ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਨਵੀਂ ਦਿੱਲੀ ਵਿੱਚ ਆਈਸੀਜੀ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ; ਭਵਿੱਖ ਦੀ ਰੂਪਰੇਖਾ , ਤਕਨੀਕੀ ਚੌਕਸੀ ਅਤੇ ਸਮੁੰਦਰੀ ਸੁਰੱਖਿਆ ਨੂੰ ਸਵਦੇਸ਼ੀ ਰੂਪ ਤੋਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ


"ਕਿਸੇ ਵੀ ਸੰਕਟ ਦਾ ਜਵਾਬ ਦਿੰਦੇ ਹੋਏ, ਆਈਸੀਜੀ ਨੇ ਹਮੇਸ਼ਾ ਜਾਨ-ਮਾਲ ਦੀ ਰੱਖਿਆ ਲਈ ਤੇਜ਼ੀ ਨਾਲ ਕੰਮ ਕੀਤਾ ਹੈ। ਦੁਨੀਆ ਭਾਰਤ ਦੀ ਤੁਲਨਾ ਇਸ ਗੱਲ ਤੋਂ ਕਰਦੀ ਹੈ ਕਿ ਅਸੀਂ ਅਜਿਹੇ ਸੰਕਟਾਂ ਵਿੱਚ ਕਿਵੇਂ ਕੰਮ ਕਰਦੇ ਹਾਂ ਅਤੇ ਆਈਸੀਜੀ ਨੇ ਸਾਨੂੰ ਲਗਾਤਾਰ ਸਨਮਾਨ ਦਿਲਾਇਆ ਹੈ"

"ਮਹਿਲਾ ਅਧਿਕਾਰੀ ਅੱਜ ਵੱਖ-ਵੱਖ ਖੇਤਰਾਂ ਵਿੱਚ ਟ੍ਰੇਨਿੰਗ ਪ੍ਰਾਪਤ ਕਰਕੇ ਅਤੇ ਤੈਨਾਤ ਹੋ ਕੇ ਫਰੰਟਲਾਈਨ ਯੋਧਿਆਂ ਵਜੋਂ ਸੇਵਾ ਕਰਦੀਆਂ ਹਨ। ਇਹ ਪਰਿਵਰਤਨ ਸਮਾਵੇਸ਼ੀ ਭਾਗੀਦਾਰੀ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜਿੱਥੇ ਮਹਿਲਾਵਾਂ ਲੀਡਰਸ਼ਿਪ ਅਤੇ ਸੰਚਾਲਨ ਸਮਰੱਥਾਵਾਂ ਵਿੱਚ ਬਰਾਬਰ ਯੋਗਦਾਨ ਪਾਉਂਦੀਆਂ ਹਨ"

ਬਹੁ-ਏਜੰਸੀ ਤਾਲਮੇਲ ਵਿੱਚ ਆਈਸੀਜੀ ਦੀ ਭੂਮਿਕਾ ਇਸ ਦੀ ਸਭ ਤੋਂ ਵੱਡੀ ਸ਼ਕਤੀਆਂ ਵਿਚੋਂ ਇੱਕ ਹੈ। ਇਹ ਹੁਣ ਸਿਰਫ਼ ਇੱਕ ਸੁਰੱਖਿਆ ਪ੍ਰੋਵਾਈਡਰ ਨਹੀਂ ਹੈ ਸਗੋਂ ਇੱਕ ਸੱਚਾ ਬਲ ਗੁਣਕ ਹੈ: ਰਕਸ਼ਾ ਮੰਤਰੀ

"ਯੁੱਧ ਨੂੰ ਹੁਣ ਘੰਟਿਆਂ ਅਤੇ ਸਕਿੰਟਾਂ ਵਿੱਚ ਮਾਪਿਆ ਜਾਂਦਾ ਹੈ, ਸੈਟੇਲਾਈਟ, ਡਰੋਨ ਅਤੇ ਸੈਂਸਰ ਟਕਰਾਅ ਦੀ ਪ੍ਰਕਿਰਤੀ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ। ਤਿਆਰੀ, ਅਨੁਕੂਲਤਾ ਅਤੇ ਤੇਜ਼ ਜਵਾਬ ਆਈਸੀਜੀ ਦੇ ਦ੍ਰਿਸ਼ਟੀਕੋਣ ਦੇ ਅਧਾਰ ਹੋਣੇ ਚਾਹੀਦੇ ਹਨ"

ਸ਼ੁਰੂਆਤ ਤੋਂ ਹੁਣ ਤਕ, ਆਈਸੀਜੀ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ 1,638 ਵਿਦੇਸ਼ੀ ਜਹਾਜ਼ਾਂ ਅਤੇ 13,775 ਵਿਦੇਸ਼ੀ ਮਛੇਰਿਆਂ ਨੂੰ ਫੜਿਆ

