ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 25 SEP 2025 1:15PM by PIB Chandigarh

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਯੂਪੀ ਸਰਕਾਰ ਦੇ ਮੰਤਰੀ, ਯੂਪੀ ਭਾਜਪਾ ਦੇ ਪ੍ਰਧਾਨ ਭੁਪੇਂਦਰ ਚੌਧਰੀ ਜੀ, ਉਦਯੋਗ ਜਗਤ ਦੇ ਸਾਰੇ ਸਾਥੀਓ, ਹੋਰ ਪਤਵੰਤੇ ਸੱਜਣੋ, ਭੈਣੋਂ ਤੇ ਭਰਾਵੋ।

 

ਯੂਪੀ ਇੰਟਰਨੈਸ਼ਨਲ ਟਰੇਡ ਸ਼ੋਅ ਵਿੱਚ ਆਏ ਸਾਰੇ ਵਪਾਰੀਆਂ, ਨਿਵੇਸ਼ਕਾਂ, ਉੱਦਮੀਆਂ ਅਤੇ ਨੌਜਵਾਨ ਸਾਥੀਆਂ ਦਾ ਮੈਂ ਤਹਿ ਦਿਲੋਂ ਸੁਆਗਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਇੱਥੇ 2200 ਤੋਂ ਵੱਧ exhibitors ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਵਾਰ ਟਰੇਡ ਸ਼ੋਅ ਦਾ ਕੰਟਰੀ ਪਾਰਟਨਰ ਰੂਸ ਹੈ। ਯਾਨੀ ਇਸ ਟਰੇਡ ਸ਼ੋਅ ਵਿੱਚ ਅਸੀਂ ਇੱਕ ਟਾਈਮ ਟੈਸਟਿਡ ਪਾਰਟਨਰਸ਼ਿਪ ਨੂੰ ਹੋਰ ਵੀ ਮਜ਼ਬੂਤ ਕਰ ਰਹੇ ਹਾਂ। ਮੈਂ ਮੁੱਖ ਮੰਤਰੀ ਯੋਗੀ ਜੀ ਨੂੰ, ਸਰਕਾਰ ਦੇ ਹੋਰ ਸਾਰੇ ਸਾਥੀਆਂ ਨੂੰ, ਸਟੇਕਹੋਲਡਰਾਂ ਨੂੰ, ਇਸ ਆਯੋਜਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਸਾਡੇ ਸਾਰਿਆਂ ਦੇ ਮਾਰਗਦਰਸ਼ਕ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਜਯੰਤੀ ਹੈ। ਦੀਨਦਿਆਲ ਜੀ ਨੇ ਸਾਨੂੰ ਅੰਤਯੋਦਯ ਦਾ ਰਾਹ ਦਿਖਾਇਆ ਸੀ। ਅੰਤਯੋਦਯ ਯਾਨੀ ਜੋ ਸਭ ਤੋਂ ਅਖੀਰ ਵਿੱਚ ਹੈ, ਉਸ ਦਾ ਉਦੈ (ਵਿਕਾਸ)। ਗ਼ਰੀਬ ਤੋਂ ਗ਼ਰੀਬ ਤੱਕ ਵਿਕਾਸ ਪਹੁੰਚੇ ਅਤੇ ਹਰ ਭੇਦਭਾਵ ਖ਼ਤਮ ਹੋਵੇ, ਇਹੀ ਅੰਤਯੋਦਯ ਹੈ ਅਤੇ ਅੰਤਯੋਦਯ ਵਿੱਚ ਹੀ ਸਮਾਜਿਕ ਨਿਆਂ ਦੀ ਮਜ਼ਬੂਤੀ ਰਹੀ ਹੈ। ਅਤੇ ਅੱਜ ਵਿਕਾਸ ਦਾ ਇਹੀ ਮਾਡਲ ਭਾਰਤ ਦੁਨੀਆ ਨੂੰ ਦੇ ਰਿਹਾ ਹੈ।

 

ਸਾਥੀਓ,

ਮੈਂ ਤੁਹਾਨੂੰ ਇੱਕ ਉਦਾਹਰਣ ਦਿਆਂਗਾ। ਅੱਜ ਵਿਸ਼ਵ ਵਿੱਚ ਸਾਡੇ ਫਿਨਟੈੱਕ ਸੈਕਟਰ ਦੀ ਬਹੁਤ ਚਰਚਾ ਹੈ। ਇਸ ਫਿਨਟੈੱਕ ਸੈਕਟਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੇ ਸਮਾਵੇਸ਼ੀ ਵਿਕਾਸ (inclusive development) ਨੂੰ ਬਹੁਤ ਤਾਕਤ ਦਿੱਤੀ ਹੈ, ਹੁਲਾਰਾ ਦਿੱਤਾ ਹੈ। ਭਾਰਤ ਨੇ ਅਜਿਹੇ ਓਪਨ ਪਲੈਟਫਾਰਮ ਬਣਾਏ, ਜੋ ਸਭ ਨੂੰ ਨਾਲ ਲੈ ਕੇ ਚਲਦੇ ਹਨ। ਯੂਪੀਆਈ, ਆਧਾਰ, ਡਿਜੀ ਲੌਕਰ, ਓਐੱਨਡੀਸੀ, ਇਹ ਹਰ ਕਿਸੇ ਨੂੰ ਮੌਕਾ ਦੇ ਰਹੇ ਹਨ। ਯਾਨੀ ਪਲੈਟਫਾਰਮ ਫਾਰ ਆਲ, ਪ੍ਰੋਗਰੈੱਸ ਫਾਰ ਆਲ। ਅੱਜ ਭਾਰਤ ਵਿੱਚ ਇਸ ਦਾ ਅਸਰ ਹਰ ਥਾਂ ਦਿਖਾਈ ਦਿੰਦਾ ਹੈ। ਮਾਲ ਵਿੱਚ ਸ਼ਾਪਿੰਗ ਕਰਨ ਵਾਲਾ ਵੀ ਯੂਪੀਆਈ ਦੀ ਵਰਤੋਂ ਕਰਦਾ ਹੈ ਅਤੇ ਸੜਕ ’ਤੇ ਚਾਹ ਵੇਚਣ ਵਾਲਾ ਵੀ ਯੂਪੀਆਈ ਦੀ ਵਰਤੋਂ ਕਰਦਾ ਹੈ। ਫੋਰਮਲ ਕਰੈਡਿਟ ਜੋ ਕਦੇ ਸਿਰਫ਼ ਵੱਡੀਆਂ ਕੰਪਨੀਆਂ ਨੂੰ ਮਿਲਦਾ ਸੀ, ਉਹੀ ਹੁਣ ਪੀਐੱਮ ਸਵਨਿਧੀ ਰਾਹੀਂ ਰੇਹੜੀ, ਠੇਲ੍ਹੇ ਵਾਲਿਆਂ ਤੱਕ ਪਹੁੰਚਦਾ ਹੈ।

 

