ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ, ਮੁੰਬਈ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਲਾਂਚ ਅਤੇ ਸਮਰਪਿਤ ਕੀਤਾ
ਨਵਾਂ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਭੂਮੀਗਤ ਮੈਟਰੋ, ਮੁੰਬਈ ਵਿੱਚ ਯਾਤਰਾ ਅਤੇ ਆਵਾਜਾਈ-ਸੰਪਰਕ ਨੂੰ ਬਦਲਣ ਲਈ ਤਿਆਰ ਹਨ: ਪ੍ਰਧਾਨ ਮੰਤਰੀ
ਵਿਕਸਤ ਭਾਰਤ ਉਹ ਹੈ, ਜਿੱਥੇ ਗਤੀ ਅਤੇ ਪ੍ਰਗਤੀ ਦੋਵੇਂ ਹੋਣ, ਜਿੱਥੇ ਲੋਕ ਕਲਿਆਣ ਸਭ ਤੋਂ ਉੱਪਰ ਹੋਵੇ ਅਤੇ ਸਰਕਾਰੀ ਯੋਜਨਾਵਾਂ ਹਰ ਨਾਗਰਿਕ ਦੇ ਜੀਵਨ ਨੂੰ ਆਸਾਨ ਬਣਾਉਂਦੀਆਂ ਹੋਣ: ਪ੍ਰਧਾਨ ਮੰਤਰੀ
ਉਡਾਨ ਯੋਜਨਾ ਦਾ ਧੰਨਵਾਦ, ਪਿਛਲੇ ਦਹਾਕੇ ਵਿੱਚ ਲੱਖਾਂ ਲੋਕਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਪਹਿਲੀ ਵਾਰ ਹਵਾਈ ਯਾਤਰਾ ਕੀਤੀ ਹੈ: ਪ੍ਰਧਾਨ ਮੰਤਰੀ
ਨਵੇਂ ਹਵਾਈ ਅੱਡਿਆਂ ਅਤੇ ਉਡਾਨ ਯੋਜਨਾ ਨੇ ਹਵਾਈ ਯਾਤਰਾ ਨੂੰ ਆਸਾਨ ਬਣਾਇਆ ਹੈ ਅਤੇ ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਜ਼ਾਰ ਬਣਾ ਦਿੱਤਾ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ, ਸਾਡੀ ਤਾਕਤ ਸਾਡੇ ਨੌਜਵਾਨਾਂ ਵਿੱਚ ਹੈ: ਪ੍ਰਧਾਨ ਮੰਤਰੀ
ਸਾਡੇ ਲਈ ਸਾਡੇ ਦੇਸ਼ ਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਤੋਂ ਵਧ ਕੇ ਕੁਝ ਵੀ ਨਹੀਂ ਹੈ: ਪ੍ਰਧਾਨ ਮੰਤਰੀ
Posted On:
08 OCT 2025 5:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਮੁੰਬਈ ਵਿੱਚ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਲਾਂਚ ਅਤੇ ਲੋਕ ਅਰਪਣ ਕੀਤਾ। ਸਾਰੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਸ਼੍ਰੀ ਮੋਦੀ ਨੇ ਸਾਰੇ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਮਨਾਏ ਗਏ ਵਿਜੈਦਸ਼ਮੀ ਅਤੇ ਕੋਜਾਗਰੀ ਪੂਰਨਿਮਾ ਦੇ ਤਿਉਹਾਰਾਂ ਦਾ ਜ਼ਿਕਰ ਕੀਤਾ ਅਤੇ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਮੁੰਬਈ ਸ਼ਹਿਰ ਨੂੰ ਆਪਣਾ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਮਿਲਣ ਦੇ ਨਾਲ ਹੀ ਮੁੰਬਈ ਦਾ ਲੰਬਾ ਇੰਤਜ਼ਾਰ ਖ਼ਤਮ ਹੋਣ ’ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਇਹ ਹਵਾਈ ਅੱਡਾ ਇਸ ਖੇਤਰ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਕਨੈਕਟੀਵਿਟੀ ਕੇਂਦਰਾਂ ’ਚੋਂ ਇੱਕ ਵਜੋਂ ਸਥਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੁੰਬਈ ਨੂੰ ਹੁਣ ਪੂਰੀ ਤਰ੍ਹਾਂ ਭੂਮੀਗਤ ਮੈਟਰੋ ਮਿਲ ਗਈ ਹੈ, ਜਿਸ ਨਾਲ ਯਾਤਰਾ ਆਸਾਨ ਹੋਵੇਗੀ ਅਤੇ ਯਾਤਰੀਆਂ ਦਾ ਸਮਾਂ ਬਚੇਗਾ। ਸ਼੍ਰੀ ਮੋਦੀ ਨੇ ਭੂਮੀਗਤ ਮੈਟਰੋ ਨੂੰ ਵਿਕਾਸਸ਼ੀਲ ਭਾਰਤ ਦਾ ਜੀਵਤ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਮੁੰਬਈ ਵਰਗੇ ਵਿਅਸਤ ਸ਼ਹਿਰ ਵਿੱਚ ਇਤਿਹਾਸਕ ਇਮਾਰਤਾਂ ਨੂੰ ਸੁਰੱਖਿਅਤ ਰੱਖਦੇ ਹੋਏ ਇਸ ਸ਼ਾਨਦਾਰ ਮੈਟਰੋ ਦਾ ਨਿਰਮਾਣ ਭੂਮੀਗਤ ਰੂਪ ਵਿੱਚ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਸ਼ਾਮਲ ਮਜ਼ਦੂਰਾਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਨੌਜਵਾਨਾਂ ਲਈ ਅਣਗਿਣਤ ਮੌਕੇ ਪ੍ਰਦਾਨ ਕਰਦਾ ਹੈ, ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ 60,000 ਕਰੋੜ ਰੁਪਏ ਦੀ ਪੀਐੱਮ ਸੇਤੂ ਯੋਜਨਾ ਦਾ ਜ਼ਿਕਰ ਕੀਤਾ, ਜਿਸ ਦਾ ਮੰਤਵ ਦੇਸ਼ ਭਰ ਦੇ ਵੱਖ-ਵੱਖ ਆਈਟੀਆਈਜ਼ ਨੂੰ ਉਦਯੋਗ ਜਗਤ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਮਹਾਰਾਸ਼ਟਰ ਸਰਕਾਰ ਨੇ ਸੈਂਕੜੇ ਆਈਟੀਆਈਜ਼ ਅਤੇ ਤਕਨੀਕੀ ਸਕੂਲਾਂ ਵਿੱਚ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਡ੍ਰੋਨ, ਰੋਬੋਟਿਕਸ, ਇਲੈਕਟ੍ਰਿਕ ਵਹੀਕਲ, ਸੂਰਜੀ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਵਰਗੀਆਂ ਉੱਭਰਦੀਆਂ ਤਕਨੀਕਾਂ ਦੀ ਸਿਖਲਾਈ ਮਿਲੇਗੀ। ਉਨ੍ਹਾਂ ਨੇ ਮਹਾਰਾਸ਼ਟਰ ਦੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਪੁੱਤਰ ਲੋਕ ਆਗੂ ਸ਼੍ਰੀ ਡੀ. ਬੀ. ਪਾਟਿਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਮਾਜ ਤੇ ਕਿਸਾਨਾਂ ਪ੍ਰਤੀ ਉਨ੍ਹਾਂ ਦੀ ਸਮਰਪਿਤ ਸੇਵਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਪਾਟਿਲ ਦੀ ਸੇਵਾ ਭਾਵਨਾ ਸਾਰਿਆਂ ਲਈ ਪ੍ਰੇਰਣਾ ਹੈ ਅਤੇ ਉਨ੍ਹਾਂ ਦਾ ਜੀਵਨ ਜਨਤਕ ਜੀਵਨ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅੱਜ ਪੂਰਾ ਦੇਸ਼ ਇੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ ਹੈ—ਇੱਕ ਅਜਿਹਾ ਭਾਰਤ ਜੋ ਗਤੀ ਅਤੇ ਪ੍ਰਗਤੀ ਦੋਵਾਂ ਰਾਹੀਂ ਪਰਿਭਾਸ਼ਿਤ ਹੁੰਦਾ ਹੋਵੇ, ਜਿੱਥੇ ਲੋਕ ਕਲਿਆਣ ਸਭ ਤੋਂ ਉੱਪਰ ਹੋਵੇ ਅਤੇ ਸਰਕਾਰੀ ਯੋਜਨਾਵਾਂ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਂਦੀਆਂ ਹੋਣ।” ਉਨ੍ਹਾਂ ਕਿਹਾ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਇਸੇ ਭਾਵਨਾ ਨੇ ਦੇਸ਼ ਦੇ ਹਰ ਕੋਨੇ ਵਿੱਚ ਵਿਕਾਸ ਯਤਨਾਂ ਦਾ ਮਾਰਗਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੰਦੇ ਭਾਰਤ ਸੈਮੀ-ਹਾਈ-ਸਪੀਡ ਟ੍ਰੇਨਾਂ ਪਟੜੀਆਂ ’ਤੇ ਦੌੜਦੀਆਂ ਹਨ, ਜਦੋਂ ਬੁਲੇਟ ਟ੍ਰੇਨ ਪ੍ਰੋਜੈਕਟਾਂ ਨੂੰ ਗਤੀ ਮਿਲਦੀ ਹੈ, ਜਦੋਂ ਚੌੜੇ ਹਾਈਵੇਅ ਅਤੇ ਐਕਸਪ੍ਰੈੱਸਵੇਅ ਨਵੇਂ ਸ਼ਹਿਰਾਂ ਨੂੰ ਜੋੜਦੇ ਹਨ, ਜਦੋਂ ਪਹਾੜਾਂ ਨੂੰ ਚੀਰ ਕੇ ਲੰਬੀਆਂ ਸੁਰੰਗਾਂ ਬਣਾਈਆਂ ਜਾਂਦੀਆਂ ਹਨ ਅਤੇ ਜਦੋਂ ਉੱਚੇ ਸਮੁੰਦਰੀ ਪੁਲ ਦੂਰ-ਦੁਰਾਡੇ ਦੇ ਤੱਟਾਂ ਨੂੰ ਜੋੜਦੇ ਹਨ, ਤਾਂ ਭਾਰਤ ਦੀ ਗਤੀ ਅਤੇ ਪ੍ਰਗਤੀ ਸਪਸ਼ਟ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪ੍ਰਗਤੀ ਭਾਰਤ ਦੇ ਨੌਜਵਾਨਾਂ ਦੀਆਂ ਉਮੰਗਾਂ ਨੂੰ ਨਵੇਂ ਖੰਭ ਦਿੰਦੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਨੇ ਭਾਰਤ ਦੀ ਵਿਕਾਸ ਯਾਤਰਾ ਦੀ ਗਤੀ ਨੂੰ ਜਾਰੀ ਰੱਖਿਆ ਹੈ। ਉਨ੍ਹਾਂ ਇਸ ਗੱਲ ’ਤੇ ਚਾਨਣਾ ਪਾਇਆ ਕਿ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਇੱਕ ਅਜਿਹਾ ਪ੍ਰੋਜੈਕਟ ਹੈ ਜੋ ਇੱਕ ਵਿਕਸਤ ਭਾਰਤ ਦੇ ਨਜ਼ਰੀਏ ਨੂੰ ਦਰਸਾਉਂਦਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦੀ ਧਰਤੀ ’ਤੇ ਬਣਿਆ ਇਹ ਹਵਾਈ ਅੱਡਾ ਕਮਲ ਦੇ ਫੁੱਲ ਵਰਗਾ ਹੈ, ਜੋ ਸੱਭਿਆਚਾਰ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਹਵਾਈ ਅੱਡਾ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਯੂਰਪ ਅਤੇ ਮੱਧ ਪੂਰਬ ਦੀਆਂ ਸੁਪਰਮਾਰਕੀਟਸ ਨਾਲ ਜੋੜੇਗਾ, ਜਿਸ ਨਾਲ ਤਾਜ਼ੀ ਉਪਜ, ਫਲ਼, ਸਬਜ਼ੀਆਂ ਅਤੇ ਮੱਛੀ ਪਾਲਣ ਉਤਪਾਦ ਤੇਜ਼ੀ ਨਾਲ ਆਲਮੀ ਬਜ਼ਾਰਾਂ ਤੱਕ ਪਹੁੰਚ ਸਕਣਗੇ। ਉਨ੍ਹਾਂ ਕਿਹਾ ਕਿ ਇਹ ਹਵਾਈ ਅੱਡਾ ਆਸ-ਪਾਸ ਦੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਨਿਰਯਾਤ ਲਾਗਤ ਨੂੰ ਘਟਾਏਗਾ, ਨਿਵੇਸ਼ ਨੂੰ ਹੁਲਾਰਾ ਦੇਵੇਗਾ ਅਤੇ ਨਵੇਂ ਉੱਦਮਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਨਵੇਂ ਹਵਾਈ ਅੱਡੇ ਲਈ ਮਹਾਰਾਸ਼ਟਰ ਅਤੇ ਮੁੰਬਈ ਦੇ ਲੋਕਾਂ ਨੂੰ ਦਿਲੋਂ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਹੋਵੇ ਅਤੇ ਨਾਗਰਿਕਾਂ ਨੂੰ ਤੇਜ਼ੀ ਨਾਲ ਵਿਕਾਸ ਪ੍ਰਦਾਨ ਕਰਨ ਦੀ ਦ੍ਰਿੜ੍ਹ ਇੱਛਾ-ਸ਼ਕਤੀ ਹੋਵੇ, ਤਾਂ ਨਤੀਜੇ ਜ਼ਰੂਰ ਮਿਲਦੇ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦਾ ਹਵਾਬਾਜ਼ੀ ਖੇਤਰ ਇਸ ਪ੍ਰਗਤੀ ਦਾ ਇੱਕ ਪ੍ਰਮੁੱਖ ਪ੍ਰਮਾਣ ਹੈ। ਅਹੁਦਾ ਸੰਭਾਲਣ ਤੋਂ ਬਾਅਦ 2014 ਵਿੱਚ ਦਿੱਤੇ ਆਪਣੇ ਸੰਬੋਧਨ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਆਪਣਾ ਨਜ਼ਰੀਆ ਦੁਹਰਾਇਆ ਕਿ ਹਵਾਈ ਚੱਪਲ ਪਹਿਨਣ ਵਾਲੇ ਵੀ ਹਵਾਈ ਯਾਤਰਾ ਕਰ ਸਕਣ। ਇਸ ਸੁਪਨੇ ਨੂੰ ਪੂਰਾ ਕਰਨ ਲਈ ਦੇਸ਼ ਭਰ ਵਿੱਚ ਨਵੇਂ ਹਵਾਈ ਅੱਡਿਆਂ ਦਾ ਨਿਰਮਾਣ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਿਸ਼ਨ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਪਿਛਲੇ ਗਿਆਰਾਂ ਸਾਲਾਂ ਵਿੱਚ ਇੱਕ ਤੋਂ ਬਾਅਦ ਇੱਕ ਨਵੇਂ ਹਵਾਈ ਅੱਡਿਆਂ ਦਾ ਨਿਰਮਾਣ ਕੀਤਾ ਗਿਆ ਹੈ। 2014 ਵਿੱਚ ਭਾਰਤ ਵਿੱਚ ਸਿਰਫ਼ 74 ਹਵਾਈ ਅੱਡੇ ਸਨ; ਅੱਜ ਇਹ ਗਿਣਤੀ 160 ਨੂੰ ਪਾਰ ਕਰ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡਿਆਂ ਦੇ ਨਿਰਮਾਣ ਨੇ ਵਸਨੀਕਾਂ ਨੂੰ ਹਵਾਈ ਯਾਤਰਾ ਦੇ ਨਵੇਂ ਬਦਲ ਦਿੱਤੇ ਹਨ। ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਉਡਾਨ ਯੋਜਨਾ ਸ਼ੁਰੂ ਕੀਤੀ, ਜਿਸ ਦਾ ਉਦੇਸ਼ ਆਮ ਨਾਗਰਿਕਾਂ ਲਈ ਹਵਾਈ ਟਿਕਟ ਨੂੰ ਕਿਫ਼ਾਇਤੀ ਬਣਾਉਣਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਲੱਖਾਂ ਲੋਕਾਂ ਨੇ ਇਸ ਯੋਜਨਾ ਤਹਿਤ ਪਹਿਲੀ ਵਾਰ ਹਵਾਈ ਯਾਤਰਾ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੁਪਨੇ ਪੂਰੇ ਹੋਏ ਹਨ।
ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਅਤੇ ਉਡਾਨ ਯੋਜਨਾ ਨਾਲ ਨਾਗਰਿਕਾਂ ਨੂੰ ਮਿਲੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਜ਼ਾਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਏਅਰਲਾਈਨਜ਼ ਕੰਪਨੀਆਂ ਲਗਾਤਾਰ ਵਿਸਥਾਰ ਕਰ ਰਹੀਆਂ ਹਨ ਅਤੇ ਸੈਂਕੜੇ ਨਵੇਂ ਜਹਾਜ਼ਾਂ ਦੇ ਆਰਡਰ ਦੇ ਰਹੀਆਂ ਹਨ। ਇਹ ਵਾਧਾ ਪਾਇਲਟਾਂ, ਕੈਬਿਨ ਕਰੂ, ਇੰਜੀਨੀਅਰਾਂ ਅਤੇ ਜ਼ਮੀਨੀ ਸਟਾਫ਼ ਲਈ ਨਵੇਂ ਮੌਕੇ ਪੈਦਾ ਕਰ ਰਿਹਾ ਹੈ।
ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਜਿਵੇਂ-ਜਿਵੇਂ ਜਹਾਜ਼ਾਂ ਦੀ ਗਿਣਤੀ ਵਧਦੀ ਹੈ, ਰੱਖ-ਰਖਾਅ ਅਤੇ ਮੁਰੰਮਤ ਕਾਰਜਾਂ ਦੀ ਮੰਗ ਵੀ ਵਧਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਲੋੜ ਨੂੰ ਪੂਰਾ ਕਰਨ ਲਈ ਘਰੇਲੂ ਪੱਧਰ ’ਤੇ ਨਵੀਂਆਂ ਸਹੂਲਤਾਂ ਵਿਕਸਿਤ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਦਹਾਕੇ ਦੇ ਅੰਤ ਤੱਕ ਭਾਰਤ ਨੂੰ ਇੱਕ ਪ੍ਰਮੁੱਖ ਐੱਮਆਰਓ (ਰੱਖ-ਰਖਾਅ, ਮੁਰੰਮਤ ਅਤੇ ਪੂਰੀ ਤਰ੍ਹਾਂ ਬਦਲਾਅ (ਓਵਰਹਾਲ)) ਕੇਂਦਰ ਵਜੋਂ ਸਥਾਪਤ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਭਾਰਤ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਮੌਕੇ ਵੀ ਪੈਦਾ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਅਤੇ ਇਸ ਦੀ ਤਾਕਤ ਇਸ ਦੇ ਨੌਜਵਾਨਾਂ ਵਿੱਚ ਹੈ।” ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰ ਸਰਕਾਰੀ ਨੀਤੀ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ’ਤੇ ਕੇਂਦਰਿਤ ਹੈ। ਉਨ੍ਹਾਂ 76,000 ਕਰੋੜ ਰੁਪਏ ਦੀ ਵਧਾਵਨ ਪੋਰਟ ਪ੍ਰੋਜੈਕਟ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧਣ ਨਾਲ ਰੁਜ਼ਗਾਰ ਸਿਰਜਣਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵਪਾਰ ਦਾ ਵਿਸਥਾਰ ਹੁੰਦਾ ਹੈ ਅਤੇ ਲੌਜਿਸਟਿਕਸ ਖੇਤਰ ਨੂੰ ਗਤੀ ਮਿਲਦੀ ਹੈ, ਤਾਂ ਰੁਜ਼ਗਾਰ ਦੀ ਸਿਰਜਣਾ ਹੁੰਦੀ ਹੈ।
ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਅਜਿਹੇ ਕਦਰਾਂ-ਕੀਮਤਾਂ ਵਿੱਚ ਪਲਿਆ-ਵਧਿਆ ਹੈ ਜਿੱਥੇ ਰਾਸ਼ਟਰੀ ਨੀਤੀ ਰਾਜਨੀਤੀ ਦਾ ਆਧਾਰ ਬਣਦੀ ਹੈ। ਸਰਕਾਰ ਲਈ ਬੁਨਿਆਦੀ ਢਾਂਚੇ ’ਤੇ ਖ਼ਰਚ ਕੀਤਾ ਗਿਆ ਹਰ ਰੁਪਇਆ ਨਾਗਰਿਕਾਂ ਦੀ ਸਹੂਲਤ ਅਤੇ ਸਮਰੱਥਾ ਵਧਾਉਣ ਦਾ ਇੱਕ ਸਾਧਨ ਹੈ। ਉਨ੍ਹਾਂ ਨੇ ਇਸ ਦੀ ਤੁਲਨਾ ਦੇਸ਼ ਦੀ ਉਸ ਰਾਜਨੀਤਿਕ ਧਾਰਾ ਨਾਲ ਕੀਤੀ, ਜੋ ਜਨ ਕਲਿਆਣ ਤੋਂ ਵੱਧ ਸੱਤਾ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾਉਂਦੇ ਹਨ ਅਤੇ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਰਾਹੀਂ ਪ੍ਰੋਜੈਕਟਾਂ ਨੂੰ ਲੀਹੋਂ ਲਾਹ ਦਿੰਦੇ ਹਨ, ਅਤੇ ਦੇਸ਼ ਦਹਾਕਿਆਂ ਤੋਂ ਇਸ ਤਰ੍ਹਾਂ ਦੇ ਕੁਸ਼ਾਸਨ ਦਾ ਗਵਾਹ ਰਿਹਾ ਹੈ।
ਇਹ ਜ਼ਿਕਰ ਕਰਦਿਆਂ ਕਿ ਅੱਜ ਮੈਟਰੋ ਲਾਈਨ ਦਾ ਉਦਘਾਟਨ ਹੋਇਆ ਹੈ, ਪਰ ਇਹ ਮੈਟਰੋ ਕੁਝ ਪਿਛਲੀਆਂ ਸਰਕਾਰਾਂ ਦੇ ਕੰਮਾਂ ਦੀ ਯਾਦ ਦਿਵਾਉਂਦੀ ਹੈ, ਸ਼੍ਰੀ ਮੋਦੀ ਨੇ ਇਸ ਦੇ ਨੀਂਹ ਪੱਥਰ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਨੂੰ ਯਾਦ ਕੀਤਾ, ਜਿਸ ਨੇ ਮੁੰਬਈ ਦੇ ਲੱਖਾਂ ਪਰਿਵਾਰਾਂ ਵਿੱਚ ਮੁਸ਼ਕਲਾਂ ਘੱਟ ਹੋਣ ਦੀ ਉਮੀਦ ਜਗਾਈ ਸੀ। ਉਨ੍ਹਾਂ ਟਿੱਪਣੀ ਕੀਤੀ ਕਿ ਬਾਅਦ ਦੀ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ, ਜਿਸ ਨਾਲ ਦੇਸ਼ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਕਈ ਸਾਲਾਂ ਤੱਕ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਮੈਟਰੋ ਲਾਈਨ ਦੇ ਪੂਰਾ ਹੋਣ ਨਾਲ ਦੋ ਤੋਂ ਢਾਈ ਘੰਟੇ ਦਾ ਸਫ਼ਰ ਹੁਣ ਸਿਰਫ਼ 30 ਤੋਂ 40 ਮਿੰਟਾਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੰਬਈ ਵਰਗੇ ਸ਼ਹਿਰ ਵਿੱਚ, ਜਿੱਥੇ ਹਰ ਮਿੰਟ ਮਾਇਨੇ ਰੱਖਦਾ ਹੈ, ਨਾਗਰਿਕਾਂ ਨੂੰ ਤਿੰਨ-ਚਾਰ ਸਾਲ ਤੱਕ ਇਸ ਸਹੂਲਤ ਤੋਂ ਵਾਂਝਾ ਰੱਖਿਆ ਗਿਆ, ਉਨ੍ਹਾਂ ਨੇ ਇਸ ਨੂੰ ਘੋਰ ਅਨਿਆਂ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਗਿਆਰਾਂ ਸਾਲਾਂ ਤੋਂ ਸਰਕਾਰ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ’ਤੇ ਜ਼ੋਰ ਦੇ ਰਹੀ ਹੈ।” ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੇਲਵੇ, ਸੜਕਾਂ, ਹਵਾਈ ਅੱਡਿਆਂ, ਮੈਟਰੋ ਅਤੇ ਇਲੈਕਟ੍ਰਿਕ ਬੱਸਾਂ ਵਰਗੀਆਂ ਸਹੂਲਤਾਂ ਵਿੱਚ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਵਿਕਾਸ ਦੀਆਂ ਉਦਾਹਰਣਾਂ ਵਜੋਂ ਅਟਲ ਸੇਤੂ ਅਤੇ ਕੋਸਟਲ ਰੋਡ ਵਰਗੇ ਪ੍ਰੋਜੈਕਟਾਂ ਦਾ ਹਵਾਲਾ ਦਿੱਤਾ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਲਈ ਆਵਾਜਾਈ ਦੇ ਸਾਰੇ ਸਾਧਨਾਂ ਨੂੰ ਏਕੀਕ੍ਰਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਯਾਤਰੀਆਂ ਨੂੰ ਸਾਧਨ ਬਦਲਣ ਦੀ ਲੋੜ ਖ਼ਤਮ ਹੋ ਜਾਵੇਗੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ‘ਇੱਕ ਰਾਸ਼ਟਰ, ਇੱਕ ਗਤੀਸ਼ੀਲਤਾ’ ਦੇ ਦ੍ਰਿਸ਼ਟੀਕੋਣ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੰਬਈ ਵੰਨ ਐਪ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ, ਜੋ ਨਾਗਰਿਕਾਂ ਨੂੰ ਟਿਕਟਾਂ ਲਈ ਲੰਬੀਆਂ ਕਤਾਰਾਂ ਤੋਂ ਬਚਣ ਦੇ ਯੋਗ ਬਣਾਉਂਦਾ ਹੈ। ਇਸ ਐਪ ਰਾਹੀਂ, ਲੋਕਲ ਟ੍ਰੇਨਾਂ, ਬੱਸਾਂ, ਮੈਟਰੋ ਅਤੇ ਟੈਕਸੀਆਂ ਵਿੱਚ ਇੱਕੋ ਟਿਕਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਰਾਜਧਾਨੀ ਅਤੇ ਸਭ ਤੋਂ ਜੀਵਤ ਸ਼ਹਿਰਾਂ ਵਿੱਚੋਂ ਇੱਕ, ਮੁੰਬਈ ਨੂੰ 2008 ਦੇ ਹਮਲਿਆਂ ਵਿੱਚ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਸੱਤਾ ਵਿੱਚ ਰਹੀ ਸਰਕਾਰ ਨੇ ਕਮਜ਼ੋਰੀ ਦਾ ਸੰਦੇਸ਼ ਦਿੱਤਾ ਅਤੇ ਅੱਤਵਾਦ ਅੱਗੇ ਗੋਡੇ ਟੇਕ ਦਿੱਤੇ। ਸ਼੍ਰੀ ਮੋਦੀ ਨੇ ਵਿਰੋਧੀ ਧਿਰ ਦੇ ਇੱਕ ਸੀਨੀਅਰ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਦੁਆਰਾ ਹਾਲ ਹੀ ਵਿੱਚ ਕੀਤੇ ਇੱਕ ਖ਼ੁਲਾਸੇ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਪਾਕਿਸਤਾਨ ’ਤੇ ਹਮਲਾ ਕਰਨ ਲਈ ਤਿਆਰ ਸਨ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਕਾਰਵਾਈ ਦਾ ਸਮਰਥਨ ਕਰਦਾ ਸੀ। ਹਾਲਾਂਕਿ, ਵਿਰੋਧੀ ਨੇਤਾ ਅਨੁਸਾਰ ਸਰਕਾਰ ਨੇ ਇੱਕ ਵਿਦੇਸ਼ੀ ਦਬਾਅ ਕਾਰਨ ਫ਼ੌਜੀ ਕਾਰਵਾਈ ਰੋਕ ਦਿੱਤੀ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਤੋਂ ਇਹ ਸਪਸ਼ਟ ਕਰਨ ਦੀ ਮੰਗ ਕੀਤੀ ਕਿ ਇਸ ਫ਼ੈਸਲੇ ਨੂੰ ਕਿਸ ਨੇ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੇ ਮੁੰਬਈ ਅਤੇ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਦੀ ਕਮਜ਼ੋਰੀ ਨੇ ਅੱਤਵਾਦੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ, ਜਿਸ ਦੀ ਕੀਮਤ ਦੇਸ਼ ਨੂੰ ਬੇਕਸੂਰ ਲੋਕਾਂ ਦੀਆਂ ਜਾਨਾਂ ਦੇ ਕੇ ਚੁਕਾਉਣੀ ਪਈ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਲਈ ਰਾਸ਼ਟਰ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਤੋਂ ਵਧ ਕੇ ਕੁਝ ਵੀ ਨਹੀਂ ਹੈ।” ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਪੂਰੀ ਤਾਕਤ ਨਾਲ ਜਵਾਬ ਦਿੰਦਾ ਹੈ ਅਤੇ ਦੁਸ਼ਮਣ ਦੀ ਧਰਤੀ ’ਤੇ ਹਮਲਾ ਕਰਦਾ ਹੈ, ਜਿਵੇਂ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਦੁਨੀਆ ਭਰ ਵਿੱਚ ਦੇਖਿਆ ਅਤੇ ਸਵੀਕਾਰ ਕੀਤਾ ਗਿਆ ਸੀ।
ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗ਼ਰੀਬਾਂ, ਨਵ-ਮੱਧ ਵਰਗ ਅਤੇ ਮੱਧ ਵਰਗ ਨੂੰ ਸ਼ਕਤੀਸ਼ਾਲੀ ਬਣਾਉਣਾ ਰਾਸ਼ਟਰੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਪਰਿਵਾਰਾਂ ਨੂੰ ਸਹੂਲਤਾਂ ਅਤੇ ਸਨਮਾਨ ਮਿਲਦਾ ਹੈ, ਤਾਂ ਉਨ੍ਹਾਂ ਦੀ ਸਮਰੱਥਾ ਵਧਦੀ ਹੈ ਅਤੇ ਨਾਗਰਿਕਾਂ ਦੀ ਸਮੂਹਿਕ ਸ਼ਕਤੀ ਰਾਸ਼ਟਰ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੀਐੱਸਟੀ ਵਿੱਚ ਹਾਲ ਹੀ ਵਿੱਚ ਕੀਤੇ ਗਏ ਅਗਲੀ ਪੀੜ੍ਹੀ ਦੇ ਸੁਧਾਰਾਂ ਨੇ ਕਈ ਵਸਤੂਆਂ ਨੂੰ ਹੋਰ ਕਿਫ਼ਾਇਤੀ ਬਣਾ ਦਿੱਤਾ ਹੈ, ਜਿਸ ਨਾਲ ਲੋਕਾਂ ਦੀ ਖ਼ਰੀਦ ਸ਼ਕਤੀ ਹੋਰ ਵਧੀ ਹੈ। ਬਜ਼ਾਰ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ, ਉਨ੍ਹਾਂ ਦੱਸਿਆ ਕਿ ਇਸ ਨਰਾਤਿਆਂ ਦੇ ਸੀਜ਼ਨ ਨੇ ਕਈ ਸਾਲਾਂ ਦੇ ਵਿੱਕਰੀ ਰਿਕਾਰਡ ਤੋੜ ਦਿੱਤੇ ਹਨ, ਜਿੱਥੇ ਰਿਕਾਰਡ ਗਿਣਤੀ ਵਿੱਚ ਲੋਕਾਂ ਨੇ ਸਕੂਟਰ, ਮੋਟਰਸਾਈਕਲ, ਟੈਲੀਵਿਜ਼ਨ, ਫ਼ਰਿਜ ਅਤੇ ਵਾਸ਼ਿੰਗ ਮਸ਼ੀਨਾਂ ਖਰੀਦੀਆਂ ਹਨ।
ਇਹ ਕਹਿੰਦਿਆਂ ਕਿ ਸਰਕਾਰ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣਾ ਜਾਰੀ ਰੱਖੇਗੀ, ਸ਼੍ਰੀ ਮੋਦੀ ਨੇ ਸਾਰਿਆਂ ਨੂੰ ਸਵਦੇਸ਼ੀ ਅਪਣਾਉਣ ਅਤੇ ਮਾਣ ਨਾਲ ਇਸ ਗੱਲ ਨੂੰ ਕਹਿਣ ਦੀ ਅਪੀਲ ਕੀਤੀ, “ਇਹ ਸਵਦੇਸ਼ੀ ਹੈ” - ਇੱਕ ਅਜਿਹਾ ਮੰਤਰ ਜੋ ਹਰ ਘਰ ਅਤੇ ਬਜ਼ਾਰ ਵਿੱਚ ਗੂੰਜਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਹਰ ਨਾਗਰਿਕ ਸਵਦੇਸ਼ੀ ਕੱਪੜੇ ਅਤੇ ਜੁੱਤੇ ਖਰੀਦਦਾ ਹੈ, ਸਵਦੇਸ਼ੀ ਉਤਪਾਦ ਘਰ ਲਿਆਉਂਦਾ ਹੈ ਅਤੇ ਸਵਦੇਸ਼ੀ ਤੋਹਫ਼ੇ ਦਿੰਦਾ ਹੈ, ਤਾਂ ਦੇਸ਼ ਦੀ ਦੌਲਤ ਦੇਸ਼ ਵਿੱਚ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤੀ ਕਾਮਿਆਂ ਲਈ ਰੁਜ਼ਗਾਰ ਪੈਦਾ ਹੋਵੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹ ਕਲਪਨਾ ਕਰਨ ਲਈ ਉਤਸ਼ਾਹਿਤ ਕੀਤਾ ਕਿ ਜਦੋਂ ਪੂਰਾ ਦੇਸ਼ ਸਵਦੇਸ਼ੀ ਅਪਣਾਵੇਗਾ ਤਾਂ ਭਾਰਤ ਨੂੰ ਕਿੰਨੀ ਵੱਡੀ ਤਾਕਤ ਮਿਲੇਗੀ।
ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਆਪਣਾ ਸੰਬੋਧਨ ਸਮਾਪਤ ਕੀਤਾ ਕਿ ਭਾਰਤ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਮਹਾਰਾਸ਼ਟਰ ਹਮੇਸ਼ਾ ਤੋਂ ਸਭ ਤੋਂ ਅੱਗੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਦੀਆਂ ਉਨ੍ਹਾਂ ਦੀਆਂ ਸਰਕਾਰਾਂ ਮਹਾਰਾਸ਼ਟਰ ਦੇ ਹਰ ਸ਼ਹਿਰ ਅਤੇ ਪਿੰਡ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਅਣਥੱਕ ਯਤਨ ਕਰਦੀਆਂ ਰਹਿਣਗੀਆਂ। ਉਨ੍ਹਾਂ ਨੇ ਵਿਕਾਸ ਪਹਿਲਕਦਮੀਆਂ ਲਈ ਸਾਰਿਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ, ਕੇਂਦਰੀ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਸ਼੍ਰੀ ਰਾਮਮੋਹਨ ਨਾਇਡੂ ਕਿੰਜਰਾਪੁ, ਸ਼੍ਰੀ ਮੁਰਲੀਧਰ ਮੋਹੋਲ, ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸ਼੍ਰੀ ਕੇਈਚੀ ਓਨੋ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛੋਕੜ
ਭਾਰਤ ਨੂੰ ਇੱਕ ਆਲਮੀ ਹਵਾਬਾਜ਼ੀ ਕੇਂਦਰ ਬਣਾਉਣ ਦੇ ਆਪਣੇ ਨਜ਼ਰੀਏ ਅਨੁਸਾਰ ਪ੍ਰਧਾਨ ਮੰਤਰੀ ਨੇ ਲਗਭਗ 19,650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (ਐੱਨਐੱਮਆਈਏ) ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।
ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦਾ ਸਭ ਤੋਂ ਵੱਡਾ ਗ੍ਰੀਨਫੀਲਡ ਹਵਾਈ ਅੱਡਾ ਪ੍ਰੋਜੈਕਟ ਹੈ, ਜਿਸ ਨੂੰ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਤਹਿਤ ਵਿਕਸਤ ਕੀਤਾ ਗਿਆ ਹੈ। ਮੁੰਬਈ ਮਹਾਂਨਗਰੀ ਖੇਤਰ ਦੇ ਦੂਸਰੇ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਐੱਨਐੱਮਆਈਏ, ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (ਸੀਐੱਸਐੱਮਆਈਏ) ਨਾਲ ਮਿਲ ਕੇ ਕੰਮ ਕਰੇਗਾ ਤਾਂ ਜੋ ਭੀੜ ਘੱਟ ਹੋਵੇ ਅਤੇ ਮੁੰਬਈ ਨੂੰ ਗਲੋਬਲ ਬਹੁ-ਹਵਾਈ ਅੱਡਾ ਪ੍ਰਣਾਲੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਸਕੇ। 1160 ਹੈਕਟੇਅਰ ਖੇਤਰ ਵਾਲੇ ਇਸ ਹਵਾਈ ਅੱਡੇ ਨੂੰ ਦੁਨੀਆ ਦੇ ਸਭ ਤੋਂ ਕੁਸ਼ਲ ਹਵਾਈ ਅੱਡਿਆਂ ਵਿੱਚੋਂ ਇੱਕ ਵਜੋਂ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਸਾਲਾਨਾ 9 ਕਰੋੜ ਯਾਤਰੀਆਂ (ਐੱਮਪੀਪੀਏ) ਨੂੰ ਸੰਭਾਲਣ ਅਤੇ 3.25 ਮਿਲੀਅਨ ਮੀਟ੍ਰਿਕ ਟਨ ਮਾਲ ਦੀ ਢੋਆ-ਢੁਆਈ ਕਰਨ ਦੇ ਸਮਰੱਥ ਹੋਵੇਗਾ।
ਇਸ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਵਿੱਚ ਇੱਕ ਆਟੋਮੇਟਿਡ ਪੀਪਲ ਮੂਵਰ (ਏਪੀਐੱਮ) ਸ਼ਾਮਲ ਹੈ, ਇੱਕ ਅਜਿਹੀ ਆਵਾਜਾਈ ਪ੍ਰਣਾਲੀ, ਜੋ ਸਾਰੇ ਚਾਰ ਯਾਤਰੀ ਟਰਮੀਨਲਾਂ ਨੂੰ ਨਿਰਵਿਘਨ ਅੰਤਰ-ਟਰਮੀਨਲ ਤਬਾਦਲੇ ਲਈ ਆਪਸ ਵਿੱਚ ਜੋੜੇਗੀ, ਇਸ ਦੇ ਨਾਲ ਹੀ ਇੱਕ ਲੈਂਡਸਾਈਡ ਏਪੀਐੱਮ ਵੀ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਏਕੀਕ੍ਰਿਤ ਕਰੇਗਾ। ਟਿਕਾਊ ਅਭਿਆਸਾਂ ਅਨੁਸਾਰ ਹਵਾਈ ਅੱਡੇ ਵਿੱਚ ਸਥਾਈ ਹਵਾਬਾਜ਼ੀ ਈਂਧਨ (ਐੱਸਏਐੱਫ) ਲਈ ਸਮਰਪਿਤ ਭੰਡਾਰਨ ਹੋਵੇਗਾ, ਲਗਭਗ 47 ਮੈਗਾਵਾਟ ਸੂਰਜੀ ਊਰਜਾ ਦਾ ਉਤਪਾਦਨ ਹੋਵੇਗਾ ਅਤੇ ਪੂਰੇ ਸ਼ਹਿਰ ਵਿੱਚ ਜਨਤਕ ਸੰਪਰਕ ਲਈ ਈਵੀ ਬੱਸ ਸੇਵਾਵਾਂ ਉਪਲਬਧ ਹੋਣਗੀਆਂ। ਐੱਨਐੱਮਆਈਏ ਦੇਸ਼ ਦਾ ਪਹਿਲਾ ਹਵਾਈ ਅੱਡਾ ਹੋਵੇਗਾ, ਜੋ ਵਾਟਰ ਟੈਕਸੀ ਨਾਲ ਜੁੜਿਆ ਹੋਵੇਗਾ।
ਪ੍ਰਧਾਨ ਮੰਤਰੀ ਨੇ ਆਚਾਰੀਆ ਅਤਰੇ ਚੌਕ ਤੋਂ ਕਫ ਪਰੇਡ ਤੱਕ ਫੈਲੀ ਮੁੰਬਈ ਮੈਟਰੋ ਲਾਈਨ-3 ਦੇ ਪੜਾਅ 2ਬੀ ਦਾ ਉਦਘਾਟਨ ਕੀਤਾ, ਜਿਸ ਦਾ ਨਿਰਮਾਣ ਲਗਭਗ 12,200 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ 37,270 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਵਾਲੀ ਪੂਰੀ ਮੁੰਬਈ ਮੈਟਰੋ ਲਾਈਨ 3 (ਐਕਵਾ ਲਾਈਨ) ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਸ਼ਹਿਰ ਦੇ ਸ਼ਹਿਰੀ ਆਵਾਜਾਈ ਪਰਿਵਰਤਨ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ।
ਮੁੰਬਈ ਦੀ ਪਹਿਲੀ ਅਤੇ ਇੱਕੋ-ਇੱਕ ਪੂਰੀ ਤਰ੍ਹਾਂ ਭੂਮੀਗਤ ਮੈਟਰੋ ਲਾਈਨ ਵਜੋਂ ਇਹ ਪ੍ਰੋਜੈਕਟ ਮੁੰਬਈ ਮਹਾਂਨਗਰੀ ਖੇਤਰ (ਐੱਮਐੱਮਆਰ) ਵਿੱਚ ਆਵਾਜਾਈ ਨੂੰ ਨਵਾਂ ਰੂਪ ਦੇਵੇਗਾ ਅਤੇ ਲੱਖਾਂ ਵਸਨੀਕਾਂ ਲਈ ਇੱਕ ਤੇਜ਼, ਵਧੇਰੇ ਕੁਸ਼ਲ ਅਤੇ ਆਧੁਨਿਕ ਆਵਾਜਾਈ ਹੱਲ ਪ੍ਰਦਾਨ ਕਰੇਗਾ।
ਕਫ ਪਰੇਡ ਤੋਂ ਆਰੇ ਜੇਵੀਐੱਲਆਰ ਤੱਕ 33.5 ਕਿੱਲੋਮੀਟਰ ਲੰਬੀ 27 ਸਟੇਸ਼ਨਾਂ ਵਾਲੀ ਮੁੰਬਈ ਮੈਟਰੋ ਲਾਈਨ-3 ਰੋਜ਼ਾਨਾ 13 ਲੱਖ ਯਾਤਰੀਆਂ ਨੂੰ ਸੇਵਾ ਦੇਵੇਗੀ। ਪ੍ਰੋਜੈਕਟ ਦਾ ਅੰਤਿਮ ਪੜਾਅ 2ਬੀ ਦੱਖਣੀ ਮੁੰਬਈ ਦੇ ਵਿਰਾਸਤੀ ਅਤੇ ਸਭਿਆਚਾਰਕ ਜ਼ਿਲ੍ਹਿਆਂ ਜਿਵੇਂ ਕਿ ਫੋਰਟ, ਕਾਲਾ ਘੋੜਾ ਅਤੇ ਮਰੀਨ ਡਰਾਈਵ ਨੂੰ ਨਿਰਵਿਘਨ ਆਵਾਜਾਈ-ਸੰਪਰਕ ਪ੍ਰਦਾਨ ਕਰੇਗਾ, ਨਾਲ ਹੀ ਬੰਬੇ ਹਾਈ ਕੋਰਟ, ਮੰਤਰਾਲਾ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਬੰਬੇ ਸਟਾਕ ਐਕਸਚੇਂਜ (ਬੀਐੱਸਈ) ਅਤੇ ਨਰੀਮਨ ਪੁਆਇੰਟ ਸਮੇਤ ਪ੍ਰਮੁੱਖ ਪ੍ਰਸ਼ਾਸਨਿਕ ਅਤੇ ਵਿੱਤੀ ਕੇਂਦਰਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰੇਗਾ।
