ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ, ਅੱਜ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਬਸਤਰ ਦੁਸਹਿਰਾ ਤਿਉਹਾਰ ਵਿੱਚ ਸ਼ਾਮਲ ਹੋਏ


75 ਦਿਨਾਂ ਤੱਕ ਚੱਲਣ ਵਾਲਾ ਬਸਤਰ ਦੁਸਹਿਰਾ ਤਿਉਹਾਰ ਨਾ ਸਿਰਫ਼ ਕਬਾਇਲੀ ਭਾਈਚਾਰੇ, ਛੱਤੀਸਗੜ੍ਹ ਜਾਂ ਭਾਰਤ ਲਈ ਮਹੱਤਵਪੂਰਨ ਹੈ, ਸਗੋਂ ਇਹ ਦੁਨੀਆ ਦਾ ਸਭ ਤੋਂ ਵੱਡਾ ਸੱਭਿਆਚਾਰਕ ਤਿਉਹਾਰ ਵੀ ਹੈ

ਕੁਝ ਲੋਕ ਸਾਲਾਂ ਤੱਕ ਇਹ ਗਲਤ ਧਾਰਨਾ ਫੈਲਾਉਂਦੇ ਰਹੇ ਕਿ ਨਕਸਲਵਾਦ ਵਿਕਾਸ ਦੀ ਲੜਾਈ ਹੈ, ਪਰ ਪੂਰਾ ਬਸਤਰ ਵਿਕਾਸ ਤੋਂ ਵਾਂਝਾ ਰਿਹਾ, ਇਸ ਦੀ ਜੜ੍ਹ ਨਕਸਲਵਾਦ ਹੀ ਹੈ

ਪ੍ਰਧਾਨ ਮੰਤਰੀ ਮੋਦੀ ਵੱਲੋਂ, ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ 31 ਮਾਰਚ, 2026 ਤੋਂ ਬਾਅਦ, ਨਕਸਲੀ ਬਸਤਰ ਦੇ ਵਿਕਾਸ ਜਾਂ ਇਸ ਦੇ ਲੋਕਾਂ ਦੇ ਅਧਿਕਾਰਾਂ ਵਿੱਚ ਰੁਕਾਵਟ ਨਹੀਂ ਪਾ ਸਕਣਗੇ

ਬਸਤਰ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਗੁੰਮਰਾਹ ਹੋਏ ਨੌਜਵਾਨਾਂ ਨੂੰ ਹਥਿਆਰ ਛੱਡ ਕੇ , ਮੁੱਖਧਾਰਾ ਵਿੱਚ ਸ਼ਾਮਲ ਹੋਣ ਅਤੇ ਬਸਤਰ ਦੇ ਵਿਕਾਸ ਵਿੱਚ ਭਾਈਵਾਲ ਬਣਨ ਲਈ ਸਮਝਾਉਣ

ਕੇਂਦਰ ਅਤੇ ਛੱਤੀਸਗੜ੍ਹ ਸਰਕਾਰਾਂ ਬਸਤਰ ਅਤੇ ਸਾਰੇ ਨਕਸਲ ਪ੍ਰਭਾਵਿਤ ਖੇਤਰਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ

ਜੇਕਰ ਕੋਈ ਹਥਿਆਰਾਂ ਨਾਲ ਬਸਤਰ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਾਡੀਆਂ ਹਥਿਆਰਬੰਦ ਸੈਨਾਵਾਂ ਅਤੇ ਪੁਲਿਸ ਮਿਲ ਕੇ ਢੁਕਵਾਂ ਜਵਾਬ ਦੇਣਗੀਆਂ।

ਬਸਤਰ ਦੁਸਹਿਰਾ, ਬਸਤਰ ਓਲੰਪਿਕ, ਇਸ ਦੇ ਪਕਵਾਨ, ਪਹਿਰਾਵਾ, ਕਲਾ ਅਤੇ ਸੰਗੀਤ ਯੰਤਰ ਨਾ ਸਿਰਫ਼ ਬਸਤਰ ਵਿੱਚ ਸਗੋਂ ਦੁਨੀਆ ਭਰ ਵਿੱਚ ਖਿੱਚ ਦਾ ਕੇਂਦਰ ਬਣ ਗਏ ਹਨ