ਸਾਥੀਓ,

ਇਸੇ ਤਰ੍ਹਾਂ ਗਵਰਨਮੈਂਟ ਈ-ਮਾਰਕੀਟ ਪਲੇਸ, ਯਾਨੀ ਜੀਈਐੱਮ ਹੈ। ਇੱਕ ਸਮਾਂ ਸੀ ਜਦੋਂ ਸਰਕਾਰ ਨੇ ਕੋਈ ਸਾਮਾਨ ਵੇਚਣਾ ਹੋਵੇ ਤਾਂ ਇਹ ਵੱਡੇ ਖਿਡਾਰੀਆਂ ਦੇ ਵੱਸ ਦੀ ਗੱਲ ਸੀ, ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਹੀ ਕਬਜ਼ੇ ਵਿੱਚ ਸੀ। ਪਰ ਅੱਜ ਜੀਈਐੱਮ ਪੋਰਟਲ ਨਾਲ ਲਗਭਗ 25 ਲੱਖ ਵਿਕਰੇਤਾ ਅਤੇ ਸਰਵਿਸ ਪ੍ਰੋਵਾਈਡਰਜ਼ ਜੁੜੇ ਹੋਏ ਹਨ ਅਤੇ ਸਰਕਾਰ ਨੂੰ ਸਪਲਾਈ ਦਾ ਕੰਮ ਕਰ ਰਹੇ ਹਨ। ਇਹ ਛੋਟੇ-ਛੋਟੇ ਵਪਾਰੀ ਹਨ, ਉੱਦਮੀ ਹਨ, ਦੁਕਾਨਦਾਰ ਹਨ, ਜੋ ਭਾਰਤ ਸਰਕਾਰ ਦੀ ਲੋੜ ਅਨੁਸਾਰ ਸਿੱਧਾ ਆਪਣਾ ਸਾਮਾਨ ਭਾਰਤ ਸਰਕਾਰ ਨੂੰ ਵੇਚ ਰਹੇ ਹਨ ਅਤੇ ਭਾਰਤ ਸਰਕਾਰ ਖ਼ਰੀਦ ਰਹੀ ਹੈ। ਤੁਸੀਂ ਹੈਰਾਨ ਰਹਿ ਜਾਓਗੇ ਕਿ ਹੁਣ ਤੱਕ ਜੀਈਐੱਮ ਰਾਹੀਂ ਭਾਰਤ ਸਰਕਾਰ 15 ਲੱਖ ਕਰੋੜ ਰੁਪਏ ਦਾ ਸਾਮਾਨ ਜਾਂ ਸੇਵਾਵਾਂ ਖ਼ਰੀਦ ਚੁੱਕੀ ਹੈ। ਇਸ ਪੋਰਟਲ 'ਤੇ ਲਗਭਗ 7 ਲੱਖ ਕਰੋੜ ਰੁਪਏ ਦਾ ਸਾਮਾਨ ਸਾਡੇ ਐੱਮਐੱਸਐੱਮਈਜ਼ ਲਘੂ ਉਦਯੋਗਾਂ ਤੋਂ ਖਰੀਦਿਆ ਗਿਆ ਹੈ। ਪਹਿਲੀਆਂ ਸਰਕਾਰਾਂ ਵਿੱਚ ਇਹ ਸੋਚਣਾ ਵੀ ਅਸੰਭਵ ਸੀ, ਪਰ ਅੱਜ ਦੇਸ਼ ਦੇ ਦੂਰ-ਦੁਰਾਡੇ ਕੋਨੇ ਵਿੱਚ ਜੋ ਛੋਟਾ ਜਿਹਾ ਦੁਕਾਨਦਾਰ ਹੈ, ਉਹ ਵੀ ਜੀਈਐੱਮ ਪੋਰਟਲ 'ਤੇ ਆਪਣਾ ਸਾਮਾਨ ਵੇਚ ਰਿਹਾ ਹੈ। ਅਤੇ ਇਹੀ ਤਾਂ ਸੱਚੇ ਅਰਥਾਂ ਵਿੱਚ ਅੰਤਯੋਦਯ ਹੈ, ਇਹੀ ਵਿਕਾਸ ਦਾ ਆਧਾਰ ਹੈ।

 

ਸਾਥੀਓ,

ਅੱਜ ਭਾਰਤ 2047 ਤੱਕ ਵਿਕਸਤ ਹੋਣ ਦੇ ਟੀਚੇ ਵੱਲ ਅੱਗੇ ਵੱਧ ਰਿਹਾ ਹੈ। ਦੁਨੀਆ ਵਿੱਚ ਆ ਰਹੀਆਂ ਰੁਕਾਵਟਾਂ ਅਤੇ ਬੇਯਕੀਨੀ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਆਕਰਸ਼ਕ ਹੈ। ਰੁਕਾਵਟਾਂ ਸਾਨੂੰ ਭਟਕਾਉਂਦੀਆਂ ਨਹੀਂ, ਬਲਕਿ ਅਸੀਂ ਉਸ ਸਥਿਤੀ ’ਚੋਂ ਨਵੀਆਂ ਦਿਸ਼ਾਵਾਂ ਲੱਭਦੇ ਹਾਂ, ਨਵੀਂ ਦਿਸ਼ਾ ਦਾ ਮੌਕਾ ਲੱਭਦੇ ਹਾਂ। ਇਸ ਲਈ, ਇਨ੍ਹਾਂ ਰੁਕਾਵਟਾਂ ਦੇ ਵਿਚਕਾਰ ਅੱਜ ਭਾਰਤ ਆਉਣ ਵਾਲੇ ਦਹਾਕਿਆਂ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਅਤੇ ਇਸ ਵਿੱਚ ਵੀ ਸਾਡਾ ਸੰਕਲਪ ਹੈ, ਸਾਡਾ ਮੰਤਰ ਹੈ, ਆਤਮਨਿਰਭਰ ਭਾਰਤ। ਦੂਸਰਿਆਂ ’ਤੇ ਨਿਰਭਰ ਹੋਣ ਤੋਂ ਵੱਡੀ ਕੋਈ ਹੋਰ ਮਜਬੂਰੀ ਨਹੀਂ ਹੋ ਸਕਦੀ। ਬਦਲਦੀ ਦੁਨੀਆ ਵਿੱਚ ਜੋ ਦੇਸ਼ ਜਿੰਨਾ ਜ਼ਿਆਦਾ ਦੂਜਿਆਂ ’ਤੇ ਨਿਰਭਰ ਰਹੇਗਾ, ਉਸ ਦੀ ਵਿਕਾਸ ਦਰ ਓਨੀ ਹੀ ਕਮਜ਼ੋਰ ਰਹਿਣ ਵਾਲੀ ਹੈ। ਅਤੇ ਇਸ ਲਈ ਭਾਰਤ ਵਰਗੇ ਦੇਸ਼ ਨੂੰ ਕਿਸੇ 'ਤੇ ਨਿਰਭਰ ਰਹਿਣਾ ਹੁਣ ਮਨਜ਼ੂਰ ਨਹੀਂ ਹੈ, ਇਸ ਲਈ ਭਾਰਤ ਨੂੰ ਆਤਮ-ਨਿਰਭਰ ਬਣਾਉਣਾ ਹੀ ਹੋਵੇਗਾ। ਹਰ ਉਹ ਉਤਪਾਦ ਜੋ ਅਸੀਂ ਭਾਰਤ ਵਿੱਚ ਬਣਾ ਸਕਦੇ ਹਾਂ, ਉਹ ਅਸੀਂ ਭਾਰਤ ਵਿੱਚ ਹੀ ਬਣਾਉਣਾ ਹੈ। ਅੱਜ ਇੱਥੇ ਮੇਰੇ ਸਾਹਮਣੇ ਇੰਨੀ ਵੱਡੀ ਗਿਣਤੀ ਵਿੱਚ ਉੱਦਮੀ ਹਨ, ਵਪਾਰੀ ਹਨ, entrepreneurs ਹਨ। ਤੁਸੀਂ ਇਸ ਆਤਮਨਿਰਭਰ ਭਾਰਤ ਅਭਿਆਨ ਦੇ ਬਹੁਤ ਵੱਡੇ ਹਿੱਸੇਦਾਰ ਹੋ। ਮੇਰੀ ਅੱਜ ਤੁਹਾਨੂੰ ਬੇਨਤੀ ਹੈ, ਆਪਣਾ ਬਿਜ਼ਨਸ ਮਾਡਲ ਅਜਿਹਾ ਬਣਾਓ, ਜੋ ਆਤਮਨਿਰਭਰ ਭਾਰਤ ਨੂੰ ਮਜ਼ਬੂਤੀ ਦਿੰਦਾ ਹੋਵੇ।

