ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਸਾਂਝੇ ਤੌਰ 'ਤੇ " ਆਂਗਣਵਾੜੀ ਕੇਂਦਰਾਂ ਨੂੰ ਸਕੂਲਾਂ ਦੇ ਨਾਲ ਸਥਾਪਿਤ ਕਰਨ ਲਈ ਦਿਸ਼ਾ-ਨਿਰਦੇਸ਼" ਜਾਰੀ ਕੀਤੇ

Posted On: 03 SEP 2025 7:13PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ 3 ਸਤੰਬਰ 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸਕੂਲਾਂ ਦੇ ਨਾਲ ਆਂਗਣਵਾੜੀ ਕੇਂਦਰਾਂ ਨੂੰ ਇੱਕ ਹੀ ਥਾਂ ‘ਤੇ ਸਥਾਪਿਤ ਕਰਨ ਲਈ ਸਾਂਝੇ ਤੌਰ 'ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

 

ਇਸ ਮੌਕੇ ਬੋਲਦਿਆਂ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਵਿਕਸਿਤ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਟੀਚਾ ਤਾਂ ਹੀ ਪ੍ਰਾਪਤ ਹੋਵੇਗਾ ਜਦੋਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਹਰੇਕ ਗਰਭਵਤੀ ਮਾਂ, ਨਵਜੰਮੇ ਬੱਚੇ ਅਤੇ ਪ੍ਰੀ-ਸਕੂਲ ਜਾਣ ਵਾਲੇ ਬੱਚਿਆਂ ਦੀ ਪੂਰੀ ਦੇਖਭਾਲ ਨੂੰ ਯਕੀਨੀ ਬਣਾਵਾਂਗੇ।

ਮੰਤਰੀ ਨੇ ਆਂਗਣਵਾੜੀ ਵਰਕਰਾਂ ("ਦੀਦੀ") ਲਈ ਇੱਕ ਸਮਰਪਿਤ ਟ੍ਰੇਨਿੰਗ ਮੌਡਿਊਲ ਬਣਾਉਣ ਦਾ ਪ੍ਰਸਤਾਵ ਰੱਖਿਆ, ਜਿਨ੍ਹਾਂ ਨੇ 12ਵੀਂ ਜਮਾਤ ਤੱਕ ਪੜ੍ਹਾਈ ਨਹੀਂ ਕੀਤੀ ਹੈ ਪਰ ਅੱਗੇ ਦੀ ਸਿੱਖਿਆ ਪ੍ਰਾਪਤ ਕਰਨ ਲਈ ਉਤਸੁਕ ਹਨ।

ਟੈਕਨੋਲੋਜੀ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅੱਜ ਦੀ ਦੁਨੀਆ ਏਆਈ ਅਤੇ ਹੋਰ ਇਨੋਵੇਸ਼ਨਸ ਨਾਲ ਵਧੇਰੇ ਪਹੁੰਚਯੋਗ ਹੋ ਗਈ ਹੈ, ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਨ੍ਹਾਂ ਟੈਕਨੋਲੋਜੀਆਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਇੱਕ ਬੱਚੇ ਦੇ ਜੀਵਨ ਵਿੱਚ ਪਹਿਲੇ ਅਧਿਆਪਕ ਹੁੰਦੇ ਹਨ, ਅਤੇ ਭਾਰਤੀ ਭਾਸ਼ਾਵਾਂ ਵਿੱਚ ਟਿਚਿੰਗ-ਲਰਨਿੰਗ ਪ੍ਰਕਿਰਿਆ ਨੂੰ ਏਆਈ ਦੀ ਵਰਤੋਂ ਨਾਲ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।