1874 ਤੋਂ ਅੱਜ ਤੱਕ

Posted On: 04 OCT 2025 6:28PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਆਯੋਜਿਤ ਕੀਤੇ ਜਾ ਰਹੇ ਬਸਤਰ ਦੁਸਹਿਰਾ ਤਿਉਹਾਰ ਵਿੱਚ ਹਿੱਸਾ ਲਿਆ। ਆਪਣੇ ਸੰਬੋਧਨ ਤੋਂ ਪਹਿਲਾਂ, ਸ਼੍ਰੀ ਸ਼ਾਹ ਨੇ ਪ੍ਰਸਿੱਧ ਦੰਤੇਸ਼ਵਰੀ ਮੰਦਿਰ ਦੇ ਦਰਸ਼ਨ ਕੀਤੇ ਅਤੇ ਪ੍ਰਾਰਥਨਾ ਕੀਤੀ। ਬਸਤਰ ਦੁਸਹਿਰਾ ਤਿਉਹਾਰ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂ ਦੇਵ ਸਾਇ ਅਤੇ ਉਪ ਮੁੱਖ ਮੰਤਰੀ ਡਾ. ਵਿਜੈ ਸ਼ਰਮਾ ਸਮੇਤ ਕਈ ਪਤਵੰਤੇ ਸ਼ਾਮਲ ਹੋਏ।

1.JPG

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ  ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 75 ਦਿਨਾਂ ਤੱਕ ਚੱਲਣ ਵਾਲਾ ਬਸਤਰ ਦੁਸਹਿਰਾ, ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਿਲੱਖਣ ਤਿਉਹਾਰ, ਨਾ ਸਿਰਫ ਕਬਾਇਲੀ ਭਾਈਚਾਰੇ, ਬਸਤਰ, ਛੱਤੀਸਗੜ੍ਹ ਜਾਂ ਭਾਰਤ ਲਈ ਇੱਕ ਸੱਭਿਆਚਾਰਕ ਸਮਾਗਮ ਹੈ, ਸਗੋਂ ਪੂਰੀ ਦੁਨੀਆ ਲਈ ਵੀ ਸੱਭਿਆਚਾਰਕ ਮਹੋਤਸਵ ਹੈ। ਸ਼੍ਰੀ ਸ਼ਾਹ ਨੇ ਜ਼ਿਕਰ ਕੀਤਾ ਕਿ ਦੰਤੇਸ਼ਵਰੀ ਮੰਦਿਰ ਵਿੱਚ ਆਪਣੀਆਂ ਪ੍ਰਾਰਥਨਾਵਾਂ ਦੌਰਾਨ, ਉਨ੍ਹਾਂ ਨੇ ਸੁਰੱਖਿਆ ਬਲਾਂ ਤੋਂ 31 ਮਾਰਚ, 2026 ਤੱਕ ਬਸਤਰ ਖੇਤਰ ਨੂੰ ਨਕਸਲੀ ਹਿੰਸਾ ਤੋਂ ਮੁਕਤ ਕਰਨ ਲਈ ਸ਼ਕਤੀ ਪ੍ਰਾਪਤ ਕਰਨ ਲਈ ਅਸ਼ੀਰਵਾਦ ਮੰਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਕੁਝ ਲੋਕ ਵਰ੍ਹਿਆਂ ਤੋਂ ਇਹ ਗਲਤਫਹਿਮੀ ਫੈਲਾਉਂਦੇ ਰਹੇ ਕਿ ਨਕਸਲਵਾਦ ਦਾ ਜਨਮ ਵਿਕਾਸ ਦੀ ਲੜਾਈ ਹੈ। ਜਦਕਿ ਸੱਚ ਇਹ ਹੈ ਕਿ ਬਸਤਰ ਦੀ ਤਰੱਕੀ ਤੋਂ ਵਾਂਝਾ ਹੋਣ ਦਾ ਮੁੱਖ ਕਾਰਨ ਨਕਸਲਵਾਦ ਹੈ। ਉਨ੍ਹਾਂ ਕਿਹਾ ਕਿ ਅੱਜ  ਦੇਸ਼ ਦੇ ਹਰ ਪਿੰਡ ਵਿੱਚ ਹੁਣ ਬਿਜਲੀ, ਪੀਣ ਵਾਲਾ ਪਾਣੀ, ਸੜਕਾਂ, ਪਖਾਨੇ, 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਅਤੇ ਮੁਫ਼ਤ ਅਨਾਜ ਵੰਡ, 3,100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੌਲਾਂ ਦੀ ਖਰੀਦ ਦੀ ਸਹੂਲਤ ਪਹੁੰਚ ਚੁੱਕੀ ਹੈ, ਪਰ ਬਸਤਰ ਤਰੱਕੀ ਦੀ ਇਸ ਦੌੜ ਵਿੱਚ ਪਿੱਛੇ ਰਹਿ ਗਿਆ ਹੈ।

