ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਕੋਚੀ ਵਿੱਚ ਕੱਲ੍ਹ ਤੋਂ ਲੋਕ ਸੰਵਰਧਨ ਪਰਵ ਦੀ ਸ਼ੁਰੂਆਤ ਹੋਵੇਗੀ

Posted On: 25 AUG 2025 11:28AM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲਾ 26 ਅਗਸਤ ਤੋਂ 4 ਸਤੰਬਰ, 2025 ਤੱਕ ਕੇਰਲ ਦੇ ਕੋਚੀ ਵਿੱਚ ਮਰੀਨ ਡ੍ਰਾਈਵ ਗ੍ਰਾਊਂਡ ‘ਤੇ ਲੋਕ ਸੰਵਰਧਨ ਪਰਵ ਦੇ 5ਵੇਂ ਐਡੀਸ਼ਨ ਦਾ ਆਯੋਜਨ ਕਰ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਮੱਛੀ ਪਾਲਣ, ਪਸ਼ੂ-ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਕਰਨਗੇ।

ਲੋਕ ਸੰਵਰਧਨ ਪਰਵ, ਘੱਟ ਗਿਣਤੀ ਮਾਮਲੇ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲ ਹੈ ਜਿਸ ਦਾ ਉਦੇਸ਼ ਘੱਟ ਗਿਣਤੀ ਭਾਈਚਾਰਿਆਂ ਦੇ ਕਾਰੀਗਰਾਂ ਸ਼ਿਲਪਕਾਰਾਂ, ਬੁਣਕਰਾਂ, ਰਸੋਈ-ਕਲਾ ਮਾਹਿਰਾਂ ਅਤੇ ਉੱਦਮੀਆਂ ਨੂੰ ਬਜ਼ਾਰ ਨਾਲ ਜੋੜਨਾ ਅਤੇ ਰਾਸ਼ਟਰੀ ਪੱਧਰ ‘ਤੇ ਪਹਿਚਾਣ ਦਿਵਾਉਣਾ ਹੈ। ਉਨ੍ਹਾਂ ਨੂੰ ਆਪਣੀ ਕਲਾ, ਸ਼ਿਲਪ ਅਤੇ ਪ੍ਰਤਿਭਾ ਦਿਖਾਉਣ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਕੇ, ਇਹ ਪਰਵ ਆਰਥਿਕ ਸਸ਼ਕਤੀਕਰਣ ਅਤੇ ਭਾਰਤ ਦੀ ਜੀਵੰਤ ਵਿਭਿੰਨਤਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਕੋਚੀ ਵਿੱਚ ਹੋਣ ਜਾ ਰਿਹਾ ਇਹ ਆਯੋਜਨ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਕੇਰਲ ਵਿੱਚ ਪਹਿਲਾ ਲੋਕ ਸੰਵਰਧਨ ਪਰਵ ਹੈ ਜੋ ਸ਼ਹਿਰ ਦੀ ਵਿਸ਼ਵਵਿਆਪੀ ਭਾਵਨਾ,ਉੱਦਮਸ਼ੀਲਤਾ ਅਤੇ ਵਿਭਿੰਨਤਾ ਨੂੰ ਦਰਸਾਉਂਦਾ ਹੈ। 

10 ਦਿਨਾਂ ਇਸ ਮਹੋਤਸਵ ਵਿੱਚ ਦੇਸ਼ ਭਰ ਦੇ 100 ਤੋਂ ਜ਼ਿਆਦਾ ਕਾਰੀਗਰ ਅਤੇ 15 ਰਸੋਈ-ਕਲਾ ਮਾਹਿਰ ਸ਼ਾਮਲ ਹੋਣਗੇ। ਇਸ ਵਿੱਚ ਉੱਤਰ ਪ੍ਰਦੇਸ਼ ਦੀ ਜ਼ਰੀ ਅਤੇ ਚਿਕਨਕਾਰੀ, ਪੰਜਾਬ ਦੀ ਫੁਲਕਾਰੀ ਕਢਾਈ, ਬਿਹਾਰ ਦੀ ਮਧੂਬਨੀ ਪੇਟਿੰਗ ਅਤੇ ਰਾਜਸਥਾਨ ਦੀ ਬਲੂ ਪਾਟਰੀ ਤੋਂ ਲੈ ਕੇ ਲੱਦਾਖ ਦੀ ਪਸ਼ਮੀਨਾ ਬੁਣਾਈ, ਛੱਤੀਸਗੜ੍ਹ ਦਾ ਬਸਤਰ ਲੌਹ ਸ਼ਿਲਪ, ਕਰਨਾਟਕ ਦੇ ਚੰਨਪਟਨਾ ਲੱਕੜ ਦੇ ਖਿਡੌਣੇ ਅਤੇ ਕੇਰਲ ਦੀ ਨੇਟੀਪੱਟਮ ਕਲਾ ਜਿਹੇ ਪਰੰਪਰਾਗਤ ਸ਼ਿਲਪਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਵਿਜ਼ਿਟਰਾਂ ਨੂੰ ਪਰੰਪਰਾਗਤ ਪਕਵਾਨਾਂ, ਮਸਾਲਿਆਂ, ਅਚਾਰ, ਬੇਕਰੀ ਉਤਪਾਦਾਂ, ਹਰਬਲ ਤਿਆਰੀਆਂ ਅਤੇ ਤੱਟਵਰਤੀ ਪਕਵਾਨਾਂ ਨਾਲ ਲੈਸ ਇੱਕ ਵਿਸਤ੍ਰਿਤ ਰਸੋਈ ਕਲਾ ਪ੍ਰਦਰਸ਼ਨੀ ਦਾ ਵੀ ਆਨੰਦ ਲੈਣ ਦਾ ਮੌਕਾ ਮਿਲੇਗਾ। ਪ੍ਰਦਰਸ਼ਨੀ ਦੇ ਨਾਲ-ਨਾਲ, ਮਹੋਤਸਵ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਲਾਈਵ ਪ੍ਰਦਰਸ਼ਨ ਵੀ ਹੋਣਗੇ ਜੋ ਘੱਟ ਗਿਣਤੀ ਭਾਈਚਾਰਿਆਂ ਦੀ ਸਮ੍ਰਿੱਧ ਕਲਾਤਮਕ ਵਿਰਾਸਤ ਨੂੰ ਉਜਾਗਰ ਕਰਨਗੇ।

