ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਤਿੰਨੋਂ ਸੈਨਾਵਾਂ ਦੀ ਇਕਜੁੱਟਤਾ, ਤਾਲਮੇਲ ਅਤੇ ਏਕੀਕਰਣ ਦੀ ਇੱਕ ਅਦੁੱਤੀ ਅਤੇ ਪ੍ਰੇਰਣਾਦਾਇਕ ਉਦਾਹਰਣ ਸੀ: ਰਕਸ਼ਾ ਮੰਤਰੀ


“ਇਸ ਅਭਿਆਨ ਨੇ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਾਲਮੇਲਪੂਰਨ, ਲਚਕਦਾਰ ਅਤੇ ਪਹਿਲਾਂ ਤੋਂ ਕਿਰਿਆਸ਼ੀਲ ਰਣਨੀਤੀਆਂ ਵਿਕਸਿਤ ਕਰਨ ਦੇ ਪ੍ਰਤੀ ਸਰਕਾਰ ਦੇ ਸੰਕਲਪ ਦੀ ਪੁਸ਼ਟੀ ਕੀਤੀ”

“ਸਰਕਾਰ ਭਵਿੱਖ ਦੀਆਂ ਚੁਣੌਤੀਆਂ ਦੇ ਅਨੁਸਾਰ ਸਮਰੱਥ ਹਥਿਆਰਬੰਦ ਬਲਾਂ ਨੂੰ ਤਿਆਰ ਕਰਕੇ ਰਾਸ਼ਟਰੀ ਸੁਰੱਖਿਆ ਅਤੇ ਰਣਨੀਤਿਕ ਖੁਦਮੁਖਤਿਆਰੀ ਨੂੰ ਮਜ਼ਬੂਤ ਬਣਾ ਰਹੀ ਹੈ”

ਸ਼੍ਰੀ ਰਾਜਨਾਥ ਸਿੰਘ ਨੇ ਅੱਜ ਦੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ ਸਿਵਿਲ-ਮਿਲਟਰੀ ਰਲੇਵੇਂ ਦਾ ਸੱਦਾ ਦਿੱਤਾ

"ਸਿਵਿਲ-ਮਿਲਟਰੀ ਫਿਊਜ਼ਨ ਨੂੰ ਸਿਰਫ਼ ਏਕੀਕਰਣ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇੱਕ ਰਣਨੀਤਿਕ ਸਮਰਥਕ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ- ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ, ਪ੍ਰਤਿਭਾ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਦੇਸ਼ ਨੂੰ ਤਕਨੀਕੀ ਆਤਮ-ਨਿਰਭਰਤਾ ਵੱਲ ਪ੍ਰੇਰਿਤ ਕਰਦਾ ਹੈ"

Posted On: 22 OCT 2025 6:33PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 22 ਅਕਤੂਬਰ, 2025 ਨੂੰ ਨਵੀਂ ਦਿੱਲੀ ਵਿੱਚ ਇੱਕ ਬੁੱਕ ਰਿਲੀਜ਼ ਸਮਾਰੋਹ ਦੌਰਾਨ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਤਿੰਨੋਂ ਸੈਨਾਵਾਂ ਵਿੱਚ ਅਸਾਧਾਰਣ ਇਕਜੁੱਟਤਾ ਅਤੇ ਏਕੀਕਰਣ ਦਾ ਗਵਾਹ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਬਦਲਦੀ ਵਿਸ਼ਵ ਵਿਵਸਥਾ ਅਤੇ ਯੁੱਧ ਦੇ ਵਿਕਸਿਤ ਹੋ ਰਹੇ ਸਰੂਪ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਤਾਲਮੇਲ ਵਾਲੀ, ਲਚਕਦਾਰ ਅਤੇ ਅਗਾਂਹਵਧੂ ਰੱਖਿਆ ਰਣਨੀਤੀ ਤਿਆਰ ਕਰਨ ਦੇ ਪ੍ਰਤੀ ਸਰਕਾਰ ਦੇ ਦ੍ਰਿੜ੍ਹ ਸੰਕਲਪ ਦੀ ਪੁਸ਼ਟੀ ਕੀਤੀ ਹੈ।

