ਪ੍ਰਧਾਨ ਮੰਤਰੀ ਦਫਤਰ
22ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ
Posted On:
26 OCT 2025 4:39PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਅਤੇ ਮੇਰੇ ਮਿੱਤਰ ਅਨਵਰ ਇਬਰਾਹਿਮ ਜੀ,
ਮਾਣਯੋਗ ਸ਼ਖ਼ਸੀਅਤਾਂ,
ਨਮਸਕਾਰ।
ਆਪਣੇ ਆਸੀਆਨ ਪਰਿਵਾਰ ਨਾਲ ਇੱਕ ਵਾਰ ਫਿਰ ਜੁੜਨ ਦਾ ਮੌਕਾ ਮਿਲਿਆ ਹੈ। ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।
ਆਸੀਆਨ ਦੀ ਸਫ਼ਲ ਪ੍ਰਧਾਨਗੀ ਲਈ ਮੈਂ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੂੰ ਵਧਾਈ ਦਿੰਦਾ ਹਾਂ। ਭਾਰਤ ਦੇ ਕੰਟਰੀ ਕੋ-ਆਰਡੀਨੇਟਰ ਦੀ ਭੂਮਿਕਾ ਕੁਸ਼ਲਤਾ ਨਾਲ ਨਿਭਾਉਣ 'ਤੇ ਫਿਲੀਪੀਨਜ਼ ਦੇ ਰਾਸ਼ਟਰਪਤੀ ਮਾਰਕੋਸ ਦਾ ਧੰਨਵਾਦ ਕਰਦਾ ਹਾਂ। ਅਤੇ ਆਸੀਆਨ ਦੇ ਨਵੇਂ ਮੈਂਬਰ ਵਜੋਂ ਤਿਮੋਰ-ਲੇਸਤੇ ਦਾ ਸਵਾਗਤ ਕਰਦਾ ਹਾਂ।
ਥਾਈਲੈਂਡ ਦੀ ਰਾਜਮਾਤਾ ਦੇ ਦੇਹਾਂਤ 'ਤੇ ਮੈਂ ਸਾਰੇ ਭਾਰਤ ਵਾਸੀਆਂ ਵੱਲੋਂ ਥਾਈਲੈਂਡ ਦੇ ਸ਼ਾਹੀ ਪਰਿਵਾਰ ਅਤੇ ਜਨਤਾ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਦੋਸਤੋ,
ਭਾਰਤ ਅਤੇ ਆਸੀਆਨ ਮਿਲ ਕੇ ਵਿਸ਼ਵ ਦੀ ਲਗਭਗ ਇੱਕ ਚੌਥਾਈ ਆਬਾਦੀ ਦੀ ਪ੍ਰਤੀਨਿਧਤਾ ਕਰਦੇ ਹਨ। ਅਸੀਂ ਸਿਰਫ਼ 'ਭੂਗੋਲ' ਹੀ ਸਾਂਝਾ ਨਹੀਂ ਕਰਦੇ, ਅਸੀਂ ਡੂੰਘੇ ਇਤਿਹਾਸਕ ਸਬੰਧਾਂ ਅਤੇ ਸਾਂਝੀਆਂ ਕਦਰਾਂ-ਕੀਮਤਾਂ ਦੀ ਡੋਰ ਨਾਲ ਵੀ ਜੁੜੇ ਹੋਏ ਹਾਂ।
ਅਸੀਂ ਗਲੋਬਲ ਸਾਊਥ ਦੇ ਸਹਿ-ਯਾਤਰੀ ਹਾਂ। ਅਸੀਂ ਸਿਰਫ਼ ਵਪਾਰਕ ਹੀ ਨਹੀਂ, ਸਭਿਆਚਾਰਕ ਭਾਈਵਾਲ ਵੀ ਹਾਂ। ਆਸੀਆਨ ਭਾਰਤ ਦੀ 'ਐਕਟ ਈਸਟ ਪਾਲਿਸੀ' ਦਾ ਮੁੱਖ ਥੰਮ੍ਹ ਹੈ। ਭਾਰਤ ਹਮੇਸ਼ਾ ਆਸੀਆਨ ਸੈਂਟ੍ਰੈਲਿਟੀ ਅਤੇ ਇੰਡੋ-ਪੈਸੀਫਿਕ 'ਤੇ ਆਸੀਆਨ ਦੇ ਆਊਟਲੁਕ ਦਾ ਪੂਰਾ ਸਮਰਥਨ ਕਰਦਾ ਰਿਹਾ ਹੈ।
ਅਨਿਸ਼ਚਿਤਤਾਵਾਂ ਦੇ ਇਸ ਦੌਰ ਵਿੱਚ ਵੀ ਭਾਰਤ-ਆਸੀਆਨ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਲਗਾਤਾਰ ਤਰੱਕੀ ਹੋਈ ਹੈ। ਅਤੇ ਸਾਡੀ ਇਹ ਮਜ਼ਬੂਤ ਭਾਈਵਾਲੀ ਵਿਸ਼ਵ-ਵਿਆਪੀ ਸਥਿਰਤਾ ਅਤੇ ਵਿਕਾਸ ਦਾ ਇੱਕ ਮਜ਼ਬੂਤ ਆਧਾਰ ਬਣ ਕੇ ਉੱਭਰ ਰਹੀ ਹੈ।
ਦੋਸਤੋ,