Posted On: 29 SEP 2025 1:53PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 29 ਸਤੰਬਰ, 2025 ਨੂੰ ਨਵੀਂ ਦਿੱਲੀ ਦੇ ਆਈਸੀਜੀ ਹੈੱਡਕੁਆਰਟਰ ਵਿੱਚ 42ਵੀਂ ਇੰਡੀਅਨ ਕੋਸਟ ਗਾਰਡ (ਆਈਸੀਜੀ) ਕਮਾਂਡਰਾਂ ਦੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ, ਭਾਰਤ ਦੇ 7,500 ਕਿਲੋਮੀਟਰ ਲੰਬੇ ਤੱਟਰੇਖਾ ਅਤੇ ਟਾਪੂ ਖੇਤਰਾਂ ਦੀ ਸੁਰੱਖਿਆ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਫੋਰਸ ਦੀ ਪੇਸ਼ੇਵਰਤਾ ਅਤੇ ਮਾਨਵਤਾਵਾਦੀ ਸੇਵਾ ਦੀ ਪ੍ਰਸ਼ੰਸਾ ਕੀਤੀ। 28 ਤੋਂ 30 ਸਤੰਬਰ, 2025 ਤੱਕ ਆਯੋਜਿਤ ਹੋਣ ਵਾਲੀ ਇਹ ਤਿੰਨ-ਰੋਜ਼ਾ ਕਾਨਫਰੰਸ, ਸਮੁੰਦਰੀ ਸੁਰੱਖਿਆ ਚੁਣੌਤੀਆਂ ਅਤੇ ਹਿੰਦ ਮਹਾਸਾਗਰ ਖੇਤਰ ਦੇ ਵਧ ਰਹੇ ਰਣਨੀਤਕ ਮਹੱਤਵ ਦੇ ਪਿਛੋਕੜ ਵਿੱਚ ਰਣਨੀਤਕ, ਸੰਚਾਲਨ ਅਤੇ ਪ੍ਰਸ਼ਾਸਨਿਕ ਤਰਜੀਹਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਸੇਵਾ ਦੀ ਸੀਨੀਅਰ ਲੀਡਰਸ਼ਿਪ ਨੂੰ ਇਕੱਠਾ ਕਰਦੀ ਹੈ।

ਰਕਸ਼ਾ ਮੰਤਰੀ ਨੇ ਆਈਸੀਜੀ ਨੂੰ ਰਾਸ਼ਟਰੀ ਸੁਰੱਖਿਆ ਦਾ ਇੱਕ ਮਹੱਤਵਪੂਰਨ ਥੰਮ੍ਹ ਦੱਸਿਆ, ਜਿਸ ਨੇ ਸ਼ੁਰੂਆਤ ਵਿੱਚ ਇੱਕ ਆਮ ਬੇੜੇ ਤੋਂ 152 ਸਮੁੰਦਰੀ ਜਹਾਜ਼ਾਂ ਅਤੇ 78 ਜਹਾਜ਼ਾਂ ਦੇ ਨਾਲ ਇੱਕ ਸ਼ਕਤੀਸ਼ਾਲੀ ਫੋਰਸ ਵਿੱਚ ਬਦਲ ਦਿੱਤਾ ਹੈ। ਰਕਸ਼ਾ ਮੰਤਰੀ ਨੇ ਅੱਗੇ ਕਿਹਾ ਕਿ ਆਈਸੀਜੀ ਨੇ ਲਗਾਤਾਰ ਨਾਗਰਿਕਾਂ ਦਾ ਵਿਸ਼ਵਾਸ ਪ੍ਰਾਪਤ ਕੀਤਾ ਹੈ ਅਤੇ ਨਾਲ ਹੀ ਪੇਸ਼ੇਵਰਤਾ ਅਤੇ ਮਾਨਵਤਾਵਾਦੀ ਸੇਵਾ ਲਈ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕੀਤੀ ਹੈ।

ਅੰਦਰੂਨੀ ਅਤੇ ਬਾਹਰਲੀ ਸੁਰੱਖਿਆ ਵਿੱਚ ਭੂਮਿਕਾ

ਸ਼੍ਰੀ ਰਾਜਨਾਥ ਸਿੰਘ ਨੇ ਆਈਸੀਜੀ ਦੀ ਬਾਹਰਲੀ ਅਤੇ ਅੰਦਰੂਨੀ ਸੁਰੱਖਿਆ ਵਿਚਕਾਰ ਕੰਮ ਕਰਨ ਦੇ ਵਿਲੱਖਣ ਆਦੇਸ਼ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਹਥਿਆਰਬੰਦ ਸੈਨਾਵਾਂ ਬਾਹਰੀ ਖਤਰਿਆਂ ਦੀ ਰੱਖਿਆ 'ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਅਤੇ ਹੋਰ ਏਜੰਸੀਆਂ ਅੰਦਰੂਨੀ ਸੁਰੱਖਿਆ ਨੂੰ ਸੰਭਾਲਦੀਆਂ ਹਨ, ਆਈਸੀਜੀ ਦੋਵਾਂ ਖੇਤਰਾਂ ਵਿੱਚ ਨਿਰਵਿਘਨ ਕੰਮ ਕਰਦੀ ਹੈ। ਉਨ੍ਹਾਂ ਅੱਗੇ ਕਿਹਾ "ਵਿਸ਼ੇਸ਼ ਆਰਥਿਕ ਜ਼ੋਨ (EEZ) ਵਿੱਚ ਗਸ਼ਤ ਕਰਕੇ, ਆਈਸੀਜੀ ਨਾ ਸਿਰਫ਼ ਬਾਹਰੀ ਖਤਰਿਆਂ ਨੂੰ ਰੋਕਦਾ ਹੈ ਬਲਕਿ ਗੈਰ-ਕਾਨੂੰਨੀ ਮੱਛੀਆਂ ਫੜਨ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ, ਤਸਕਰੀ, ਮਨੁੱਖੀ ਤਸਕਰੀ, ਸਮੁੰਦਰੀ ਪ੍ਰਦੂਸ਼ਣ ਅਤੇ ਅਨਿਯਮਿਤ ਸਮੁੰਦਰੀ ਗਤੀਵਿਧੀਆਂ ਤੋਂ ਵੀ ਨਿਪਟਦਾ ਹੈ,"

ਰਕਸ਼ਾ ਮੰਤਰੀ ਨੇ ਜਲ ਸੈਨਾ, ਰਾਜ ਪ੍ਰਸ਼ਾਸਨ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਬਹੁ-ਏਜੰਸੀ ਤਾਲਮੇਲ ਵਿੱਚ ਆਈਸੀਜੀ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ, ਇਸ ਨੂੰ ਇਸਦੀ ਸਭ ਤੋਂ ਵੱਡੀ ਤਾਕਤ ਕਿਹਾ। ਉਨ੍ਹਾਂ ਨੇ  ਉਜਾਗਰ ਕੀਤਾ ਕਿ "ਜਿਸ ਸਹਿਜ ਢੰਗ ਨਾਲ ਆਈਸੀਜੀ ਸਿਵਲ ਪ੍ਰਸ਼ਾਸਨ ਅਤੇ ਹੋਰ ਬਲਾਂ ਨਾਲ ਅਸਲ ਸਮੇਂ ਵਿੱਚ ਕੰਮ ਕਰਦਾ ਹੈ, ਉਹ ਪੂਰੇ ਰਾਸ਼ਟਰੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ​​ਕਰਦਾ ਹੈ। ਤੁਸੀਂ ਹੁਣ ਸਿਰਫ਼ ਇੱਕ ਸੁਰੱਖਿਆ ਪ੍ਰੋਵਾਈਡਰ ਨਹੀਂ ਹੋ, ਸਗੋਂ ਤੁਸੀਂ ਇੱਕ ਸੱਚੇ ਬਲ ਗੁਣਕ ਹੋ।”

ਸਵਦੇਸ਼ੀਕਰਣ ਅਤੇ ਆਤਮ-ਨਿਰਭਰਤਾ

ਸ਼੍ਰੀ ਰਾਜਨਾਥ ਸਿੰਘ ਨੇ ਆਈਸੀਜੀ ਦੇ ਆਧੁਨਿਕੀਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਇਹ ਨੋਟ ਕਰਦੇ ਹੋਏ ਕਿ ਇਸਦੇ ਪੂੰਜੀ ਬਜਟ ਦਾ ਲਗਭਗ 90% ਸਵਦੇਸ਼ੀ ਸੰਪਤੀਆਂ ਲਈ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਨੇ ਭਾਰਤ ਦੇ ਅੰਦਰ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੇ ਨਿਰਮਾਣ, ਮੁਰੰਮਤ ਅਤੇ ਸੇਵਾ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ, ਇਸ ਨੂੰ ਆਤਮਨਿਰਭਰਤਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦਸਿਆ। ਉਨ੍ਹਾਂ ਨੇ ਉਜਾਗਰ ਕੀਤਾ ਕਿ "ਇਸ ਤੋਂ ਆਈਸੀਜੀ ਦੀ ਸੰਚਾਲਨ ਸ਼ਕਤੀ ਨੂੰ ਵਧੀ ਹੈ ਨਾਲ ਹੀ ਭਾਰਤ ਦੇ ਜਹਾਜ਼ ਨਿਰਮਾਣ ਖੇਤਰ ਅਤੇ ਅਰਥਵਿਵਸਥਾ ਨੂੰ ਹੁਲਾਰਾ ਦਿੱਤਾ ਹੈ, ਜਿਸ ਕਾਰਨ ਸੁਰੱਖਿਆ ਅਤੇ ਸਵੈ-ਨਿਰਭਰਤਾ ਨਾਲ-ਨਾਲ ਅੱਗੇ ਵਧ ਰਹੀ ਹੈ।"

ਸਮੁੰਦਰੀ ਸਰਹੱਦਾਂ ਦੀ ਗੁੰਝਲਤਾ

ਰਕਸ਼ਾ ਮੰਤਰੀ ਨੇ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਜਿੱਥੇ ਜ਼ਮੀਨੀ ਸੀਮਾਵਾਂ ਸਥਾਈ, ਸਪੱਸ਼ਟ ਤੌਰ 'ਤੇ ਚਿੰਨ੍ਹਿਤ ਅਤੇ ਮੁਕਾਬਲਤਨ ਅਨੁਮਾਨਯੋਗ ਹੁੰਦੀਆਂ ਹਨ, ਉੱਥੇ ਸਮੁੰਦਰੀ ਸਰਹੱਦਾਂ ਤਰਲ ਹੁੰਦੀਆਂ ਹਨ ਅਤੇ ਜਵਾਰ ਭਾਟਾ ਅਤੇ ਮੌਸਮ ਦੇ ਕਾਰਨ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ "ਇੱਕ ਤਸਕਰੀ ਕਰਨ ਵਾਲਾ ਜਹਾਜ਼ ਮੱਛੀਆਂ ਫੜਨ ਵਾਲੀ ਕਿਸ਼ਤੀ ਵਰਗਾ ਦਿਖਾਈ ਦੇ ਸਕਦਾ ਹੈ, ਇੱਕ ਅੱਤਵਾਦੀ ਸਮੂਹ ਸਮੁੰਦਰ ਦੀ ਖੁੱਲ੍ਹ ਦਾ ਫਾਇਦਾ ਉਠਾ ਸਕਦਾ ਹੈ, ਅਤੇ ਖ਼ਤਰੇ ਅਣਦੇਖੇ ਰੂਪ ਵਿੱਚ ਉਭਰ ਸਕਦੇ ਹਨ। ਸਮੁੰਦਰੀ ਸੁਰੱਖਿਆ ਜ਼ਮੀਨੀ ਸਰਹੱਦਾਂ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਅਤੇ ਅਣਪਛਾਤੀ ਹੈ ਅਤੇ ਇਸਦੇ ਲਈ ਨਿਰੰਤਰ ਚੌਕਸੀ ਦੀ ਜ਼ਰੂਰਤ ਹੁੰਦੀ ਹੈ,"