 

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਰਕਾਰ ‘ਮੇਕ ਇਨ ਇੰਡੀਆ’ ’ਤੇ ਮੈਨੂਫੈਕਚਰਿੰਗ ’ਤੇ ਕਿੰਨਾ ਜ਼ੋਰ ਦੇ ਰਹੀ ਹੈ। ਅਸੀਂ ਚਿੱਪ ਤੋਂ ਲੈ ਕੇ ਸ਼ਿੱਪ ਤੱਕ ਭਾਰਤ ਵਿੱਚ ਬਣਾਉਣਾ ਚਾਹੁੰਦੇ ਹਾਂ। ਅਤੇ ਇਸ ਲਈ ਤੁਹਾਡੇ Ease of Doing Business ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਸਰਕਾਰ ਨੇ 40 ਹਜ਼ਾਰ ਤੋਂ ਵੱਧ ਕੰਪਲਾਇੰਸਿਜ਼ ਖ਼ਤਮ ਕੀਤੀਆਂ ਹਨ। ਵਪਾਰ-ਕਾਰੋਬਾਰ ਵਿੱਚ ਹੋਣ ਵਾਲੀਆਂ ਜਿਨ੍ਹਾਂ ਛੋਟੀਆਂ-ਛੋਟੀਆਂ ਗ਼ਲਤੀਆਂ ’ਤੇ ਤੁਹਾਡੇ ਖ਼ਿਲਾਫ਼ ਕੇਸ ਹੁੰਦਾ ਸੀ, ਅਜਿਹੇ ਸੈਂਕੜੇ ਨਿਯਮਾਂ ਨੂੰ ਸਰਕਾਰ ਅਪਰਾਧ-ਮੁਕਤ ਕਰ ਚੁੱਕੀ ਹੈ। ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ।

 

ਪਰ ਸਾਥੀਓ,

ਮੇਰੀਆਂ ਕੁਝ ਉਮੀਦਾਂ ਵੀ ਹਨ, ਜੋ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਤੁਸੀਂ ਜੋ ਵੀ ਨਿਰਮਾਣ ਕਰ ਰਹੇ ਹੋ, ਉਹ ਵਧੀਆ ਗੁਣਵੱਤਾ ਦਾ ਹੋਣਾ ਚਾਹੀਦਾ ਹੈ, ਉੱਤਮ ਤੋਂ ਉੱਤਮ ਹੋਣਾ ਚਾਹੀਦਾ ਹੈ। ਅੱਜ ਦੇਸ਼ ਵਾਸੀਆਂ ਦੇ ਮਨ ਵਿੱਚ ਇਹ ਗੱਲ ਹੈ ਕਿ ਸਵਦੇਸ਼ੀ ਉਤਪਾਦਾਂ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਹੁੰਦਾ ਰਹੇ, ਵਰਤਣ ਵਿੱਚ ਆਸਾਨ ਹੋਣ, ਲੰਮੇ ਸਮੇਂ ਤੱਕ ਕੰਮ ਆਉਣ ਵਾਲੇ ਹੋਣ। ਇਸ ਲਈ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਨਹੀਂ ਹੋਣਾ ਚਾਹੀਦਾ। ਅੱਜ ਦੇਸ਼ ਦਾ ਹਰ ਨਾਗਰਿਕ ਸਵਦੇਸ਼ੀ ਨਾਲ ਜੁੜ ਰਿਹਾ ਹੈ, ਉਹ ਸਵਦੇਸ਼ੀ ਖ਼ਰੀਦਣਾ ਚਾਹੁੰਦਾ ਹੈ, ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ, ਇਸ ਭਾਵਨਾ ਨੂੰ ਅੱਜ ਅਸੀਂ ਚਾਰੇ ਪਾਸੇ ਮਹਿਸੂਸ ਕਰ ਰਹੇ ਹਾਂ। ਸਾਡੇ ਵਪਾਰੀਆਂ ਨੂੰ ਵੀ ਇਸ ਮੰਤਰ ਨੂੰ ਅਪਣਾਉਣਾ ਹੈ। ਜੋ ਭਾਰਤ ਵਿੱਚ ਉਪਲਬਧ ਹੈ, ਉਸੇ ਨੂੰ ਪਹਿਲ ਦੇਣੀ ਹੈ।

 

ਸਾਥੀਓ,

ਇੱਕ ਅਹਿਮ ਵਿਸ਼ਾ ਖੋਜ (ਰੀਸਰਚ) ਦਾ ਹੈ। ਅਸੀਂ ਖੋਜ ਵਿੱਚ ਨਿਵੇਸ਼ ਵਧਾਉਣਾ ਹੈ, ਕਈ ਗੁਣਾ ਵਧਾਉਣਾ ਹੈ। ਨਵੀਨਤਾ ਤੋਂ ਬਿਨਾਂ ਦੁਨੀਆ ਰੁਕ ਜਾਂਦੀ ਹੈ, ਵਪਾਰ ਵੀ ਰੁਕ ਜਾਂਦਾ ਹੈ, ਜ਼ਿੰਦਗੀ ਵੀ ਠਹਿਰ ਜਾਂਦੀ ਹੈ। ਅਤੇ ਸਰਕਾਰ ਨੇ ਇਸ ਲਈ ਜ਼ਰੂਰੀ ਕਦਮ ਚੁੱਕੇ ਹਨ, ਹੁਣ ਖੋਜ ਵਿੱਚ ਨਿੱਜੀ ਨਿਵੇਸ਼ ਲਈ ਸਭ ਨੂੰ ਅੱਗੇ ਆਉਣਾ ਹੀ ਪਵੇਗਾ। ਇਹ ਸਮੇਂ ਦੀ ਮੰਗ ਹੈ। ਅਸੀਂ ਸਵਦੇਸ਼ੀ ਖੋਜ, ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ਦਾ ਪੂਰਾ ਈਕੋਸਿਸਟਮ ਬਣਾਉਣਾ ਹੈ।

