ਪ੍ਰਧਾਨ ਮੰਤਰੀ ਦਫਤਰ
ਨਵੀਂ ਦਿੱਲੀ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸ਼ਤਾਬਦੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
02 OCT 2025 11:15AM by PIB Chandigarh
ਮੰਚ 'ਤੇ ਬਿਰਾਜਮਾਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਕਾਰਯਵਾਹ ਮਾਣਯੋਗ ਦੱਤਾਤ੍ਰੇਯ ਹੋਸਬੋਲੇ ਜੀ, ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸ਼ੇਖਾਵਤ ਜੀ, ਦਿੱਲੀ ਦੀ ਪ੍ਰਸਿੱਧ ਮੁੱਖ ਮੰਤਰੀ ਰੇਖਾ ਗੁਪਤਾ ਜੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਾਰੇ ਸਵੈਮ ਸੇਵਕ, ਹੋਰ ਸਾਰੇ ਸੀਨੀਅਰ ਪਤਵੰਤੇ, ਦੇਵੀਓ ਅਤੇ ਸੱਜਣੋ!
ਕੱਲ੍ਹ ਅਸੀਂ ਆਪਣੇ ਇੱਕ ਪੁਰਾਣੇ ਸਵੈਮ ਸੇਵਕ ਅਤੇ ਸੰਘ ਦੇ ਹਰ ਮੋੜ ਤੇ ਕਿਤੇ ਨਾ ਕਿਤੇ ਉਨ੍ਹਾਂ ਦਾ ਸਥਾਨ ਰਿਹਾ ਹੈ, ਅਜਿਹੇ ਵਿਜੈ ਕੁਮਾਰ ਮਲਹੋਤਰਾ ਜੀ ਨੂੰ ਅਸੀਂ ਗੁਆ ਦਿੱਤਾ ਹੈ। ਮੈਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਦਰ ਸਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ।
ਸਾਥੀਓ,
ਅੱਜ ਮਹਾਨੌਮੀ ਹੈ। ਅੱਜ ਦੇਵੀ ਸਿੱਧੀਦਾਤਰੀ ਦਾ ਦਿਨ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਨਰਾਤਿਆਂ ਦੀ ਵਧਾਈ ਦਿੰਦਾ ਹਾਂ। ਕੱਲ੍ਹ ਦੁਸਹਿਰੇ ਦਾ ਤਿਉਹਾਰ ਹੈ, ਬੇਇਨਸਾਫ਼ੀ 'ਤੇ ਇਨਸਾਫ਼ ਦੀ ਜਿੱਤ, ਝੂਠ 'ਤੇ ਸੱਚ ਦੀ ਜਿੱਤ, ਹਨੇਰੇ 'ਤੇ ਰੋਸ਼ਨੀ ਦੀ ਜਿੱਤ, ਦੁਸਹਿਰਾ ਭਾਰਤੀ ਸੰਸਕ੍ਰਿਤੀ ਦੇ ਇਸ ਵਿਚਾਰ ਅਤੇ ਵਿਸ਼ਵਾਸ ਦਾ ਸਦੀਵੀ ਐਲਾਨ ਹੈ। ਅਜਿਹੇ ਮਹਾਨ ਤਿਉਹਾਰ 'ਤੇ 100 ਸਾਲ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ, ਇਹ ਕੋਈ ਇਤਫ਼ਾਕ ਨਹੀਂ ਸੀ। ਇਹ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਉਸ ਪਰੰਪਰਾ ਦੀ ਪੁਨਰ-ਸੁਰਜੀਤੀ ਸੀ, ਜਿਸ ਵਿੱਚ ਰਾਸ਼ਟਰੀ ਚੇਤਨਾ ਸਮੇਂ-ਸਮੇਂ 'ਤੇ ਉਸ ਯੁੱਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ-ਨਵੇਂ ਅਵਤਾਰਾਂ ਵਿੱਚ ਪ੍ਰਗਟ ਹੁੰਦੀ ਹੈ। ਇਸ ਯੁੱਗ ਵਿੱਚ ਸੰਘ ਉਸੇ ਸਦੀਵੀ ਰਾਸ਼ਟਰੀ ਚੇਤਨਾ ਦਾ ਪਵਿੱਤਰ ਅਵਤਾਰ ਹੈ।
ਸਾਥੀਓ,
ਇਹ ਸਾਡੀ ਪੀੜ੍ਹੀ ਦੇ ਸਵੈਮ ਸੇਵਕਾਂ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਸੰਘ ਦੇ ਸ਼ਤਾਬਦੀ ਸਾਲ ਵਰਗਾ ਮਹਾਨ ਮੌਕਾ ਦੇਖਣ ਨੂੰ ਮਿਲ ਰਿਹਾ ਹੈ। ਮੈਂ ਅੱਜ ਇਸ ਮੌਕੇ 'ਤੇ ਦੇਸ਼ ਸੇਵਾ ਦੇ ਸੰਕਲਪ ਨੂੰ ਸਮਰਪਿਤ ਕਰੋੜਾਂ ਸਵੈਮ ਸੇਵਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਸੰਘ ਦੇ ਬਾਨੀ ਸਾਡੇ ਸਾਰਿਆਂ ਲਈ ਮਾਰਗ-ਦਰਸ਼ਕ ਪਰਮ ਸਤਿਕਾਰਯੋਗ ਡਾਕਟਰ ਹੈੱਡਗੇਵਾਰ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।
ਸਾਥੀਓ,
ਸੰਘ ਦੇ 100 ਸਾਲਾਂ ਦੇ ਇਸ ਸ਼ਾਨਦਾਰ ਸਫ਼ਰ ਦੀ ਯਾਦ ਵਿੱਚ ਅੱਜ ਭਾਰਤ ਸਰਕਾਰ ਨੇ ਖ਼ਾਸ ਡਾਕ ਟਿਕਟ ਅਤੇ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। 100 ਰੁਪਏ ਦੇ ਸਿੱਕੇ ਦੇ ਇੱਕ ਪਾਸੇ ਕੌਮੀ ਨਿਸ਼ਾਨ ਹੈ ਅਤੇ ਦੂਜੇ ਪਾਸੇ ਸ਼ੇਰ ਦੇ ਨਾਲ ਅਸੀਸ ਦਿੰਦੀ ਮੁਦਰਾ ਵਿੱਚ ਭਾਰਤ ਮਾਤਾ ਦੀ ਸ਼ਾਨਦਾਰ ਤਸਵੀਰ ਅਤੇ ਸ਼ਰਧਾ ਭਾਵਨਾ ਨਾਲ ਉਨ੍ਹਾਂ ਨੂੰ ਸਿਜਦਾ ਕਰਦੇ ਸਵੈਮ ਸੇਵਕ ਦਿਖਾਈ ਦਿੰਦੇ ਹਨ। ਭਾਰਤੀ ਕਰੰਸੀ 'ਤੇ ਭਾਰਤ ਮਾਤਾ ਦੀ ਤਸਵੀਰ, ਸ਼ਾਇਦ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ। ਇਸ ਸਿੱਕੇ 'ਤੇ ਸੰਘ ਦਾ ਮੂਲ-ਮੰਤਰ ਵੀ ਲਿਖਿਆ ਹੈ “राष्ट्राय स्वाहा, इदं राष्ट्राय इदं न मम”! (ਮੈਂ ਦੇਸ਼ ਨੂੰ ਅਰਪਣ ਕਰਦਾ ਹਾਂ, ਇਹ ਦੇਸ਼ ਲਈ ਹੈ, ਮੇਰੇ ਆਪਣੇ ਲਈ ਨਹੀਂ)
ਸਾਥੀਓ,