ਮੰਤਰੀ ਨੇ ਇਹ ਵੀ ਦੱਸਿਆ ਕਿ ਅਗਲੇ ਤਿੰਨ ਵਰ੍ਹਿਆਂ ਵਿੱਚ, ਦੇਸ਼ ਭਰ ਦੇ ਲਗਭਗ 2 ਲੱਖ ਨਿੱਜੀ ਅਤੇ ਸਰਕਾਰੀ ਹਾਈ ਸਕੂਲ ਬ੍ਰਾਡਬੈਂਡ ਨਾਲ ਜੁੜੇ ਹੋਣਗੇ। ਹਾਲ ਹੀ ਵਿੱਚ ਜਾਰੀ ਕੀਤੇ ਗਏ ਏ.ਐੱਸ.ਈ.ਆਰ. ਅਤੇ ਪੀ.ਏ.ਆਰ.ਏ.ਕੇ.ਐੱਚ. (ਪਰਖ) ਡੇਟਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਗ੍ਰਾਮੀਣ ਖੇਤਰਾਂ ਦੇ ਬੱਚਿਆਂ ਵਿੱਚ ਸਿੱਖਣ ਦੇ ਨਤੀਜੇ ਸ਼ਹਿਰੀ ਖੇਤਰਾਂ ਦੇ ਬੱਚਿਆਂ ਨਾਲੋਂ ਬਿਹਤਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਉਪਲਬਧੀ ਆਂਗਣਵਾੜੀ ਵਰਕਰਾਂ ਦੇ ਅਣਥੱਕ ਯਤਨਾਂ ਦਾ ਪ੍ਰਮਾਣ ਹੈ।

ਅੱਗੇ ਵਧਣ ਦੇ ਰਸਤੇ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਲਗਭਗ 15 ਕਰੋੜ ਬੱਚਿਆਂ ਦੀ ਸਹੀ ਦੇਖਭਾਲ ਅਤੇ ਸਿਹਤ ਨੂੰ ਯਕੀਨੀ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਤਦ ਹੀ 'ਵਿਕਸਿਤ ਭਾਰਤ 2047' ਅਤੇ 'ਨਿਪੁਣ ਭਾਰਤ' ਦਾ ਸੁਪਨਾ ਪੂਰੀ ਤਰ੍ਹਾਂ ਸਾਕਾਰ ਹੋਵੇਗਾ।

ਦੇਸ਼ ਦੀ ਸਿੱਖਿਆ ਨੀਤੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ), 2020, ਪ੍ਰੀ-ਸਕੂਲ ਦੇ ਤਿੰਨ ਵਰ੍ਹਿਆਂ ਨੂੰ 5+3+3+4 ਢਾਂਚੇ ਵਿੱਚ ਏਕੀਕ੍ਰਿਤ ਕਰਕੇ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ) ਨੂੰ ਸਿੱਖਣ ਦੀ ਨਿਰੰਤਰਤਾ ਦੀ ਨੀਂਹ ਵਜੋਂ ਮਾਨਤਾ ਦਿੰਦੀ ਹੈ।

ਐੱਨਈਪੀ 2020 ਕਹਿੰਦਾ ਹੈ ਕਿ ਦੇਸ਼ ਭਰ ਵਿੱਚ ਉੱਚ ਗੁਣਵੱਤਾ ਵਾਲੇ ਈਸੀਸੀਈ ਤੱਕ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣ ਲਈ “ਈਸੀਸੀਈ ਨੂੰ ਸ਼ੁਰੂਆਤੀ ਬਚਪਨ ਦੀਆਂ ਸਿੱਖਿਆ ਸੰਸਥਾਵਾਂ ਦੀ ਇੱਕ ਮਹੱਤਵਪੂਰਨ ਤੌਰ 'ਤੇ ਵਿਸਤ੍ਰਿਤ ਅਤੇ ਮਜ਼ਬੂਤ ​​ਪ੍ਰਣਾਲੀ ਰਾਹੀਂ ਪ੍ਰਦਾਨ ਕੀਤਾ ਜਾਵੇਗਾ, ਜਿਸ ਵਿੱਚ (ਓ) ਸਟੈਂਡਅਲੋਨ ਆਂਗਣਵਾੜੀਆਂ; (ਅ) ਪ੍ਰਾਇਮਰੀ ਸਕੂਲਾਂ ਦੇ ਨਾਲ ਸਥਿਤ ਆਂਗਣਵਾੜੀ; (ੲ) ਘੱਟੋ-ਘੱਟ 5 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਵਰ ਕਰਨ ਵਾਲੇ ਪ੍ਰੀ-ਪ੍ਰਾਇਮਰੀ ਸਕੂਲ/ਸੈਕਸ਼ਨ, ਮੌਜੂਦਾ ਪ੍ਰਾਇਮਰੀ ਸਕੂਲਾਂ ਦੇ ਨਾਲ ਸਥਿਤ; ਅਤੇ (ਸ) ਸਟੈਂਡਅਲੋਨ ਪ੍ਰੀ-ਸਕੂਲ - ਇਹ ਸਾਰੇ ਈਸੀਸੀਈ ਦੇ ਕੋਰਸ ਅਤੇ ਸਿੱਖਿਆ ਸ਼ਾਸਤਰ ਵਿੱਚ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ/ਅਧਿਆਪਕਾਂ ਦੀ ਭਰਤੀ ਕਰਨਗੇ।” (ਪੈਰਾ 1.4 ਐੱਨਈਪੀ 2020)।