2.JPG

ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ 31 ਮਾਰਚ, 2026 ਤੋਂ ਬਾਅਦ, ਨਕਸਲੀ ਬਸਤਰ ਦੇ ਵਿਕਾਸ ਜਾਂ ਇਸ ਦੇ ਲੋਕਾਂ ਦੇ ਅਧਿਕਾਰਾਂ ਵਿੱਚ ਰੁਕਾਵਟ ਨਹੀਂ ਪਾ ਸਕਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਬਸਤਰ ਦੇ ਨੌਜਵਾਨ ਜੋ ਨਕਸਲਵਾਦ ਵਿੱਚ ਗੁੰਮਰਾਹ ਹੋਏ ਹਨ, ਉਹ ਸਥਾਨਕ ਪਿੰਡਾਂ ਦੇ ਹਨ। ਉਨ੍ਹਾਂ ਨੇ ਬਸਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਗੁੰਮਰਾਹ ਹੋਏ ਨੌਜਵਾਨਾਂ ਨੂੰ ਹਥਿਆਰ ਸੁੱਟਣ ਅਤੇ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਮੁੱਖਧਾਰਾ ਵਿੱਚ ਸ਼ਾਮਲ ਹੋਣ ਲਈ ਮਨਾਉਣ ਜਿਸ ਨਾਲ ਉਹ ਬਸਤਰ ਕੇ ਵਿਕਾਸ ਵਿੱਚ ਸਹਿਯੋਗੀ ਬਣਨ। 

ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ਦੀ ਸਭ ਤੋਂ ਪ੍ਰਭਾਵਸ਼ਾਲੀ ਆਤਮ ਸਮਰਪਣ ਨੀਤੀ ਤਿਆਰ ਕਰਨ ਲਈ ਛੱਤੀਸਗੜ੍ਹ ਸਰਕਾਰ ਦੀ ਪ੍ਰਸ਼ੰਸਾ ਕੀਤੀ, ਇਹ ਨੋਟ ਕਰਦੇ ਹੋਏ ਕਿ ਪਿਛਲੇ ਮਹੀਨੇ ਹੀ 500 ਤੋਂ ਵੱਧ ਵਿਅਕਤੀਆਂ ਨੇ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਨੇ ਨਕਸਲੀਆਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਅਤੇ ਐਲਾਨ ਕੀਤਾ ਕਿ ਹਰ ਪਿੰਡ ਜੋ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ ਉਸ ਪਿੰਡ ਨੂੰ ਵਿਕਾਸ ਲਈ ਛੱਤੀਸਗੜ੍ਹ ਸਰਕਾਰ ਤੋਂ 1 ਕਰੋੜ ਰੁਪਏ ਮਿਲਣਗੇ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਨਕਸਲਵਾਦ ਨੇ ਕੋਈ ਲਾਭ ਨਹੀਂ ਪਹੁੰਚਾਇਆ ਹੈ ਅਤੇ ਇਹ ਸਮੱਸਿਆ ਹੁਣ ਕਾਫੀ ਘੱਟ ਹੋ ਚੁੱਕੀ ਹੈ।

