ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਗਵਾਲੀਅਰ ਵਿੱਚ 64ਵੀਂ ਸਰਬ ਭਾਰਤੀ ਕਣਕ ਅਤੇ ਜੌਂ ਰਿਸਰਚ ਵਰਕਰ ਵਰਕਸ਼ੌਪ ਨੂੰ ਸੰਬੋਧਨ ਕੀਤਾ


ਕਣਕ ਅਤੇ ਜੌਂ ਉਤਪਾਦਨ ਵਧਾਉਣ ਦੇ ਨਾਲ ਲਾਗਤ ਘਟਾਉਣਾ ਵੀ ਜ਼ਰੂਰੀ ਹੈ: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

Posted On: 27 AUG 2025 9:07AM by PIB Chandigarh

ਗਵਾਲੀਅਰ, 26 ਅਗਸਤ 2025। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ ਅੱਜ ਕਣਕ ਅਤੇ ਚੌਲਾਂ ਦੇ ਉਤਪਾਦਨ ਵਿੱਚ ਆਤਮਨਿਰਭਰ ਹੈ, ਪਰ ਉਤਪਾਦਨ ਵਧਾਉਣ ਦੇ ਨਾਲ-ਨਾਲ ਲਾਗਤ ਘਟਾਉਣਾ ਵੀ ਉਨਾ ਹੀ ਜ਼ਰੂਰੀ ਹੈ ਤਾਕਿ ਖੇਤੀ ਲਾਭਦਾਇਕ ਬਣ ਸਕੇ। ਉਹ ਮੰਗਲਵਾਰ ਨੂੰ ਗਵਾਲੀਅਰ ਸਥਿਤ ਰਾਜਮਾਤਾ ਵਿਜਯਾਰਾਜੇ ਸਿੰਧਿਆ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਆਯੋਜਿਤ '64ਵੇਂ ਸਰਬ ਭਾਰਤੀ ਕਣਕ ਅਤੇ ਜੌਂ ਖੋਜ ਵਰਕਰ ਸੈਮੀਨਾਰ' ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

ਸ਼੍ਰੀ ਚੌਹਾਨ ਨੇ ਸੈਮੀਨਾਰ ਦੀ ਸ਼ੁਰੂਆਤ ਵਿੱਚ ਖੇਤੀਬਾੜੀ ਵਿਗਿਆਨੀ ਡਾ. ਐੱਮਐੱਸ ਸਵਾਮੀਨਾਥਨ ਦੇ ਸ਼ਤਾਬਦੀ ਵਰ੍ਹੇ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਦੇਸ਼ ਵਿੱਚ ਅਨਾਜ ਆਤਮਨਿਰਭਰਤਾ ਵਿੱਚ ਉਨ੍ਹਾਂ ਦਾ ਯੋਗਦਾਨ ਅਭੁੱਲ ਹੈ। ਉਨ੍ਹਾਂ ਨੇ ਕਿਸਾਨਾਂ ਦੀ ਮਿਹਨਤ ਨੂੰ ਨਮਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਮਿਹਨਤ ਅਤੇ ਵਿਗਿਆਨੀਆਂ ਦੀ ਖੋਜ ਦੇ ਬਲ 'ਤੇ ਭਾਰਤ ਅੱਜ ਵਿਸ਼ਵ ਪੱਧਰ 'ਤੇ ਮਜ਼ਬੂਤ ਖੇਤੀਬਾੜੀ ਦੇਸ਼ ਵਜੋਂ ਖੜ੍ਹਾ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪਿਛਲੇ 10-11 ਵਰ੍ਹਿਆਂ ਵਿੱਚ ਕਣਕ ਦਾ ਉਤਪਾਦਨ 86.5 ਮਿਲੀਅਨ ਟਨ ਤੋਂ ਵਧ ਕੇ 117.5 ਮਿਲੀਅਨ ਟਨ ਹੋ ਗਿਆ ਹੈ, ਜੋ ਲਗਭਗ 44 ਪ੍ਰਤੀਸ਼ਤ ਦਾ ਵਾਧਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀ ਜ਼ਿਕਰਯੋਗ ਹੈ, ਪਰ ਹਾਲੇ ਵੀ ਸਾਨੂੰ ਪ੍ਰਤੀ ਹੈਕਟੇਅਰ ਉਤਪਾਦਨ ਨੂੰ ਵਿਸ਼ਵ ਔਸਤ ਦੇ ਬਰਾਬਰ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਕਣਕ ਅਤੇ ਚੌਲਾਂ ਦਾ ਕਾਫ਼ੀ ਉਤਪਾਦਨ ਹੋ ਚੁੱਕਿਆ ਹੈ, ਪਰ ਹੁਣ ਦਾਲਾਂ ਅਤੇ ਤੇਲ ਬੀਜਾਂ ਦੀ ਉਤਪਾਦਕਤਾ ਵਧਾਉਣਾ ਸਮੇਂ ਦੀ ਮੰਗ ਹੈ ਤਾਕਿ ਆਯਾਤ 'ਤੇ ਨਿਰਭਰਤਾ ਘਟੇ। ਉਨ੍ਹਾਂ ਨੇ ਕਿਹਾ ਕਿ ਜੌਂ ਜਿਹੇ ਰਵਾਇਤੀ ਅਨਾਜ ਦਾ ਔਸ਼ਧੀ ਮਹੱਤਵ ਹੈ ਅਤੇ ਇਸ ਦੇ ਪ੍ਰੋਤਸਾਹਨ 'ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ।

