ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ 2,277.397 ਕਰੋੜ ਰੁਪਏ ਦੇ ਖਰਚ ਨਾਲ ਡੀਐੱਸਆਈਆਰ ਯੋਜਨਾ "ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ" ਨੂੰ ਮਨਜ਼ੂਰੀ ਦਿੱਤੀ

Posted On: 24 SEP 2025 3:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਪੰਦਰਵੇਂ ਵਿੱਤ ਕਮਿਸ਼ਨ 2021-22 ਤੋਂ 2025-26 ਤੱਕ ਦੀ ਮਿਆਦ ਲਈ ₹2,277.397 ਕਰੋੜ ਦੇ ਕੁੱਲ ਖਰਚ ਨਾਲ "ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ" ‘ਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ/ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਡੀਐੱਸਆਈਆਰ/ ਸੀਐੱਸਆਈਆਰ) ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਯੋਜਨਾ ਸੀਐੱਸਆਈਆਰ ਦੁਆਰਾ ਲਾਗੂ ਕੀਤੀ ਜਾ ਰਹੀ ਹੈ ਅਤੇ ਦੇਸ਼ ਭਰ ਦੀਆਂ ਸਾਰੀਆਂ ਖੋਜ ਅਤੇ ਵਿਕਾਸ ਸੰਸਥਾਵਾਂ, ਰਾਸ਼ਟਰੀ ਪ੍ਰਯੋਗਸ਼ਾਲਾਵਾਂ, ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ, ਪ੍ਰਤਿਸ਼ਠਿਤ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਪਹਿਲਕਦਮੀ ਯੂਨੀਵਰਸਿਟੀਆਂ, ਉਦਯੋਗ, ਰਾਸ਼ਟਰੀ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਅਤੇ ਅਕਾਦਮਿਕ ਸੰਸਥਾਵਾਂ ਵਿੱਚ ਕਰੀਅਰ ਬਣਾਉਣ ਦੇ ਇੱਛੁਕ ਨੌਜਵਾਨ, ਉਤਸ਼ਾਹੀ ਖੋਜਕਰਤਾਵਾਂ ਲਈ ਇੱਕ ਵਿਆਪਕ ਮੰਚ ਪ੍ਰਦਾਨ ਕਰਦੀ ਹੈ। ਉੱਘੇ ਵਿਗਿਆਨੀਆਂ ਅਤੇ ਪ੍ਰੋਫੈਸਰਾਂ ਦੇ ਮਾਰਗਦਰਸ਼ਨ ਵਿੱਚ, ਇਹ ਯੋਜਨਾ ਵਿਗਿਆਨ, ਟੈਕਨੋਲੋਜੀ ਅਤੇ ਇੰਜੀਨੀਅਰਿੰਗ, ਮੈਡੀਕਲ ਅਤੇ ਗਣਿਤ ਵਿਗਿਆਨ (ਐੱਸਟੀਈਐੱਮਐੱਮ) ਦੇ ਵਿਕਾਸ ਨੂੰ ਹੁਲਾਰਾ ਦੇਵੇਗੀ।

ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ ਯੋਜਨਾ, ਪ੍ਰਤੀ ਦਸ ਲੱਖ ਅਬਾਦੀ 'ਤੇ ਖੋਜਕਰਤਾਵਾਂ ਦੀ ਗਿਣਤੀ ਵਧਾ ਕੇ, ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਦੇ ਸਥਾਈ ਵਿਕਾਸ ਟੀਚਿਆਂ (ਐੱਸਡੀਜੀ) ਦੀ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਯੋਜਨਾ ਨੇ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ਉੱਚ-ਗੁਣਵੱਤਾ ਵਾਲੇ ਮਨੁੱਖੀ ਸਰੋਤਾਂ ਦੇ ਭੰਡਾਰ ਦਾ ਵਿਸਥਾਰ ਕਰਕੇ ਆਪਣੀ ਪ੍ਰਸੰਗਿਕਤਾ ਸਿੱਧ ਕੀਤੀ ਹੈ।