ਅੱਜ ਜੋ ਖ਼ਾਸ ਯਾਦਗਾਰੀ ਡਾਕ ਟਿਕਟ ਜਾਰੀ ਹੋਈ ਹੈ, ਉਸ ਦੀ ਵੀ ਆਪਣੀ ਇੱਕ ਅਹਿਮੀਅਤ ਹੈ। ਅਸੀਂ ਸਾਰੇ ਜਾਣਦੇ ਹਾਂ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਦਾ ਕਿੰਨਾ ਮਹੱਤਵ ਹੁੰਦਾ ਹੈ। 1963 ਵਿੱਚ ਆਰ.ਐੱਸ.ਐੱਸ. ਦੇ ਸਵੈਮ ਸੇਵਕ ਵੀ 26 ਜਨਵਰੀ ਦੀ ਉਸ ਕੌਮੀ ਪਰੇਡ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਪੂਰੀ ਆਨ-ਬਾਨ-ਸ਼ਾਨ ਨਾਲ ਦੇਸ਼ ਭਗਤੀ ਦੀ ਧੁਨ 'ਤੇ ਕਦਮ ਨਾਲ ਕਦਮ ਮਿਲਾਇਆ ਸੀ। ਇਸ ਟਿਕਟ ਵਿੱਚ ਉਸੇ ਯਾਦਗਾਰੀ ਪਲ ਦੀ ਯਾਦ ਹੈ।
ਸਾਥੀਓ,
ਸੰਘ ਦੇ ਸਵੈਮ ਸੇਵਕ ਜੋ ਲਗਾਤਾਰ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ, ਸਮਾਜ ਨੂੰ ਮਜ਼ਬੂਤ ਕਰ ਰਹੇ ਹਨ, ਇਸ ਦੀ ਵੀ ਝਲਕ ਇਸ ਯਾਦਗਾਰੀ ਡਾਕ ਟਿਕਟ ਵਿੱਚ ਮਿਲਦੀ ਹੈ। ਮੈਂ ਇਨ੍ਹਾਂ ਯਾਦਗਾਰੀ ਸਿੱਕਿਆਂ ਅਤੇ ਡਾਕ ਟਿਕਟ ਲਈ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਜਿਸ ਤਰ੍ਹਾਂ ਵੱਡੀਆਂ-ਵੱਡੀਆਂ ਨਦੀਆਂ ਦੇ ਕੰਢੇ ਮਨੁੱਖੀ ਸਭਿਆਤਾਵਾਂ ਵਧਦੀਆਂ-ਫੁੱਲਦੀਆਂ ਹਨ, ਉਸੇ ਤਰ੍ਹਾਂ ਸੰਘ ਦੇ ਕੰਢੇ ਵੀ ਅਤੇ ਸੰਘ ਦੀ ਲਹਿਰ ਵਿੱਚ ਵੀ ਸੈਂਕੜੇ ਜੀਵਨ ਵਧੇ-ਫੁੱਲੇ ਹਨ। ਜਿਵੇਂ ਇੱਕ ਨਦੀ ਜਿਨ੍ਹਾਂ ਰਸਤਿਆਂ ਤੋਂ ਵਹਿੰਦੀ ਹੈ, ਉਨ੍ਹਾਂ ਇਲਾਕਿਆਂ ਨੂੰ, ਉੱਥੋਂ ਦੀ ਧਰਤੀ ਨੂੰ, ਉੱਥੋਂ ਦੇ ਪਿੰਡਾਂ ਨੂੰ ਹਰਿਆ-ਭਰਿਆ ਬਣਾਉਂਦੀ ਹੋਈ ਆਪਣੇ ਪਾਣੀ ਨਾਲ ਖ਼ੁਸ਼ਹਾਲ ਕਰਦੀ ਹੈ, ਉਸੇ ਤਰ੍ਹਾਂ ਸੰਘ ਨੇ ਇਸ ਦੇਸ਼ ਦੇ ਹਰ ਖੇਤਰ, ਸਮਾਜ ਦੇ ਹਰ ਪੱਖ ਨੂੰ ਛੂਹਿਆ ਹੈ। ਇਹ ਲਗਾਤਾਰ ਘਾਲਣਾ ਦਾ ਫਲ਼ ਹੈ, ਇਹ ਰਾਸ਼ਟਰ ਵਹਾਅ ਮਜ਼ਬੂਤ ਹੈ।
ਸਾਥੀਓ,
ਜਿਸ ਤਰ੍ਹਾਂ ਇੱਕ ਨਦੀ ਕਈ ਸ਼ਾਖਾਵਾਂ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਦੀ ਹੈ, ਹਰ ਸ਼ਾਖਾ ਵੱਖ-ਵੱਖ ਖੇਤਰਾਂ ਨੂੰ ਪਾਲਦੀ-ਪੋਸਦੀ ਹੈ, ਸੰਘ ਦਾ ਸਫ਼ਰ ਵੀ ਅਜਿਹਾ ਹੀ ਹੈ। ਸੰਘ ਦੀਆਂ ਵੱਖ-ਵੱਖ ਜਥੇਬੰਦੀਆਂ ਵੀ ਜੀਵਨ ਦੇ ਹਰ ਪੱਖ ਨਾਲ ਜੁੜ ਕੇ ਦੇਸ਼ ਦੀ ਸੇਵਾ ਕਰਦੀਆਂ ਹਨ। ਸਿੱਖਿਆ ਹੋਵੇ, ਖੇਤੀਬਾੜੀ ਹੋਵੇ, ਸਮਾਜ ਭਲਾਈ ਹੋਵੇ, ਆਦਿਵਾਸੀਆਂ ਦੀ ਭਲਾਈ ਹੋਵੇ, ਔਰਤਾਂ ਦੀ ਮਜ਼ਬੂਤੀ ਹੋਵੇ, ਕਲਾ ਅਤੇ ਵਿਗਿਆਨ ਦਾ ਖੇਤਰ ਹੋਵੇ, ਸਾਡੇ ਮਜ਼ਦੂਰ ਭੈਣ-ਭਰਾ ਹੋਣ, ਸਮਾਜਿਕ ਜੀਵਨ ਦੇ ਅਜਿਹੇ ਕਈ ਖੇਤਰਾਂ ਵਿੱਚ ਸੰਘ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਇਸ ਸਫ਼ਰ ਦੀ ਵੀ ਇੱਕ ਖ਼ਾਸੀਅਤ ਰਹੀ ਹੈ। ਸੰਘ ਦੀ ਇੱਕ ਧਾਰਾ ਅਨੇਕ ਧਾਰਾਵਾਂ ਤਾਂ ਬਣੀਆਂ, ਗਿਣਤੀ ਵਿੱਚ ਤਾਂ ਵਧਦੀਆਂ ਗਈਆਂ, ਪਰ ਉਨ੍ਹਾਂ ਵਿੱਚ ਕਦੇ ਟਕਰਾਅ ਪੈਦਾ ਨਹੀਂ ਹੋਇਆ, ਵਖਰੇਵਾਂ ਨਹੀਂ ਆਇਆ, ਕਿਉਂਕਿ ਹਰ ਸ਼ਾਖਾ ਦਾ, ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀ ਹਰ ਜਥੇਬੰਦੀ ਦਾ ਮਕਸਦ ਇੱਕ ਹੀ ਹੈ, ਭਾਵਨਾ ਇੱਕ ਹੀ ਹੈ, ਦੇਸ਼ ਪਹਿਲਾਂ, ਨੇਸ਼ਨ ਫ਼ਸਟ!
ਸਾਥੀਓ,
ਆਪਣੀ ਸਥਾਪਨਾ ਤੋਂ ਬਾਅਦ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਇੱਕ ਵੱਡਾ ਮਕਸਦ ਲੈ ਕੇ ਚੱਲਿਆ ਅਤੇ ਇਹ ਮਕਸਦ ਰਿਹਾ ਰਾਸ਼ਟਰ ਨਿਰਮਾਣ। ਇਸ ਮਕਸਦ ਨੂੰ ਪੂਰਾ ਕਰਨ ਲਈ ਸੰਘ ਨੇ ਜੋ ਰਾਹ ਚੁਣਿਆ, ਉਹ ਸੀ ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ ਅਤੇ ਇਸ ਰਾਹ 'ਤੇ ਲਗਾਤਾਰ ਚੱਲਣ ਲਈ ਜੋ ਕੰਮ ਕਰਨ ਦਾ ਢੰਗ ਚੁਣਿਆ, ਉਹ ਸੀ ਰੋਜ਼ਾਨਾ ਪੱਕੇ ਤੌਰ 'ਤੇ ਚੱਲਣ ਵਾਲੀ ਸ਼ਾਖਾ।
ਸਾਥੀਓ,