ਰਕਸ਼ਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿੱਚ ਰਵਾਇਤੀ ਰੱਖਿਆ ਦ੍ਰਿਸ਼ਟੀਕੋਣ ਕਾਫ਼ੀ ਨਹੀਂ ਹੈ, ਕਿਉਂਕਿ ਯੁੱਧ ਹੁਣ ਸਿਰਫ਼ ਸਰਹੱਦਾਂ ਤੱਕ ਸੀਮਤ ਨਹੀਂ ਰਹੇ; ਸਗੋਂ ਹੁਣ ਉਹ ਇੱਕ ਹਾਈਬ੍ਰਿਡ ਅਤੇ ਅਸੀਮਿਤ ਰੂਪ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਦੇਸ਼ ਦੀ ਰਣਨੀਤਿਕ ਖੁਦਮੁਖ਼ਤਿਆਰੀ ਨੂੰ ਯਕੀਨੀ ਬਣਾਉਣ ਲਈ ਭਵਿੱਖ ਦੇ ਅਨੁਸਾਰ ਹਥਿਆਰਬੰਦ ਸੈਨਾਵਾਂ ਦੇ ਨਿਰਮਾਣ ਲਈ ਕਈ ਦਲੇਰਾਨਾ ਅਤੇ ਫੈਸਲਾਕੁੰਨ ਸੁਧਾਰ ਲਾਗੂ ਕੀਤੇ ਹਨ।

 e

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਦੇ ਅਹੁਦੇ ਦੀ ਸਿਰਜਣਾ ਤਿੰਨੋਂ ਸੇਵਾਵਾਂ ਦੇ ਵਿਚਕਾਰ ਤਾਲਮੇਲ ਅਤੇ ਸਹਿਯੋਗ ਨੂੰ ਮਜ਼ਬੂਤ ​​ਕਰਨ ਵੱਲ ਇੱਕ ਇਤਿਹਾਸਿਕ ਅਤੇ ਦੂਰਗਾਮੀ ਕਦਮ ਸੀ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਦੁਨੀਆ ਨੂੰ ਇਸ ਸਾਂਝੇਦਾਰੀ ਅਤੇ ਏਕੀਕਰਣ ਦੇ ਸ਼ਾਨਦਾਰ ਨਤੀਜਿਆਂ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਸੀ। ਅੱਜ ਵੀ, ਪਾਕਿਸਤਾਨ ਸਾਡੀਆਂ ਹਥਿਆਰਬੰਦ ਸੈਨਾਵਾਂ ਦੁਆਰਾ ਦਿੱਤੀ ਗਈ ਕਰਾਰੀ ਹਾਰ ਤੋਂ ਉਭਰ ਨਹੀਂ ਸਕਿਆ ਹੈ।

ਰਕਸ਼ਾ ਮੰਤਰੀ ਨੇ ਲੈਫਟੀਨੈਂਟ ਜਨਰਲ ਰਾਜ ਸ਼ੁਕਲਾ (ਸੇਵਾਮੁਕਤ) ਦੁਆਰਾ ਲਿਖੀ ਕਿਤਾਬ "ਸਿਵਿਲ-ਮਿਲਟਰੀ ਫਿਊਜ਼ਨ ਐਜ਼ ਏ ਮੈਟ੍ਰਿਕ ਆਫ਼ ਨੈਸ਼ਨਲ ਪਾਵਰ ਐਂਡ ਕੰਪ੍ਰਿਹੈਂਸਿਵ ਸਕਿਓਰਿਟੀ" ਰਿਲੀਜ਼ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਇਸ ਕਿਤਾਬ ਦੀ ਇੱਕ ਮਹੱਤਵਪੂਰਨ ਧਾਰਨਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਿਵਿਲ-ਮਿਲਟਰੀ ਫਿਊਜ਼ਨ ਨੂੰ ਸਿਰਫ਼ ਏਕੀਕਰਣ ਵਜੋਂ ਨਹੀਂ, ਸਗੋਂ ਇੱਕ ਰਣਨੀਤਿਕ ਸਮਰਥਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ - ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ, ਪ੍ਰਤਿਭਾ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਰਾਸ਼ਟਰ ਨੂੰ ਤਕਨੀਕੀ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਫਿਊਜ਼ਨ ਸਿਰਫ਼ ਉਦੋਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਅਸੀਂ ਆਪਣੇ ਸਿਵਿਲ ਉਦਯੋਗ, ਨਿਜੀ ਖੇਤਰ, ਸਿੱਖਿਆ ਖੇਤਰ ਅਤੇ ਰੱਖਿਆ ਖੇਤਰ ਨੂੰ ਇੱਕ ਸਾਂਝੇ ਰਾਸ਼ਟਰੀ ਉਦੇਸ਼ ਨਾਲ ਜੋੜਦੇ ਹਾਂ। ਰਕਸ਼ਾ ਮੰਤਰੀ ਨੇ ਕਿਹਾ ਕਿ ਇਸ ਤਾਲਮੇਲ ਨਾਲ ਨਾ ਸਿਰਫ਼ ਸਾਡੀ ਆਰਥਿਕ ਉਤਪਾਦਕਤਾ ਵਿੱਚ ਵਾਧਾ ਹੋਵੇਗਾ ਸਗੋਂ ਸਾਡਾ ਰਣਨੀਤਿਕ ਲਾਭ ਵੀ ਮਜ਼ਬੂਤ ਹੋਵੇਗਾ।