ਇਸ ਭਾਵਨਾ ਵਿੱਚ, ਸਿੱਖਿਆ ਮੰਤਰਾਲੇ ਅਤੇ ਸਾਖਰਤਾ ਵਿਭਾਗ (ਡੀਓਐੱਸਈਐਂਡਐੱਲ) ਸਿੱਖਿਆ ਮੰਤਰਾਲੇ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਹੇਠ ਲਿਖੇ ਉਦੇਸ਼ਾਂ ਨਾਲ "ਆਂਗਣਵਾੜੀ ਕੇਂਦਰਾਂ ਨੂੰ ਸਕੂਲਾਂ ਨਾਲ ਇੱਕ ਥਾਂ ‘ਤੇ ਸਥਾਪਿਤ ਕਰਨ ਲਈ ਦਿਸ਼ਾ-ਨਿਰਦੇਸ਼" ਸ਼ੁਰੂ ਕੀਤੇ ਹਨ:

  • ਪ੍ਰਾਇਮਰੀ ਸਕੂਲਾਂ ਵਿੱਚ ਆਂਗਣਵਾੜੀ ਕੇਂਦਰ ਤੋਂ ਪਹਿਲੀ ਜਮਾਤ ਤੱਕ ਬੱਚਿਆਂ ਦੀ ਸਕੂਲ ਤਿਆਰੀ ਅਤੇ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣਾ।

  • ਬੱਚਿਆਂ ਦੇ ਸਮੁੱਚੇ ਵਿਕਾਸ ਲਈ ਆਨੰਦਦਾਇਕ ਸਿੱਖਣ ਦਾ ਤਜਰਬਾ ਅਤੇ ਉਤੇਜਕ ਵਾਤਾਵਰਣ ਪ੍ਰਦਾਨ ਕਰਨ ਲਈ ਆਂਗਣਵਾੜੀ ਕੇਂਦਰਾਂ ਅਤੇ ਪ੍ਰਾਇਮਰੀ ਸਕੂਲਾਂ ਦਰਮਿਆਨ ਬਿਹਤਰ ਸਬੰਧ ਅਤੇ ਤਾਲਮੇਲ ਸਥਾਪਿਤ ਕਰਨਾ।

  • ਸਿੱਖਣ ਦੇ ਵੱਖ-ਵੱਖ ਪੱਧਰਾਂ ‘ਤੇ ਉੱਚ ਉਪਲੱਬਧੀ ਹਾਸਲ ਕਰਨ ਲਈ ਪ੍ਰਾਇਮਰੀ ਪੱਧਰ ‘ਤੇ ਬੱਚਿਆਂ ਨੂੰ ਰੱਖਣ ਦੀ ਦਰ ਵਿੱਚ ਵਾਧਾ ਯਕੀਨੀ ਬਣਾਉਣਾ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਪ੍ਰਤੀ ਦੋਵਾਂ ਮੰਤਰਾਲਿਆਂ ਦਰਮਿਆਨ ਸਹਿਯੋਗ, ਸਿੱਖਿਆ, ਸਿਹਤ ਅਤੇ ਪੋਸ਼ਣ ਦੇ ਤਿੰਨ ਖੇਤਰਾਂ ਵਿੱਚ ਬਿਹਤਰ ਏਕੀਕਰਣ ਨੂੰ ਯਕੀਨੀ ਬਣਾ ਕੇ ਇੱਕ ਸੰਪੂਰਨ-ਸਰਕਾਰੀ ਪਹੁੰਚ ਨੂੰ ਦਰਸਾਉਂਦਾ ਹੈ।