ਇਸ ਸਾਲ ਦੇ ਆਸੀਆਨ ਸਿਖਰ ਸੰਮੇਲਨ ਦਾ ਥੀਮ ਹੈ- 'ਸਮਾਵੇਸ਼ਤਾ ਅਤੇ ਸਥਿਰਤਾ' (Inclusivity and Sustainability)। ਅਤੇ ਇਹ ਥੀਮ ਸਾਡੇ ਸਾਂਝੇ ਯਤਨਾਂ ਵਿੱਚ ਸਪਸ਼ਟ ਦਿਸਦੀ ਹੈ, ਭਾਵੇਂ ਉਹ ਡਿਜੀਟਲ ਸਮਾਵੇਸ਼ਤਾ ਹੋਵੇ ਜਾਂ ਮੌਜੂਦਾ ਵਿਸ਼ਵ-ਵਿਆਪੀ ਚੁਣੌਤੀਆਂ ਦਰਮਿਆਨ ਖ਼ੁਰਾਕ ਸੁਰੱਖਿਆ ਅਤੇ ਲਚਕੀਲੀਆਂ ਸਪਲਾਈ ਚੇਨਾਂ ਨੂੰ ਯਕੀਨੀ ਬਣਾਉਣਾ। ਭਾਰਤ ਇਨ੍ਹਾਂ ਤਰਜੀਹਾਂ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਇਸ ਦਿਸ਼ਾ ਵਿੱਚ ਨਾਲ ਮਿਲ ਕੇ ਅੱਗੇ ਵਧਣ ਲਈ ਵਚਨਬੱਧ ਹੈ।
ਦੋਸਤੋ,
ਭਾਰਤ ਹਰ ਆਫ਼ਤ ਵਿੱਚ ਆਪਣੇ ਆਸੀਆਨ ਮਿੱਤਰਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਐੱਚਏਡੀਆਰ, ਸਮੁੰਦਰੀ ਸੁਰੱਖਿਆ ਅਤੇ ਬਲੂ ਇਕੋਨੌਮੀ ਵਿੱਚ ਸਾਡਾ ਸਹਿਯੋਗ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੂੰ ਦੇਖਦਿਆਂ ਅਸੀਂ 2026 ਨੂੰ 'ਆਸੀਆਨ-ਭਾਰਤ ਸਮੁੰਦਰੀ ਸਹਿਯੋਗ ਦਾ ਸਾਲ' ਐਲਾਨ ਰਹੇ ਹਾਂ।
ਨਾਲ ਹੀ ਅਸੀਂ ਸਿੱਖਿਆ, ਸੈਰ-ਸਪਾਟਾ, ਵਿਗਿਆਨ ਅਤੇ ਤਕਨਾਲੋਜੀ, ਸਿਹਤ, ਹਰੀ ਊਰਜਾ (ਗ੍ਰੀਨ ਐਨਰਜੀ) ਅਤੇ ਸਾਈਬਰ ਸੁਰੱਖਿਆ ਵਿੱਚ ਆਪਸੀ ਸਹਿਯੋਗ ਨੂੰ ਵੀ ਮਜ਼ਬੂਤੀ ਨਾਲ ਅੱਗੇ ਵਧਾ ਰਹੇ ਹਾਂ। ਆਪਣੀ ਸਾਂਝੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਲੋਕਾਂ-ਨਾਲ-ਲੋਕਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਸੀਂ ਮਿਲ ਕੇ ਕੰਮ ਕਰਦੇ ਰਹਾਂਗੇ।
ਦੋਸਤੋ,
ਇੱਕੀਵੀਂ ਸਦੀ ਸਾਡੀ ਸਦੀ ਹੈ, ਭਾਰਤ ਅਤੇ ਆਸੀਆਨ ਦੀ ਸਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਆਸੀਆਨ ਕਮਿਊਨਿਟੀ ਵਿਜ਼ਨ 2045 ਅਤੇ ਵਿਕਸਿਤ ਭਾਰਤ 2047 ਦਾ ਟੀਚਾ ਪੂਰੀ ਮਨੁੱਖਤਾ ਲਈ ਇੱਕ ਉੱਜਵਲ ਭਵਿੱਖ ਦਾ ਨਿਰਮਾਣ ਕਰੇਗਾ। ਤੁਹਾਡੇ ਸਾਰਿਆਂ ਨਾਲ, ਭਾਰਤ ਮੋਢੇ ਨਾਲ ਮੋਢਾ ਜੋੜ ਕੇ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਵਚਨਬੱਧ ਹੈ।
ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਲਗਭਗ ਅਨੁਵਾਦ ਹੈ। ਅਸਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।
***************
ਐੱਮਜੇਪੀਐੱਸ/ਐੱਸਆਰ
(Release ID: 2182776)
Visitor Counter : 5
Read this release in:
Odia
,
Urdu
,
हिन्दी
,
Marathi
,
Gujarati
,
Tamil
,
Telugu
,
Kannada
,
Malayalam
,
Manipuri
,
Assamese
,
Bengali
,
English