ਸ਼੍ਰੀ ਰਾਜਨਾਥ ਸਿੰਘ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਦੀ 7,500 ਕਿਲੋਮੀਟਰ ਲੰਬੀ ਤੱਟ ਰੇਖਾ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਵਰਗੇ ਟਾਪੂ ਖੇਤਰਾਂ ਦੇ ਨਾਲ, ਬਹੁਤ ਵੱਡੀਆਂ ਚੁਣੌਤੀਆਂ ਪੇਸ਼ ਕਰਦੀ ਹੈ, ਜਿਸ ਲਈ ਉੱਨਤ ਟੈਕਨੋਲੋਜੀ, ਚੰਗੀ ਤਰ੍ਹਾਂ ਟ੍ਰੇਨਿੰਗ ਪ੍ਰਾਪਤ ਕਰਮਚਾਰੀਆਂ ਅਤੇ 24 ਘੰਟੇ ਨਿਗਰਾਨੀ ਦੀ ਲੋੜ ਹੁੰਦੀ ਹੈ।

ਮਾਨਵਤਾਵਾਦੀ ਭੂਮਿਕਾ ਅਤੇ ਆਫ਼ਤ ਪ੍ਰਤੀਕਿਰਿਆ

ਰਕਸ਼ਾ ਮੰਤਰੀ ਨੇ ਆਈਸੀਜੀ ਦੇ ਮਾਨਵਤਾਵਾਦੀ ਚਰਿੱਤਰ ਦੀ ਸ਼ਲਾਘਾ ਕੀਤੀ, ਆਫ਼ਤ ਪ੍ਰਬੰਧਨ ਅਤੇ ਬਚਾਅ ਕਾਰਜਾਂ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ "ਚਾਹੇ ਇਹ ਚੱਕਰਵਾਤ, ਤੇਲ ਦੇ ਰਿਸਾਅ, ਉਦਯੋਗਿਕ ਦੁਰਘਟਨਾਵਾਂ, ਜਾਂ ਮੁਸੀਬਤ ਵਿੱਚ ਵਿਦੇਸ਼ੀ ਜਹਾਜ਼ਾਂ ਦਾ ਜਵਾਬ ਦੇਣ ਦੀ ਗੱਲ ਹੋਵੇ, ਆਈਸੀਜੀ ਨੇ ਹਮੇਸ਼ਾ ਜਾਨਾਂ ਅਤੇ ਜਾਇਦਾਦ ਦੀ ਰੱਖਿਆ ਲਈ ਤੇਜ਼ੀ ਨਾਲ ਕੰਮ ਕੀਤਾ ਹੈ। ਵਿਸ਼ਵ ਭਾਰਤ ਦਾ ਮੁਲਾਂਕਣ ਇਸ ਗੱਲ ਤੋਂ ਕਰਦੀ ਹੈ ਕਿ ਅਸੀਂ ਅਜਿਹੇ ਸੰਕਟਾਂ ਵਿੱਚ ਕਿਵੇਂ ਕੰਮ ਕਰਦੇ ਹਾਂ, ਅਤੇ ਆਈਸੀਜੀ ਨੇ ਲਗਾਤਾਰ ਸਾਨੂੰ ਸਨਮਾਨ ਦਿਵਾਇਆ ਹੈ,"

ਮਹਿਲਾ ਸਸ਼ਕਤੀਕਰਣ

ਸ਼੍ਰੀ ਰਾਜਨਾਥ ਸਿੰਘ ਨੇ ਮਹਿਲਾ ਸਸ਼ਕਤੀਕਰਣ ਵਿੱਚ ਆਈਸੀਜੀ ਦੀਆਂ ਪ੍ਰਗਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਮਹਿਲਾ ਅਧਿਕਾਰੀ ਨਾ ਸਿਰਫ਼ ਸਹਾਇਤਾ ਭੂਮਿਕਾਵਾਂ ਵਿੱਚ, ਸਗੋਂ ਫਰੰਟਲਾਈਨ ਯੋਧਿਆਂ ਵਜੋਂ ਵੀ ਸੇਵਾ ਨਿਭਾਉਂਦੇ ਹਨ। ਉਨ੍ਹਾਂ ਨੂੰ ਹੁਣ ਪਾਇਲਟ, ਨਿਰੀਖਕ, ਹੋਵਰਕ੍ਰਾਫਟ ਆਪਰੇਟਰਾਂ, ਹਵਾਈ ਆਵਾਜਾਈ ਕੰਟਰੋਲਰਾਂ, ਲੌਜਿਸਟਿਕਸ ਅਫਸਰਾਂ ਅਤੇ ਕਾਨੂੰਨ ਅਧਿਕਾਰੀਆਂ ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਤੈਨਾਤ ਕੀਤਾ ਜਾ ਰਿਹਾ ਹੈ। "ਇਹ ਪਰਿਵਰਤਨ ਸਮਾਵੇਸ਼ੀ ਭਾਗੀਦਾਰੀ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜਿੱਥੇ ਮਹਿਲਾਵਾਂ ਲੀਡਰਸ਼ਿਪ ਅਤੇ ਸੰਚਾਲਨ ਸਮਰੱਥਾਵਾਂ ਵਿੱਚ ਬਰਾਬਰ ਯੋਗਦਾਨ ਪਾਉਂਦੀਆਂ ਹਨ,"

ਉੱਭਰ ਰਹੀਆਂ ਟੈਕਨੋਲੋਜੀ-ਸੰਚਾਲਿਤ ਚੁਣੌਤੀਆਂ

ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮੁੰਦਰੀ ਖਤਰੇ ਤੇਜ਼ੀ ਨਾਲ ਟੈਕਨੋਲੋਜੀ-ਅਧਾਰਿਤ ਅਤੇ ਬਹੁ-ਆਯਾਮੀ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ, "ਜੋ ਪਹਿਲਾਂ ਤਸਕਰੀ ਜਾਂ ਸਮੁੰਦਰੀ ਡਾਕੂਆਂ ਦੇ ਅਨੁਮਾਨਤ ਨਮੂਨੇ ਸਨ, ਉਹ ਹੁਣ ਜੀਪੀਐਸ ਸਪੂਫਿੰਗ, ਰਿਮੋਟ-ਨਿਯੰਤਰਿਤ ਕਿਸ਼ਤੀਆਂ, ਐਨਕ੍ਰਿਪਟਿਡ ਸੰਚਾਰ, ਡਰੋਨ, ਸੈਟੇਲਾਈਟ ਫੋਨ, ਅਤੇ ਇੱਥੋਂ ਤੱਕ ਕਿ ਡਾਰਕ ਵੈੱਬ 'ਤੇ ਕੰਮ ਕਰਨ ਵਾਲੇ ਨੈੱਟਵਰਕਾਂ ਦੀ ਵਰਤੋਂ ਕਰਕੇ ਸੂਝਵਾਨ ਕਾਰਜਾਂ ਵਿੱਚ ਵਿਕਸਿਤ ਹੋ ਗਏ ਹਨ।" ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਅੱਤਵਾਦੀ ਸੰਗਠਨ ਆਪਣੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਲਈ ਡਿਜੀਟਲ ਮੈਪਿੰਗ ਅਤੇ ਰੀਅਲ-ਟਾਈਮ ਇੰਟੈਲੀਜੈਂਸ ਵਰਗੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਉਜਾਗਰ ਕੀਤਾ ਕਿ "ਰਵਾਇਤੀ ਤਰੀਕੇ ਹੁਣ ਕਾਫ਼ੀ ਨਹੀਂ ਹਨ, ਸਾਨੂੰ ਆਪਣੇ ਸਮੁੰਦਰੀ ਸੁਰੱਖਿਆ ਢਾਂਚੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ-ਅਧਾਰਿਤ ਨਿਗਰਾਨੀ, ਡਰੋਨ, ਸਾਈਬਰ ਰੱਖਿਆ ਪ੍ਰਣਾਲੀਆਂ ਅਤੇ ਸਵੈਚਾਲਿਤ ਪ੍ਰਤੀਕਿਰਿਆ ਵਿਧੀਆਂ ਨੂੰ ਜੋੜ ਕੇ ਅਪਰਾਧੀਆਂ ਅਤੇ ਵਿਰੋਧੀਆਂ ਤੋਂ ਅੱਗੇ ਰਹਿਣਾ ਚਾਹੀਦਾ ਹੈ,"

ਸਾਈਬਰ ਅਤੇ ਇਲੈਕਟ੍ਰਾਨਿਕ ਯੁੱਧ ਦੀ ਤਿਆਰੀ

ਰਕਸ਼ਾ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਸਾਈਬਰ ਅਤੇ ਇਲੈਕਟ੍ਰਾਨਿਕ ਯੁੱਧ ਹੁਣ ਕਾਲਪਨਿਕ ਖ਼ਤਰੇ ਨਹੀਂ ਸਗੋਂ ਮੌਜੂਦਾ ਹਕੀਕਤਾਂ ਹਨ। ਉਨ੍ਹਾਂ ਕਿਹਾ ਕਿ "ਕੋਈ ਦੇਸ਼ ਸਾਡੇ ਸਿਸਟਮਾਂ ਨੂੰ ਮਿਜ਼ਾਈਲਾਂ ਨਾਲ ਨਹੀਂ, ਸਗੋਂ ਹੈਕਿੰਗ, ਸਾਈਬਰ-ਹਮਲਿਆਂ ਅਤੇ ਇਲੈਕਟ੍ਰਾਨਿਕ ਜਾਮਿੰਗ ਰਾਹੀਂ ਅਧਰੰਗ (Paralyse) ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਆਈਸੀਜੀ ਨੂੰ ਲਗਾਤਾਰ ਅਨੁਕੂਲ ਬਣਾਉਣਾ ਚਾਹੀਦਾ ਹੈ, ਅਜਿਹੇ ਖਤਰਿਆਂ ਤੋਂ ਬਚਣ ਲਈ ਆਪਣੀ ਸਿਖਲਾਈ ਅਤੇ ਉਪਕਰਣਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ। ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾ ਕਰਕੇ ਸਕਿੰਟਾਂ ਵਿੱਚ ਲਿਆਉਣ ਅਤੇ ਹਰ ਸਮੇਂ ਤਿਆਰੀ ਨੂੰ ਯਕੀਨੀ ਬਣਾਉਣ ਲਈ ਸਵੈਚਾਲਿਤ ਨਿਗਰਾਨੀ ਨੈੱਟਵਰਕ ਅਤੇ ਏਆਈ-ਸਮਰੱਥ ਪ੍ਰਣਾਲੀਆਂ ਜ਼ਰੂਰੀ ਹਨ।"

 

ਖੇਤਰੀ ਭੂ-ਰਾਜਨੀਤਿਕ ਜਾਗਰੂਕਤਾ

ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਆਂਢੀ ਦੇਸ਼ਾਂ ਵਿੱਚ ਅਸਥਿਰਤਾ ਅਕਸਰ ਸਮੁੰਦਰੀ ਖੇਤਰ ਵਿੱਚ ਫੈਲ ਜਾਂਦੀ ਹੈ। ਉਨ੍ਹਾਂ ਨੇ ਮਿਆਂਮਾਰ, ਬੰਗਲਾਦੇਸ਼, ਨੇਪਾਲ ਅਤੇ ਹੋਰ ਖੇਤਰੀ ਦੇਸ਼ਾਂ ਵਿੱਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦਾ ਹਵਾਲਾ ਦਿੱਤਾ ਜੋ ਸ਼ਰਨਾਰਥੀਆਂ ਦੀ ਆਮਦ, ਗੈਰ-ਕਾਨੂੰਨੀ ਪ੍ਰਵਾਸ ਅਤੇ ਅਨਿਯਮਿਤ ਸਮੁੰਦਰੀ ਗਤੀਵਿਧੀਆਂ ਰਾਹੀਂ ਖਾਸ ਕਰਕੇ ਬੰਗਾਲ ਦੀ ਖਾੜੀ ਵਿੱਚ ਤਟਵਰਤੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੀਆਂ ਹਨ । ਉਨ੍ਹਾਂ ਨੇ ਆਈਸੀਜੀ ਨੂੰ ਸਿਰਫ਼ ਨਿਯਮਿਤ ਨਿਗਰਾਨੀ ਹੀ ਨਹੀਂ, ਸਗੋਂ ਭੂ-ਰਾਜਨੀਤਿਕ ਜਾਗਰੂਕਤਾ ਅਤੇ ਬਾਹਰੀ ਵਿਕਾਸ ਦਾ ਤੇਜ਼ੀ ਨਾਲ ਜਵਾਬ ਦੇਣ ਦੀ ਤਿਆਰੀ ਵੀ ਬਣਾਏ ਰੱਖਣ ਦੀ ਅਪੀਲ ਕੀਤੀ।

ਸਮੁੰਦਰੀ ਸੁਰੱਖਿਆ ਅਤੇ ਆਰਥਿਕ ਸੁਰੱਖਿਆ

ਸਮੁੰਦਰੀ ਸੁਰੱਖਿਆ ਨੂੰ ਭਾਰਤ ਦੀ ਆਰਥਿਕ ਭਲਾਈ ਨਾਲ ਸਿੱਧੇ ਤੌਰ 'ਤੇ ਜੋੜਦੇ ਹੋਏ, ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੰਦਰਗਾਹਾਂ, ਸ਼ਿਪਿੰਗ ਲੇਨ ਅਤੇ ਊਰਜਾ ਬੁਨਿਆਦੀ ਢਾਂਚਾ ਦੇਸ਼ ਦੀ ਅਰਥਵਿਵਸਥਾਵਾਂ ਦੀਆਂ ਜੀਵਨ ਰੇਖਾਵਾਂ ਹਨ। ਉਨ੍ਹਾਂ ਨੇ  ਜ਼ੋਰ ਦਿੱਤਾ ਕਿ "ਸਮੁੰਦਰੀ ਵਪਾਰ ਵਿੱਚ ਵਿਘਨ, ਭਾਵੇਂ ਭੌਤਿਕ ਹੋਵੇ ਜਾਂ ਸਾਈਬਰ, ਸੁਰੱਖਿਆ ਅਤੇ ਅਰਥਵਿਵਸਥਾ 'ਤੇ ਇੱਕੋ ਜਿਹੇ ਪ੍ਰਭਾਵ ਪਾ ਸਕਦਾ ਹੈ। ਸਾਨੂੰ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਸੁਰੱਖਿਆ ਨੂੰ ਇੱਕੋ ਜਿਹਾ ਮੰਨਣਾ ਚਾਹੀਦਾ ਹੈ,"

2047 ਲਈ ਭਵਿੱਖਮੁਖੀ ਰੋਡਮੈਪ

ਸ਼੍ਰੀ ਰਾਜਨਾਥ ਸਿੰਘ ਨੇ ਆਈਸੀਜੀ ਨੂੰ ਇੱਕ ਭਵਿੱਖਮੁਖੀ ਰੋਡਮੈਪ ਵਿਕਸਿਤ ਕਰਨ ਦੀ ਅਪੀਲ ਕੀਤੀ ਜੋ ਨਵੀਆਂ ਚੁਣੌਤੀਆਂ ਦਾ ਅੰਦਾਜ਼ਾ ਲਗਾਵੇ, ਅਤਿ-ਆਧੁਨਿਕ ਤਕਨਾਲੋਜੀਆਂ ਨੂੰ ਏਕੀਕ੍ਰਿਤ ਕਰੇ, ਅਤੇ ਨਿਰੰਤਰ ਰਣਨੀਤੀਆਂ ਨੂੰ ਅਪਣਾਏ। ਉਨ੍ਹਾਂ ਨੇ  ਕਮਾਂਡਰਾਂ ਨੂੰ ਯਾਦ ਦਿਵਾਇਆ ਕਿ ਯੁੱਧ ਹੁਣ ਘੰਟਿਆਂ ਅਤੇ ਸਕਿੰਟਾਂ ਵਿੱਚ ਮਾਪਿਆ ਜਾਂਦਾ ਹੈ, ਮਹੀਨਿਆਂ ਵਿੱਚ ਨਹੀਂ, ਸੈਟੇਲਾਈਟ, ਡਰੋਨ ਅਤੇ ਸੈਂਸਰ ਟਕਰਾਅ ਦੀ ਪ੍ਰਕਿਰਤੀ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਤਿਆਰੀ, ਅਨੁਕੂਲਤਾ ਅਤੇ ਤੇਜ਼ ਪ੍ਰਤੀਕਿਰਿਆ ਆਈਸੀਜੀ ਦੇ ਦ੍ਰਿਸ਼ਟੀਕੋਣ ਦੇ ਅਧਾਰ ਹੋਣੇ ਚਾਹੀਦੇ ਹਨ।

ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 2047 ਤੱਕ ਭਾਰਤ ਦਾ ਵਿਕਸਿਤ ਰਾਸ਼ਟਰ ਬਣਨ ਵੱਲ ਵਧਣਾ ਖੁਸ਼ਹਾਲੀ ਅਤੇ ਸੁਰੱਖਿਆ ਦੇ ਦੋਹਰੇ ਥੰਮ੍ਹਾਂ 'ਤੇ ਟਿਕਿਆ ਹੋਇਆ ਹੈ। ਉਨ੍ਹਾਂ ਨੇ ਆਈਸੀਜੀ ਦੇ ਆਦਰਸ਼ ਵਾਕ, 'ਵਯਮ ਰਕਸ਼ਾਮ:' (ਅਸੀਂ ਰੱਖਿਆ ਕਰਦੇ ਹਾਂ) ਨੂੰ ਯਾਦ ਕਰਦੇ ਹੋਏ ਇਸਨੂੰ ਸਿਰਫ਼ ਇੱਕ ਨਾਅਰਾ ਨਹੀਂ ਸਗੋਂ ਇੱਕ ਪ੍ਰਣ ਦਸਿਆ। ਉਨ੍ਹਾਂ ਨੇ ਕਿਹਾ ਕਿ "ਇਹ ਪ੍ਰਣ ਹੈ, ਜੋ ਹਰੇਕ ਆਈਸੀਜੀ ਕਰਮਚਾਰੀ ਵਿੱਚ ਸ਼ਾਮਲ ਹੈ, ਜੋ ਇਹ ਯਕੀਨੀ ਬਣਾਏਗਾ ਕਿ ਅਸੀਂ ਇੱਕ ਮਜ਼ਬੂਤ, ਸੁਰੱਖਿਅਤ ਅਤੇ ਆਤਮ-ਨਿਰਭਰ ਭਾਰਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪ ਦੇਈਏ,"

 

ਆਈਸੀਜੀ ਕਮਾਂਡਰ ਕਾਨਫਰੰਸ 2025

ਇਹ ਕਾਨਫਰੰਸ ਅੰਤਰ-ਸੇਵਾ ਤਾਲਮੇਲ ਨੂੰ ਵਧਾਉਣ, ਸਮੁੰਦਰੀ ਖੇਤਰ ਬਾਰੇ ਜਾਗਰੂਕਤਾ ਨੂੰ ਮਜ਼ਬੂਤ ​​ਕਰਨ, ਅਤੇ ਇਹ ਯਕੀਨੀ ਬਣਾਉਣ 'ਤੇ ਕੇਂਦ੍ਰਿਤ ਹੈ ਕਿ ਭਵਿੱਖ ਦੀਆਂ ਸਮਰੱਥਾਵਾਂ ਭਾਰਤ ਦੀਆਂ ਰਾਸ਼ਟਰੀ ਸਮੁੰਦਰੀ ਤਰਜੀਹਾਂ ਦੇ ਅਨੁਸਾਰ ਹੋਣ। ਪ੍ਰਮੁੱਖ ਭਾਗੀਦਾਰ, ਜਿਨ੍ਹਾਂ ਵਿੱਚ ਜਲ ਸੈਨਾ ਮੁਖੀ ਅਤੇ ਇੰਜੀਨੀਅਰ-ਇਨ-ਚੀਫ਼ ਸਮੇਤ ਸੰਚਾਲਨ ਪ੍ਰਦਰਸ਼ਨ, ਲੌਜਿਸਟਿਕਸ, ਮਨੁੱਖੀ ਸਰੋਤ ਵਿਕਾਸ, ਸਿਖਲਾਈ ਅਤੇ ਪ੍ਰਸ਼ਾਸਨ ਨੂੰ ਕਵਰ ਕਰਨ ਤੇ ਚਰਚਾ ਕਰਨਗੇ, ਜਿਸ ਵਿੱਚ ਭਾਰਤ ਦੀ ਸਮੁੰਦਰੀ ਮੌਜੂਦਗੀ ਨੂੰ ਮਜ਼ਬੂਤ ​​ਕਰਨ 'ਤੇ ਰਣਨੀਤਕ ਜ਼ੋਰ ਦਿੱਤਾ ਜਾਵੇਗਾ।

ਆਈਸੀਜੀ ਦੇ ਡਾਇਰੈਕਟਰ ਜਨਰਲ ਪਰਮੇਸ਼ ਸ਼ਿਵਮਣੀ ਨੇ ਕਾਨਫਰੰਸ ਦਾ ਉਦਘਾਟਨ ਕੀਤਾ, ਜਿਸ ਵਿੱਚ ਹਾਲੀਆ ਪ੍ਰਾਪਤੀਆਂ, ਸੰਚਾਲਨ ਚੁਣੌਤੀਆਂ ਅਤੇ ਸੇਵਾ ਲਈ ਰਣਨੀਤਕ ਦ੍ਰਿਸ਼ਟੀਕੋਣ ਦਾ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ। ਸਵਦੇਸ਼ੀਕਰਣ ਅਤੇ
ਆਤਮ-ਨਿਰਭਰਤਾ
'ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਆਈਸੀਜੀ ਦੀ ਸਵਦੇਸ਼ੀ ਪਲੈਟਫਾਰਮਾਂ ਅਤੇ ਤਕਨਾਲੋਜੀਆਂ 'ਤੇ ਵਧ ਰਹੀ ਨਿਰਭਰਤਾ ਸਰਕਾਰ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

ਭਾਰਤੀ ਤਟ ਰੱਖਿਅਕ

ਆਪਣੀ ਸਥਾਪਨਾ ਤੋਂ ਲੈ ਕੇ, ਆਈਸੀਜੀ ਨੇ 1,638 ਵਿਦੇਸ਼ੀ ਜਹਾਜ਼ਾਂ ਅਤੇ 13,775 ਵਿਦੇਸ਼ੀ ਮਛੇਰਿਆਂ ਨੂੰ ਫੜਿਆ ਹੈ ਜੋ ਭਾਰਤੀ ਪਾਣੀਆਂ ਦੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਸਨੇ 6,430 ਕਿਲੋਗ੍ਰਾਮ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਹਨ, ਜਿਸਦੀ ਕੀਮਤ 37,833 ਕਰੋੜ ਰੁਪਏ ਹੈ, ਜੋ ਕਿ ਅੰਤਰਰਾਸ਼ਟਰੀ ਸਮੁੰਦਰੀ ਅਪਰਾਧ ਨਾਲ ਨਜਿੱਠਣ ਵਿੱਚ ਇਸਦੀ ਵਧਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦਾ ਹੈ। ਆਈਸੀਜੀ ਦਾ ਖੋਜ ਅਤੇ ਬਚਾਅ (SAR) ਕਾਰਜਾਂ ਪ੍ਰਤੀ ਸਮਰਪਣ ਮਹੱਤਵਪੂਰਨ ਰਿਹਾ ਹੈ, ਇਸ ਸਾਲ ਜੁਲਾਈ ਤੱਕ 76 ਮਿਸ਼ਨ ਕੀਤੇ ਗਏ, 74 ਜਾਨਾਂ ਬਚਾਈਆਂ ਗਈਆਂ, ਅਤੇ ਆਫ਼ਤ ਪ੍ਰਤੀਕਿਰਿਆ ਕਾਰਜਾਂ ਵਿੱਚ 14,500 ਤੋਂ ਵੱਧ ਜਾਨਾਂ ਬਚਾਈਆਂ ਗਈਆਂ। ਆਈਸੀਜੀ ਨੇ MV Wan Hai 503 ਵਿੱਚ ਅੱਗ ਅਤੇ ਕੇਰਲ ਤੱਟ ਤੋਂ MV MSC ELSA-3 ਦੇ ਡੁੱਬਣ ਸਮੇਤ ਗੰਭੀਰ ਘਟਨਾਵਾਂ ਦੌਰਾਨ ਸੰਚਾਲਨ ਤਿਆਰੀ ਅਤੇ ਵਾਤਾਵਰਣ ਸੁਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ ਵੀ ਕੀਤਾ ਹੈ।

ਇਸ ਮੌਕੇ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਸੰਜੀਵ ਕੁਮਾਰ ਅਤੇ ਰੱਖਿਆ ਮੰਤਰਾਲੇ ਅਤੇ ਆਈਸੀਜੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

********

ਵੀਕੇ/ਐਸਆਰ/ਕੇਬੀ/ਏਕੇ


(Release ID: 2173093) Visitor Counter : 5