ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਵਿੱਚ ਸਵਦੇਸ਼ੀ ਤੌਰ ‘ਤੇ ਵਿਕਸਿਤ ਸਮਰੱਥਾਵਾਂ ਨਾਲ ਦੁਸ਼ਮਣਾਂ ਨੂੰ ਹਰਾਉਣ ਦੀ ਸਮਰੱਥਾ ਹੈ: ਰਕਸ਼ਾ ਮੰਤਰੀ


“ਅਸੀਂ ਕਿਸੇ ਨੂੰ ਉਕਸਾਉਂਦੇ ਨਹੀਂ ਹਾਂ, ਲੇਕਿਨ ਜੋ ਸਾਨੂੰ ਉਕਸਾਏਗਾ ਉਸ ਨੂੰ ਬਕਸ਼ਿਆ ਨਹੀਂ ਜਾਵੇਗਾ”

ਸ਼੍ਰੀ ਰਾਜਨਾਥ ਸਿੰਘ ਨੇ ਮੱਧ ਪ੍ਰਦੇਸ਼ ਵਿੱਚ ਬੀਈਐੱਮਐੱਲ ਦੀ ਗ੍ਰੀਨ ਫੀਲਡ ਰੇਲ ਨਿਰਮਾਣ ਸੁਵਿਧਾ- ਬ੍ਰਹਮਾ ਦਾ ਨੀਂਹ ਪੱਥਰ ਰੱਖਿਆ

ਬ੍ਰਹਮਾ (BRAHMA) ਘਰੇਲੂ ਅਤੇ ਨਿਰਯਾਤ ਬਜ਼ਾਰਾਂ ਲਈ ਐਡਵਾਂਸ ਰੋਲਿੰਗ ਸਟੌਕ ਦਾ ਨਿਰਮਾਣ ਕਰੇਗਾ, ਇਸ ਤੋਂ ਇਲਾਵਾ 5,000 ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ, ਲੋਕਲ ਸਪਲਾਈ ਚੇਨਾਂ ਵਿੱਚ ਤੇਜ਼ੀ ਆਵੇਗੀ ਅਤੇ ਐੱਮਐੱਸਐੱਮਈ ਨੂੰ ਹੁਲਾਰਾ ਮਿਲੇਗਾ

ਬ੍ਰਹਮਾ (BRAHMA) ਜਿਹੇ ਪ੍ਰੋਜੈਕਟਸ ਆਤਮ ਨਿਰਭਰ, ਗਲੋਬਲ ਤੌਰ ‘ਤੇ ਪ੍ਰਤੀਯੋਗੀ ਅਤੇ ਭਵਿੱਖ ਲਈ ਤਿਆਰ ਹੋਣ ਦੀ ਸਾਡੀ ਆਰਥਿਕ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਨ: ਰਕਸ਼ਾ ਮੰਤਰੀ

Posted On: 10 AUG 2025 2:18PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 10 ਅਗਸਤ, 2025 ਨੂੰ ਮੱਧ ਪ੍ਰਦੇਸ਼ ਦੇ ਉਮਰਿਆ ਵਿੱਚ ਇੱਕ ਗ੍ਰੀਨਫੀਲਡ ਰੇਲ ਨਿਰਮਾਣ ਸੁਵਿਧਾ, ਬੀਈਐੱਮਐੱਲ ਰੇਲ ਹੱਬ ਫੌਰ ਮੈਨੂਫੈਕਚਰਿੰਗ (ਬ੍ਰਹਮਾ-BRAHMA) ਦਾ ਨੀਂਹ ਪੱਥਰ ਰਖਦੇ ਹੋਏ ਕਿਹਾ, “ਆਪ੍ਰੇਸ਼ਨ ਸਿੰਦੂਰ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਸਵਦੇਸ਼ੀ ਸ਼ਕਤੀ ਨਾਲ ਆਪਣੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਸਮਰੱਥ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਆਪ੍ਰੇਸ਼ਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਨਿਰਦੋਸ਼ ਨਾਗਰਿਕਾਂ ‘ਤੇ ਹੋਏ ਘਿਨਾਉਣੇ ਅਤੇ ਕਾਇਰਤਾਪੂਰਣ ਅੱਤਵਾਦੀ ਹਮਲੇ ਦਾ ਕਰਾਰਾ ਜਵਾਬ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਫੈਸਲਾਕੁੰਨ ਪ੍ਰਤੀਕਿਰਿਆ ਨੇ ਇੱਕ ਸਖ਼ਤ ਅਤੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਦੇਸ਼ ਹੁਣ ਆਪਣੀ ਅਖੰਡਤਾ ਅਤੇ ਪ੍ਰਭੂਸੱਤਾ ‘ਤੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਕਿਸੇ ਨੂੰ ਉਕਸਾਉਂਦੇ ਨਹੀਂ ਹਾਂ, ਲੇਕਿਨ ਜੋ ਸਾਨੂੰ ਉਕਸਾਉਂਦੇ ਹਨ, ਉਨ੍ਹਾਂ ਨੂੰ ਬਕਸ਼ਿਆ ਨਹੀਂ ਜਾਵੇਗਾ।”