ਮੈਟਰੋ ਲਾਈਨ-3 ਨੂੰ ਰੇਲਵੇ, ਹਵਾਈ ਅੱਡਿਆਂ, ਹੋਰ ਮੈਟਰੋ ਲਾਈਨਾਂ ਅਤੇ ਮੋਨੋਰੇਲ ਸੇਵਾਵਾਂ ਸਮੇਤ ਆਵਾਜਾਈ ਦੇ ਹੋਰ ਸਾਧਨਾਂ ਨਾਲ ਕੁਸ਼ਲ ਏਕੀਕਰਨ ਨੂੰ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਅੰਤਿਮ ਸਥਾਨ ਤੱਕ ਆਵਾਜਾਈ-ਸੰਪਰਕ ਸਹੂਲਤ ਵਿੱਚ ਸੁਧਾਰ ਹੋਵੇਗਾ ਅਤੇ ਮਹਾਂਨਗਰੀ ਖੇਤਰ ਵਿੱਚ ਭੀੜ ਘੱਟ ਹੋਵੇਗੀ।
ਪ੍ਰਧਾਨ ਮੰਤਰੀ ਨੇ ਮੈਟਰੋ, ਮੋਨੋਰੇਲ, ਉਪਨਗਰੀ ਰੇਲਵੇ ਅਤੇ ਬੱਸ ਪੀਟੀਓ ਦੇ 11 ਜਨਤਕ ਆਵਾਜਾਈ ਆਪਰੇਟਰਾਂ (ਪੀਟੀਓ) ਲਈ ਏਕੀਕ੍ਰਿਤ ਕਾਮਨ ਮੋਬਲਿਟੀ ਐਪ "ਮੁੰਬਈ ਵੰਨ" ਵੀ ਲਾਂਚ ਕੀਤੀ। ਇਨ੍ਹਾਂ ਵਿੱਚ ਮੁੰਬਈ ਮੈਟਰੋ ਲਾਈਨ 2ਏ ਅਤੇ 7, ਮੁੰਬਈ ਮੈਟਰੋ ਲਾਈਨ 3, ਮੁੰਬਈ ਮੈਟਰੋ ਲਾਈਨ 1, ਮੁੰਬਈ ਮੋਨੋਰੇਲ, ਨਵੀਂ ਮੁੰਬਈ ਮੈਟਰੋ, ਮੁੰਬਈ ਉਪਨਗਰੀ ਰੇਲਵੇ, ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟ੍ਰਾਂਸਪੋਰਟ (ਬੈੱਸਟ), ਠਾਣੇ ਨਗਰ ਟ੍ਰਾਂਸਪੋਰਟ, ਮੀਰਾ ਭਯੰਦਰ ਨਗਰ ਟ੍ਰਾਂਸਪੋਰਟ, ਕਲਿਆਣ ਡੋਂਬਿਵਲੀ ਨਗਰ ਟ੍ਰਾਂਸਪੋਰਟ ਅਤੇ ਨਵੀਂ ਮੁੰਬਈ ਨਗਰ ਟ੍ਰਾਂਸਪੋਰਟ ਸ਼ਾਮਲ ਹਨ।
ਮੁੰਬਈ ਵੰਨ ਐਪ ਯਾਤਰੀਆਂ ਨੂੰ ਕਈ ਲਾਭ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸ਼ਾਮਲ ਹਨ, ਕਈ ਜਨਤਕ ਆਵਾਜਾਈ ਆਪਰੇਟਰਾਂ ਲਈ ਏਕੀਕ੍ਰਿਤ ਮੋਬਾਈਲ ਟਿਕਟ ਪ੍ਰਣਾਲੀ, ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਕੇ ਕਤਾਰਾਂ ਤੋਂ ਮੁਕਤੀ ਅਤੇ ਕਈ ਆਵਾਜਾਈ ਸਾਧਨਾਂ ਵਾਲੀਆਂ ਯਾਤਰਾਵਾਂ ਲਈ ਸਿੰਗਲ ਡਾਇਨਾਮਿਕ ਟਿਕਟ ਰਾਹੀਂ ਨਿਰਵਿਘਨ ਮਲਟੀਮੋਡਲ ਆਵਾਜਾਈ-ਸੰਪਰਕ ਸਹੂਲਤ। ਇਹ ਦੇਰੀ, ਬਦਲਵੇਂ ਰਸਤਿਆਂ ਅਤੇ ਅਨੁਮਾਨਿਤ ਆਮਦ ਦੇ ਸਮੇਂ ਬਾਰੇ ਅਸਲ ਸਮੇਂ ਦਾ ਅਪਡੇਟ ਵੀ ਪ੍ਰਦਾਨ ਕਰਦੀ ਹੈ, ਨਾਲ ਹੀ ਇਹ ਆਸ-ਪਾਸ ਦੇ ਸਟੇਸ਼ਨਾਂ, ਆਕਰਸ਼ਣਾਂ ਅਤੇ ਦਰਸ਼ਨੀ ਸਥਾਨਾਂ ਦੀ ਨਕਸ਼ਾ-ਅਧਾਰਿਤ ਜਾਣਕਾਰੀ ਦਿੰਦੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਐੱਸਓਐੱਸ ਸਹੂਲਤ ਵੀ ਪ੍ਰਦਾਨ ਕਰਦੀ ਹੈ। ਇਹ ਸਾਰੀਆਂ ਸਹੂਲਤਾਂ ਮਿਲ ਕੇ ਸਹੂਲਤ, ਕੁਸ਼ਲਤਾ ਅਤੇ ਸੁਰੱਖਿਆ ਨੂੰ ਵਧਾਉਂਦੀਆਂ ਹਨ ਅਤੇ ਪੂਰੇ ਮੁੰਬਈ ਵਿੱਚ ਜਨਤਕ ਆਵਾਜਾਈ ਦੇ ਤਜ਼ਰਬੇ ਨੂੰ ਬਦਲ ਦਿੰਦੀਆਂ ਹਨ।
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਹੁਨਰ, ਰੁਜ਼ਗਾਰ, ਉਦਮਤਾ ਅਤੇ ਨਵੀਨਤਾ ਵਿਭਾਗ ਦੀ ਇੱਕ ਮੋਹਰੀ ਪਹਿਲ, ਥੋੜ੍ਹੇ ਸਮੇਂ ਦੇ ਰੁਜ਼ਗਾਰ ਯੋਗਤਾ ਪ੍ਰੋਗਰਾਮ (ਐੱਸਟੀਈਪੀ) ਦਾ ਵੀ ਉਦਘਾਟਨ ਕੀਤਾ। ਇਹ ਪ੍ਰੋਗਰਾਮ 400 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈਜ਼) ਅਤੇ 150 ਸਰਕਾਰੀ ਤਕਨੀਕੀ ਹਾਈ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ, ਜੋ ਰੁਜ਼ਗਾਰ ਯੋਗਤਾ ਵਧਾਉਣ ਲਈ ਹੁਨਰ ਵਿਕਾਸ ਨੂੰ ਉਦਯੋਗ ਦੀਆਂ ਲੋੜਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਐੱਸਟੀਈਪੀ ਤਹਿਤ 2,500 ਨਵੇਂ ਸਿਖਲਾਈ ਬੈਚ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਔਰਤਾਂ ਲਈ 364 ਵਿਸ਼ੇਸ਼ ਬੈਚ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ), ਇਲੈਕਟ੍ਰਿਕ ਵਹੀਕਲ (ਈਵੀ), ਸੂਰਜੀ ਊਰਜਾ ਅਤੇ ਐਡਿਟਿਵ ਮੈਨੂਫੈਕਚਰਿੰਗ ਵਰਗੇ ਉੱਭਰਦੇ ਤਕਨਾਲੋਜੀ ਕੋਰਸਾਂ ਲਈ 408 ਬੈਚ ਸ਼ਾਮਲ ਹਨ।
***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2176675)
Visitor Counter : 6
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam