ਰਾਸ਼ਟਰਪਤੀ ਸਕੱਤਰੇਤ
ਫਿਜੀ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
25 AUG 2025 6:29PM by PIB Chandigarh
ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਸਿਟੀਵੇਨੀ ਲਿਗਾਮਮਾਦਾ ਰਾਬੂਕਾ ਨੇ ਅੱਜ (25 ਅਗਸਤ, 2025) ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਭਵਨ ਵਿਖੇ ਪ੍ਰਧਾਨ ਮੰਤਰੀ ਰਾਬੂਕਾ ਅਤੇ ਉਨ੍ਹਾਂ ਦੇ ਵਫ਼ਦੇ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਅਗਸਤ 2024 ਵਿੱਚ ਫਿਜੀ ਦੀ ਆਪਣੀ ਸਰਕਾਰੀ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਹੋਈ ਮੁਲਾਕਾਤ ਅਤੇ ਸਥਾਨਕ ਆਦਿਵਾਸੀ ਬਜ਼ੁਰਗਾਂ ਦੁਆਰਾ ਕੀਤੇ ਗਏ ਸ਼ਾਨਦਾਰ ਪਰੰਪਰਾਗਤ ਸੁਆਗਤ ਨੂੰ ਯਾਦ ਕੀਤਾ। ਉਨ੍ਹਾਂ ਨੇ ਜੀਵੰਤ ਭਾਰਤੀ ਮੂਲ ਦੇ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਆਪਣੀ ਗੱਲਬਾਤ ਨੂੰ ਵੀ ਯਾਦ ਕੀਤਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਮਝ ਅਤੇ ਮਿੱਤਰਤਾ ਨੂੰ ਗਹਿਰਾ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।
ਭਾਰਤ ਅਤੇ ਫਿਜੀ ਦਰਮਿਆਨ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ‘ਤੇ ਅਧਾਰਿਤ ਅਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਸਬੰਧਾਂ ਬਾਰੇ ਚਰਚਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਗਿਰਮਿਟਿਆ ਭਾਈਚਾਰੇ ਦਾ ਯੋਗਦਾਨ ਨਾ ਸਿਰਫ਼ ਸਾਰੇ ਮਜ਼ਬੂਤ ਸਬੰਧਾਂ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਰਿਹਾ ਹੈ, ਸਗੋਂ ਫਿਜੀ ਦੀ ਬਹੁ-ਸੱਭਿਆਚਾਰਕ ਪਹਿਚਾਣ, ਵਿਭਿੰਨ ਸਮਾਜ ਅਤੇ ਅਰਥਵਿਵਸਥਾ ਨੂੰ ਆਕਾਰ ਦੇਣ ਵਿੱਚ ਵੀ ਮਹੱਤਵਪੂਰਨ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਆਧੁਨਿਕ ਅਤੇ ਬਹੁਆਯਾਮੀ ਸਾਂਝੇਦਾਰੀ ਦੇ ਹਿੱਸੇ ਦੇ ਰੂਪ ਵਿੱਚ, ਭਾਰਤ ਨੂੰ ਫਿਜੀ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਗੀਦਾਰ ਬਣਨ ਦਾ ਸੁਭਾਗ ਪ੍ਰਾਪਤ ਹੈ, ਜਿਸ ਵਿੱਚ ਸਿਹਤ, ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਅਤੇ ਜਲਵਾਯੂ ਅਨੁਕੂਲਨ ਜਿਹੀਆਂ ਫਿਜੀ ਦੀਆਂ ਪ੍ਰਾਥਮਿਕਤਾਵਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਪ੍ਰਸ਼ਾਂਤ ਦੁਵੱਲੇ ਦੇਸ਼ਾਂ (ਪੀਆਈਸੀਐੱਸ) ਦੇ ਨਾਲ ਆਪਣੇ ਸਬੰਧਾਂ ਅਤੇ ਵਿਕਾਸ ਲਈ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ, ਜਿਨ੍ਹਾਂ ਵਿੱਚ ਫਿਜੀ ਇੱਕ ਵਿਸ਼ੇਸ਼ ਸਾਂਝੇਦਾਰ ਬਣਿਆ ਹੋਇਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਫਿਜੀ ਵਿੱਚ ਇੱਕ ਸੁਪਰ-ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਲਈ ਅੱਜ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਹਨ, ਜੋ ਹੈਲਥ ਕੇਅਰ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਵਿੱਚ ਇੱਕ ਮੀਲ ਪੱਥਰ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਮਰੱਥਾ ਨਿਰਮਾਣ ਹਮੇਸ਼ਾ ਤੋਂ ਭਾਰਤ ਅਤੇ ਫਿਜੀ ਦਰਮਿਆਨ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ੍ਹ ਰਿਹਾ ਹੈ, ਜਿਸ ਵਿੱਚ ਭਾਰਤੀ ਸੰਸਥਾਨਾਂ ਵਿੱਚ ਫਿਜੀ ਦੇ ਅਧਿਕਾਰੀਆਂ ਲਈ ਆਈਟੀਈਸੀ ਟ੍ਰੇਨਿੰਗ ਪ੍ਰੋਗਰਾਮ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਟੈਕਨੋਲੋਜੀਆਂ ਨੇ ਭਾਰਤ ਵਿੱਚ ਵਿੱਤੀ ਸਮਾਵੇਸ਼ਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਸਾਨੂੰ ਯੂਪੀਆਈ ਭੁਗਤਾਨ ਪ੍ਰਣਾਲੀ, ‘ਜਨ ਧਨ’ ਅਤੇ ਆਧਾਰ ਜਿਹੀਆਂ ਪਹਿਲਕਦਮੀਆਂ ਵਿੱਚ ਆਪਣੇ ਅਨੁਭਵ ਫਿਜੀ ਦੇ ਨਾਲ ਸਾਂਝੇ ਕਰਨ ਵਿੱਚ ਪ੍ਰਸੰਨਤਾ ਹੋਵੇਗੀ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਫਿਜੀ ਸਰਕਾਰ ਨੇ ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਹੈ, ਜੋ ਹਾਲ ਦੇ ਦਿਨਾਂ ਵਿੱਚ ਸਾਡੇ ਸਬੰਧਾਂ ਵਿੱਚ ਆਈ ਤੇਜ਼ ਪ੍ਰਗਤੀ ਨਾਲ ਸਪਸ਼ਟ ਹੈ। ਦੋਵਾਂ ਨੇਤਾਵਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਯਾਤਰਾ ਸਹਿਯੋਗ ਦੇ ਨਵੇਂ ਰਾਹ ਖੋਲ੍ਹੇਗੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ।

************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2160823)
Visitor Counter : 6