ਸਕੂਲਾਂ ਵਿੱਚ ਆਂਗਣਵਾੜੀ ਕੇਂਦਰਾਂ ਦੇ ਸਹਿ-ਸਥਾਨ ਦਾ ਅਰਥ ਹੈ, ਜਿੱਥੇ ਵੀ ਸੰਭਵ ਹੋਵੇ, ਸਕੂਲ ਪਰਿਸਰ ਵਿੱਚ ਇੱਕ ਆਂਗਣਵਾੜੀ ਕੇਂਦਰ ਸਥਾਪਿਤ ਕਰਨਾ। ਇਹ ਪਹਿਲਕਦਮੀ ਆਂਗਣਵਾੜੀ ਕੇਂਦਰਾਂ ਵਿੱਚ ਸ਼ੁਰੂਆਤੀ ਸਿੱਖਿਆ ਅਤੇ ਪਹਿਲੀ ਜਮਾਤ ਤੋਂ ਸ਼ੁਰੂ ਹੋਣ ਵਾਲੀ ਰਸਮੀ ਸਕੂਲੀ ਸਿੱਖਿਆ ਦਰਮਿਆਨ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੀ ਹੈ। ਇਹ ਸਰੋਤਾਂ ਦੀ ਸਰਵੋਤਮ ਵਰਤੋਂ ਨੂੰ ਵੀ ਯਕੀਨੀ ਬਣਾਉਂਦੀ ਹੈ, ਸਰਗਰਮ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀ ਹੈ, ਅਤੇ ਬੱਚਿਆਂ ਨੂੰ ਪ੍ਰੀ-ਸਕੂਲ ਤੋਂ ਪ੍ਰਾਇਮਰੀ ਸਕੂਲ ਵਿੱਚ ਤਬਦੀਲੀ ਨੂੰ ਨਿਰਵਿਘਨ ਅਤੇ ਪੋਸ਼ਣ ਪ੍ਰਦਾਨ ਕਰਦੀ ਹੈ। ਦਿਸ਼ਾ-ਨਿਰਦੇਸ਼ ਹੇਠ ਲਿਖੇ ਮੁੱਖ ਕੰਪੋਨੈਂਟਸ ਤੇ ਜ਼ੋਰ ਦਿੰਦੇ ਹਨ:

 

  • ਭਾਰਤ ਵਿੱਚ ਈਸੀਸੀਈ: ਇੱਕ ਏਕੀਕ੍ਰਿਤ ਪਹੁੰਚ

  • ਆਂਗਣਵਾੜੀ ਕੇਂਦਰਾਂ ਨੂੰ ਨਾਲ ਲੱਗਦੇ ਸਕੂਲਾਂ ਨਾਲ ਜੋੜਨ ਲਈ ਨਿਯਮ ਅਤੇ ਮਾਪਦੰਡ

  • ਆਂਗਣਵਾੜੀ ਕੇਂਦਰਾਂ ਦੀ ਨਾਲ ਲੱਗਦੇ ਸਕੂਲਾਂ ਨਾਲ ਮੈਪਿੰਗ

  • ਬੱਚਿਆਂ ਦੇ ਅਨੁਕੂਲ ਸਿੱਖਣ ਦੇ ਵਾਤਾਵਰਣ ਦੀ ਸਿਰਜਣਾ

  • ਭਾਈਚਾਰੇ ਅਤੇ ਮਾਪਿਆਂ ਦੀ ਸ਼ਮੂਲੀਅਤ

  • ਪ੍ਰਾਇਮਰੀ ਸਕੂਲਾਂ ਵਿੱਚ ਆਂਗਣਵਾੜੀ ਕੇਂਦਰਾਂ ਦੇ ਸਹਿ-ਸਥਾਨ ਵਿੱਚ ਵੱਖ-ਵੱਖ ਹੋਰ ਹਿੱਸੇਦਾਰਾਂ ਦੀ ਭੂਮਿਕਾ।

ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਸਮੇਂ ਵੱਖ-ਵੱਖ ਮਾਡਲਾਂ ਨੂੰ ਲਾਗੂ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਖਾਸ ਸੰਚਾਲਨ ਚੁਣੌਤੀਆਂ ਹਨ। ਸਕੂਲਾਂ ਦੇ ਅੰਦਰ ਆਂਗਣਵਾੜੀ ਕੇਂਦਰਾਂ ਦੇ ਸਹਿ-ਸਥਾਨ ਵਿੱਚ ਦੋਵਾਂ ਵਿਭਾਗਾਂ ਦਰਮਿਆਨ ਸਮੇਂ ਸਿਰ ਲਾਗੂਕਰਨ ਅਤੇ ਕਨਵਰਜੈਂਸ ਈਸੀਸੀਈ ਅਤੇ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮੇਰੇਸੀ (ਐੱਫਐੱਲਐੱਨ) ਸੇਵਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ​​ਕਰੇਗਾ। ਇਹ ਪਹੁੰਚ ਐੱਨਈਪੀ 2020 ਦੇ ਅਨੁਸਾਰ ਹੈ, ਜਿਸਦਾ ਉਦੇਸ਼ ਨੌਜਵਾਨ, ਸਿਹਤਮੰਦ ਸਿਖਿਆਰਥੀਆਂ ਲਈ ਇੱਕ ਮਜ਼ਬੂਤ ​​ਨੀਂਹ ਬਣਾਉਣਾ ਹੈ। ਇਹ ਦਿਸ਼ਾ-ਨਿਰਦੇਸ਼ 'ਨਿਪੁਣ ਭਾਰਤ ਮਿਸ਼ਨ' ਨੂੰ 'ਪੋਸ਼ਣ ਭੀ ਪੜ੍ਹਾਈ ਭੀ' ਨਾਲ ਜੋੜਨ ਦੀ ਦਿਸ਼ਾ ਵੱਲ ਇੱਕ ਕਦਮ ਹਨ। ਇਹ ਜਾਦੂਈ ਪਿਟਾਰਾ, ਈ-ਜਾਦੂਈ ਪਿਟਾਰਾ ਅਤੇ ਆਧਾਰਸ਼ਿਲਾ ਵਰਗੇ ਟੀਐੱਲਐੱਮ ਦੀ ਵਰਤੋਂ ਨੂੰ ਵੀ ਇਕੱਠਾ ਕਰੇਗਾ, ਜੋ ਸਾਰੇ ਐੱਨਈਪੀ 2020 ਦੇ ਅਨੁਸਾਰ ਫਾਊਂਡੇਸ਼ਨਲ ਪੜਾਅ ਲਈ ਰਾਸ਼ਟਰੀ ਪਾਠਕ੍ਰਮ ਢਾਂਚੇ ਦੇ ਅਨੁਸਾਰ ਤਿਆਰ ਕੀਤੇ ਗਏ ਹਨ। ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਜ਼ੋਰ ਦਿੱਤਾ ਗਿਆ ਹੈ, "ਬੱਚਿਆਂ ਨੂੰ ਚੰਗੇ, ਨੈਤਿਕ, ਵਿਚਾਰਸ਼ੀਲ ਅਤੇ ਸੰਵੇਦਨਸ਼ੀਲ ਮਨੁੱਖਾਂ ਵਜੋਂ ਵਿਕਸਿਤ ਕਰਨ ਲਈ ਪ੍ਰੀ-ਪ੍ਰਾਇਮਰੀ ਪੱਧਰ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ" ਜੋ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਭਾਰਤ ਵੱਲ ਲੈ ਜਾਣਗੇ।

*****

ਐੱਮਵੀ/ਏਕੇ


(Release ID: 2163639) Visitor Counter : 2