ਦਿੱਲੀ ਅਤੇ ਸ੍ਰੀਨਗਰ ਵਿੱਚ ਆਯੋਜਿਤ ਲੋਕ ਸੰਵਰਧਨ ਪਰਵ ਦੇ ਪਹਿਲਾਂ ਦੇ ਸੰਸਕਰਣਾਂ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਦੇਖਿਆ ਗਿਆ ਸੀ ਅਤੇ ਸਮਾਵੇਸ਼ੀ ਵਿਕਾਸ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਵਿੱਚ ਇਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਸੀ। ਕੋਚੀ ਐਡੀਸ਼ਨ ਤੋਂ ਇਸ ਵਿਰਾਸਤ ਨੂੰ ਨਿਰੰਤਰਤਾ ਮਿਲਣ ਦੀ ਉਮੀਦ ਹੈ ਜਿਸ ਨਾਲ ਨਾ ਸਿਰਫ਼ ਕਾਰੀਗਰਾਂ ਅਤੇ ਉੱਦਮੀਆਂ ਲਈ ਮੌਕੇ ਪੈਦਾ ਹੋਣਗੇ, ਸਗੋਂ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਸਮ੍ਰਿੱਧੀ ਦੇ ਵੀ ਰਾਹ ਖੁੱਲ੍ਹਣਗੇ।

ਸੱਭਿਆਚਾਰ ਦੇ ਮਾਧਿਅਮ ਨਾਲ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਵਾਲਾ ਲੋਕ ਸੰਵਰਧਨ ਪਰਵ, ਸਿਰਫ਼ ਇੱਕ ਪ੍ਰਦਰਸ਼ਨੀ ਨਾ ਹੋ ਕੇ, ਭਾਰਤ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਦਾ ਉਤਸਵ ਵੀ ਹੈ। ਇਹ ਘੱਟ ਗਿਣਤੀ ਭਾਈਚਾਰਿਆਂ ਦੇ ਕਾਰੀਗਰਾਂ ਅਤੇ ਰਸੋਈ-ਕਲਾ ਮਾਹਿਰਾਂ ਨੂੰ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ ਜਿਸ ਨਾਲ ਆਤਮਨਿਰਭਰਤਾ, ਆਰਥਿਕ ਸਸ਼ਕਤੀਕਰਣ ਅਤੇ ਭਾਈਚਾਰਕ ਸਦਭਾਵਨਾ ਨੂੰ ਹੁਲਾਰਾ ਮਿਲਦਾ ਹੈ। ਆਪਣੀ ਵਿਸ਼ਵਵਿਆਪੀ ਭਾਵਨਾ ਦੇ ਨਾਲ, ਕੋਚੀ ਇਸ ਜੀਵੰਤ ਸੱਭਿਆਚਾਰਕ ਉਤਸਵ ਦੀ ਮੇਜ਼ਬਾਨੀ ਲਈ ਇੱਕ ਆਦਰਸ਼ ਸਥਾਨ ਹੈ।

ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਲੋਕ ਸੰਵਰਧਨ ਪਰਵ ਸਥਾਈ ਆਜੀਵਿਕਾ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇੱਕ ਮੰਚ ਹੈ।

ਈਵੈਂਟ ਦਾ ਵੇਰਵਾ

📍  ਸਥਾਨ: ਮਰੀਨ ਡ੍ਰਾਈਵ ਗ੍ਰਾਊਂਡ, ਸ਼ਨਮੁਘਮ ਰੋਡ, ਕੋਚੀ, ਕੇਰਲ
📅 ਮਿਤੀ: 26 ਅਗਸਤ-4 ਸਤੰਬਰ, 2025
🕒  ਸਮਾਂ: ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ (ਰੋਜ਼ਾਨਾ)
👉 ਪ੍ਰਵੇਸ਼ ਮੁਫ਼ਤ ਹੈ ਅਤੇ ਜਨਤਾ ਲਈ ਖੁੱਲ੍ਹਾ ਹੈ।

***

ਐੱਸਐੱਸ/ਆਈਐੱਸਏ


(Release ID: 2160630)