ਪਰਮ ਸਤਿਕਾਰਯੋਗ ਡਾਕਟਰ ਹੈੱਡਗੇਵਾਰ ਜੀ ਜਾਣਦੇ ਸਨ ਕਿ ਸਾਡਾ ਦੇਸ਼ ਉਦੋਂ ਹੀ ਮਜ਼ਬੂਤ ਹੋਵੇਗਾ, ਜਦੋਂ ਹਰ ਨਾਗਰਿਕ ਦੇ ਅੰਦਰ ਦੇਸ਼ ਪ੍ਰਤੀ ਆਪਣੇ ਫ਼ਰਜ਼ ਦਾ ਅਹਿਸਾਸ ਜਾਗੇਗਾ। ਸਾਡਾ ਦੇਸ਼ ਉਦੋਂ ਹੀ ਉੱਚਾ ਉੱਠੇਗਾ, ਜਦੋਂ ਭਾਰਤ ਦਾ ਹਰ ਨਾਗਰਿਕ ਦੇਸ਼ ਲਈ ਜਿਊਣਾ ਸਿੱਖੇਗਾ। ਇਸ ਲਈ ਉਹ ਵਿਅਕਤੀ ਨਿਰਮਾਣ ਵਿੱਚ ਲਗਾਤਾਰ ਲੱਗੇ ਰਹੇ ਅਤੇ ਉਨ੍ਹਾਂ ਦਾ ਤਰੀਕਾ ਵੀ ਕੁਝ ਵੱਖਰਾ ਹੀ ਸੀ। ਪਰਮ ਸਤਿਕਾਰਯੋਗ ਡਾਕਟਰ ਹੈੱਡਗੇਵਾਰ ਜੀ ਤੋਂ ਅਸੀਂ ਵਾਰ-ਵਾਰ ਸੁਣਿਆ ਹੈ, ਉਹ ਕਹਿੰਦੇ ਸਨ "ਜਿਹੋ ਜਿਹਾ ਹੈ, ਉਹੋ ਜਿਹਾ ਲੈਣਾ ਹੈ। ਜਿਹੋ ਜਿਹਾ ਚਾਹੀਦਾ ਹੈ, ਉਹੋ ਜਿਹਾ ਬਣਾਉਣਾ ਹੈ।" ਲੋਕਾਂ ਨੂੰ ਇਕੱਠਾ ਕਰਨ ਦਾ ਡਾਕਟਰ ਸਾਹਿਬ ਦਾ ਇਹ ਤਰੀਕਾ ਜੇ ਸਮਝਣਾ ਹੈ ਤਾਂ ਅਸੀਂ ਘੁਮਿਆਰ ਨੂੰ ਯਾਦ ਕਰਦੇ ਹਾਂ। ਜਿਵੇਂ ਘੁਮਿਆਰ ਇੱਟ ਪਕਾਉਂਦਾ ਹੈ ਤਾਂ ਜ਼ਮੀਨ ਦੀ ਸਾਧਾਰਨ ਜਿਹੀ ਮਿੱਟੀ ਤੋਂ ਸ਼ੁਰੂ ਕਰਦਾ ਹੈ। ਘੁਮਿਆਰ ਮਿੱਟੀ ਲਿਆਉਂਦਾ ਹੈ, ਉਸ 'ਤੇ ਮਿਹਨਤ ਕਰਦਾ ਹੈ, ਉਸ ਨੂੰ ਆਕਾਰ ਦੇ ਕੇ ਤਪਾਉਂਦਾ ਹੈ, ਖ਼ੁਦ ਵੀ ਤਪਦਾ ਹੈ, ਮਿੱਟੀ ਨੂੰ ਵੀ ਤਪਾਉਂਦਾ ਹੈ। ਫਿਰ ਉਨ੍ਹਾਂ ਇੱਟਾਂ ਨੂੰ ਇਕੱਠਾ ਕਰਕੇ ਉਨ੍ਹਾਂ ਨਾਲ ਇੱਕ ਸ਼ਾਨਦਾਰ ਇਮਾਰਤ ਬਣਾਉਂਦਾ ਹੈ। ਇਸੇ ਤਰ੍ਹਾਂ ਡਾਕਟਰ ਸਾਹਿਬ ਬਿਲਕੁਲ ਸਾਧਾਰਨ ਲੋਕਾਂ ਨੂੰ ਚੁਣਦੇ ਸਨ, ਫਿਰ ਉਨ੍ਹਾਂ ਨੂੰ ਸਿਖਾਉਂਦੇ ਸਨ, ਨਜ਼ਰੀਆ ਦਿੰਦੇ ਸਨ, ਉਨ੍ਹਾਂ ਦੀ ਘਾੜਤ ਘੜਦੇ ਸਨ, ਇਸ ਤਰ੍ਹਾਂ ਉਹ ਦੇਸ਼ ਲਈ ਸਮਰਪਿਤ ਸਵੈਮ ਸੇਵਕ ਤਿਆਰ ਕਰਦੇ ਸਨ। ਇਸ ਲਈ ਸੰਘ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਸਾਧਾਰਨ ਲੋਕ ਮਿਲ ਕੇ ਗ਼ੈਰ-ਮਾਮੂਲੀ ਅਤੇ ਲਾਸਾਨੀ ਕੰਮ ਕਰਦੇ ਹਨ।
ਸਾਥੀਓ,
ਵਿਅਕਤੀ ਨਿਰਮਾਣ ਦੀ ਇਹ ਖ਼ੂਬਸੂਰਤ ਪ੍ਰਕਿਰਿਆ ਅਸੀਂ ਅੱਜ ਵੀ ਸੰਘ ਦੀਆਂ ਸ਼ਾਖਾਵਾਂ ਵਿੱਚ ਦੇਖਦੇ ਹਾਂ। ਸੰਘ ਸ਼ਾਖਾ ਦਾ ਮੈਦਾਨ ਇੱਕ ਅਜਿਹੀ ਪ੍ਰੇਰਨਾ ਦੀ ਧਰਤੀ ਹੈ, ਜਿੱਥੋਂ ਸਵੈਮ ਸੇਵਕ ਦਾ 'ਮੈਂ' ਤੋਂ 'ਅਸੀਂ' ਤੱਕ ਦਾ ਸਫ਼ਰ ਸ਼ੁਰੂ ਹੁੰਦਾ ਹੈ। ਸੰਘ ਦੀਆਂ ਸ਼ਾਖਾਵਾਂ ਵਿਅਕਤੀ ਦੀ ਉਸਾਰੀ ਦੀਆਂ ਪਵਿੱਤਰ ਭੱਠੀਆਂ ਹਨ। ਇਨ੍ਹਾਂ ਸ਼ਾਖਾਵਾਂ ਵਿੱਚ ਵਿਅਕਤੀ ਦਾ ਸਰੀਰਕ, ਦਿਮਾਗ਼ੀ ਅਤੇ ਸਮਾਜਿਕ ਵਿਕਾਸ ਹੁੰਦਾ ਹੈ। ਸਵੈਮ ਸੇਵਕਾਂ ਦੇ ਮਨ ਵਿੱਚ ਦੇਸ਼ ਸੇਵਾ ਦੀ ਭਾਵਨਾ ਅਤੇ ਹਿੰਮਤ ਦਿਨ-ਬ-ਦਿਨ ਵਧਦੀ ਰਹਿੰਦੀ ਹੈ। ਉਨ੍ਹਾਂ ਲਈ ਤਿਆਗ ਅਤੇ ਸਮਰਪਣ ਸਹਿਜ ਹੋ ਜਾਂਦਾ ਹੈ, ਵਡਿਆਈ ਖੱਟਣ ਦੀ ਦੌੜ ਖ਼ਤਮ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਾਂਝੇ ਫ਼ੈਸਲੇ ਲੈਣ ਅਤੇ ਰਲ-ਮਿਲ ਕੇ ਕੰਮ ਕਰਨ ਦੀ ਸਿੱਖਿਆ ਮਿਲਦੀ ਹੈ।
ਸਾਥੀਓ,
ਦੇਸ਼ ਦੀ ਉਸਾਰੀ ਦਾ ਮਹਾਨ ਮਕਸਦ, ਵਿਅਕਤੀ ਨਿਰਮਾਣ ਦਾ ਸਪਸ਼ਟ ਰਾਹ ਅਤੇ ਸ਼ਾਖਾ ਵਰਗਾ ਸਰਲ ਅਤੇ ਜਿਊਂਦਾ-ਜਾਗਦਾ ਕਾਰਜ-ਢੰਗ, ਇਹੀ ਸੰਘ ਦੇ 100 ਸਾਲਾਂ ਦੇ ਸਫ਼ਰ ਦਾ ਆਧਾਰ ਬਣੇ ਹਨ। ਇਨ੍ਹਾਂ ਹੀ ਥੰਮ੍ਹਾਂ 'ਤੇ ਖੜ੍ਹੇ ਹੋ ਕੇ ਸੰਘ ਨੇ ਲੱਖਾਂ ਸਵੈਮ ਸੇਵਕਾਂ ਨੂੰ ਤਿਆਰ ਕੀਤਾ, ਜੋ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਨੂੰ ਆਪਣਾ ਸਰਬੋਤਮ ਯੋਗਦਾਨ ਦੇ ਰਹੇ ਹਨ, ਦੇਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ, ਸਮਰਪਣ, ਸੇਵਾ ਅਤੇ ਦੇਸ਼ ਦੀ ਤਰੱਕੀ ਦੀ ਸਾਧਨਾ ਨਾਲ!
ਸਾਥੀਓ,
ਸੰਘ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਸੰਘ ਲਈ ਦੇਸ਼ ਦੀ ਪਹਿਲ ਹੀ ਉਸ ਦੀ ਆਪਣੀ ਪਹਿਲ ਰਹੀ ਹੈ। ਇਸ ਲਈ ਜਿਸ ਦੌਰ ਵਿੱਚ ਜੋ ਵੱਡੀ ਵੰਗਾਰ ਦੇਸ਼ ਦੇ ਸਾਹਮਣੇ ਆਈ, ਸੰਘ ਨੇ ਉਸ ਦੌਰ ਵਿੱਚ ਆਪਣੇ ਆਪ ਨੂੰ ਉਸ ਕੰਮ ਵਿੱਚ ਝੋਕ ਦਿੱਤਾ, ਸੰਘ ਉਸ ਨਾਲ ਜੂਝਦਾ ਰਿਹਾ। ਆਜ਼ਾਦੀ ਦੀ ਲੜਾਈ ਦੇ ਸਮੇਂ ਦੇਖੀਏ ਤਾਂ ਪਰਮ ਸਤਿਕਾਰਯੋਗ ਡਾਕਟਰ ਹੈੱਡਗੇਵਾਰ ਜੀ ਸਮੇਤ ਅਨੇਕਾਂ ਕਾਰਕੁਨਾਂ ਨੇ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲਿਆ। ਡਾਕਟਰ ਸਾਹਿਬ ਕਈ ਵਾਰ ਜੇਲ੍ਹ ਤੱਕ ਗਏ, ਆਜ਼ਾਦੀ ਦੀ ਲੜਾਈ ਦੇ ਕਿੰਨੇ ਹੀ ਆਜ਼ਾਦੀ ਘੁਲਾਟੀਆਂ ਨੂੰ ਸੰਘ ਸੁਰੱਖਿਆ ਦਿੰਦਾ ਰਿਹਾ, ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਦਾ ਰਿਹਾ। 1942 ਵਿੱਚ ਜਦੋਂ ਚਿਮੂਰ ਵਿੱਚ ਅੰਗਰੇਜ਼ਾਂ ਖ਼ਿਲਾਫ਼ ਅੰਦੋਲਨ ਹੋਇਆ ਤਾਂ ਉਸ ਵਿੱਚ ਅਨੇਕਾਂ ਸਵੈਮ ਸੇਵਕਾਂ ਨੂੰ ਅੰਗਰੇਜ਼ਾਂ ਦੇ ਭਾਰੀ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਆਜ਼ਾਦੀ ਤੋਂ ਬਾਅਦ ਵੀ ਹੈਦਰਾਬਾਦ ਵਿੱਚ ਨਿਜ਼ਾਮ ਦੇ ਜ਼ੁਲਮਾਂ ਖ਼ਿਲਾਫ਼ ਘੋਲ ਤੋਂ ਲੈ ਕੇ ਗੋਆ ਦੀ ਆਜ਼ਾਦੀ ਦੀ ਲਹਿਰ ਅਤੇ ਦਾਦਰਾ ਨਗਰ ਹਵੇਲੀ ਦੇ ਛੁਟਕਾਰੇ ਤੱਕ ਸੰਘ ਨੇ ਕਿੰਨੀਆਂ ਹੀ ਕੁਰਬਾਨੀਆਂ ਦਿੱਤੀਆਂ ਅਤੇ ਭਾਵਨਾ ਇੱਕ ਹੀ ਰਹੀ- ਦੇਸ਼ ਪਹਿਲਾਂ। ਟੀਚਾ ਇੱਕ ਹੀ ਰਿਹਾ- ਇੱਕ ਭਾਰਤ, ਸ੍ਰੇਸ਼ਠ ਭਾਰਤ।
