ, ਰੱਖਿਆ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ, ਭਾਰਤ ਆਪਣੀਆਂ ਸੁਰੱਖਿਆ ਜ਼ਰੂਰਤਾਂ ਲਈ ਪੂਰੀ ਤਰ੍ਹਾਂ ਨਾਲ ਆਯਾਤ 'ਤੇ ਨਿਰਭਰ ਸੀ, ਪਰ ਇਸ ਵੇਲੇ ਆਪਣੀ ਧਰਤੀ 'ਤੇ ਰੱਖਿਆ ਉਪਕਰਣਾਂ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਕਿਹਾ, "ਸਾਡਾ ਰੱਖਿਆ ਉਤਪਾਦਨ, ਜੋ ਕਿ 2014 ਵਿੱਚ ਸਿਰਫ 46,000 ਕਰੋੜ ਰੁਪਏ ਸੀ, ਹੁਣ ਵਧ ਕੇ ਰਿਕਾਰਡ 1.51 ਲੱਖ ਕਰੋੜ ਰੁਪਏ ਹੋ ਗਿਆ ਹੈ, ਜਿਸ ਵਿੱਚੋਂ 33,000 ਕਰੋੜ ਰੁਪਏ ਦਾ ਯੋਗਦਾਨ ਨਿੱਜੀ ਖੇਤਰ ਨੇ ਪਾਇਆ ਹੈ। ਸਾਡੇ ਰੱਖਿਆ ਨਿਰਯਾਤ, ਜੋ ਕਿ 10 ਵਰ੍ਹੇ ਪਹਿਲਾਂ 1,000 ਕਰੋੜ ਰੁਪਏ ਤੋਂ ਘੱਟ ਸਨ, ਹੁਣ ਲਗਭਗ 24,000 ਕਰੋੜ ਰੁਪਏ ਦੇ ਰਿਕਾਰਡ ਨੂੰ ਛੂਹ ਗਏ ਹਨ। ਮੈਨੂੰ ਵਿਸ਼ਵਾਸ ਹੈ ਕਿ ਮਾਰਚ 2026 ਤੱਕ ਰੱਖਿਆ ਨਿਰਯਾਤ 30,000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਅਸੀਂ ਹਾਲ ਹੀ ਵਿੱਚ ਰੱਖਿਆ ਖਰੀਦ ਮੈਨੂਅਲ 2025 ਲਾਂਚ ਕੀਤਾ ਹੈ ਅਤੇ ਰੱਖਿਆ ਪ੍ਰਾਪਤੀ ਪ੍ਰਕਿਰਿਆ 2020 ਨੂੰ ਸੋਧਣ ਲਈ ਕੰਮ ਚੱਲ ਰਿਹਾ ਹੈ।" ਉਨ੍ਹਾਂ ਨਿੱਜੀ ਖੇਤਰ ਨੂੰ ਅਪੀਲ ਕੀਤੀ ਕਿ ਉਹ ਅਗਲੇ ਤਿੰਨ ਵਰ੍ਹਿਆਂ ਵਿੱਚ ਘਰੇਲੂ ਰੱਖਿਆ ਨਿਰਮਾਣ ਵਿੱਚ ਆਪਣਾ ਯੋਗਦਾਨ ਮੌਜੂਦਾ 25 ਪ੍ਰਤੀਸ਼ਤ ਤੋਂ ਵਧਾ ਕੇ ਘੱਟੋ-ਘੱਟ 50 ਪ੍ਰਤੀਸ਼ਤ ਕਰੇ।
ਸਵਦੇਸ਼ੀਕਰਣ ਨੂੰ ਹੋਰ ਉਤਸ਼ਾਹਿਤ ਕਰਨ ਲਈ, ਸ਼੍ਰੀ ਰਾਜਨਾਥ ਸਿੰਘ ਨੇ ਉਦਯੋਗ ਨੂੰ ਅਪੀਲ ਕੀਤੀ ਕਿ ਉਹ ਸਪਲਾਈ ਚੇਨ ਅਤੇ ਰੱਖ-ਰਖਾਅ ਚੇਨਾਂ 'ਤੇ ਆਪਣਾ ਦਬਦਬਾ ਬਣਾਈ ਰੱਖਣ ਲਈ ਯਤਨਸ਼ੀਲ ਰਹਿਣ, ਅਤੇ ਨਾ ਸਿਰਫ਼ ਪੂਰੇ ਪਲੈਟਫਾਰਮਾਂ, ਸਗੋਂ ਵਿਅਕਤੀਗਤ ਉਪ-ਪ੍ਰਣਾਲੀਆਂ ਅਤੇ ਹਿੱਸਿਆਂ ਦੇ ਸਵਦੇਸ਼ੀ ਨਿਰਮਾਣ 'ਤੇ ਵੀ ਧਿਆਨ ਕੇਂਦ੍ਰਿਤ ਕਰਨ। ਉਨ੍ਹਾਂ ਕਿਹਾ, "ਵਰਤਮਾਨ ਵਿੱਚ, ਜਦੋਂ ਅਸੀਂ ਵਿਦੇਸ਼ਾਂ ਤੋਂ ਵੱਡੇ ਉਪਕਰਣ ਖਰੀਦਦੇ ਹਾਂ, ਤਾਂ ਇਸਦੇ ਜੀਵਨ ਚੱਕਰ ਦੌਰਾਨ ਇਸਦੇ ਰੱਖ-ਰਖਾਅ, ਮੁਰੰਮਤ, ਓਵਰਹਾਲ ਅਤੇ ਸਪੇਅਰ ਪਾਰਟਸ ਪ੍ਰਬੰਧਨ ਦੇ ਮਹੱਤਵਪੂਰਨ ਵਿੱਤੀ ਪ੍ਰਭਾਵ ਪੈਂਦੇ ਹਨ। ਇਸ ਨਾਲ ਸਾਡੇ ਸਰੋਤਾਂ 'ਤੇ ਦਬਾਅ ਪੈਂਦਾ ਹੈ ਅਤੇ ਦੂਜੇ ਦੇਸ਼ਾਂ 'ਤੇ ਨਿਰੰਤਰ ਨਿਰਭਰਤਾ ਬਣੀ ਰਹਿੰਦੀ ਹੈ। ਕਿਉਂਕਿ ਇੱਕ ਪਲੈਟਫਾਰਮ ਵਿੱਚ ਵੱਡੀ ਗਿਣਤੀ ਵਿੱਚ ਹਿੱਸੇ ਅਤੇ ਇਨਪੁਟ ਸ਼ਾਮਲ ਹੁੰਦੇ ਹਨ, ਇਹਨਾਂ ਉਪ-ਪ੍ਰਣਾਲੀਆਂ ਦਾ ਸਵਦੇਸ਼ੀ ਨਿਰਮਾਣ ਸਾਡੀ ਸਵਦੇਸ਼ੀ ਸਮੱਗਰੀ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ 'ਹਮਾਰੀ ਧਰਤੀ, ਹਮਾਰੀ ਢਾਲ' ਸਾਡੀ ਪਹਿਲੀ ਪਸੰਦ ਬਣ ਜਾਵੇ।"
ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਭਾਰਤ ਵਿੱਚ ਇਕੱਠੇ ਹੋਣਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਦੇਸ਼ ਦੇ ਅੰਦਰ ਤਕਨਾਲੋਜੀ-ਅਧਾਰਿਤ ਨਿਰਮਾਣ ਵਿਕਸਿਤ ਕਰਨਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਤਕਨਾਲੋਜੀ ਟ੍ਰਾਂਸਫਰ ਪ੍ਰਭਾਵਸ਼ਾਲੀ ਹੋਵੇ ਅਤੇ ਸਾਡੇ ਸਵਦੇਸ਼ੀ ਉਦਯੋਗਾਂ ਨੂੰ ਮਜ਼ਬੂਤ ਕਰਨ ਦੇ ਸਾਧਨ ਵਜੋਂ ਵੀ ਕੰਮ ਕਰੇ।"