ਰਕਸ਼ਾ ਮੰਤਰੀ ਨੇ ਕਿਹਾ ਕਿ ਅੱਜ ਦੀ ਦੁਨੀਆ "ਕਿਰਤ ਦੀ ਵੰਡ" ਤੋਂ ਅੱਗੇ ਵਧ ਕੇ "ਉਦੇਸ਼ ਦੇ ਏਕੀਕਰਣ" ਵੱਲ ਵਧ ਰਹੀ ਹੈ। ਇਸ ਦਾ ਅਰਥ ਹੈ ਕਿ ਭਾਵੇਂ ਵੱਖ-ਵੱਖ ਇਕਾਈਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ, ਪਰ ਫਿਰ ਵੀ ਉਨ੍ਹਾਂ ਨੂੰ ਇੱਕ ਸਾਂਝੇ ਦ੍ਰਿਸ਼ਟੀਕੋਣ ਨਾਲ ਤਾਲਮੇਲਪੂਰਨ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕਿਰਤ ਵੰਡ ਦੀ ਗੱਲ ਹੈ, ਤਾਂ ਭਾਵੇਂ ਹੀ ਸਾਡਾ ਸਿਵਿਲ ਪ੍ਰਸ਼ਾਸਨ ਅਤੇ ਸੈਨਾ ਵੱਖ-ਵੱਖ ਹਨ, ਪਰ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨੇ ਵਾਰ-ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਪ੍ਰਣਾਲੀ ਵੱਖੋ-ਵੱਖਰੇ ਕੰਮ ਨਹੀਂ ਕਰ ਸਕਦੀ; ਸਾਰਿਆਂ ਨੂੰ ਇੱਕ ਦੂਜੇ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ।

A person speaking into a microphoneDescription automatically generated

ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦਾ ਤਕਨਾਲੋਜੀ-ਅਧਾਰਿਤ ਯੁੱਗ ਵਿੱਚ ਸਿਵਿਲ-ਫੌਜੀ ਏਕੀਕਰਣ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ, ਇਸ ਖੇਤਰ ਵਿੱਚ ਚੁਣੌਤੀਆਂ ਦੀ ਪਛਾਣ ਕਰਨ ਅਤੇ ਅੰਤਰਰਾਸ਼ਟਰੀ ਸੰਦਰਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਵਿਲੀਅਨ ਤਕਨੀਕੀ ਸਮਰੱਥਾਵਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਲਈ ਇੱਕ ਵਿਲੱਖਣ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ, ਸਿਵਿਲੀਅਨ ਅਤੇ ਫੌਜੀ ਖੇਤਰ ਹੌਲੀ-ਹੌਲੀ ਇਕੱਠੇ ਹੋ ਰਹੇ ਹਨ। ਤਕਨਾਲੋਜੀ, ਅਰਥਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੁੜੇ ਹੋਏ ਹਨ। ਰਕਸ਼ਾ ਮੰਤਰੀ ਨੇ ਕਿਹਾ ਕਿ ਸੂਚਨਾ, ਸਪਲਾਈ ਚੇਨ, ਵਪਾਰ, ਦੁਰਲਭ ਖਣਿਜ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਵਰਗੀਆਂ ਸਮਰੱਥਾਵਾਂ ਦੋਵੇਂ ਖੇਤਰਾਂ ਵਿੱਚ ਬਰਾਬਰ ਇਸਤੇਮਾਲ ਹੋ ਰਹੀਆਂ ਹਨ। ਅਜਿਹੇ ਵਿੱਚ, ਸਿਵਿਲ-ਮਿਲਟਰੀ ਫਿਊਜ਼ਨ ਇੱਕ ਆਧੁਨਿਕ ਰੁਝਾਨ ਨਹੀਂ ਹੈ ਸਗੋਂ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਉਨ੍ਹਾਂ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨੂੰ ਨਜ਼ਰਅੰਦਾਜ਼ ਕਰਨਾ ਰਣਨੀਤਿਕ ਵਿਕਾਸ ਲਈ ਉਚਿਤ ਨਹੀਂ ਹੈ। ਕਈ ਮਹੱਤਵਪੂਰਨ ਤਕਨਾਲੋਜੀਆਂ ਅਕਸਰ ਸਿਰਫ਼ ਸਿਵਿਲੀਅਨ ਵਰਤੋਂ ਤੱਕ ਸੀਮਿਤ ਰਹਿ ਜਾਂਦੀਆਂ ਹਨ। ਸ਼੍ਰੀ ਸਿੰਘ ਨੇ ਕਿਹਾ, "ਦੋਹਰੀ ਵਰਤੋਂ ਦੀ ਧਾਰਨਾ ਦੇ ਤਹਿਤ, ਜੇਕਰ ਇਨ੍ਹਾਂ ਨਵੀਨਤਾਵਾਂ ਨੂੰ ਮਿਲਟਰੀ ਐਪਲੀਕੇਸ਼ਨਾਂ ਵਿੱਚ ਲਿਆਂਦਾ ਜਾਵੇ, ਤਾਂ ਸਾਡੀ ਰਾਸ਼ਟਰੀ ਸ਼ਕਤੀ ਕਈ ਗੁਣਾ ਵਧ ਸਕਦੀ ਹੈ।"