 

ਸਾਥੀਓ,

ਨਿਵੇਸ਼ ਲਈ ਸਾਡਾ ਉੱਤਰ ਪ੍ਰਦੇਸ਼ ਵੀ ਕਈ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਪਿਛਲੇ ਕੁਝ ਸਾਲਾਂ ਵਿੱਚ ਯੂਪੀ ਵਿੱਚ ਕਨੈਕਟੀਵਿਟੀ ਦੀ ਜੋ ਕ੍ਰਾਂਤੀ ਆਈ ਹੈ, ਉਸ ਨੇ ਲੌਜਿਸਟਿਕਸ ਲਾਗਤ ਨੂੰ ਬਹੁਤ ਘੱਟ ਕਰ ਦਿੱਤਾ ਹੈ। ਯੂਪੀ ਦੇਸ਼ ਵਿੱਚ ਸਭ ਤੋਂ ਵੱਧ ਐਕਸਪ੍ਰੈਸ-ਵੇਅ ਵਾਲਾ ਸੂਬਾ ਬਣ ਚੁੱਕਾ ਹੈ। ਯੂਪੀ ਦੇਸ਼ ਦੇ ਸਭ ਤੋਂ ਵੱਧ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਸੂਬਾ ਹੈ, ਇਹ ਦੇਸ਼ ਦੇ ਦੋ ਵੱਡੇ ਸਮਰਪਿਤ ਮਾਲ ਗਲਿਆਰਿਆਂ ਦਾ ਹੱਬ ਹੈ। ਵਿਰਾਸਤੀ ਸੈਰ-ਸਪਾਟੇ ਵਿੱਚ ਵੀ ਯੂਪੀ ਨੰਬਰ ਇੱਕ ਹੈ। ਨਮਾਮਿ ਗੰਗੇ ਵਰਗੀਆਂ ਮੁਹਿੰਮਾਂ ਨੇ ਯੂਪੀ ਨੂੰ ਕਰੂਜ਼ ਸੈਰ-ਸਪਾਟਾ ਦੇ ਨਕਸ਼ੇ 'ਤੇ ਲਿਆ ਕੇ ਆਪਣਾ ਸਥਾਨ ਬਣਾ ਦਿੱਤਾ ਹੈ। ‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ’ ਨੇ ਯੂਪੀ ਦੇ ਕਈ ਜ਼ਿਲ੍ਹਿਆਂ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਹੁੰਚਾ ਦਿੱਤਾ ਹੈ। ਅਤੇ ਮੈਂ ਤਾਂ ਵਿਦੇਸ਼ੀ ਮਹਿਮਾਨਾਂ ਨੂੰ ਮਿਲਣਾ ਹੁੰਦਾ ਹੈ, ਤਾਂ ਅੱਜਕੱਲ੍ਹ ਮੈਂ ਕੀ ਦੇਣਾ ਹੈ, ਇਸ ਬਾਰੇ ਬਹੁਤ ਜ਼ਿਆਦਾ ਸੋਚਣਾ ਨਹੀਂ ਪੈਂਦਾ। ਇਹ ‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ’ ਦਾ ਕੈਟਾਲਾਗ ਸਾਡੀ ਟੀਮ ਦੇਖ ਲੈਂਦੀ ਹੈ, ਬੱਸ ਉਸੇ ਵਿੱਚੋਂ ਦੁਨੀਆ ਭਰ ਦੇ ਦੇਸ਼ਾਂ ਦੇ ਲੋਕਾਂ ਨੂੰ ਮੈਂ ਦੇ ਦਿੰਦਾ ਹਾਂ।

 

ਸਾਥੀਓ,

ਮੈਨੂਫੈਕਚਰਿੰਗ ਵਿੱਚ ਵੀ ਯੂਪੀ ਨਵੇਂ ਰਿਕਾਰਡ ਬਣਾ ਰਿਹਾ ਹੈ। ਹੁਣ ਜਿਵੇਂ ਇਲੈਕਟ੍ਰੋਨਿਕਸ ਅਤੇ ਮੋਬਾਈਲ ਨਿਰਮਾਣ ਦਾ ਖੇਤਰ ਹੈ। ਪਿਛਲੇ ਦਹਾਕੇ ਵਿੱਚ ਭਾਰਤ ਇਸ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਬਣਿਆ ਹੈ। ਅਤੇ ਇਸ ਵਿੱਚ ਯੂਪੀ ਦਾ ਰੋਲ ਬਹੁਤ ਵੱਡਾ ਹੈ। ਅੱਜ ਪੂਰੇ ਭਾਰਤ ਵਿੱਚ ਜਿੰਨੇ ਮੋਬਾਈਲ ਫੋਨ ਬਣਦੇ ਹਨ, ਉਸ ’ਚੋਂ ਲਗਭਗ 55 ਫ਼ੀਸਦ ਮੋਬਾਈਲ ਇੱਥੇ ਉੱਤਰ ਪ੍ਰਦੇਸ਼ ਵਿੱਚ ਬਣਦੇ ਹਨ। ਯੂਪੀ ਹੁਣ ਸੈਮੀਕੰਡਕਟਰ ਸੈਕਟਰ ਵਿੱਚ ਵੀ ਭਾਰਤ ਦੀ ਆਤਮਨਿਰਭਰਤਾ ਨੂੰ ਮਜ਼ਬੂਤੀ ਦੇਵੇਗਾ। ਇੱਥੋਂ ਕੁਝ ਕਿਲੋਮੀਟਰ ਦੂਰ ਹੀ ਇੱਕ ਵੱਡੀ ਸੈਮੀਕੰਡਕਟਰ ਸਹੂਲਤ 'ਤੇ ਕੰਮ ਸ਼ੁਰੂ ਹੋਣ ਵਾਲਾ ਹੈ।

 

ਸਾਥੀਓ,

ਇੱਕ ਹੋਰ ਉਦਾਹਰਣ ਰੱਖਿਆ ਖੇਤਰ ਦਾ ਹੈ। ਸਾਡੀਆਂ ਸੈਨਾਵਾਂ ਸਵਦੇਸ਼ੀ ਚਾਹੁੰਦੀਆਂ ਹਨ, ਦੂਜਿਆਂ ’ਤੇ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦੀਆਂ ਹਨ। ਇਸ ਲਈ ਭਾਰਤ ਵਿੱਚ ਹੀ ਅਸੀਂ ਵਾਈਬਰੈਂਟ ਡਿਫੈਂਸ ਸੈਕਟਰ ਵਿਕਸਤ ਕਰ ਰਹੇ ਹਾਂ। ਪੁਰਜ਼ੇ-ਪੁਰਜ਼ੇ 'ਤੇ ‘ਮੇਡ ਇਨ ਇੰਡੀਆ’ ਦੀ ਛਾਪ ਹੋਵੇ, ਅਸੀਂ ਅਜਿਹਾ ਈਕੋਸਿਸਟਮ ਬਣਾ ਰਹੇ ਹਾਂ। ਅਤੇ ਯੂਪੀ ਇਸ ਵਿੱਚ ਵੀ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਬਹੁਤ ਜਲਦੀ ਰੂਸ ਦੇ ਸਹਿਯੋਗ ਨਾਲ ਬਣੀ ਫੈਕਟਰੀ ਤੋਂ ਏ.ਕੇ. 203 ਰਾਈਫਲ ਦਾ ਉਤਪਾਦਨ ਸ਼ੁਰੂ ਹੋਣ ਜਾ ਰਿਹਾ ਹੈ। ਯੂਪੀ ਵਿੱਚ ਇੱਕ ਰੱਖਿਆ ਗਲਿਆਰੇ ਦਾ ਵੀ ਨਿਰਮਾਣ ਹੋ ਰਿਹਾ ਹੈ। ਜਿਸ ਵਿੱਚ ਬ੍ਰਹਮੋਸ ਮਿਜ਼ਾਈਲ ਸਮੇਤ ਅਨੇਕਾਂ ਹਥਿਆਰਾਂ ਦਾ ਨਿਰਮਾਣ ਸ਼ੁਰੂ ਵੀ ਹੋ ਚੁੱਕਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ, ਯੂਪੀ ਵਿੱਚ ਨਿਵੇਸ਼ ਕਰੋ, ਯੂਪੀ ਵਿੱਚ ਨਿਰਮਾਣ ਕਰੋ। ਇੱਥੇ ਲੱਖਾਂ ਐੱਮਐੱਸਐੱਮਈਜ਼ ਦਾ ਮਜ਼ਬੂਤ ਨੈੱਟਵਰਕ ਹੈ। ਅਤੇ ਇਹ ਲਗਾਤਾਰ ਵਧ ਰਿਹਾ ਹੈ। ਤੁਸੀਂ ਇਨ੍ਹਾਂ ਦੀ ਸਮਰੱਥਾ ਦੀ ਵਰਤੋਂ ਕਰੋ। ਅਤੇ ਇੱਕ ਸੰਪੂਰਨ ਉਤਪਾਦ ਇੱਥੇ ਹੀ ਬਣਾਓ। ਇਸ ਲਈ ਹਰ ਮਦਦ ਨਾਲ ਯੂਪੀ ਸਰਕਾਰ, ਭਾਰਤ ਸਰਕਾਰ ਤੁਹਾਡੇ ਨਾਲ ਹੈ।

 

ਸਾਥੀਓ,

ਅੱਜ ਭਾਰਤ ਰੀਫੋਰਮ, ਪਰਫੋਰਮ, ਟ੍ਰਾਂਸਫੋਰਮ ਦੀ ਵਚਨਬੱਧਤਾ ਨਾਲ ਆਪਣੇ ਉਦਯੋਗ, ਆਪਣੇ ਵਪਾਰੀਆਂ, ਆਪਣੇ ਨਾਗਰਿਕਾਂ ਨਾਲ ਖੜ੍ਹਾ ਹੈ। ਅਜੇ ਤਿੰਨ ਦਿਨ ਪਹਿਲਾਂ ਹੀ ਨੈਕਸਟ ਜਨਰੇਸ਼ਨ ਜੀਐੱਸਟੀ ਸੁਧਾਰ ਲਾਗੂ ਕੀਤੇ ਗਏ ਹਨ। ਜੀਐੱਸਟੀ ਵਿੱਚ ਹੋਏ ਬਦਲਾਅ ਭਾਰਤ ਦੀ ਵਿਕਾਸ ਗਾਥਾ ਨੂੰ ਨਵੇਂ ਖੰਭ ਦੇਣ ਵਾਲੇ ਢਾਂਚਾਗਤ ਸੁਧਾਰ ਹਨ। ਇਨ੍ਹਾਂ ਸੁਧਾਰਾਂ ਨਾਲ ਜੀਐੱਸਟੀ ਰਜਿਸਟ੍ਰੇਸ਼ਨ ਆਸਾਨ ਹੋਵੇਗੀ, ਟੈਕਸ ਵਿਵਾਦ ਘੱਟ ਹੋਣਗੇ ਅਤੇ ਐੱਮਐੱਸਐੱਮਈਜ਼ ਨੂੰ ਰਿਫੰਡ ਵੀ ਤੇਜ਼ੀ ਨਾਲ ਮਿਲਣਗੇ। ਇਸ ਨਾਲ ਹਰ ਖੇਤਰ ਨੂੰ ਲਾਭ ਹੋਵੇਗਾ। ਤੁਸੀਂ ਸਾਰਿਆਂ ਨੇ ਜੀਐੱਸਟੀ ਤੋਂ ਪਹਿਲਾਂ ਅਤੇ ਜੀਐੱਸਟੀ ਤੋਂ ਬਾਅਦ ਅਤੇ ਹੁਣ ਤੀਜਾ ਪੜਾਅ ਹੈ, ਨੈਕਸਟ ਜਨਰੇਸ਼ਨ ਜੀਐੱਸਟੀ ਸੁਧਾਰ, ਯਾਨੀ ਤਿੰਨੋਂ ਸਥਿਤੀਆਂ ਦਾ ਤਜਰਬਾ ਕੀਤਾ ਹੈ। ਕਿੰਨਾ ਵੱਡਾ ਫਰਕ ਆਇਆ ਹੈ, ਇਹ ਮੈਂ ਕੁਝ ਉਦਾਹਰਨਾਂ ਨਾਲ ਤੁਹਾਡੇ ਸਾਰਿਆਂ ਸਾਹਮਣੇ ਰੱਖਣਾ ਚਾਹਾਂਗਾ। 2014 ਤੋਂ ਪਹਿਲਾਂ, ਯਾਨੀ ਤੁਹਾਡੇ ਵੱਲੋਂ ਮੈਨੂੰ ਕੰਮ ਦੇਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ। 2014 ਤੋਂ ਪਹਿਲਾਂ ਇੰਨੇ ਸਾਰੇ ਟੈਕਸ ਸਨ, ਯਾਨੀ ਇੱਕ ਤਰ੍ਹਾਂ ਨਾਲ ਟੈਕਸ ਦਾ ਜੰਜਾਲ ਸੀ ਅਤੇ ਉਸ ਕਾਰਨ ਕਾਰੋਬਾਰ ਦੀ ਲਾਗਤ ਅਤੇ ਪਰਿਵਾਰ ਦਾ ਬਜਟ, ਦੋਵੇਂ ਹੀ ਕਦੇ ਸੰਤੁਲਿਤ ਨਹੀਂ ਹੋ ਪਾਉਂਦੇ ਸਨ, ਉਸ ਨੂੰ ਕੰਟਰੋਲ ਕਰਨਾ ਮੁਸ਼ਕਲ ਸੀ। ਇੱਕ ਹਜ਼ਾਰ ਰੁਪਏ ਦੀ ਕਮੀਜ਼ 'ਤੇ, ਇਹ 2014 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ, ਜੇ ਤੁਹਾਡੇ ਕੋਲ ਪੁਰਾਣਾ ਬਿੱਲ ਪਿਆ ਹੋਵੇ ਤਾਂ ਕੱਢ ਲਓ, 2014 ਤੋਂ ਪਹਿਲਾਂ ਇੱਕ ਹਜ਼ਾਰ ਰੁਪਏ ਦੀ ਕਮੀਜ਼ 'ਤੇ 170 ਰੁਪਏ ਟੈਕਸ ਲੱਗਦਾ ਸੀ, 170 ਰੁਪਏ। ਸਾਲ 2017 ਵਿੱਚ ਜਦੋਂ ਅਸੀਂ ਜੀਐੱਸਟੀ ਲਿਆਂਦਾ ਤਾਂ ਆਉਣ ਤੋਂ ਬਾਅਦ ਪਹਿਲਾਂ ਜੀਐੱਸਟੀ ਵਿੱਚ 170 ਤੋਂ ਘੱਟ ਕੇ 50 ਹੋ ਗਿਆ। ਯਾਨੀ ਹਜ਼ਾਰ ਦੀ ਕਮੀਜ਼ 'ਤੇ ਪਹਿਲਾਂ 170 ਸੀ, 2017 ਵਿੱਚ ਜਦੋਂ ਅਸੀਂ ਜੀਐੱਸਟੀ ਲਿਆਂਦਾ ਤਾਂ 50 ਹੋ ਗਿਆ। ਅਤੇ ਹੁਣ 22 ਸਤੰਬਰ ਨੂੰ ਲਾਗੂ ਹੋਏ ਰੇਟਾਂ ਤੋਂ ਬਾਅਦ ਇੱਕ ਹਜ਼ਾਰ ਰੁਪਏ ਦੀ ਉਸੇ ਕਮੀਜ਼ 'ਤੇ ਸਿਰਫ਼ ਪੈਂਤੀ ਰੁਪਏ ਟੈਕਸ ਵਜੋਂ ਦੇਣੇ ਪੈਣਗੇ।

 

ਸਾਥੀਓ,

2014 ਵਿੱਚ ਟੂਥਪੇਸਟ, ਸ਼ੈਂਪੂ, ਹੇਅਰ-ਆਇਲ, ਸ਼ੇਵਿੰਗ ਕ੍ਰੀਮ, ਇਨ੍ਹਾਂ ਸਾਰਿਆਂ ’ਤੇ ਜੇ ਕੋਈ ਸੌ ਰੁਪਏ ਖ਼ਰਚ ਕਰਦਾ ਸੀ, ਤਾਂ ਇਨ੍ਹਾਂ ’ਤੇ 31 ਰੁਪਏ ਟੈਕਸ ਦੇਣਾ ਪੈਂਦਾ ਸੀ, 100 ਰੁਪਏ ’ਤੇ 31। ਯਾਨੀ ਸੌ ਰੁਪਏ ਦਾ ਬਿੱਲ 131 ਰੁਪਏ ਦਾ ਬਣਦਾ ਸੀ। ਇਹ ਮੈਂ 2014 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ। 2017 ਵਿੱਚ ਜੀਐੱਸਟੀ ਆਇਆ ਤਾਂ, ਸੌ ਰੁਪਏ ਦਾ ਇਹੀ ਸਾਮਾਨ 118 ਰੁਪਏ ਦਾ ਹੋ ਗਿਆ, 131 ਤੋਂ ਘੱਟ ਹੋ ਕੇ 118। ਯਾਨੀ ਹਰ ਸੌ ਰੁਪਏ ਦੇ ਬਿੱਲ ’ਤੇ 13 ਰੁਪਏ ਸਿੱਧੇ ਬਚ ਗਏ। ਹੁਣ ਜੀਐੱਸਟੀ ਦੀ ਅਗਲੀ ਪੀੜ੍ਹੀ ਵਿੱਚ, ਯਾਨੀ ਇਸ ਵਾਰ ਜੋ ਜੀਐੱਸਟੀ ਦਾ ਸੁਧਾਰ ਹੋਇਆ ਹੈ, ਇਹ ਸਾਮਾਨ 100 ਰੁਪਏ 'ਤੇ 5 ਰੁਪਏ, 105 ਰੁਪਏ ਦਾ ਹੋ ਗਿਆ ਹੈ। 131 ਤੋਂ 105 ’ਤੇ ਆ ਗਿਆ। ਯਾਨੀ 2014 ਤੋਂ ਪਹਿਲਾਂ ਦੇ ਮੁਕਾਬਲੇ ਸਿੱਧੇ 26 ਰੁਪਏ ਦੀ ਬੱਚਤ, 100 ਰੁਪਏ ’ਤੇ 26 ਰੁਪਏ ਦੀ ਬੱਚਤ ਦੇਸ਼ ਦੇ ਆਮ ਨਾਗਰਿਕ ਨੂੰ ਹੋਈ ਹੈ। ਇਸ ਉਦਾਹਰਨ ਨਾਲ ਤੁਸੀਂ ਸਮਝ ਸਕਦੇ ਹੋ ਕਿ ਇੱਕ ਆਮ ਪਰਿਵਾਰ ਦੀ ਹਰ ਮਹੀਨੇ ਕਿੰਨੀ ਬੱਚਤ ਹੋ ਰਹੀ ਹੈ। ਜੇ ਕੋਈ ਪਰਿਵਾਰ, ਆਪਣੇ ਪਰਿਵਾਰ ਵਿੱਚ ਜੋ ਵੀ ਕੋਈ ਲੋੜ ਹੁੰਦੀ ਹੈ, ਸਾਲ ਭਰ ਦਾ ਹਿਸਾਬ ਲਗਾ ਲਵੇ ਅਤੇ ਮੰਨ ਲਓ 2014 ਵਿੱਚ ਜੇ ਇੱਕ ਸਾਲ ਵਿੱਚ ਉਹ ਇੱਕ ਲੱਖ ਰੁਪਏ ਦੀਆਂ ਚੀਜ਼ਾਂ ਖ਼ਰੀਦਦਾ ਸੀ, ਜੇ 1 ਲੱਖ ਰੁਪਏ ਦੇ ਨੇੜੇ-ਤੇੜੇ ਉਸ ਨੇ 2014 ਤੋਂ ਪਹਿਲਾਂ ਕੁਝ ਖ਼ਰੀਦਦਾਰੀ ਕੀਤੀ ਹੋਵੇਗੀ, ਤਾਂ ਉਸ ਨੂੰ ਉਸ ਸਮੇਂ ਲਗਭਗ 25,000 ਰੁਪਏ ਟੈਕਸ ਦੇਣਾ ਪੈਂਦਾ ਸੀ। ਜੇ ਸਾਲ ਭਰ ਵਿੱਚ 1 ਲੱਖ ਰੁਪਏ ਦੀਆਂ ਚੀਜ਼ਾਂ ਉਸ ਨੇ ਖ਼ਰੀਦੀਆਂ ਤਾਂ 25,000 ਰੁਪਏ ਟੈਕਸ ਸੀ 2014 ਤੋਂ ਪਹਿਲਾਂ, ਮੇਰੇ ਆਉਣ ਤੋਂ ਪਹਿਲਾਂ। ਇਹ ਬਿਆਨ ਬਹਾਦਰ ਲੋਕ ਜੋ ਅੱਜਕੱਲ੍ਹ ਬਿਆਨ ਦਿੰਦੇ ਹਨ ਨਾ, ਜ਼ਰਾ ਉਨ੍ਹਾਂ ਨੂੰ ਸੁਣਾਇਓ। ਪਰ ਹੁਣ ਨੈਕਸਟ ਜਨਰੇਸ਼ਨ ਜੀਐੱਸਟੀ ਤੋਂ ਬਾਅਦ ਉਸੇ ਪਰਿਵਾਰ ਨੂੰ ਸਾਲਾਨਾ ਸਿਰਫ਼ 25000 ਤੋਂ ਘੱਟ ਹੋ ਕੇ ਲਗਭਗ 5-6 ਹਜ਼ਾਰ ਰੁਪਏ ਤੱਕ ਟੈਕਸ ਆ ਗਿਆ ਹੈ। 25000 ਤੋਂ 5000, ਕਿਉਂਕਿ ਜ਼ਰੂਰਤ ਦੀਆਂ ਜ਼ਿਆਦਾਤਰ ਚੀਜ਼ਾਂ 'ਤੇ ਹੁਣ ਸਿਰਫ਼ ਪੰਜ ਫ਼ੀਸਦ ਜੀਐੱਸਟੀ ਹੋ ਗਿਆ ਹੈ।

 

ਸਾਥੀਓ,

ਸਾਡੇ ਇੱਥੇ ਪਿੰਡ ਦੀ ਅਰਥਵਿਵਸਥਾ ਵਿੱਚ ਟਰੈਕਟਰ ਦੀ ਵੱਡੀ ਭੂਮਿਕਾ ਹੈ। 2014 ਤੋਂ ਪਹਿਲਾਂ ਇੱਕ ਟਰੈਕਟਰ ਖ਼ਰੀਦਣ 'ਤੇ ਸੱਤਰ ਹਜ਼ਾਰ ਰੁਪਏ ਤੋਂ ਵੱਧ ਟੈਕਸ ਦੇਣਾ ਪੈਂਦਾ ਸੀ। ਇਹ 2014 ਤੋਂ ਪਹਿਲਾਂ ਸੱਤਰ ਹਜ਼ਾਰ, ਹੁਣ ਉਸੇ ਟਰੈਕਟਰ 'ਤੇ ਸਿਰਫ਼ ਤੀਹ ਹਜ਼ਾਰ ਰੁਪਏ ਦਾ ਟੈਕਸ ਲੱਗ ਰਿਹਾ ਹੈ। ਯਾਨੀ ਕਿਸਾਨ ਨੂੰ ਸਿੱਧੇ ਇੱਕ ਟਰੈਕਟਰ ’ਤੇ ਚਾਲੀ ਹਜ਼ਾਰ ਰੁਪਏ ਤੋਂ ਵੱਧ ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ ਥ੍ਰੀ-ਵ੍ਹੀਲਰ, ਗ਼ਰੀਬ ਲਈ ਰੁਜ਼ਗਾਰ ਦਾ ਬਹੁਤ ਵੱਡਾ ਸਾਧਨ ਹੈ। ਸਾਲ 2014 ਤੋਂ ਪਹਿਲਾਂ ਇੱਕ ਥ੍ਰੀ-ਵ੍ਹੀਲਰ’ 'ਤੇ ਕਰੀਬ 55000  ਰੁਪਏ ਦਾ ਟੈਕਸ ਲੱਗਦਾ ਸੀ, ਇੱਕ ਥ੍ਰੀ-ਵ੍ਹੀਲਰ ’ਤੇ 55000 ਰੁਪਏ ਟੈਕਸ ਲੱਗਦਾ ਸੀ। ਹੁਣ ਉਸੇ ਥ੍ਰੀ-ਵ੍ਹੀਲਰ ’ਤੇ ਜੀਐੱਸਟੀ ਕਰੀਬ ਪੈਂਤੀ ਹਜ਼ਾਰ ਰਹਿ ਗਿਆ ਹੈ, ਯਾਨੀ ਸਿੱਧੇ ਵੀਹ ਹਜ਼ਾਰ ਰੁਪਏ ਦੀ ਬੱਚਤ ਹੋਈ ਹੈ। ਇਸੇ ਤਰ੍ਹਾਂ ਜੀਐੱਸਟੀ ਘੱਟ ਹੋਣ ਕਰਕੇ ਸਕੂਟਰ 2014 ਦੇ ਮੁਕਾਬਲੇ ਕਰੀਬ ਅੱਠ ਹਜ਼ਾਰ ਰੁਪਏ ਅਤੇ ਮੋਟਰਸਾਈਕਲ ਕਰੀਬ ਨੌਂ ਹਜ਼ਾਰ ਰੁਪਏ ਸਸਤਾ ਹੋਇਆ ਹੈ। ਯਾਨੀ ਗ਼ਰੀਬ, ਨੀਓ ਮਿਡਲ ਕਲਾਸ, ਮਿਡਲ ਕਲਾਸ ਸਭ ਦੀ ਬੱਚਤ ਹੋਈ ਹੈ।

 