ਸਾਥੀਓ,
ਦੇਸ਼ ਸੇਵਾ ਦੇ ਕਿਸੇ ਵੀ ਸਫ਼ਰ ਵਿੱਚ ਅਜਿਹਾ ਨਹੀਂ ਹੈ ਕਿ ਸੰਘ 'ਤੇ ਹਮਲੇ ਨਹੀਂ ਹੋਏ, ਸੰਘ ਖ਼ਿਲਾਫ਼ ਸਾਜ਼ਿਸ਼ਾਂ ਨਹੀਂ ਹੋਈਆਂ। ਅਸੀਂ ਦੇਖਿਆ ਹੈ, ਕਿਵੇਂ ਆਜ਼ਾਦੀ ਤੋਂ ਬਾਅਦ ਵੀ ਸੰਘ ਨੂੰ ਕੁਚਲਨ ਦੀ ਕੋਸ਼ਿਸ਼ ਹੋਈ। ਮੁੱਖ ਧਾਰਾ ਵਿੱਚ ਆਉਣ ਤੋਂ ਰੋਕਣ ਦੀਆਂ ਅਣਗਿਣਤ ਸਾਜ਼ਿਸ਼ਾਂ ਹੋਈਆਂ। ਪਰਮ ਸਤਿਕਾਰਯੋਗ ਗੁਰੂ ਜੀ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ, ਉਨ੍ਹਾਂ ਨੂੰ ਜੇਲ੍ਹ ਤੱਕ ਭੇਜ ਦਿੱਤਾ ਗਿਆ। ਪਰ ਜਦੋਂ ਗੁਰੂ ਜੀ ਜੇਲ੍ਹ ਤੋਂ ਬਾਹਰ ਆਏ, ਤਾਂ ਉਨ੍ਹਾਂ ਨੇ ਸਹਿਜ ਭਾਵ ਨਾਲ ਕਿਹਾ ਅਤੇ ਸ਼ਾਇਦ ਇਤਿਹਾਸ ਦੇ ਪੰਨਿਆਂ ਵਿੱਚ ਇਹ ਭਾਵਨਾ, ਇਹ ਸ਼ਬਦ ਇੱਕ ਬਹੁਤ ਵੱਡੀ ਪ੍ਰੇਰਣਾ ਹਨ, ਉਦੋਂ ਗੁਰੂ ਜੀ ਨੇ ਬਹੁਤ ਸਹਿਜਤਾ ਨਾਲ ਕਿਹਾ ਸੀ, "ਕਦੇ-ਕਦੇ ਜੀਭ ਦੰਦਾਂ ਹੇਠਾਂ ਆ ਕੇ ਦੱਬ ਜਾਂਦੀ ਹੈ, ਕੁਚਲੀ ਵੀ ਜਾਂਦੀ ਹੈ, ਪਰ ਅਸੀਂ ਦੰਦ ਨਹੀਂ ਤੋੜ ਦਿੰਦੇ। ਕਿਉਂਕਿ ਦੰਦ ਵੀ ਸਾਡੇ ਹਨ, ਜੀਭ ਵੀ ਸਾਡੀ ਹੈ।" ਤੁਸੀਂ ਕਲਪਨਾ ਕਰ ਸਕਦੇ ਹੋ, ਜਿਨ੍ਹਾਂ ਨੂੰ ਜੇਲ੍ਹ ਵਿੱਚ ਇੰਨੇ ਤਸੀਹੇ ਦਿੱਤੇ ਗਏ, ਜਿਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਹੋਏ, ਉਸ ਤੋਂ ਬਾਅਦ ਵੀ ਗੁਰੂ ਜੀ ਦੇ ਮਨ ਵਿੱਚ ਕੋਈ ਰੋਸ ਨਹੀਂ ਸੀ, ਕੋਈ ਬੁਰੀ ਭਾਵਨਾ ਨਹੀਂ ਸੀ। ਇਹੀ ਗੁਰੂ ਜੀ ਦੀ ਰਿਸ਼ੀ ਵਰਗੀ ਸ਼ਖ਼ਸੀਅਤ ਸੀ। ਉਨ੍ਹਾਂ ਦੀ ਇਹੀ ਵਿਚਾਰਧਾਰਕ ਸਪਸ਼ਟਤਾ ਸੰਘ ਦੇ ਹਰੇਕ ਸਵੈਮ ਸੇਵਕ ਦੇ ਜੀਵਨ ਦਾ ਮਾਰਗਦਰਸ਼ਨ ਬਣੀ। ਇਸੇ ਨੇ ਸਮਾਜ ਪ੍ਰਤੀ ਏਕਤਾ ਅਤੇ ਆਪਣੇਪਨ ਦੇ ਗੁਣਾਂ ਨੂੰ ਮਜ਼ਬੂਤ ਕੀਤਾ। ਇਸੇ ਲਈ ਭਾਵੇਂ ਸੰਘ 'ਤੇ ਰੋਕਾਂ ਲੱਗੀਆਂ, ਭਾਵੇਂ ਸਾਜ਼ਿਸ਼ਾਂ ਹੋਈਆਂ, ਝੂਠੇ ਕੇਸ ਹੋਏ, ਸੰਘ ਦੇ ਸਵੈਮ ਸੇਵਕਾਂ ਨੇ ਕਦੇ ਕੁੜੱਤਣ ਨੂੰ ਥਾਂ ਨਹੀਂ ਦਿੱਤੀ, ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਸਮਾਜ ਤੋਂ ਵੱਖਰੇ ਨਹੀਂ ਹਾਂ, ਸਮਾਜ ਸਾਡੇ ਸਾਰਿਆਂ ਨਾਲ ਹੀ ਤਾਂ ਬਣਿਆ ਹੈ। ਜੋ ਚੰਗਾ ਹੈ, ਉਹ ਵੀ ਸਾਡਾ ਹੈ, ਜੋ ਘੱਟ ਚੰਗਾ ਹੈ, ਉਹ ਵੀ ਸਾਡਾ ਹੈ।
ਸਾਥੀਓ,
ਅਤੇ ਦੂਜੀ ਗੱਲ ਜਿਸ ਨੇ ਕਦੇ ਕੁੜੱਤਣ ਨੂੰ ਜਨਮ ਨਹੀਂ ਦਿੱਤਾ, ਉਹ ਹੈ ਹਰੇਕ ਸਵੈਮ ਸੇਵਕ ਦਾ ਜਮਹੂਰੀਅਤ ਅਤੇ ਸੰਵਿਧਾਨਕ ਅਦਾਰਿਆਂ ਵਿੱਚ ਅਡੋਲ ਭਰੋਸਾ। ਜਦੋਂ ਦੇਸ਼ 'ਤੇ ਐਮਰਜੈਂਸੀ ਥੋਪੀ ਗਈ ਤਾਂ ਇਸੇ ਇੱਕ ਵਿਸ਼ਵਾਸ ਨੇ ਹਰ ਸਵੈਮ ਸੇਵਕ ਨੂੰ ਤਾਕਤ ਦਿੱਤੀ, ਉਸ ਨੂੰ ਸੰਘਰਸ਼ ਕਰਨ ਦੀ ਤਾਕਤ ਦਿੱਤੀ। ਇਨ੍ਹਾਂ ਹੀ ਦੋ ਕਦਰਾਂ-ਕੀਮਤਾਂ, ਸਮਾਜ ਨਾਲ ਏਕਤਾ ਅਤੇ ਸੰਵਿਧਾਨਕ ਅਦਾਰਿਆਂ ਪ੍ਰਤੀ ਸ਼ਰਧਾ ਨੇ ਸੰਘ ਦੇ ਸਵੈਮ ਸੇਵਕਾਂ ਨੂੰ ਹਰ ਸੰਕਟ ਵਿੱਚ ਅਡਿੱਗ ਬਣਾ ਕੇ ਰੱਖਿਆ, ਸਮਾਜ ਪ੍ਰਤੀ ਹਮਦਰਦ ਬਣਾਈ ਰੱਖਿਆ। ਇਸ ਲਈ ਸਮਾਜ ਦੇ ਅਨੇਕਾਂ ਝਟਕੇ ਸਹਿੰਦੇ ਹੋਏ ਵੀ ਸੰਘ ਅੱਜ ਤੱਕ ਇੱਕ ਵਿਸ਼ਾਲ ਬੋਹੜ ਦੇ ਰੁੱਖ ਵਾਂਗ ਅਡਿੱਗ ਖੜ੍ਹਾ ਹੈ। ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਹੁਣੇ ਇੱਥੇ ਸਾਡੇ ਇੱਕ ਸਵੈਮ ਸੇਵਕ ਨੇ ਬਹੁਤ ਹੀ ਸੁੰਦਰ ਪੇਸ਼ਕਾਰੀ ਦਿੱਤੀ,ਸ਼ੂਨਯ ਸੇ ਏਕ ਸ਼ਤਕ ਬਨੇ, ਅੰਕ ਕੀ ਮਨਭਾਵਨਾ ਭਾਰਤੀ ਕੀ ਜਯ-ਵਿਜਯ ਹੋ, ਲੇ ਹ੍ਰਦਯ ਮੇਂ ਪ੍ਰੇਰਣਾ, ਕਰ ਰਹੇ ਹਮ ਸਾਧਨਾ, ਮਾਤ੍ਰ-ਭੂ ਆਰਾਧਨਾ (शून्य से एक शतक बने, अंक की मनभावना भारती की जय-विजय हो, ले हृदय में प्रेरणा, कर रहे हम साधना, मातृ-भू आराधना) ਅਤੇ ਉਸ ਗੀਤ ਦਾ ਸੁਨੇਹਾ ਸੀ ਕਿ ਅਸੀਂ ਦੇਸ਼ ਨੂੰ ਹੀ ਦੇਵਤਾ ਮੰਨਿਆ ਹੈ ਅਤੇ ਅਸੀਂ ਆਪਣੇ ਸਰੀਰ ਨੂੰ ਹੀ ਦੀਵਾ ਬਣਾ ਕੇ ਬਲਣਾ ਸਿੱਖਿਆ ਹੈ। ਸੱਚਮੁੱਚ ਇਹ ਸ਼ਾਨਦਾਰ ਸੀ।