ਰਕਸ਼ਾ ਮੰਤਰੀ ਨੇ ਸਿਵਿਲ-ਫੌਜੀ ਏਕੀਕਰਣ ਦੀ ਦਿਸ਼ਾ ਵਿੱਚ ਸਰਕਾਰ ਦੁਆਰਾ ਚੁੱਕੇ ਗਏ ਠੋਸ ਕਦਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਥਿਆਰਬੰਦ ਸੈਨਾਵਾਂ, ਸਰਕਾਰ, ਉਦਯੋਗ, ਸਟਾਰਟ-ਅੱਪ, ਖੋਜ ਸੰਸਥਾਵਾਂ ਅਤੇ ਨੌਜਵਾਨ ਨਵੀਨਤਾਕਾਰੀ ਅੱਜ ਮਿਲ ਕੇ ਇਸ ਟੀਚੇ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ ਰੱਖਿਆ ਵਾਤਾਵਰਣ ਪ੍ਰਣਾਲੀ ਵਿੱਚ ਇਤਿਹਾਸਿਕ ਤਬਦੀਲੀ ਆਈ ਹੈ। ਉਹ ਦੇਸ਼, ਜੋ ਕਦੇ ਦੁਨੀਆ ਦੇ ਸਭ ਤੋਂ ਵੱਡੇ ਰੱਖਿਆ ਆਯਾਤਕਾਂ ਵਿੱਚੋਂ ਇੱਕ ਸੀ, ਹੁਣ ਤੇਜ਼ੀ ਨਾਲ ਇੱਕ ਗਲੋਬਲ ਮੈਨੂਫੈਕਚਰਿੰਗ ਕੇਂਦਰ ਵਜੋਂ ਉੱਭਰ ਰਿਹਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਸਾਡੇ ਨਿਰੰਤਰ ਯਤਨਾਂ ਦੇ ਨਤੀਜੇ ਵਜੋਂ, ਭਾਰਤ ਦਾ ਰੱਖਿਆ ਖੇਤਰ ਬੇਮਿਸਾਲ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਸਾਂਝਾ ਕੀਤਾ ਕਿ ਇੱਕ ਦਹਾਕੇ ਪਹਿਲਾਂ ਜੋ ਘਰੇਲੂ ਉਤਪਾਦਨ ਲਗਭਗ ₹46,000 ਕਰੋੜ ਸੀ, ਹੁਣ ਉਹ ਰਿਕਾਰਡ ₹1.51 ਲੱਖ ਕਰੋੜ ਤੱਕ ਪਹੁੰਚ ਗਿਆ ਹੈ, ਜਿਸ ਵਿੱਚ ਲਗਭਗ ₹33,000 ਕਰੋੜ ਦਾ ਯੋਗਦਾਨ ਨਿਜੀ ਖੇਤਰ ਦੁਆਰਾ ਕੀਤਾ ਗਿਆ ਹੈ।

ਇਸ ਮੌਕੇ ‘ਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦ੍ਵਿਵੇਦੀ, ਯੂਨਾਈਟਿਡ ਸਰਵਿਸ ਇੰਸਟੀਟਿਊਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬੀ.ਕੇ. ਸ਼ਰਮਾ (ਸੇਵਾਮੁਕਤ) ਅਤੇ ਨਾਲ ਹੀ ਸੀਨੀਅਰ ਸਿਵਿਲ ਅਤੇ ਫੌਜੀ ਅਧਿਕਾਰੀ ਅਤੇ ਸਾਬਕਾ ਸੈਨਿਕ ਮੌਜੂਦ ਸਨ।

****

ਐੱਸਆਰ/ਸੇਵੀ/ਕੇਬੀ/ਏਕੇ


(Release ID: 2181880) Visitor Counter : 5