ਪਰ ਸਾਥੀਓ,

ਇਸ ਦੇ ਬਾਵਜੂਦ, ਕੁਝ ਸਿਆਸੀ ਪਾਰਟੀਆਂ, ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। 2014 ਤੋਂ ਪਹਿਲਾਂ ਉਹ ਜੋ ਸਰਕਾਰ ਚਲਾ ਰਹੇ ਸਨ, ਉਸ ਦੀਆਂ ਨਾਕਾਮੀਆਂ ਲੁਕਾਉਣ ਲਈ ਕਾਂਗਰਸ ਅਤੇ ਉਸ ਦੇ ਸਾਥੀ ਦਲ, ਲੋਕਾਂ ਨਾਲ ਝੂਠ ਬੋਲ ਰਹੇ ਹਨ। ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰਾਂ ਦੇ ਸਮੇਂ ਟੈਕਸ ਦੀ ਲੁੱਟ ਮਚੀ ਹੋਈ ਸੀ ਅਤੇ ਲੁੱਟੇ ਹੋਏ ਧਨ ’ਚੋਂ ਵੀ ਲੁੱਟ ਹੁੰਦੀ ਸੀ। ਦੇਸ਼ ਦੇ ਆਮ ਨਾਗਰਿਕ ਨੂੰ ਟੈਕਸ ਦੀ ਮਾਰ ਨਾਲ ਨਿਚੋੜਿਆ ਜਾ ਰਿਹਾ ਸੀ। ਇਹ ਸਾਡੀ ਸਰਕਾਰ ਹੈ, ਜਿਸ ਨੇ ਟੈਕਸ ਨੂੰ ਵੱਡੇ ਪੱਧਰ ’ਤੇ ਘੱਟ ਕੀਤਾ ਹੈ, ਮਹਿੰਗਾਈ ਘੱਟ ਕੀਤੀ ਹੈ। ਅਸੀਂ ਦੇਸ਼ ਦੇ ਲੋਕਾਂ ਦੀ ਆਮਦਨ ਵਧਾਈ ਹੈ ਅਤੇ ਬੱਚਤ ਵੀ ਵਧਾਈ ਹੈ। ਜਦੋਂ 2014 ਵਿੱਚ ਉਨ੍ਹਾਂ ਦੀ ਸਰਕਾਰ ਸੀ, 2 ਲੱਖ ਰੁਪਏ ਤੱਕ ਆਮਦਨ ਟੈਕਸ ਮਾਫ਼ ਸੀ, ਸਿਰਫ਼ 2 ਲੱਖ। ਅੱਜ 12 ਲੱਖ ਰੁਪਏ ਦੀ ਆਮਦਨ ਨੂੰ ਟੈਕਸ-ਮੁਕਤ ਕਰਨਾ ਅਤੇ ਨਵੇਂ ਜੀਐੱਸਟੀ ਸੁਧਾਰਾਂ ਨਾਲ ਹੀ ਇਸ ਸਾਲ ਦੇਸ਼ ਦੇ ਲੋਕਾਂ ਦੇ ਢਾਈ ਲੱਖ ਕਰੋੜ ਰੁਪਏ ਬਚਣਗੇ। ਦੇਸ਼ ਵਾਸੀਆਂ ਦੀ ਜੇਬ ਵਿੱਚ ਢਾਈ ਲੱਖ ਕਰੋੜ ਰੁਪਏ ਬਚਣਗੇ। ਅਤੇ ਇਸ ਲਈ ਤਾਂ ਦੇਸ਼ ਅੱਜ ਮਾਣ ਨਾਲ ਜੀਐੱਸਟੀ ਉਤਸਵ ਮਨਾ ਰਿਹਾ ਹੈ। ਜੀਐੱਸਟੀ ਬੱਚਤ ਉਤਸਵ ਮਨਾ ਰਿਹਾ ਹੈ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇੱਥੇ ਹੀ ਨਹੀਂ ਰੁਕਣ ਵਾਲੇ। 2017 ਵਿੱਚ ਅਸੀਂ ਜੀਐੱਸਟੀ ਲਿਆਂਦਾ, ਆਰਥਿਕ ਮਜ਼ਬੂਤੀ ਦਾ ਕੰਮ ਕੀਤਾ। ਅਤੇ 2025 ਵਿੱਚ ਫਿਰ ਤੋਂ ਲਿਆਂਦੇ, ਫਿਰ ਆਰਥਿਕ ਮਜ਼ਬੂਤੀ ਕਰਾਂਗੇ ਅਤੇ ਜਿਵੇਂ-ਜਿਵੇਂ ਆਰਥਿਕ ਮਜ਼ਬੂਤੀ ਹੋਵੇਗੀ, ਟੈਕਸ ਦਾ ਬੋਝ ਘੱਟ ਹੁੰਦਾ ਜਾਵੇਗਾ। ਦੇਸ਼ ਵਾਸੀਆਂ ਦੇ ਆਸ਼ੀਰਵਾਦ ਨਾਲ ਜੀਐੱਸਟੀ ਸੁਧਾਰਾਂ ਦਾ ਸਿਲਸਿਲਾ ਲਗਾਤਾਰ ਜਾਰੀ  ਰਹੇਗਾ।

 

ਸਾਥੀਓ,

ਅੱਜ ਭਾਰਤ ਕੋਲ ਸੁਧਾਰਾਂ ਦੀ ਮਜ਼ਬੂਤ ਇੱਛਾ ਸ਼ਕਤੀ ਹੈ, ਸਾਡੇ ਕੋਲ ਲੋਕਤੰਤਰੀ ਅਤੇ ਰਾਜਨੀਤਿਕ ਸਥਿਰਤਾ ਹੈ, policy predictability ਵੀ ਹੈ। ਸਭ ਤੋਂ ਵੱਡੀ ਗੱਲ, ਭਾਰਤ ਕੋਲ ਬਹੁਤ ਵੱਡੀ ਨੌਜਵਾਨ ਅਤੇ ਹੁਨਰਮੰਦ ਵਰਕਫੋਰਸ ਹੈ, ਡਾਇਨਾਮਿਕ ਨੌਜਵਾਨ ਕੰਜ਼ਿਊਮਰ ਬੇਸ ਹੈ। ਇਹ ਸਾਰੀਆਂ ਗੱਲਾਂ, ਦੁਨੀਆ ਦੇ ਕਿਸੇ ਵੀ ਖੇਤਰ ਵਿੱਚ, ਯਾਨੀ ਇੱਕੋ ਥਾਂ, ਸਾਰੀਆਂ ਗੱਲਾਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇੱਕੋ ਸਮੇਂ ਨਹੀਂ ਹਨ। ਭਾਰਤ ਵਿੱਚ ਹਰ ਚੀਜ਼ ਮੌਜੂਦ ਹੈ। ਦੁਨੀਆ ਦਾ ਕੋਈ ਵੀ ਨਿਵੇਸ਼ਕ, ਕੋਈ ਵੀ ਕੰਪਨੀ ਜੇ ਆਪਣੀ ਵਿਕਾਸ ਦਰ ਨੂੰ ਨਵੇਂ ਖੰਭ ਲਗਾਉਣਾ ਚਾਹੁੰਦੀ ਹੈ, ਤਾਂ ਉਸ ਲਈ, ਭਾਰਤ ਵਿੱਚ ਨਿਵੇਸ਼ ਸਭ ਤੋਂ ਆਕਰਸ਼ਕ ਸੌਦਾ ਹੈ। ਇਸ ਲਈ ਭਾਰਤ ਵਿੱਚ ਨਿਵੇਸ਼ ਕਰਨਾ, ਯੂਪੀ ਵਿੱਚ ਨਿਵੇਸ਼ ਕਰਨਾ, ਤੁਹਾਡੇ ਲਈ ਵਿਨ-ਵਿਨ ਸਿਚੂਏਸ਼ਨ ਹੈ। ਸਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਮਿਲ ਕੇ ਵਿਕਸਤ ਭਾਰਤ ਬਣਾਉਣਗੀਆਂ, ਵਿਕਸਤ ਯੂਪੀ ਬਣਾਉਣਗੀਆਂ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅੰਤਰਰਾਸ਼ਟਰੀ ਵਪਾਰ ਸ਼ੋਅ ਲਈ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ਐੱਸਟੀ/ਐੱਸਐੱਸ/ਆਰਕੇ


(Release ID: 2171242) Visitor Counter : 8