ਸਾਥੀਓ,
ਸ਼ੁਰੂ ਤੋਂ ਹੀ ਸੰਘ ਦੇਸ਼ ਭਗਤੀ ਅਤੇ ਸੇਵਾ ਦਾ ਪ੍ਰਤੀਕ ਰਿਹਾ ਹੈ। ਜਦੋਂ ਵੰਡ ਦੇ ਦਰਦ ਨੇ ਲੱਖਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ, ਉਦੋਂ ਸਵੈਮ ਸੇਵਕਾਂ ਨੇ ਸ਼ਰਨਾਰਥੀਆਂ ਦੀ ਸੇਵਾ ਕੀਤੀ, ਸੰਘ ਦੇ ਹੀ ਸਵੈਮ ਸੇਵਕ ਆਪਣੇ ਥੋੜ੍ਹੇ ਵਸੀਲਿਆਂ ਨਾਲ ਸਭ ਤੋਂ ਅੱਗੇ ਖੜ੍ਹੇ ਸਨ। ਇਹ ਸਿਰਫ਼ ਰਾਹਤ ਨਹੀਂ ਸੀ, ਇਹ ਦੇਸ਼ ਦੀ ਆਤਮਾ ਨੂੰ ਹੌਸਲਾ ਦੇਣ ਦਾ ਕੰਮ ਸੀ।
ਸਾਥੀਓ,
1956 ਵਿੱਚ ਗੁਜਰਾਤ ਦੇ ਕੱਛ ਦੇ ਅੰਜਾਰ ਵਿੱਚ ਬਹੁਤ ਵੱਡਾ ਭੂਚਾਲ ਆਇਆ ਸੀ। ਤਬਾਹੀ ਇੰਨੀ ਵੱਡੀ ਸੀ, ਚਾਰੇ ਪਾਸੇ ਬਰਬਾਦੀ ਦਾ ਮੰਜ਼ਰ ਸੀ। ਉਸ ਸਮੇਂ ਵੀ ਸੰਘ ਦੇ ਸਵੈਮ ਸੇਵਕ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਸਨ। ਉਦੋਂ ਪਰਮ ਸਤਿਕਾਰਯੋਗ ਗੁਰੂ ਜੀ ਨੇ ਗੁਜਰਾਤ ਦੇ ਇੱਕ ਸੀਨੀਅਰ ਸੰਘ ਪ੍ਰਚਾਰਕ ਨੂੰ ਚਿੱਠੀ ਲਿਖੀ ਸੀ, 'ਕਿਸੇ ਦੂਜੇ ਦੇ ਦੁੱਖ ਨੂੰ ਦੂਰ ਕਰਨ ਲਈ ਬੇਗ਼ਰਜ਼ ਭਾਵਨਾ ਨਾਲ ਖ਼ੁਦ ਦੁੱਖ ਝੱਲਣਾ, ਇੱਕ ਨੇਕ ਦਿਲ ਦੀ ਨਿਸ਼ਾਨੀ ਹੈ।'
ਸਾਥੀਓ,
ਖ਼ੁਦ ਦੁੱਖ ਝੱਲ ਕੇ ਦੂਜਿਆਂ ਦੇ ਦੁੱਖ ਦੂਰ ਕਰਨਾ, ਇਹ ਹਰ ਸਵੈਮ ਸੇਵਕ ਦੀ ਪਛਾਣ ਹੈ। ਯਾਦ ਕਰੋ, 1962 ਦੀ ਜੰਗ ਦਾ ਉਹ ਸਮਾਂ, ਸੰਘ ਦੇ ਸਵੈਮ ਸੇਵਕਾਂ ਨੇ ਦਿਨ-ਰਾਤ ਖੜ੍ਹੇ ਰਹਿ ਕੇ ਫ਼ੌਜ ਦੀ ਮਦਦ ਕੀਤੀ, ਉਨ੍ਹਾਂ ਦਾ ਹੌਸਲਾ ਵਧਾਇਆ, ਸਰਹੱਦ 'ਤੇ ਵਸੇ ਪਿੰਡਾਂ ਵਿੱਚ ਮਦਦ ਪਹੁੰਚਾਈ। 1971 ਵਿੱਚ ਲੱਖਾਂ ਸ਼ਰਨਾਰਥੀ ਪੂਰਬੀ ਪਾਕਿਸਤਾਨ ਤੋਂ ਭਾਰਤ ਦੀ ਧਰਤੀ 'ਤੇ ਆਏ, ਉਨ੍ਹਾਂ ਕੋਲ ਨਾ ਘਰ ਸੀ ਨਾ ਸਾਧਨ, ਉਸ ਔਖੀ ਘੜੀ ਵਿੱਚ ਸਵੈਮ ਸੇਵਕਾਂ ਨੇ ਉਨ੍ਹਾਂ ਲਈ ਅਨਾਜ ਇਕੱਠਾ ਕੀਤਾ, ਸਹਾਰਾ ਦਿੱਤਾ, ਸਿਹਤ ਸੇਵਾਵਾਂ ਪਹੁੰਚਾਈਆਂ, ਉਨ੍ਹਾਂ ਦੇ ਹੰਝੂ ਪੂੰਝੇ, ਉਨ੍ਹਾਂ ਦਾ ਦਰਦ ਵੰਡਾਇਆ।
ਸਾਥੀਓ,
ਇੱਕ ਹੋਰ ਗੱਲ, ਅਸੀਂ ਜਾਣਦੇ ਹਾਂ, 1984 ਵਿੱਚ ਸਿੱਖਾਂ ਵਿਰੁੱਧ ਜੋ ਕਤਲੇਆਮ ਕੀਤਾ ਗਿਆ ਸੀ, ਅਨੇਕਾਂ ਸਿੱਖ ਪਰਿਵਾਰ ਸੰਘ ਦੇ ਸਵੈਮ ਸੇਵਕਾਂ ਦੇ ਘਰਾਂ ਵਿੱਚ ਆ ਕੇ ਸ਼ਰਨ ਲੈ ਰਹੇ ਸਨ। ਇਹ ਸਵੈਮ ਸੇਵਕਾਂ ਦਾ ਸੁਭਾਅ ਰਿਹਾ ਹੈ।
ਸਾਥੀਓ,
ਇੱਕ ਵਾਰ ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਚਿਤਰਕੂਟ ਗਏ ਸਨ। ਉੱਥੇ ਉਨ੍ਹਾਂ ਨੇ ਨਾਨਾ ਜੀ ਦੇਸ਼ਮੁਖ ਜੀ ਦੇ ਸੇਵਾ ਕਾਰਜ ਦੇਖੇ, ਉਹ ਹੈਰਾਨ ਰਹਿ ਗਏ ਸਨ। ਉਸੇ ਤਰ੍ਹਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਵੀ ਜਦੋਂ ਨਾਗਪੁਰ ਗਏ ਤਾਂ ਉਹ ਵੀ ਸੰਘ ਦੇ ਅਨੁਸ਼ਾਸਨ ਅਤੇ ਸਾਦਗੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਸਨ।
ਸਾਥੀਓ,
ਅੱਜ ਵੀ ਤੁਸੀਂ ਦੇਖੋ, ਪੰਜਾਬ ਦੇ ਹੜ੍ਹ, ਹਿਮਾਚਲ-ਉੱਤਰਾਖੰਡ ਦੀ ਆਫ਼ਤ, ਕੇਰਲ ਦੇ ਵਾਇਨਾਡ ਦਾ ਦੁਖਾਂਤ, ਹਰ ਜਗ੍ਹਾ ਸਵੈਮ ਸੇਵਕ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿੱਚੋਂ ਇੱਕ ਹੁੰਦੇ ਹਨ। ਕਰੋਨਾ ਦੇ ਸਮੇਂ ਵਿੱਚ ਤਾਂ ਪੂਰੀ ਦੁਨੀਆ ਨੇ ਸੰਘ ਦੇ ਹੌਸਲੇ ਅਤੇ ਸੇਵਾ ਭਾਵ ਦਾ ਜਿਊਂਦਾ-ਜਾਗਦਾ ਸਬੂਤ ਦੇਖਿਆ ਹੈ।
ਸਾਥੀਓ,
ਆਪਣੇ 100 ਸਾਲਾਂ ਦੇ ਇਸ ਸਫ਼ਰ ਵਿੱਚ ਸੰਘ ਦਾ ਇੱਕ ਵੱਡਾ ਕੰਮ ਇਹ ਰਿਹਾ ਹੈ ਕਿ ਉਸ ਨੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਸਵੈ-ਪਛਾਣ ਜਗਾਈ, ਆਤਮ-ਸਨਮਾਨ ਜਗਾਇਆ ਅਤੇ ਇਸ ਦੇ ਲਈ ਸੰਘ ਦੇਸ਼ ਦੇ ਉਨ੍ਹਾਂ ਇਲਾਕਿਆਂ ਵਿੱਚ ਵੀ ਕੰਮ ਕਰਦਾ ਰਿਹਾ ਹੈ, ਜੋ ਦੂਰ-ਦੁਰਾਡੇ ਹਨ, ਜਿੱਥੇ ਪਹੁੰਚਣਾ ਸਭ ਤੋਂ ਔਖਾ ਹੈ। ਸਾਡੇ ਦੇਸ਼ ਵਿੱਚ ਲਗਭਗ 10 ਕਰੋੜ ਆਦਿਵਾਸੀ ਭੈਣ-ਭਰਾ ਹਨ, ਜਿਨ੍ਹਾਂ ਦੀ ਭਲਾਈ ਲਈ ਸੰਘ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਲੰਬੇ ਸਮੇਂ ਤੱਕ ਸਰਕਾਰਾਂ ਨੇ ਉਨ੍ਹਾਂ ਨੂੰ ਪਹਿਲ ਨਹੀਂ ਦਿੱਤੀ, ਪਰ ਸੰਘ ਨੇ ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਤਿਉਹਾਰ, ਉਨ੍ਹਾਂ ਦੀ ਭਾਸ਼ਾ ਅਤੇ ਰਵਾਇਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਸੇਵਾ ਭਾਰਤੀ, ਵਿਦਿਆ ਭਾਰਤੀ, ਏਕਲ ਵਿਦਿਆਲੇ, ਵਨਵਾਸੀ ਕਲਿਆਣ ਆਸ਼ਰਮ, ਆਦਿਵਾਸੀ ਸਮਾਜ ਦੀ ਮਜ਼ਬੂਤੀ ਦਾ ਥੰਮ੍ਹ ਬਣ ਕੇ ਉੱਭਰੇ ਹਨ। ਅੱਜ ਸਾਡੇ ਆਦਿਵਾਸੀ ਭੈਣ-ਭਰਾਵਾਂ ਵਿੱਚ ਜੋ ਆਤਮ-ਵਿਸ਼ਵਾਸ ਆਇਆ ਹੈ, ਉਹ ਉਨ੍ਹਾਂ ਦੇ ਜੀਵਨ ਨੂੰ ਬਦਲ ਰਿਹਾ ਹੈ।