ਪਿਛਲੇ ਦਹਾਕੇ ਦੇ ਦੌਰਾਨ ਭਾਰਤ ਸਰਕਾਰ ਦੁਆਰਾ ਵਿਗਿਆਨ ਅਤੇ ਟੈਕਨੋਲੋਜੀ (ਐੱਸ ਐਂਡ ਟੀ) ਵਿੱਚ ਖੋਜ ਅਤੇ ਵਿਕਾਸ (ਆਰ ਐਂਡ ਡੀ) ਲਈ ਕੀਤੇ ਗਏ ਤਾਲਮੇਲ ਵਾਲੇ ਯਤਨਾਂ ਨਾਲ, ਵਿਸ਼ਵ ਬੌਧਿਕ ਸੰਪੱਤੀ ਸੰਗਠਨ (ਡਬਲਿਊਆਈਪੀਓ) ਦੀ ਰੈਂਕਿੰਗ ਦੇ ਅਨੁਸਾਰ, ਭਾਰਤ ਨੇ 2024 ਵਿੱਚ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ਵਿੱਚ ਆਪਣੀ ਸਥਿਤੀ ਸੁਧਾਰ ਕੇ 39ਵੀਂ ਰੈਂਕ ਪ੍ਰਾਪਤ ਕਰ ਲਈ ਹੈ, ਜੋ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਮਾਰਗਦਰਸ਼ਨ ਵਿੱਚ ਨੇੜਲੇ ਭਵਿੱਖ ਵਿੱਚ ਹੋਰ ਵੀ ਬਿਹਤਰ ਹੋਵੇਗੀ। ਸਰਕਾਰ ਦੁਆਰਾ ਖੋਜ ਅਤੇ ਵਿਕਾਸ ਨੂੰ ਦਿੱਤੇ ਗਏ ਸਹਿਯੋਗ ਦੇ ਨਤੀਜੇ ਵਜੋਂ, ਐੱਨਐੱਸਐੱਫ, ਯੂਐੱਸਏ ਦੇ ਅੰਕੜਿਆਂ ਅਨੁਸਾਰ, ਭਾਰਤ ਹੁਣ ਵਿਗਿਆਨਕ ਖੋਜ ਪੱਤਰ ਪ੍ਰਕਾਸ਼ਨਾਂ ਦੇ ਮਾਮਲੇ ਵਿੱਚ ਚੋਟੀ ਦੇ ਤਿੰਨ ਵਿੱਚ ਸ਼ਾਮਿਲ ਹੈ। ਡੀਐੱਸਆਈਆਰ ਦੀ ਯੋਜਨਾ ਹਜ਼ਾਰਾਂ ਖੋਜਕਰਤਾਵਾਂ ਅਤੇ ਵਿਗਿਆਨੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਿਨ੍ਹਾਂ ਦੇ ਨਤੀਜਿਆਂ ਨੇ ਭਾਰਤ ਦੀਆਂ ਵਿਗਿਆਨ ਅਤੇ ਟੈਕਨੋਲੋਜੀ ਉਪਲਬਧੀਆਂ ਵਿੱਚ ਅਹਿਮ ਯੋਗਦਾਨ ਦਿੱਤਾ ਹੈ।

ਇਸ ਪ੍ਰਵਾਨਗੀ ਨੇ ਸੀਐੱਸਆਈਆਰ ਦੀ ਅੰਬਰੇਲਾ ਯੋਜਨਾ ਨੂੰ ਲਾਗੂਕਰਨ ਦੇ ਜ਼ਰੀਏ ਸੀਐੱਸਆਈਆਰ ਦੀ ਭਾਰਤੀ ਵਿਗਿਆਨਕ ਅਤੇ ਉਦਯੋਗਿਕ ਖੋਜ ਨੂੰ ਦਿੱਤੀ ਗਈ 84 ਵਰ੍ਹਿਆਂ ਦੀ ਸੇਵਾ ਲਈ ਇੱਕ ਇਤਿਹਾਸਕ ਉਪਲਬਧੀ ਪ੍ਰਦਾਨ ਕੀਤੀ ਹੈ, ਜੋ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਦੀ ਖੋਜ ਅਤੇ ਵਿਕਾਸ ਪ੍ਰਗਤੀ ਨੂੰ ਗਤੀ ਪ੍ਰਦਾਨ ਕਰਦੀ ਹੈ। ਸੀਐੱਸਆਈਆਰ ਦੀ ਅੰਬਰੇਲਾ ਯੋਜਨਾ "ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ (ਸੀਬੀਐੱਚਆਰਡੀ)" ਦੀਆਂ ਚਾਰ ਉਪ-ਯੋਜਨਾਵਾਂ ਹਨ, ਜਿਵੇਂ (i) ਡੌਕਟੋਰਲ ਅਤੇ ਪੋਸਟਡੌਕਟੋਰਲ ਫੈਲੋਸ਼ਿਪ; (ii) ਐਕਸਟ੍ਰਾਮਿਊਰਲ ਰਿਸਰਚ ਸਕੀਮ, ਐਮਰੇਟਸ ਸਾਇੰਟਿਸਟ ਸਕੀਮ ਅਤੇ ਭਟਨਾਗਰ ਫੈਲੋਸ਼ਿਪ ਪ੍ਰੋਗਰਾਮ; (iii) ਪੁਰਸਕਾਰ ਯੋਜਨਾ ਰਾਹੀਂ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣਾ ਅਤੇ ਮਾਨਤਾ ਪ੍ਰਦਾਨ ਕਰਨਾ; ਅਤੇ (iv) ਯਾਤਰਾ ਅਤੇ ਸਿਮਪੋਜ਼ੀਆ ਗ੍ਰਾਂਟ ਯੋਜਨਾ ਰਾਹੀਂ ਗਿਆਨ ਸਾਂਝਾਕਰਨ ਨੂੰ ਹੁਲਾਰਾ ਦੇਣਾ।

ਇਹ ਪਹਿਲਕਦਮੀ ਇੱਕ ਮਜ਼ਬੂਤ ਖੋਜ ਅਤੇ ਵਿਕਾਸ ਸੰਚਾਲਿਤ ਨਵੀਨਤਾ ਈਕੋਸਿਸਟਮ ਦੇ ਨਿਰਮਾਣ ਅਤੇ 21ਵੀਂ ਸਦੀ ਵਿੱਚ ਵਿਸ਼ਵਵਿਆਪੀ ਲੀਡਰਸ਼ਿਪ ਲਈ ਭਾਰਤੀ ਵਿਗਿਆਨ ਨੂੰ ਤਿਆਰ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

***

ਐੱਮਜੇਪੀਐੱਸ/ ਐੱਸਕੇਐੱਸ


(Release ID: 2170958) Visitor Counter : 4