ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਨਵੀਂ ਦਿੱਲੀ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਕਬਾਇਲੀ ਭਾਈਚਾਰਿਆਂ ਦੇ 30 ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
ਵਿਦਿਆਰਥੀਆਂ ਨੂੰ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਚਰਿੱਤਰ ਨਿਰਮਾਣ 'ਤੇ ਬਰਾਬਰ ਜ਼ੋਰ ਦੇਣ ਲਈ ਪ੍ਰੇਰਿਤ ਕੀਤਾ
Posted On:
14 AUG 2025 2:54PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 14 ਅਗਸਤ, 2025 ਨੂੰ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਕਬਾਇਲੀ ਭਾਈਚਾਰਿਆਂ ਦੇ 30 ਹਾਇਰ ਸੈਕੰਡਰੀ ਦੇ ਹੋਣਹਾਰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰਕਸ਼ਾ ਮੰਤਰੀ ਨਾਲ ਵਿਦਿਆਰਥੀਆਂ ਦੀ ਇਹ ਗੱਲਬਾਤ ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏਐੱਨਸੀ) ਦੁਆਰਾ ਆਯੋਜਿਤ ਸੱਤ ਦਿਨਾਂ ਰਾਸ਼ਟਰੀ ਏਕਤਾ ਯਾਤਰਾ, "ਆਰੋਹਣ: ਦ੍ਵੀਪ (Aarohan: Dweep) ਟੂ ਦਿੱਲੀ" ਦਾ ਹਿੱਸਾ ਹੈ। ਇਹ ਵਿਦਿਆਰਥੀ 15 ਅਗਸਤ, 2025 ਨੂੰ ਲਾਲ ਕਿਲੇ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਦੇ ਵੀ ਗਵਾਹ ਬਣਨਗੇ।

ਗੱਲਬਾਤ ਦੌਰਾਨ, ਰਕਸ਼ਾ ਮੰਤਰੀ ਨੇ ਮਨੁੱਖੀ ਕਦਰਾਂ-ਕੀਮਤਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਕਿਸੇ ਵਿਅਕਤੀ ਦੇ ਚਰਿੱਤਰ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਪਹਿਲੂ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਅਤੇ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਚਰਿੱਤਰ ਨਿਰਮਾਣ 'ਤੇ ਵੀ ਸਮਾਨ ਰੂਪ ਨਾਲ ਜ਼ੋਰ ਦੇਣ ਦਾ ਸੱਦਾ ਦਿੱਤਾ।
ਸ਼੍ਰੀ ਰਾਜਨਾਥ ਸਿੰਘ ਨੇ ਵਿਦਿਆਰਥੀਆਂ ਨੂੰ ਹਰ ਚੁਣੌਤੀ ਦਾ ਸਾਹਮਣਾ ਆਤਮਵਿਸ਼ਵਾਸ ਅਤੇ ਨਿਡਰਤਾ ਨਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਬਣਾਉਣ ਵਿੱਚ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਰਕਸ਼ਾ ਮੰਤਰੀ ਨੇ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣਾ ਪਿਆਰ ਵਿਅਕਤ ਕਰਦੇ ਹੋਏ ਮਠਿਆਈਆਂ ਵੰਡੀਆਂ। ਮੀਟਿੰਗ ਦੀ ਸਮਾਪਤੀ ਦ੍ਵੀਪ ਸਮੂਹ ਦੇ ਸਥਾਨਕ ਕਬਾਇਲੀ ਕਾਰੀਗਰਾਂ ਦੁਆਰਾ ਹੱਥ ਨਾਲ ਬਣੇ ਯਾਦਗਾਰੀ ਚਿੰਨ੍ਹ ਭੇਟ ਕਰਨ ਦੇ ਨਾਲ ਹੋਈ। ਸ਼੍ਰੀ ਰਾਜਨਾਥ ਸਿੰਘ ਨੇ ਏਕੀਕ੍ਰਿਤ ਰੱਖਿਆ ਸਟਾਫ ਹੈੱਡਕੁਆਰਟਰ, ਦਿੱਲੀ ਏਰੀਆ ਹੈੱਡਕੁਆਰਟਰ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਨਾਗਰਿਕ ਪ੍ਰਸ਼ਾਸਨ ਦੁਆਰਾ ਸਮਰਥਿਤ ਏਐੱਨਸੀ ਦੀ ਇਸ ਅਨੋਖੀ ਪਹਿਲ ਦੀ ਸ਼ਲਾਘਾ ਕੀਤੀ। ਗੱਲਬਾਤ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਵੀ ਮੌਜੂਦ ਸਨ।

ਆਰੋਹਣ: ਦ੍ਵੀਪ ਟੂ ਦਿੱਲੀ ਪ੍ਰੋਗਰਾਮ ਦਾ ਉਦੇਸ਼ ਦੂਰ-ਦੁਰਾਡੇ ਦ੍ਵੀਪ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਆਧੁਨਿਕ ਬੁਨਿਆਦੀ ਢਾਂਚੇ ਅਤੇ ਵਿਦਿਅਕ ਮੌਕਿਆਂ ਨਾਲ ਜਾਣੂ ਕਰਵਾਉਣਾ ਹੈ। ਇਸ ਯਾਤਰਾ ਪ੍ਰੋਗਰਾਮ ਵਿੱਚ ਲਾਲ ਕਿਲਾ, ਇੰਡੀਆ ਗੇਟ, ਰਾਸ਼ਟਰੀ ਯੁੱਧ ਸਮਾਰਕ ਅਤੇ ਤਾਜ ਮਹਿਲ ਵਰਗੇ ਪ੍ਰਸਿੱਧ ਸਥਾਨਾਂ ਦੇ ਨਾਲ-ਨਾਲ ਦਿੱਲੀ ਟੈਕਨੋਲੌਜਿਕਲ ਯੂਨੀਵਰਸਿਟੀ ਅਤੇ ਰਾਸ਼ਟਰੀ ਵਿਗਿਆਨ ਕੇਂਦਰ ਵਰਗੇ ਪ੍ਰਮੁੱਖ ਅਦਾਰਿਆਂ ਦੇ ਦੌਰੇ ਸ਼ਾਮਲ ਹਨ। ਇਹ ਪ੍ਰੋਗਰਾਮ ਰਾਸ਼ਟਰੀ ਏਕਤਾ ਨੂੰ ਹੁਲਾਰਾ ਦੇਣ ਅਤੇ ਟਾਪੂ ਦੇਸ਼ਾਂ ਦੇ ਭਵਿੱਖ ਦੇ ਨੇਤਾਵਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
****
ਵੀਕੇ/ਐੱਸਆਰ/ਐੱਸਏਵੀਵੀਵਾਈ
(Release ID: 2156590)