A person standing at a podium with a microphone and flowersDescription automatically generated

ਆਪ੍ਰੇਸ਼ਨ ਸਿੰਦੂਰ ਨੂੰ ਭਾਰਤ ਦੀ ਆਤਮ ਨਿਰਭਰਤਾ ਅਤੇ ਆਤਮ ਵਿਸ਼ਵਾਸ ਦਾ ਪ੍ਰਤੀਕ ਦੱਸਦੇ ਹੋਏ ਰਕਸ਼ਾ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੇ ਸਵਦੇਸ਼ੀ ਹਥਿਆਰਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ, ਜਿਸ ਨੇ ਇਸ ਆਪ੍ਰੇਸ਼ਨ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ, “ਭਾਰਤ ਇਸ ਮੁਕਾਮ ਤੱਕ ਸਿਰਫ ਇਸ ਲਈ ਪਹੁੰਚ ਸਕਿਆ ਕਿਉਂਕਿ ਦੇਸ਼ ਨੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਬਣਨ ਦਾ ਸੰਕਲਪ ਲਿਆ ਸੀ।"

ਰੱਖਿਆ ਖੇਤਰ ਵਿੱਚ ਬਦਲਾਅ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਵਰਤਨਕਾਰੀ ਅਗਵਾਈ ਅਤੇ ਦੂਰਦ੍ਰਿਸ਼ਟੀ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਰਤ ਨਾ ਸਿਰਫ ਆਪਣੀ ਧਰਤੀ ‘ਤੇ ਉਪਕਰਣ ਬਣਾ ਰਿਹਾ ਹੈ, ਸਗੋ ਮਿੱਤਰ ਦੇਸ਼ਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਵੀ ਪੂਰਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਰੱਖਿਆ ਉਤਪਾਦਨ ਅਤੇ ਨਿਰਯਾਤ ਬੇਮਿਸਾਲ ਗਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਰਿਕਾਰਡ ਆਂਕੜੇ ਹਾਸਲ ਕਰ ਰਿਹਾ ਹੈ। ਇਹ ਨਵੇਂ ਭਾਰਤ ਦਾ ਨਵਾਂ ਰੱਖਿਆ ਖੇਤਰ ਹੈ। ਜ਼ਿਕਰਯੋਗ ਹੈ ਕਿ ਵਿੱਤ ਵਰ੍ਹੇ 2024-25 ਵਿੱਚ ਸਲਾਨਾ ਰੱਖਿਆ ਉਤਪਾਦਨ ਵਧ ਕੇ 1.51 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਿਆ ਅਤੇ ਰੱਖਿਆ ਨਿਰਯਾਤ 23,622 ਕਰੋੜ ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। 

ਰਕਸ਼ਾ ਮੰਤਰੀ ਨੇ ਪਿਛਲੇ ਦਹਾਕੇ ਵਿੱਚ ਦੇਸ਼ ਦੇ ਆਰਥਿਕ ਵਾਧੇ ਅਤੇ ਆਰਥਿਕ ਆਤਮ ਨਿਰਭਰਤਾ ‘ਤੇ ਚਾਣਨ ਪਾਇਆ ਅਤੇ ਦੱਸਿਆ ਕਿ ਭਾਰਤ ਦੀ ਅਰਥਵਿਵਸਥਾ ਲਗਭਗ 6.5 ਪ੍ਰਤੀਸ਼ਤ ਦੀ ਦਰ ਤੋਂ ਵਧ ਰਹੀ ਹੈ ਅਤੇ ਦੇਸ਼ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ "ਡਬਲ ਇੰਜਣ ਵਾਲੀ ਸਰਕਾਰ" ਅਰਥਵਿਵਸਥਾ ਨੂੰ ਹੋਰ ਵੀ ਤੇਜ਼ ਗਤੀ ਨਾਲ ਅੱਗੇ ਵਧਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ।