3.JPG

ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰ ਅਤੇ ਛੱਤੀਸਗੜ੍ਹ ਦੋਵੇਂ ਸਰਕਾਰਾਂ ਬਸਤਰ ਅਤੇ ਹੋਰ ਨਕਸਲ ਪ੍ਰਭਾਵਿਤ ਖੇਤਰਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਇਸ ਦੇ ਲਈ ਆਕਰਸ਼ਕ ਨੀਤੀਆਂ ਬਣਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਛੱਤੀਸਗੜ੍ਹ ਦੇ ਵਿਕਾਸ ਲਈ ਲਗਭਗ ₹4.40 ਲੱਖ ਕਰੋੜ ਪ੍ਰਦਾਨ ਕੀਤੇ ਹਨ। ਰਾਜ ਬੇਮਿਸਾਲ ਗਤੀ ਨਾਲ ਤਰੱਕੀ ਕਰ ਰਿਹਾ ਹੈ, ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ, ਵਿਦਿਅਕ ਸੰਸਥਾਵਾਂ ਬਣਾਈਆਂ ਜਾ ਰਹੀਆਂ ਹਨ, ਸਿਹਤ ਸੰਭਾਲ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਅਤੇ ਛੋਟੇ ਪੱਧਰ ਦੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਨਕਸਲੀਆਂ ਨੂੰ ਆਕਰਸ਼ਕ ਆਤਮ-ਸਮਰਪਣ ਨੀਤੀ ਦੇ ਤਹਿਤ ਆਤਮ ਸਮਰਪਣ ਕਰਨ ਦੀ ਅਪੀਲ ਦੁਹਰਾਈ। ਹਾਲਾਂਕਿ, ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਹਿੰਸਾ ਰਾਹੀਂ ਬਸਤਰ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਹਥਿਆਰਬੰਦ ਬਲਾਂ, ਸੀਆਰਪੀਐੱਫ ਅਤੇ ਛੱਤੀਸਗੜ੍ਹ ਦੀ ਪੁਲਿਸ ਵੱਲੋਂ ਸਖ਼ਤ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ 31 ਮਾਰਚ, 2026, ਤਾਰੀਖ ਨਿਰਧਾਰਿਤ ਹੈ ਓਦੋਂ ਤੱਕ ਦੇਸ਼ ਵਿੱਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਜਾਵੇਗਾ।

4.JPG

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਾਲ ਦੇਸ਼ ਭਰ ਦੇ ਕਬਾਇਲੀ ਬਸਤਰ ਓਲੰਪਿਕ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਬਸਤਰ ਦਾ ਪਾਂਡੁਮ ਤਿਉਹਾਰ, ਪਕਵਾਨ, ਪਹਿਰਾਵਾ, ਕਲਾ ਅਤੇ ਸੰਗੀਤ ਯੰਤਰ ਨਾ ਸਿਰਫ਼ ਬਸਤਰ ਵਿੱਚ ਸਗੋਂ ਦੁਨੀਆ ਭਰ ਵਿੱਚ ਖਿੱਚ ਦਾ ਕੇਂਦਰ ਬਣ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਕਲਪ ਸਾਡੀ ਸੰਸਕ੍ਰਿਤੀ, ਭਾਸ਼ਾ, ਭੋਜਨ, ਪਹਿਰਾਵਾ ਅਤੇ ਸੰਗੀਤ ਯੰਤਰਾਂ ਨੂੰ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਸਦੀਆਂ ਤੋਂ ਸੁਰੱਖਿਅਤ ਰੱਖਣਾ ਹੈ। ਛੱਤੀਸਗੜ੍ਹ ਸਰਕਾਰ ਅਤੇ ਭਾਰਤ ਸਰਕਾਰ ਇਸ ਸੰਕਲਪ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਸ਼੍ਰੀ ਅਮਿਤ ਸ਼ਾਹ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ 1874 ਤੋਂ ਚੱਲ ਰਿਹਾ ਮੁਰੀਆ ਦਰਬਾਰ, ਆਪਣੀ ਸਰਗਰਮ ਭਾਗੀਦਾਰੀ, ਨਿਆਂ ਪ੍ਰਣਾਲੀ, ਕਬਾਇਲੀ ਸੱਭਿਆਚਾਰ ਦੀ ਸੰਭਾਲ ਅਤੇ ਜਨਤਕ ਸੰਵਾਦ ਦੀ ਪਰੰਪਰਾ ਦੇ ਨਾਲ, ਕਿਸੇ ਵਿਸ਼ਵ ਵਿਰਾਸਤ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਰੀਆ ਦਰਬਾਰ ਪੂਰੇ ਦੇਸ਼ ਲਈ ਪ੍ਰੇਰਨਾ ਅਤੇ ਗਿਆਨ ਦਾ ਸਰੋਤ ਹੈ।

5.JPG

ਕੇਂਦਰੀ ਗ੍ਰਹਿ ਮੰਤਰੀ ਨੇ ਸਵਦੇਸ਼ੀ ਜਾਗਰਣ ਮੰਚ ਵੱਲੋਂ ਆਯੋਜਿਤ ਸਵਦੇਸ਼ੀ ਮੇਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੰਬੇ ਸਮੇਂ ਤੋਂ ਸਵਦੇਸ਼ੀ  ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਸਵਦੇਸ਼ੀ ਜਾਗਰਣ ਮੰਚ ਕਈ ਵਰ੍ਹਿਆਂ ਤੋਂ ਸਵਦੇਸ਼ੀ ਨੂੰ ਇੱਕ ਜਨ ਅੰਦੋਲਨ ਵਜੋਂ ਉਤਸਾਹਿਤ ਕਰ ਰਿਹਾ ਹੈ। ਹੁਣ, ਪ੍ਰਧਾਨ ਮੰਤਰੀ ਮੋਦੀ ਨੇ ਹਰ ਘਰ ਨੂੰ ਸਿਰਫ਼ ਭਾਰਤ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਹਰ ਵਪਾਰੀ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਦੁਕਾਨਾਂ ਜਾਂ ਸ਼ਾਪਿੰਗ ਮੌਲਜ਼ ਵਿੱਚ ਵਿਦੇਸ਼ੀ ਸਮਾਨ ਦਾ ਭੰਡਾਰ ਨਾ ਹੋਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਜੇਕਰ ਭਾਰਤ ਦੀ 140 ਕਰੋੜ ਆਬਾਦੀ ਸਵਦੇਸ਼ੀ ਪ੍ਰਣ ਨੂੰ ਅਪਣਾ ਲੈਂਦੀ ਹੈ, ਤਾਂ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

