ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੇ ਭਾਰਤ ਨੂੰ ਰੱਖਿਆ, ਪੁਲਾੜ, ਇਲੈਕਟ੍ਰੌਨਿਕਸ ਅਤੇ ਸਮਾਜਿਕ ਵਿਕਾਸ ਦੇ ਕਈ ਹੋਰ ਮੁੱਖ ਖੇਤਰਾਂ ਵਿੱਚ ਆਤਮਨਿਰਭਰ ਬਣਾਇਆ ਹੈ: ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ
ਰਾਸ਼ਟਰ ਪ੍ਰਥਮ, ਭਾਰਤ ਪਹਿਲਾਂ ਦੀ ਭਾਵਨਾ ਸਾਡੀ ਵਿਕਾਸ ਯਾਤਰਾ ਦਾ ਮਾਰਗਦਰਸ਼ਨ ਕਰਦੀ ਹੈ; ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਇਹੋ ਭਾਰਤ ਦੇ ਹਰੇਕ ਨਾਗਰਿਕ ਦੇ ਦਿਲ ਵਿੱਚ ਗੂੰਜਦਾ ਹੈ: ਉਪ ਰਾਸ਼ਟਰਪਤੀ।
ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਸਿਰਫ਼ ਤਾਕਤ ਨਾਲ ਨਹੀਂ, ਸਗੋਂ ਚਰਿੱਤਰ ਅਤੇ ਏਕਤਾ ਨਾਲ ਹੁੰਦਾ ਹੈ: ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ
ਪ੍ਰਧਾਨ ਮੰਤਰੀ ਨੇ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਦਾ ਮਾਧਿਅਮ ਬਣਾਇਆ ਅਤੇ ਸ਼ਾਸਨ ਵਿੱਚ ਇੱਕ ਸਮਾਵੇਸ਼ੀ ਪਹੁੰਚ ਨਾਲ ਬਦਲਾਅ ਲਿਆਂਦਾ: ਅਸ਼ਵਿਨੀ ਵੈਸ਼ਣਵ।
ਪ੍ਰਧਾਨ ਮੰਤਰੀ ਦੀ ਅਗਵਾਈ ਇੱਕ ਪ੍ਰੇਰਨਾ ਹੈ ਕਿਉਂਕਿ ਉਹ ਸਮਾਜ, ਸੇਵਾ ਅਤੇ ਰਾਸ਼ਟਰ ਨੂੰ ਆਪਣੇ ਆਪ ਤੋਂ ਉੱਪਰ ਰੱਖਦੇ ਹਨ: ਅਸ਼ਵਿਨੀ ਵੈਸ਼ਣਵ
Posted On:
22 SEP 2025 6:41PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਸੀ. ਪੀ. ਰਾਧਾਕ੍ਰਿਸ਼ਣਨ ਨੇ ਅੱਜ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜੂਨ 2022-ਮਈ 2023 ਅਤੇ ਜੂਨ 2023-ਮਈ 2024 ਵਿਚਕਾਰ ਕੁਝ ਚੁਣੇ ਹੋਏ ਭਾਸ਼ਣਾਂ ਦੇ ਚੌਥੇ ਅਤੇ ਪੰਜਵੇਂ ਵੌਲਿਊਮ (ਭਾਗ) ਨੂੰ ਜਾਰੀ ਕੀਤਾ। 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' ਸਿਰਲੇਖ ਵਾਲੇ ਇਹ ਸੰਗ੍ਰਹਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਨ।

ਇਸ ਮੌਕੇ 'ਤੇ ਬੋਲਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੇ ਭਾਰਤ ਨੂੰ ਰੱਖਿਆ, ਪੁਲਾੜ, ਇਲੈਕਟ੍ਰੌਨਿਕਸ ਅਤੇ ਸਮਾਜਿਕ ਵਿਕਾਸ ਦੇ ਕਈ ਹੋਰ ਪ੍ਰਮੁੱਖ ਖੇਤਰਾਂ ਵਿੱਚ ਆਤਮਨਿਰਭਰ ਬਣਾਇਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਸਿਰਫ਼ ਸ਼ਕਤੀ ਨਾਲ ਨਹੀਂ ਸਗੋਂ ਚਰਿੱਤਰ ਅਤੇ ਏਕਤਾ ਨਾਲ ਵੀ ਹੁੰਦਾ ਹੈ।

ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਤ੍ਰ ਭਾਸ਼ਾ ਵਿੱਚ ਗੁਣਵੱਤਾਪੂਰਨ ਸਿੱਖਿਆ, ਸਾਫ਼ ਪੀਣ ਵਾਲਾ ਪਾਣੀ, ਸਵੱਛਤਾ, ਪਹੁੰਚਯੋਗ ਸਿਹਤ ਸੰਭਾਲ, ਗ਼ਰੀਬੀ ਦਾ ਖਾਤਮਾ, ਸਵੱਛ ਊਰਜਾ ਅਤੇ ਜਲਵਾਯੂ ਪਰਿਵਰਤਨ 1.4 ਅਰਬ ਭਾਰਤੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੇ ਸ਼ਕਤੀਸ਼ਾਲੀ ਸਾਧਨ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਕੀਤੇ ਗਏ ਵਿਕਾਸਾਤਮਕ ਉਪਾਵਾਂ ਨੇ 25 ਕਰੋੜ ਤੋਂ ਵੱਧ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਆਉਣ ਅਤੇ ਸਨਮਾਨਜਨਕ ਜੀਵਨ ਜਿਉਣ ਦੇ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ "ਜਦੋਂ ਕਿਸੇ ਘਰ ਵਿੱਚ ਪਖਾਨਾ ਬਣਾਇਆ ਜਾਂਦਾ ਹੈ, ਤਾਂ ਇਹ 'ਮਨੁੱਖ' ਯਾਨੀ ਘਰਵਾਲੇ ਦੇ ਮਨ ਨੂੰ ਸਨਮਾਨ ਦਿੰਦਾ ਹੈ।" ਉਪ ਰਾਸ਼ਟਰਪਤੀ ਨੇ ਇਸ ਪ੍ਰਕਾਸ਼ਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਇਸ ਦੀ ਮੀਡੀਆ ਯੂਨਿਟ ਪਬਲੀਕੇਸ਼ਨ ਡਿਵੀਜ਼ਨ ਟੀਮ ਨੂੰ ਵਧਾਈ ਦਿੱਤੀ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਰਾਜਨੀਤੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਨਿਰਸੁਆਰਥ ਸੇਵਾ ਨੇ ਲੋਕਾਂ ਦੇ ਜੀਵਨ ਵਿੱਚ ਪਰਿਵਰਤਨਸ਼ੀਲ ਬਦਲਾਅ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਕਰਨ ਦਾ ਇੱਕ ਜ਼ਰੀਆ ਬਣਾਇਆ ਹੈ ਅਤੇ ਸ਼ਾਸਨ ਵਿੱਚ ਆਪਣੇ ਸਮਾਵੇਸ਼ੀ ਦ੍ਰਿਸ਼ਟੀਕੋਣ ਨਾਲ ਬਦਲਾਅ ਲਿਆਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਇੱਕ ਪ੍ਰੇਰਨਾ ਹੈ ਕਿਉਂਕਿ ਉਹ ਸਮਾਜ, ਸੇਵਾ ਅਤੇ ਰਾਸ਼ਟਰ ਨੂੰ ਆਪਣੇ ਆਪ ਤੋਂ ਉੱਪਰ ਰੱਖਦੇ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਨਵਾਂ ਸੰਗ੍ਰਹਿ ਖੋਜ ਵਿਦਵਾਨਾਂ ਲਈ ਪਿਛਲੇ ਕੁਝ ਵਰ੍ਹਿਆਂ ਦੌਰਾਨ ਪ੍ਰਧਾਨ ਮੰਤਰੀ ਦੇ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਨੂੰ ਸਮਝਣ ਲਈ ਇੱਕ ਕੀਮਤੀ ਸਰੋਤ ਵਜੋਂ ਕੰਮ ਕਰੇਗਾ।

ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼ ਨੇ, ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਵਿਸ਼ਵ ਦੇ ਸਰਬਸ਼੍ਰੇਸ਼ਠ ਸੰਚਾਰਕਾਂ ਵਿੱਚੋਂ ਇੱਕ ਦੱਸਿਆ ਅਤੇ ਕਿਹਾ ਕਿ ਉਹ ਲੋਕਾਂ ਨਾਲ ਜੁੜਨ ਲਈ ਹਰੇਕ ਯੋਜਨਾ ਦਾ ਨਾਮਕਰਣ ਕਰਦੇ ਸਮੇਂ ਵੀ ਬਹੁਤ ਸਾਵਧਾਨ ਰਹਿੰਦੇ ਹਨ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਇਹ ਵੌਲਿਊਮਜ਼ (ਕਿਤਾਬਾਂ) ਪ੍ਰਧਾਨ ਮੰਤਰੀ ਦੇ ਸ਼ਾਸਨ ਮਾਡਲ 'ਤੇ ਪ੍ਰਮਾਣਿਕ ਸੰਦਰਭ ਸਮੱਗਰੀ ਪ੍ਰਦਾਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵੌਲਿਊਮਜ਼ ਭਾਰਤ ਦੀ ਵਿਕਾਸ ਯਾਤਰਾ ਦੇ ਇੱਕ ਮਹੱਤਵਪੂਰਨ ਦਸਤਾਵੇਜ਼ ਬਣਨਗੇ ਅਤੇ ਜੋ ਪਾਠਕਾਂ ਨੂੰ ਸਰਕਾਰ ਦੇ ਸਮਾਵੇਸ਼ੀ ਅਤੇ ਸੁਧਾਰ-ਮੁਖੀ ਏਜੰਡਾ 'ਤੇ ਇੱਕ ਵਿਆਪਕ ਦ੍ਰਿਸ਼ਟੀਕੋਣ ਪ੍ਰਦਾਨ ਕਰਨਗੇ।

ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਸੰਗ੍ਰਹਿ ਬਾਰੇ
"ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ" ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਚੋਣਵੇਂ ਭਾਸ਼ਣਾਂ ਦਾ ਸੰਗ੍ਰਹਿ ਹੈ। ਇਹ ਵੌਲਿਊਮਜ਼, ਕਿਸੇ ਵੀ ਹੋਰ ਚੀਜ਼ ਤੋਂ ਜ਼ਿਆਦਾ, ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਇੱਕ ਪ੍ਰਧਾਨ ਮੰਤਰੀ ਅੱਗੇ ਵਧ ਕੇ ਅਗਵਾਈ ਕਰਦਾ ਹੈ ਅਤੇ ਰਾਸ਼ਟਰ ਨਿਰਮਾਣ ਮਨੁੱਖਤਾ ਦੇ ਇੱਕ ਵੱਡੇ ਸਮੂਹ ਨੂੰ ਕਦਮ ਚੁੱਕਣ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੇ ਉਪਦੇਸ਼ ਜਾਂ ਭਾਸ਼ਣ ਪ੍ਰੇਰਨਾਦਾਇਕ ਹੋਣ ਤੋਂ ਇਲਾਵਾ, ਗਲਤੀਆਂ ਜਾਂ ਕਮੀਆਂ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੇ ਹਨ।
ਭਾਸ਼ਣਾਂ ਦਾ ਸੰਗ੍ਰਹਿ ਅਸਲ ਵਿੱਚ ਸਮੇਂ ਦਾ ਪ੍ਰਤੀਬਿੰਬ ਹੁੰਦਾ ਹੈ। ਆਪਣੀ ਅਗਵਾਈ ਦੇ ਵਰ੍ਹਿਆਂ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਭਿੰਨ ਵਿਸ਼ਿਆਂ 'ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਹੈ, ਆਪਣੀ ਸਪਸ਼ਟਤਾ, ਦ੍ਰਿੜ੍ਹਤਾ ਅਤੇ ਜਨਤਾ ਨਾਲ ਡੂੰਘਾਈ ਨਾਲ ਜੁੜਨ ਦੁਆਰਾ ਦੇਸ਼ ਦੇ ਲੋਕਾਂ ਦਰਮਿਆਨ ਪ੍ਰਸਿੱਧ ਹੋਏ (ਲੋਕਪ੍ਰਿਯ ਬਣੇ) ਹਨ। ਇਨ੍ਹਾਂ ਸੰਗ੍ਰਹਿਆਂ ਵਿੱਚ ਭਾਸ਼ਣਾਂ ਦੀ ਇੱਕ ਵਿਸ਼ਾਲ ਲੜੀ ਸ਼ਾਮਲ ਹੈ ਜੋ ਭਾਰਤ ਦੀ ਵਿਕਾਸ ਗਾਥਾ ਦੇ ਵਿਭਿੰਨ ਪਹਿਲੂਆਂ ਨੂੰ ਛੂੰਹਦੇ ਹਨ।
ਚੌਥਾ ਵੌਲਿਊਮ (ਜੂਨ 2022-ਮਈ-2023)