ਸਾਥੀਓ,
ਸੰਘ ਦਹਾਕਿਆਂ ਤੋਂ ਆਦਿਵਾਸੀ ਰਵਾਇਤਾਂ, ਰਸਮੋ-ਰਿਵਾਜ਼ਾਂ ਅਤੇ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਸੰਵਾਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ, ਆਪਣਾ ਫ਼ਰਜ਼ ਨਿਭਾ ਰਿਹਾ ਹੈ। ਉਸ ਦੀ ਤਪੱਸਿਆ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਮੈਂ ਦੇਸ਼ ਦੇ ਦੂਰ-ਦੁਰਾਡੇ, ਕੋਨੇ-ਕੋਨੇ ਵਿੱਚ ਆਦਿਵਾਸੀਆਂ ਦਾ ਜੀਵਨ ਸੌਖਾ ਬਣਾਉਣ ਵਿੱਚ ਲੱਗੇ ਸੰਘ ਦੇ ਲੱਖਾਂ ਸਵੈਮ ਸੇਵਕਾਂ ਦੀ ਵੀ ਸ਼ਲਾਘਾ ਕਰਾਂਗਾ।
ਸਾਥੀਓ,
ਸਮਾਜ ਵਿੱਚ ਸਦੀਆਂ ਤੋਂ ਘਰ ਕਰ ਚੁੱਕੀਆਂ ਜੋ ਸਮਾਜਿਕ ਬੁਰਾਈਆਂ ਹਨ, ਜੋ ਊਚ-ਨੀਚ ਦੀ ਭਾਵਨਾ ਹੈ, ਛੂਤ-ਛਾਤ ਵਰਗੀ ਗੰਦਗੀ ਭਰੀ ਪਈ, ਇਹ ਹਿੰਦੂ ਸਮਾਜ ਦੀਆਂ ਬਹੁਤ ਵੱਡੀਆਂ ਚੁਣੌਤੀਆਂ ਰਹੀਆਂ ਹਨ। ਇਹ ਇੱਕ ਅਜਿਹੀ ਗੰਭੀਰ ਫ਼ਿਕਰ ਹੈ, ਜਿਸ 'ਤੇ ਸੰਘ ਲਗਾਤਾਰ ਕੰਮ ਕਰਦਾ ਰਿਹਾ ਹੈ। ਇੱਕ ਵਾਰ ਮਹਾਤਮਾ ਗਾਂਧੀ ਜੀ ਵਰਧਾ ਵਿੱਚ ਸੰਘ ਦੇ ਇੱਕ ਕੈਂਪ ਵਿੱਚ ਗਏ ਸਨ। ਉਨ੍ਹਾਂ ਨੇ ਵੀ ਸੰਘ ਵਿੱਚ ਬਰਾਬਰੀ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਦੇਖ ਕੇ ਖੁੱਲ੍ਹ ਕੇ ਤਾਰੀਫ਼ ਕੀਤੀ ਸੀ। ਤੁਸੀਂ ਦੇਖੋ, ਡਾਕਟਰ ਸਾਹਿਬ ਤੋਂ ਲੈ ਕੇ ਅੱਜ ਤੱਕ ਸੰਘ ਦੀ ਹਰ ਮਹਾਨ ਸ਼ਖ਼ਸੀਅਤ ਨੇ, ਹਰ ਸਰ-ਸੰਘਚਾਲਕ ਨੇ ਭੇਦਭਾਵ ਅਤੇ ਛੂਤ-ਛਾਤ ਖ਼ਿਲਾਫ਼ ਲੜਾਈ ਲੜੀ ਹੈ। ਪਰਮ ਸਤਿਕਾਰਯੋਗ ਗੁਰੂ ਜੀ ਨੇ ਲਗਾਤਾਰ ‘ਨ ਹਿੰਦੂ ਪਤਿਤੋ ਭਵੇਤ੍’ (‘न हिन्दू पतितो भवेत्’) ਦੀ ਭਾਵਨਾ ਨੂੰ ਅੱਗੇ ਵਧਾਇਆ, ਯਾਨੀ, ਹਰ ਹਿੰਦੂ ਇੱਕ ਹੀ ਪਰਿਵਾਰ ਹੈ। ਕੋਈ ਵੀ ਹਿੰਦੂ ਕਦੇ ਨੀਵਾਂ ਨਹੀਂ ਹੋ ਸਕਦਾ। ਪੂਜਨੀਕ ਬਾਲਾ ਸਾਹਿਬ ਦੇਵਰਸ ਜੀ ਦੇ ਸ਼ਬਦ ਵੀ ਸਾਨੂੰ ਯਾਦ ਹਨ, ਉਹ ਕਹਿੰਦੇ ਸਨ- 'ਜੇ ਛੂਤ-ਛਾਤ ਪਾਪ ਨਹੀਂ, ਤਾਂ ਦੁਨੀਆ ਵਿੱਚ ਕੋਈ ਪਾਪ ਨਹੀਂ ਹੈ!' ਮੌਜੂਦਾ ਸਰਸੰਘਚਾਲਕ ਸਤਿਕਾਰਯੋਗ ਮੋਹਨ ਭਾਗਵਤ ਜੀ ਨੇ ਵੀ ਭਾਈਚਾਰਕ ਸਾਂਝ ਲਈ ਸਮਾਜ ਦੇ ਸਾਹਮਣੇ ਸਪਸ਼ਟ ਟੀਚਾ ਰੱਖਿਆ ਹੈ ਅਤੇ ਪਿੰਡ-ਪਿੰਡ ਤੱਕ ਇਸ ਗੱਲ ਦੀ ਜੋਤ ਜਗਾਈ ਹੈ। ਉਨ੍ਹਾਂ ਨੇ ਕਿਹਾ- 'ਇੱਕ ਖੂਹ, ਇੱਕ ਮੰਦਰ ਅਤੇ ਇੱਕ ਸ਼ਮਸ਼ਾਨਘਾਟ'। ਇਸ ਨੂੰ ਲੈ ਕੇ ਸੰਘ ਦੇਸ਼ ਦੇ ਕੋਨੇ-ਕੋਨੇ ਵਿੱਚ ਗਿਆ ਹੈ। ਕੋਈ ਭੇਦਭਾਵ ਨਹੀਂ, ਕੋਈ ਮਤਭੇਦ ਨਹੀਂ, ਕੋਈ ਮਨਭੇਦ ਨਹੀਂ, ਇਹੀ ਭਾਈਚਾਰਕ ਸਾਂਝ ਦਾ ਆਧਾਰ ਹੈ, ਇਹੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਸਮਾਜ ਦਾ ਪ੍ਰਣ ਹੈ ਅਤੇ ਸੰਘ ਇਸੇ ਨੂੰ ਲਗਾਤਾਰ ਨਵੀਂ ਸ਼ਕਤੀ ਦੇ ਰਿਹਾ ਹੈ।
ਸਾਥੀਓ,
ਜਦੋਂ 100 ਸਾਲ ਪਹਿਲਾਂ ਸੰਘ ਹੋਂਦ ਵਿੱਚ ਆਇਆ ਸੀ ਤਾਂ ਉਸ ਸਮੇਂ ਦੀਆਂ ਲੋੜਾਂ, ਉਸ ਸਮੇਂ ਦੇ ਘੋਲ ਕੁਝ ਹੋਰ ਸਨ। ਉਦੋਂ ਅਸੀਂ ਸੈਂਕੜੇ ਸਾਲਾਂ ਦੀ ਸਿਆਸੀ ਗ਼ੁਲਾਮੀ ਤੋਂ ਛੁਟਕਾਰਾ ਪਾਉਣਾ ਸੀ, ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰਾਖੀ ਕਰਨੀ ਸੀ। ਪਰ ਅੱਜ 100 ਸਾਲ ਬਾਅਦ, ਜਦੋਂ ਭਾਰਤ ਵਿਕਸਿਤ ਹੋਣ ਵੱਲ ਵੱਧ ਰਿਹਾ ਹੈ, ਜਦੋਂ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨ ਜਾ ਰਿਹਾ ਹੈ, ਜਦੋਂ ਦੇਸ਼ ਦਾ ਵੱਡਾ ਗ਼ਰੀਬ ਵਰਗ ਗ਼ਰੀਬੀ ਨੂੰ ਹਰਾ ਕੇ ਅੱਗੇ ਆ ਰਿਹਾ ਹੈ, ਜਦੋਂ ਸਾਡੇ ਨੌਜਵਾਨਾਂ ਲਈ ਨਵੇਂ-ਨਵੇਂ ਖੇਤਰਾਂ ਵਿੱਚ ਨਵੇਂ ਮੌਕੇ ਬਣ ਰਹੇ ਹਨ, ਜਦੋਂ ਆਲਮੀ ਕੂਟਨੀਤੀ ਤੋਂ ਲੈ ਕੇ ਜਲਵਾਯੂ ਨੀਤੀਆਂ ਤੱਕ, ਭਾਰਤ ਦੁਨੀਆ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਤਾਂ ਅੱਜ ਦੇ ਸਮੇਂ ਦੀਆਂ ਚੁਣੌਤੀ ਵੱਖਰੀਆਂ ਹਨ, ਸੰਘਰਸ਼ ਵੀ ਵੱਖਰੇ ਹਨ। ਦੂਜੇ ਦੇਸ਼ਾਂ 'ਤੇ ਆਰਥਿਕ ਨਿਰਭਰਤਾ, ਸਾਡੀ ਏਕਤਾ ਨੂੰ ਤੋੜਨ ਦੀਆਂ ਸਾਜ਼ਿਸ਼ਾਂ, ਵਸੋਂ ਵਿੱਚ ਬਦਲਾਅ ਦੀਆਂ ਸਾਜ਼ਿਸ਼ਾਂ... ਇੱਕ ਪ੍ਰਧਾਨ ਮੰਤਰੀ ਵਜੋਂ ਮੈਂ ਨਿਮਰਤਾ ਨਾਲ ਕਹਾਂਗਾ ਕਿ ਮੈਨੂੰ ਬਹੁਤ ਤਸੱਲੀ ਹੈ ਕਿ ਸਾਡੀ ਸਰਕਾਰ ਇਨ੍ਹਾਂ ਵੰਗਾਰਾਂ ਨਾਲ ਤੇਜ਼ੀ ਨਾਲ ਨਜਿੱਠ ਰਹੀ ਹੈ। ਉੱਥੇ ਹੀ ਇੱਕ ਸਵੈਮ ਸੇਵਕ ਵਜੋਂ ਮੈਨੂੰ ਇਹ ਵੀ ਖ਼ੁਸ਼ੀ ਹੈ ਕਿ ਸੰਘ ਨੇ ਨਾ ਸਿਰਫ਼ ਇਨ੍ਹਾਂ ਵੰਗਾਰਾਂ ਦੀ ਪਛਾਣ ਕੀਤੀ ਹੈ, ਬਲਕਿ ਇਨ੍ਹਾਂ ਨਾਲ ਨਜਿੱਠਣ ਲਈ ਠੋਸ ਰੋਡਮੈਪ ਵੀ ਬਣਾਇਆ ਹੈ।
ਸਾਥੀਓ,
ਸੰਘ ਦੇ ਪੰਜ ਬਦਲਾਅ: ਸਵੈ-ਪਛਾਣ, ਸਮਾਜਿਕ ਸਾਂਝ, ਪਰਿਵਾਰਕ ਜਾਗਰੂਕਤਾ, ਨਾਗਰਿਕ ਸ਼ਿਸ਼ਟਾਚਾਰ ਅਤੇ ਵਾਤਾਵਰਣ, ਇਹ ਸੋਂਹ ਹਰ ਸਵੈਮ ਸੇਵਕ ਲਈ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਨਾਲ ਨਜਿੱਠਣ ਦੀ ਬਹੁਤ ਵੱਡੀ ਪ੍ਰੇਰਣਾ ਹਨ।
ਸਾਥੀਓ,
ਸਵੈ-ਪਛਾਣ ਯਾਨੀ, ਆਪਣੀ ਪਛਾਣ, ਯਾਨੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਕੇ ਆਪਣੇ ਵਿਰਸੇ 'ਤੇ ਮਾਣ ਕਰਨਾ, ਆਪਣੀ ਭਾਸ਼ਾ 'ਤੇ ਮਾਣ ਕਰਨਾ। ਸਵੈ-ਪਛਾਣ ਯਾਨੀ ਸਵਦੇਸ਼ੀ, ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਅਤੇ ਮੇਰੇ ਦੇਸ਼ ਵਾਸੀਓ, ਇਹ ਗੱਲ ਸਮਝ ਕੇ ਚੱਲੋ, ਆਤਮ-ਨਿਰਭਰਤਾ ਇੱਕ ਬਦਲ ਨਹੀਂ, ਇਹ ਇੱਕ ਜ਼ਰੂਰਤ ਹੈ। ਸਾਨੂੰ ਸਵਦੇਸ਼ੀ ਦੇ ਆਪਣੇ ਮੂਲ ਮੰਤਰ ਨੂੰ ਸਮਾਜ ਦਾ ਪ੍ਰਣ ਬਣਾਉਣਾ ਹੈ। ਸਾਨੂੰ 'ਵੋਕਲ ਫਾਰ ਲੋਕਲ' ਦੀ ਮੁਹਿੰਮ ਦੀ ਸਫਲਤਾ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਾਥੀਓ,
ਸੰਘ ਨੇ ਸਮਾਜਿਕ ਸਾਂਝ ਨੂੰ ਹਮੇਸ਼ਾ ਆਪਣੀ ਪਹਿਲ ਬਣਾਈ ਰੱਖਿਆ ਹੈ। ਸਮਾਜਿਕ ਸਾਂਝ ਯਾਨੀ, ਲੋੜਵੰਦਾਂ ਨੂੰ ਪਹਿਲ ਦੇ ਕੇ ਸਮਾਜਿਕ ਨਿਆਂ ਦੀ ਸਥਾਪਨਾ ਕਰਨਾ, ਦੇਸ਼ ਦੀ ਏਕਤਾ ਨੂੰ ਵਧਾਉਣਾ। ਅੱਜ ਦੇਸ਼ ਦੇ ਸਾਹਮਣੇ ਅਜਿਹੇ ਸੰਕਟ ਖੜ੍ਹੇ ਹੋ ਰਹੇ ਹਨ, ਜੋ ਸਾਡੀ ਏਕਤਾ, ਸਾਡੇ ਸੱਭਿਆਚਾਰ ਅਤੇ ਸਾਡੀ ਸੁਰੱਖਿਆ 'ਤੇ ਸਿੱਧਾ ਹਮਲਾ ਕਰ ਰਹੇ ਹਨ। ਵੱਖਵਾਦੀ ਸੋਚ, ਖੇਤਰਵਾਦ, ਕਦੇ ਜਾਤ, ਕਦੇ ਭਾਸ਼ਾ ਨੂੰ ਲੈ ਕੇ ਵਿਵਾਦ, ਕਦੇ ਬਾਹਰੀ ਤਾਕਤਾਂ ਦੁਆਰਾ ਭੜਕਾਈਆਂ ਵੰਡ ਪਾਊ ਨੀਤੀਆਂ, ਇਹ ਸਭ ਅਣਗਿਣਤ ਚੁਣੌਤੀਆਂ ਸਾਡੇ ਸਾਹਮਣੇ ਹਨ। ਭਾਰਤ ਦੀ ਆਤਮਾ ਹਮੇਸ਼ਾ ਅਨੇਕਤਾ ਵਿੱਚ ਏਕਤਾ ਹੀ ਰਹੀ ਹੈ। ਜੇ ਇਸ ਸੂਤਰ ਨੂੰ ਤੋੜਿਆ ਗਿਆ ਤਾਂ ਭਾਰਤ ਦੀ ਤਾਕਤ ਵੀ ਕਮਜ਼ੋਰ ਹੋਵੇਗੀ। ਇਸ ਲਈ ਸਾਨੂੰ ਇਸ ਸੂਤਰ ਨੂੰ ਲਗਾਤਾਰ ਜਿਊਣਾ ਹੈ ਅਤੇ ਮਜ਼ਬੂਤੀ ਦੇਣੀ ਹੈ।
ਸਾਥੀਓ,
ਸਮਾਜਿਕ ਸਾਂਝ ਨੂੰ ਅੱਜ ਡੈਮੋਗ੍ਰਾਫੀ ਵਿੱਚ ਬਦਲਾਅ ਦੀਆਂ ਸਾਜ਼ਿਸ਼ਾਂ ਤੋਂ, ਘੁਸਪੈਠੀਆਂ ਤੋਂ ਵੀ ਵੱਡੀ ਚੁਣੌਤੀ ਮਿਲ ਰਹੀ ਹੈ। ਇਹ ਸਾਡੀ ਅੰਦਰੂਨੀ ਸੁਰੱਖਿਆ ਅਤੇ ਭਵਿੱਖ ਦੀ ਸ਼ਾਂਤੀ ਨਾਲ ਵੀ ਜੁੜਿਆ ਸਵਾਲ ਹੈ। ਇਸ ਲਈ ਮੈਂ ਲਾਲ ਕਿਲ੍ਹੇ ਤੋਂ ਡੈਮੋਗ੍ਰਾਫੀ ਮਿਸ਼ਨ ਦਾ ਐਲਾਨ ਕੀਤਾ ਹੈ। ਸਾਨੂੰ ਇਸ ਚੁਣੋਤੀ ਤੋਂ ਚੌਕਸ ਰਹਿਣਾ ਹੈ, ਇਸ ਦਾ ਡਟ ਕੇ ਮੁਕਾਬਲਾ ਕਰਨਾ ਹੈ।
ਸਾਥੀਓ,
ਪਰਿਵਾਰਕ ਜਾਗਰੂਕਤਾ ਅੱਜ ਸਮੇਂ ਦੀ ਮੰਗ ਹੈ, ਜੋ ਸਮਾਜ ਸ਼ਾਸਤਰ ਦੇ ਸਦੀਆਂ ਤੋਂ ਚੱਲੀ ਆਈ ਪੰਡਿਤਾਂ ਦੀ ਭਾਸ਼ਾ ਹੈ, ਉਨ੍ਹਾਂ ਦਾ ਕਹਿਣਾ ਹੈ, ਹਜ਼ਾਰਾਂ ਸਾਲਾਂ ਤੋਂ ਭਾਰਤੀ ਸਮਾਜ ਦੀ ਜੀਵਨ-ਸ਼ਕਤੀ ਦਾ ਇੱਕ ਵੱਡਾ ਕਾਰਨ ਉਸ ਦੀ ਮਜ਼ਬੂਤ ਪਰਿਵਾਰਕ ਪ੍ਰਣਾਲੀ ਰਹੀ ਹੈ। ਭਾਰਤੀ ਸਮਾਜਿਕ ਢਾਂਚੇ ਦੀ ਸਭ ਤੋਂ ਮਜ਼ਬੂਤ ਇਕਾਈ ਜੇਕਰ ਕੋਈ ਹੈ ਤਾਂ ਉਹ ਭਾਰਤੀ ਸਮਾਜ ਵਿੱਚ ਵਿਕਸਿਤ ਹੋਈ ਇੱਕ ਮਜ਼ਬੂਤ ਪਰਿਵਾਰਕ ਪ੍ਰਣਾਲੀ ਹੈ। ਪਰਿਵਾਰਕ ਜਾਗਰੂਕਤਾ ਦਾ ਮਤਲਬ ਹੈ, ਉਸ ਪਰਿਵਾਰਕ ਸੱਭਿਆਚਾਰ ਨੂੰ ਪਾਲਣਾ-ਪੋਸਣਾ, ਜੋ ਭਾਰਤੀ ਤਹਿਜ਼ੀਬ ਦਾ ਆਧਾਰ ਹੈ, ਜੋ ਭਾਰਤੀ ਸੱਭਿਆਚਾਰ ਤੋਂ ਪ੍ਰੇਰਿਤ ਹੈ ਅਤੇ ਜੋ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜਦਾ ਹੈ। ਪਰਿਵਾਰਕ ਕਦਰਾਂ-ਕੀਮਤਾਂ, ਬਜ਼ੁਰਗਾਂ ਦਾ ਸਤਿਕਾਰ, ਔਰਤਾਂ ਦਾ ਆਦਰ, ਨੌਜਵਾਨਾਂ ਵਿੱਚ ਚੰਗੇ ਗੁਣ, ਆਪਣੇ ਪਰਿਵਾਰ ਪ੍ਰਤੀ ਫ਼ਰਜ਼ਾਂ ਨੂੰ ਨਿਭਾਉਣਾ ਅਤੇ ਉਸ ਨੂੰ ਸਮਝਣਾ—ਇਸ ਦਿਸ਼ਾ ਵਿੱਚ ਪਰਿਵਾਰ ਅਤੇ ਸਮਾਜ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
ਸਾਥੀਓ,
ਵੱਖ-ਵੱਖ ਸਮਿਆਂ ਵਿੱਚ ਜੋ ਵੀ ਦੇਸ਼ ਅੱਗੇ ਵਧਿਆ, ਉਸ ਵਿੱਚ ਨਾਗਰਿਕ ਤਹਿਜ਼ੀਬ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਨਾਗਰਿਕ ਤਹਿਜ਼ੀਬ ਦਾ ਮਤਲਬ ਹੈ ਫ਼ਰਜ਼ ਦੀ ਭਾਵਨਾ। ਹਰ ਦੇਸ਼ ਵਾਸੀ ਵਿੱਚ ਆਪਣੇ ਨਾਗਰਿਕ ਫ਼ਰਜ਼ਾਂ ਦਾ ਅਹਿਸਾਸ ਹੋਵੇ, ਸਫ਼ਾਈ ਨੂੰ ਉਤਸ਼ਾਹ ਦੇਣਾ, ਦੇਸ਼ ਦੀ ਜਾਇਦਾਦ ਦਾ ਸਤਿਕਾਰ ਕਰਨਾ, ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ—ਸਾਨੂੰ ਇਨ੍ਹਾਂ ਗੱਲਾਂ ਨੂੰ ਲੈ ਕੇ ਅੱਗੇ ਵਧਣਾ ਹੈ। ਸਾਡੇ ਸੰਵਿਧਾਨ ਦੀ ਭਾਵਨਾ ਵੀ ਇਹੀ ਹੈ ਕਿ ਨਾਗਰਿਕ ਆਪਣੇ ਫ਼ਰਜ਼ਾਂ ਨੂੰ ਨਿਭਾਉਣ। ਸਾਨੂੰ ਸੰਵਿਧਾਨ ਦੀ ਇਸੇ ਭਾਵਨਾ ਨੂੰ ਲਗਾਤਾਰ ਮਜ਼ਬੂਤ ਕਰਨਾ ਹੈ।
ਸਾਥੀਓ,
ਵਾਤਾਵਰਨ ਦੀ ਰਾਖੀ, ਅੱਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਹੈ। ਇਹ ਪੂਰੀ ਮਨੁੱਖਤਾ ਦੇ ਭਵਿੱਖ ਨਾਲ ਜੁੜਿਆ ਮਸਲਾ ਹੈ। ਸਾਨੂੰ ਆਰਥਿਕਤਾ ਦੇ ਨਾਲ-ਨਾਲ ਵਾਤਾਵਰਨ ਦਾ ਵੀ ਫ਼ਿਕਰ ਕਰਨਾ ਹੈ। ਪਾਣੀ ਦੀ ਬੱਚਤ, ਗਰੀਨ ਅਨਰਜੀ, ਕਲੀਨ ਅਨਰਜੀ—ਇਹ ਸਾਰੀਆਂ ਮੁਹਿੰਮਾਂ ਇਸੇ ਦਿਸ਼ਾ ਵਿੱਚ ਹਨ।
ਸਾਥੀਓ,
ਸੰਘ ਦੇ ਇਹ ਪੰਜ ਬਦਲਾਅ, ਉਹ ਸਾਧਨ ਹਨ, ਜੋ ਦੇਸ਼ ਦੀ ਤਾਕਤ ਵਧਾਉਣਗੇ, ਜੋ ਦੇਸ਼ ਨੂੰ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਨਗੇ ਅਤੇ ਜੋ 2047 ਤੱਕ ਇੱਕ ਵਿਕਸਿਤ ਭਾਰਤ ਦੀ ਉਸਾਰੀ ਦਾ ਆਧਾਰ ਬਣਨਗੇ।
ਸਾਥੀਓ,
2047 ਦਾ ਭਾਰਤ ਗਿਆਨ ਅਤੇ ਵਿਗਿਆਨ, ਸੇਵਾ ਅਤੇ ਭਾਈਚਾਰਕ ਸਾਂਝ ਨਾਲ ਉਸਾਰਿਆ ਹੋਇਆ ਇੱਕ ਸ਼ਾਨਦਾਰ ਭਾਰਤ ਹੋਵੇ। ਇਹੀ ਸੰਘ ਦਾ ਨਜ਼ਰੀਆ ਹੈ, ਇਹੀ ਸਾਡੇ ਸਾਰੇ ਸਵੈਮ ਸੇਵਕਾਂ ਦੀ ਘਾਲਣਾ ਹੈ ਅਤੇ ਇਹੀ ਸਾਡਾ ਪ੍ਰਣ ਹੈ।
ਸਾਥੀਓ,
ਸਾਨੂੰ ਹਮੇਸ਼ਾ ਯਾਦ ਰੱਖਣਾ ਹੈ— ਸੰਘ ਬਣਿਆ ਹੈ, ਦੇਸ਼ ਪ੍ਰਤੀ ਅਡੋਲ ਸ਼ਰਧਾ ਨਾਲ। ਸੰਘ ਚੱਲਿਆ ਹੈ, ਦੇਸ਼ ਪ੍ਰਤੀ ਬੇਅੰਤ ਸੇਵਾ ਦੀ ਭਾਵਨਾ ਨਾਲ। ਸੰਘ ਤਪਿਆ ਹੈ, ਤਿਆਗ ਅਤੇ ਘਾਲਣਾ ਦੀ ਅੱਗ ਵਿੱਚ। ਸੰਘ ਨਿੱਖਰਿਆ ਹੈ, ਚੰਗੇ ਗੁਣਾਂ ਅਤੇ ਸਾਧਨਾ ਦੇ ਸੰਗਮ ਨਾਲ। ਸੰਘ ਖੜ੍ਹਾ ਹੈ, ਦੇਸ਼-ਧਰਮ ਨੂੰ ਜੀਵਨ ਦਾ ਸਭ ਤੋਂ ਵੱਡਾ ਧਰਮ ਮੰਨ ਕੇ ਅਤੇ ਸੰਘ ਜੁੜਿਆ ਹੈ, ਭਾਰਤ ਮਾਂ ਦੀ ਸੇਵਾ ਦੇ ਵੱਡੇ ਸੁਪਨੇ ਨਾਲ।
ਸਾਥੀਓ,
ਸੰਘ ਦੀ ਮਿਸਾਲ ਹੈ ਕਿ ਸੱਭਿਆਚਾਰ ਦੀਆਂ ਜੜ੍ਹਾਂ ਡੂੰਘੀਆਂ ਅਤੇ ਮਜ਼ਬੂਤ ਹੋਣ। ਸੰਘ ਦੀ ਕੋਸ਼ਿਸ਼ ਹੈ ਕਿ ਸਮਾਜ ਵਿੱਚ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਹੋਵੇ। ਸੰਘ ਦਾ ਟੀਚਾ ਹੈ ਕਿ ਹਰ ਦਿਲ ਵਿੱਚ ਲੋਕ-ਸੇਵਾ ਦੀ ਜੋਤ ਜਗਦੀ ਰਹੇ। ਸੰਘ ਦਾ ਨਜ਼ਰੀਆ ਹੈ ਕਿ ਭਾਰਤੀ ਸਮਾਜ, ਸਮਾਜਿਕ ਇਨਸਾਫ਼ ਦਾ ਪ੍ਰਤੀਕ ਬਣੇ। ਸੰਘ ਦਾ ਮਕਸਦ ਹੈ ਕਿ ਦੁਨੀਆ ਦੇ ਮੰਚ 'ਤੇ ਭਾਰਤ ਦੀ ਆਵਾਜ਼ ਹੋਰ ਵੀ ਦਮਦਾਰ ਬਣੇ। ਸੰਘ ਦਾ ਪ੍ਰਣ ਹੈ ਕਿ ਭਾਰਤ ਦਾ ਭਵਿੱਖ ਸੁਰੱਖਿਅਤ ਅਤੇ ਰੌਸ਼ਨ ਹੋਵੇ। ਮੈਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨੂੰ ਇਸ ਯਾਦਗਾਰੀ ਮੌਕੇ ਦੀ ਵਧਾਈ ਦਿੰਦਾ ਹਾਂ। ਕੱਲ੍ਹ ਦੁਸਹਿਰੇ ਦਾ ਪਵਿੱਤਰ ਤਿਉਹਾਰ ਹੈ, ਸਾਡੇ ਸਾਰਿਆਂ ਦੇ ਜੀਵਨ ਵਿੱਚ ਦੁਸਹਿਰੇ ਦਾ ਇੱਕ ਖ਼ਾਸ ਮਹੱਤਵ ਹੈ। ਮੈਂ ਉਸ ਲਈ ਵੀ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੋਇਆ ਆਪਣੀ ਗੱਲ ਖ਼ਤਮ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ ਹੈ। ਮੂਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਟੀ/ਵੀਕੇ/ਐੱਸਐੱਸ
(रिलीज़ आईडी: 2176174)
आगंतुक पटल : 15