ਸ਼੍ਰੀ ਚੌਹਾਨ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਬਾਇਓਫੋਰਟੀਫਾਈਡ ਕਣਕ ਵਿਕਸਿਤ ਕਰਨ ਅਤੇ ਅਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਗੁਣਵੱਤਾ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਅਤੇ ਕਿਸਾਨਾਂ ਨੂੰ ਆਧੁਨਿਕ ਟੈਕਨੋਲੋਜੀ ਅਪਣਾਉਣ ਲਈ ਸਿੱਖਿਅਤ ਕਰਨਾ ਵੀ ਜ਼ਰੂਰੀ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਕੰਪਨੀਆਂ ਦੇ ਉਤਪਾਦ ਨਾਲ ਫ਼ਸਲ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਏਕੀਕ੍ਰਿਤ ਖੇਤੀ ਹੀ ਲਾਭਦਾਇਕ ਰਸਤਾ ਹੈ, ਜਿਸ ਵਿੱਚ ਖੇਤੀ ਦੇ ਨਾਲ ਪਸ਼ੂ ਪਾਲਣ, ਮਧੂ-ਮੱਖੀ ਪਾਲਣ, ਮੱਛੀ ਪਾਲਣ ਅਤੇ ਬਾਗਬਾਨੀ ਨੂੰ ਜੋੜਨਾ ਹੋਵੇਗਾ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਜੀਵਨ ਵਿੱਚ ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਯੋਗ ਦੇਣ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਸੰਮੇਲਨ ਸਿਰਫ਼ ਰਸਮੀ ਕਾਰਵਾਈ ਨਹੀਂ ਹੈ, ਸਗੋਂ ਇੱਥੋਂ ਨਿਕਲੇ ਸੁਝਾਵਾਂ ਅਤੇ ਸਿੱਟਿਆਂ 'ਤੇ ਠੋਸ ਰੋਡਮੈਪ ਤਿਆਰ ਕਰਕੇ ਉਸ ਨੂੰ ਲਾਗੂ ਕੀਤਾ ਜਾਵੇਗਾ।

ਅੰਤ ਵਿੱਚ, ਸ਼੍ਰੀ ਚੌਹਾਨ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਣ ਤਾਕਿ 'ਲੈਬ ਤੋਂ ਲੈਂਡ' ਦਾ ਟੀਚਾ ਪੂਰਾ ਹੋ ਸਕੇ।

************

ਆਰਸੀ/ ਕੇਐੱਸਆਰ/ ਏਆਰ


(Release ID: 2161205)