ਪਹਿਲੇ ਵੌਲਿਊਮ ਵਿੱਚ ਜੂਨ 2022-ਤੋਂ ਮਈ 2023 ਦੇ ਵਿਚਕਾਰ ਵੱਖ-ਵੱਖ ਮੌਕਿਆਂ 'ਤੇ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਭਾਸ਼ਣ ਸ਼ਾਮਲ ਹਨ, ਜੋ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਦੇ ਪਰਿਵਰਤਨ ਅਤੇ ਵਿਕਾਸ ਦੀ ਯਾਤਰਾ ਨੂੰ ਉਜਾਗਰ ਕਰਦੇ ਹਨ। ਇਸ ਵੌਲਿਊਮ ਵਿੱਚ, ਕੁੱਲ 88 ਭਾਸ਼ਣ ਚੁਣੇ ਗਏ ਹਨ ਅਤੇ ਉਨ੍ਹਾਂ ਨੂੰ 11 ਭਾਗਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨੇ ਮੁੱਦਿਆਂ, ਸੁਧਾਰਾਂ, ਚੁਣੌਤੀਆਂ ਅਤੇ ਮੌਕਿਆਂ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਹੈ ਅਤੇ ਨਾਲ ਹੀ ਸਾਲ 2047 ਤੱਕ ਇੱਕ ਮਜ਼ਬੂਤ, ਖੁਸ਼ਹਾਲ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਸਪਸ਼ਟ ਰੋਡਮੈਪ ਦੀ ਰੂਪ-ਰੇਖਾ ਪੇਸ਼ ਕੀਤੀ ਹੈ।
ਸ਼੍ਰੇਣੀਆਂ ਹਨ, i) ਅਜ਼ਾਦੀ ਕਾ ਅੰਮ੍ਰਿਤ ਮਹੋਤਸਵ, ii) ਭਾਰਤ ਵਿਸ਼ਵ ਦੀ ਅਗਵਾਈ ਕਰਦਾ ਹੈ, iii) ਲੋਕਤੰਤਰ ਦੀ ਜਨਨੀ, iv) ਆਤਮਨਿਰਭਰ ਭਾਰਤ: ਮਾਣਮੱਤੇ ਨਾਗਰਿਕ, v) ਜਨਤਾ ਲਈ ਸਰਕਾਰ, vi) ਸਸ਼ਕਤ ਭਾਰਤ: ਸਮਰੱਥ ਨਾਗਰਿਕ, vii) ਸੁਰੱਖਿਅਤ ਰਾਸ਼ਟਰ: ਸੰਤੁਸ਼ਟ ਨਾਗਰਿਕ, viii) ਸਾਡੀ ਵਿਰਾਸਤ: ਸਾਡਾ ਮਾਣ, ix) ਭਾਰਤ ਦਾ ਮਾਣ, x) ਗਤੀਸ਼ੀਲ ਭਾਰਤ, xi) ਮਨ ਕੀ ਬਾਤ
ਇਸ ਸੰਗ੍ਰਹਿ ਦੇ ਹੋਰ ਹਿੱਸੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਉਭਾਰ, ਆਤਮਨਿਰਭਰ ਭਾਰਤ, ਸਸ਼ਕਤ ਭਾਰਤ, ਭਾਰਤ ਦੇ ਮਾਣ – ਬਾਰੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ - ਹਮੇਸ਼ਾ ਇੱਕ ਨਵੇਂ ਭਾਰਤ ਦੀਆਂ ਇੱਛਾਵਾਂ ਦੇ ਸੰਦਰਭ ਵਿੱਚ ਦਰਸਾਉਂਦੇ ਹਨ।
ਪੰਜਵਾਂ ਵੌਲਿਊਮ (ਜੂਨ 2023-ਮਈ-2024)
ਇਹ ਵੌਲਿਊਮ (ਜੂਨ 2023-ਮਈ 2024) ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਵੱਖ-ਵੱਖ ਮੌਕਿਆਂ 'ਤੇ ਦਿੱਤੇ ਗਏ ਭਾਸ਼ਣਾਂ ਦਾ ਸੰਗ੍ਰਹਿ ਕਰਦਾ ਹੈ – ਅਜਿਹੇ ਪਲ ਜਿਨ੍ਹਾਂ ਨੇ ਰਾਸ਼ਟਰ ਨੂੰ ਪ੍ਰੇਰਿਤ ਕੀਤਾ ਹੈ ਅਤੇ ਦੁਨੀਆ ਭਰ ਵਿੱਚ ਗੂੰਜੇ ਹਨ। ਇਸ ਸੰਗ੍ਰਹਿ ਵਿੱਚ ਰਾਸ਼ਟਰ ਜੀਵਨ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਉਣ ਵਾਲੇ ਭਾਸ਼ਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ।