ਕੇਂਦਰੀ ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਛੱਤੀਸਗੜ੍ਹ ਸਮੇਤ ਦੇਸ਼ ਭਰ ਦੀਆਂ ਮਾਵਾਂ ਅਤੇ ਭੈਣਾਂ ਨੂੰ 395 ਵਸਤੂਆਂ 'ਤੇ ਜੀਐੱਸਟੀ ਵਿੱਚ ਭਾਰੀ ਛੂਟ ਦੇ ਕੇ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਹੈ। ਲਗਭਗ ਸਾਰੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ, ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ 'ਤੇ ਸਿਰਫ ਪੰਜ ਪ੍ਰਤੀਸ਼ਤ ਟੈਕਸ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੰਨੀਆਂ ਵਿਆਪਕ ਟੈਕਸ ਕਟੌਤੀਆਂ ਪਹਿਲਾਂ ਕਦੇ ਨਹੀਂ ਵੇਖੀਆਂ ਗਈਆਂ। ਸਵਦੇਸ਼ੀ ਕਦਰਾਂ-ਕੀਮਤਾਂ ਨੂੰ ਅਪਣਾਉਣ ਨਾਲ, ਦੇਸ਼ ਦੀ ਅਰਥਵਿਵਸਥਾ ਬੇਮਿਸਾਲ ਗਤੀ ਪ੍ਰਾਪਤ ਕਰੇਗੀ। ਸ਼੍ਰੀ ਸ਼ਾਹ ਨੇ ਜ਼ਿਕਰ ਕੀਤਾ ਕਿ ਬਸਤਰ ਦੁਸਹਿਰਾ ਤਿਉਹਾਰ ਵਿੱਚ 300 ਤੋਂ ਵੱਧ ਸਵਦੇਸ਼ੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਵਦੇਸ਼ੀ ਵਾਕਾਥੌਨ ਸਵਦੇਸ਼ੀ ਭਾਵਨਾ ਨੂੰ ਇੱਕ ਨਵੀਂ ਪਛਾਣ ਦੇਣ ਲਈ ਇੱਕ ਪ੍ਰਭਾਵਸ਼ਾਲੀ ਮਾਧਿਅਮ ਬਣ ਗਿਆ ਹੈ, ਅਤੇ ਦੇਸ਼ ਭਰ ਵਿੱਚ ਆਯੋਜਿਤ ਸਵਦੇਸ਼ੀ ਮੇਲੇ ਇਸ ਲਹਿਰ ਨੂੰ ਹੋਰ ਤੇਜ਼ ਕਰ ਰਹੇ ਹਨ।