ਇਹ ਦੱਸਦੇ ਹੋਏ ਕਿ ਕੋਈ ਵੀ ਦੇਸ਼ ਨਵੀਨਤਾ ਅਤੇ ਖੋਜ ਅਤੇ ਵਿਕਾਸ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ, ਸ਼੍ਰੀ ਰਾਜਨਾਥ ਸਿੰਘ ਨੇ ਉਦਯੋਗ ਨੂੰ ਵੱਡੇ ਪੱਧਰ 'ਤੇ ਐਂਡ-ਟੂ-ਐਂਡ ਤਕਨਾਲੋਜੀ ਉਤਪਾਦਾਂ ਨੂੰ ਵਿਕਸਿਤ ਕਰਨ ਦਾ ਸੱਦਾ ਦਿੱਤਾ, ਕਿਉਂਕਿ ਐੱਸਆਈਡੀਐੱਮ ਅਗਲੇ ਵਰ੍ਹੇ ਇੱਕ ਦਹਾਕਾ ਪੂਰਾ ਕਰ ਰਿਹਾ ਹੈ। ਉਨ੍ਹਾਂ ਨੇ ਸਰਕਾਰ ਦਾ ਪੂਰਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ, "ਆਈਡੀਈਐਕਸ ਅਤੇ ਏਡੀਆਈਟੀਆਈ ਰਾਹੀਂ, ਸਾਡੇ ਨੌਜਵਾਨ ਨਵੀਨਤਾਕਾਰਾਂ ਅਤੇ ਉਦਯੋਗਪਤੀਆਂ ਨੂੰ ਚੁਣੌਤੀਆਂ/ਸਮੱਸਿਆਵਾਂ ਦਿੱਤੀਆਂ ਜਾਂਦੀਆਂ ਹਨ। ਉਦਯੋਗ ਨੂੰ ਹੁਣ ਵੱਡੇ ਪੱਧਰ 'ਤੇ ਐਂਡ-ਟੂ-ਐਂਡ ਤਕਨਾਲੋਜੀ ਉਤਪਾਦਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਸਾਡੇ ਕੋਲ ਲਿਆਉਣਾ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਅਸੀਂ ਉਨ੍ਹਾਂ 'ਤੇ ਚਰਚਾ ਕਰਾਂਗੇ ਅਤੇ ਕਮੀਆਂ ਨੂੰ ਦੂਰ ਕਰਾਂਗੇ। ਸਾਡਾ ਯਤਨ ਨਿੱਜੀ ਖੇਤਰ ਨਾਲ ਸਹਿਯੋਗ ਕਰਕੇ ਅੱਗੇ ਵਧਣਾ ਹੈ। ਜੇਕਰ ਅਸੀਂ ਇਕੱਠੇ ਕੰਮ ਕਰਦੇ ਹਾਂ, ਤਾਂ ਰੱਖਿਆ ਖੇਤਰ ਦਾ ਪੂਰਾ ਦ੍ਰਿਸ਼ ਬਦਲ ਜਾਵੇਗਾ।"
ਇਸ ਮੌਕੇ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਚੇਅਰਮੈਨ ਐੱਸਆਈਡੀਐੱਮ ਸ਼੍ਰੀ ਰਾਜਿੰਦਰ ਸਿੰਘ ਭਾਟੀਆ, ਡਾਇਰੈਕਟਰ ਜਨਰਲ ਐੱਸਆਈਡੀਐੱਮ ਰਮੇਸ਼ ਕੇ., ਸਾਬਕਾ ਚੇਅਰਮੈਨ ਐੱਸਆਈਡੀਐੱਮ ਸ਼੍ਰੀ ਐੱਸਪੀ ਸ਼ੁਕਲਾ, ਹਥਿਆਰਬੰਦ ਸੈਨਾਵਾਂ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਉਦਯੋਗ ਲੀਡਰਸ਼ਿਪ ਅਤੇ ਨੌਜਵਾਨ ਉੱਦਮੀ ਮੌਜੂਦ ਸਨ।

****
ਐੱਸਆਰ/ਐੱਸਏਵੀਵੀਵਾਈ
(Release ID: 2183236)
Visitor Counter : 3