ਇਸ ਖੰਡ ਵਿੱਚ 91 ਭਾਸ਼ਣ ਹਨ, ਜੋ 11 ਵਿਆਪਕ ਭਾਗਾਂ ਵਿੱਚ ਵੰਡੇ ਹੋਏ ਹਨ, ਜੋ ਉਨ੍ਹਾਂ ਦੇ ਦੂਜੇ ਕਾਰਜਕਾਲ ਦੇ ਪੰਜਵੇਂ ਸਾਲ ਦੇ ਮਹੱਤਵਪੂਰਨ ਮੀਲ ਪੱਥਰਾਂ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ: 1. G20 - ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ, 2. ਭਾਰਤ ਦੀ ਸੰਸਦ, 3. ਵਿਕਸ਼ਤ ਭਾਰਤ @ 2047, 4. ਸਰਵਜਨਹਿਤ - ਲੋਕਾਂ ਲਈ ਸ਼ਾਸਨ, 5. ਭਾਰਤ ਅਤੇ ਵਿਸ਼ਵ, 6. ਭਵਿੱਖ ਵਿੱਚ ਨਿਵੇਸ਼, 7. ਕਾਸ਼ੀ - ਭਾਰਤ ਦਾ ਸਾਰ, 8. ਭਾਰਤ - ਸੁਰੱਖਿਅਤ, ਮਹਿਫੂਜ਼ ਅਤੇ ਵਿਸ਼ਵਾਸੀ, 9. ਸਾਡੀ ਵਿਰਾਸਤ - ਸਾਡੀ ਮਹਿਮਾ, 10. ਸਸ਼ਕਤ ਔਰਤਾਂ, ਖੁਸ਼ਹਾਲ ਭਾਰਤ, 11. ਮਨ ਕੀ ਬਾਤ।
ਇਸ ਵੌਲਿਊਮ ਦੇ ਭਾਸ਼ਣਾਂ ਵਿੱਚ, ਪ੍ਰਧਾਨ ਮੰਤਰੀ ਭਾਰਤ ਦੇ ਸਸ਼ਕਤੀਕਰਣ, ਇਸ ਦੀ ਵਧਦੀ ਆਲਮੀ ਭੂਮਿਕਾ, ਅਤੇ ਮਹਿਲਾਵਾਂ ਅਤੇ ਨੌਜਵਾਨਾਂ ਦੀ ਮਹੱਤਤਾ 'ਤੇ ਵਿਚਾਰ ਵਿਅਕਤ ਕਰਦੇ ਹਨ। ਇਹ ਸੰਗ੍ਰਹਿ ਸਿਹਤ, ਵਿਗਿਆਨ, ਵਿਰਾਸਤ, ਅਰਥਵਿਵਸਥਾ, ਬੁਨਿਆਦੀ ਢਾਂਚੇ ਅਤੇ ਵਿਦੇਸ਼ੀ ਮਾਮਲਿਆਂ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਾ ਹੈ। ਇਹ ਨੀਤੀ, ਸ਼ਾਸਨ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਬਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਉਜਾਗਰ ਕਰਦਾ ਹੈ।
ਭਾਸ਼ਣਾਂ ਦਾ ਇਹ ਸੰਗ੍ਰਹਿ ਸਮਾਵੇਸ਼ੀ ਵਿਕਾਸ, ਰਾਸ਼ਟਰੀ ਪ੍ਰਗਤੀ, ਅਤੇ ਸਮੂਹਿਕ ਜ਼ਿੰਮੇਵਾਰੀ (ਜਨ ਭਾਗੀਦਾਰੀ) ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜੋ ਸਮਾਜ ਦੇ ਵਿਭਿੰਨ ਵਰਗਾਂ ਦੇ ਲੋਕਾਂ ਨੂੰ ਅੱਗੇ ਆਉਣ ਅਤੇ ਸਾਲ 2047 ਤੱਕ ਵਿਕਾਸ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਅਤੇ ਉਤਸਾਹਿਤ ਕਰਦਾ ਹੈ।
ਭਾਰਤ ਦੇ ਉਪ ਰਾਸ਼ਟਰਪਤੀ ਦੇ ਸਕੱਤਰ ਸ਼੍ਰੀ ਅਮਿਤ ਖਰੇ, ਪ੍ਰਕਾਸ਼ਨ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਭੂਪੇਂਦਰ ਕੈਂਥੋਲਾ, ਪੱਤਰ ਸੂਚਨਾ ਦਫ਼ਤਰ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਮੀਡੀਆ ਯੂਨਿਟਾਂ ਦੇ ਅਧਿਕਾਰੀ ਅਤੇ ਸਟਾਫ਼ ਇਸ ਸਮਾਗਮ ਵਿੱਚ ਸ਼ਾਮਲ ਹੋਏ।
*****
ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜਿਤ/ਬਲਜੀਤ
(Release ID: 2170202)