ABF00629.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 75 ਦਿਨਾਂ ਦਾ ਬਸਤਰ ਦੁਸਹਿਰਾ ਸਾਰਿਆਂ ਲਈ ਮਾਣ, ਪਛਾਣ ਅਤੇ ਸਨਮਾਨ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ 14ਵੀਂ ਸਦੀ ਵਿੱਚ ਸ਼ੁਰੂ ਹੋਈ ਰਥ ਯਾਤਰਾ ਨੇ ਇਸ ਖੇਤਰ ਵਿੱਚ ਸੱਭਿਆਚਾਰਕ ਜਾਗ੍ਰਿਤੀ ਫੈਲਾਈ ਹੈ। ਸ਼੍ਰੀ ਸ਼ਾਹ ਨੇ ਜ਼ਿਕਰ ਕੀਤਾ ਕਿ ਬਸਤਰ ਦੁਸਹਿਰਾ ਅਤੇ ਮੁਰੀਆ ਦਰਬਾਰ ਕਬਾਇਲੀ ਭਾਈਚਾਰਿਆਂ ਨੂੰ ਇਕਜੁੱਟ ਕਰਨ ਅਤੇ ਪੂਰੇ ਬਸਤਰ ਖੇਤਰ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰਦੇ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਬਾਇਲੀਆਂ ਦੇ ਸਨਮਾਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪਹਿਲੀ ਵਾਰ, ਪ੍ਰਧਾਨ ਮੰਤਰੀ ਮੋਦੀ ਨੇ ਕਬਾਇਲੀ ਭਾਈਚਾਰੇ ਦੀ ਇੱਕ ਬੇਟੀ, ਸ਼੍ਰੀਮਤੀ ਦ੍ਰੌਪਦੀ  ਮੁਰਮੂ ਨੂੰ ਰਾਸ਼ਟਰਪਤੀ ਦੇ ਰੂਪ ਵਿੱਚ ਦੇਸ਼ ਦੇ ਸਭ ਤੋਂ ਉੱਚੇ ਅਹੁਦੇ 'ਤੇ ਬਿਠਾਇਆ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਾਮਹਿਮ ਦ੍ਰੌਪਦੀ ਮੁਰਮੂ ਵਿਸ਼ਵ ਨੇਤਾਵਾਂ ਨੂੰ ਮਿਲਦੀ ਹੈ, ਤਾਂ ਇਹ ਨਾ ਸਿਰਫ਼ ਕਬਾਇਲੀ ਭਾਈਚਾਰੇ ਨੂੰ ਸਗੋਂ ਸਾਰੇ ਭਾਰਤੀਆਂ ਨੂੰ ਮਾਣ ਨਾਲ ਭਰ ਦਿੰਦਾ ਹੈ। ਓਡੀਸ਼ਾ ਦੇ ਇੱਕ ਗ਼ਰੀਬ ਪਰਿਵਾਰ ਦੀ ਬੇਟੀ ਦਾ ਸਰਵਉੱਚ ਲੋਕਤੰਤਰੀ ਅਹੁਦੇ 'ਤੇ ਪਹੁੰਚਣਾ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਨੂੰ ਆਦਿਵਾਸੀ ਗੌਰਵ ਸਾਲ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਦੀ ਜਨਮ ਵਰ੍ਹੇਗੰਢ ਨੂੰ ਆਦਿਵਾਸੀ ਗੌਰਵ ਦਿਵਸ ਵਜੋਂ ਸਥਾਪਿਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਕਸਲਵਾਦ ਛੱਡਣ ਤੋਂ ਬਾਅਦ ਆਤਮ ਸਮਰਪਣ ਕਰਨ ਵਾਲਿਆਂ ਅਤੇ ਬਸਤਰ ਡਿਵੀਜ਼ਨ ਦੇ ਸੱਤ ਜ਼ਿਲ੍ਹਿਆਂ ਵਿੱਚ ਨਕਸਲ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 15,000 ਤੋਂ ਵੱਧ ਪ੍ਰਧਾਨ ਮੰਤਰੀ ਆਵਾਸ ਘਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਜ਼ਿਕਰ ਕੀਤਾ ਕਿ ਨਾਰਾਇਣਪੁਰ ਜ਼ਿਲ੍ਹੇ ਦੇ ਸ਼੍ਰੀ ਪੁੰਡੀ ਰਾਮ ਮੰਡਾਵੀ (Pundi Ram Mandavi) ਅਤੇ ਸ਼੍ਰੀ ਹੇਮਚੰਦ ਮਾਂਝੀ ਅਤੇ ਕਾਂਕੇਰ ਦੇ ਸ਼੍ਰੀ ਅਜੈ ਕੁਮਾਰ ਮੰਡਾਵੀ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਬਸਤਰ ਦੁਸਹਿਰਾ ਤਿਉਹਾਰ ਦੇ ਮੌਕੇ 'ਤੇ, 'ਮਹਿਤਾਰੀ ਵੰਦਨ ਯੋਜਨਾ' ਦੀ 20ਵੀਂ ਕਿਸ਼ਤ ਵੰਡੀ ਗਈ, ਜਿਸ ਨਾਲ ਛੱਤੀਸਗੜ੍ਹ ਦੀਆਂ 70 ਲੱਖ ਮਾਵਾਂ ਨੂੰ ₹607 ਕਰੋੜ ਦੀ ਸਹਾਇਤਾ ਮਿਲੀ। ਮੁੱਖ ਮੰਤਰੀ ਦੁਆਰਾ ਪੇਂਡੂ ਬੱਸ ਯੋਜਨਾ ਵੀ ਸ਼ੁਰੂ ਕੀਤੀ ਗਈ, ਜਿਸ ਵਿੱਚ ਬਸਤਰ ਅਤੇ ਸਰਗੁਜਾ ਡਿਵੀਜ਼ਨਾਂ ਅਤੇ 250 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ।

*********

ਆਰਕੇ/ਵੀਵੀ/ਪੀਐਸ/ਪੀਆਰ/ਏਕੇ


(Release ID: 2175050) Visitor Counter : 2