A person speaking into a microphoneDescription automatically generated

ਮੈਨੂਫੈਕਚਰਿੰਗ ਲਈ ਬੀਈਐੱਮਐੱਲ ਰੇਲ ਹੱਬ ਬਾਰੇ

ਬ੍ਰਹਮਾ (BRAHMA) ਸੁਵਿਧਾ ਨੂੰ 148 ਏਕੜ ਵਿੱਚ ਰੋਲਿੰਗ ਸਟੌਕ ਲਈ ਇੱਕ ਵਿਸ਼ਵ ਪੱਧਰੀ ਮੈਨੂਫੈਕਚਰਿੰਗ ਯੂਨਿਟ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਦੇ ਲਗਭਗ 2 ਵਰ੍ਹਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਬੀਈਐੱਮਐੱਲ ਨੇ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਯੂਨਿਟ ਨੂੰ ਪੂਰੀ ਤਰ੍ਹਾਂ ਨਾਲ ਸਥਾਪਿਤ ਕਰਨ ਲਈ ਅਗਲੇ ਕੁਝ ਵਰ੍ਹਿਆਂ ਵਿੱਚ ਪੜਾਅ ਵਾਰ ਤਰੀਕੇ ਨਾਲ 1,800 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਸ਼ੁਰੂਆਤ ਵਿੱਚ ਪ੍ਰਤੀ ਵਰ੍ਹੇ 125-200 ਕੋਚ ਦਾ ਨਿਰਮਾਣ ਕਰਦੇ ਹੋਏ, ਇਸ ਦੀ ਸਮਰੱਥਾ 5 ਵਰ੍ਹਿਆਂ ਵਿੱਚ ਪ੍ਰਤੀ ਵਰ੍ਹੇ 1100 ਕੋਚ ਤੱਕ ਪਹੁੰਚ ਜਾਵੇਗੀ। ਇਹ ਯੂਨਿਟ ਘਰੇਲੂ ਅਤੇ ਨਿਰਯਾਤ ਬਜ਼ਾਰਾਂ ਲਈ ਵੰਦੇ ਭਾਰਤ ਟ੍ਰੇਨ ਸੈੱਟ, ਮੈਟਰੋ ਕਾਰਾਂ, ਇਲੈਕਟ੍ਰੀਕਲ ਮਲਟੀਪਲ ਯੂਨਿਟ, ਹਾਈ-ਸਪੀਡ ਰੇਲ ਕੋਚ ਅਤੇ ਹੋਰ ਆਧੁਨਿਕ ਰੋਲਿੰਗ ਸਟੌਕ ਦਾ ਨਿਰਮਾਣ ਕਰੇਗਾ। ਇਸ ਵਿੱਚ 5,000 ਤੋਂ ਵਧ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਸਿਰਜਿਤ ਹੋਣ, ਲੋਕਲ ਸਪਲਾਈ ਚੇਨਾਂ ਨੂੰ ਸਰਗਰਮ ਕਰਨ ਅਤੇ ਮੱਧ ਪ੍ਰਦੇਸ਼ ਦੇ  ਉਦਯੋਗਿਕ ਖੇਤਰ, ਵਿਸ਼ੇਸ਼ ਕਰਕੇ ਸਿੰਗਰੌਲੀ, ਸਤਨਾ, ਰੀਵਾ ਅਤੇ ਕਟਨੀ ਵਿੱਚ ਐੱਮਐੱਸਐੱਮਈ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

A group of people standing on a stageDescription automatically generated

ਭਾਰਤ ਦੇ ਗ੍ਰੀਨ ਮੈਨੂਫੈਕਚਰਿੰਗ ਟੀਚਿਆਂ ਦੇ ਅਨੁਸਾਰ, ਇਸ ਸੁਵਿਧਾ ਵਿੱਚ ਜ਼ੀਰੋ ਲਿਕਵਿਡ ਡਿਸਚਾਰਜ ਸਿਸਟਮ (zero liquid discharge systems), ਸੌਰ ਅਤੇ ਨਵਿਆਉਣਯੋਗ ਊਰਜਾ ਏਕੀਕਰਣ, ਰੇਨ ਵਾਟਰ ਹਾਰਵੈਸਟਿੰਗ ਅਤੇ ਗ੍ਰੀਨ ਲੈਂਡਸਕੇਪਿੰਗ ਸ਼ਾਮਲ ਹੋਣਗੇ। ਰੀਸਾਈਕਲਡ ਅਤੇ ਟਿਕਾਊ ਨਿਰਮਾਣ ਸਮੱਗਰੀ ਦੀ ਵਰਤੋਂ ਨਾਲ ਰੈਗੂਲੇਟਰੀ ਵਾਤਾਵਰਣ ਪ੍ਰਵਾਨਗੀਆਂ ਅਤੇ ਗ੍ਰੀਨ ਫੈਕਟਰੀ ਸਿਧਾਂਤਾਂ ਸਣੇ ਉੱਚਤਮ ਵਾਤਾਵਰਣ ਸਬੰਧੀ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਏਗੀ।

ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਵਿਕਾਸ, ਦੋਵਾਂ ਲਈ ਜ਼ਰੂਰੀ ਉਦਯੋਗਿਕ ਅਤੇ ਤਕਨੀਕੀ ਅਧਾਨ ਦੇ ਨਿਰਮਾਣ ਵਿੱਚ ਬ੍ਰਹਮਾ (BRAHMA) ਜਿਹੀਆਂ ਪਹਿਲਕਦਮੀਆਂ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਨੇ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਬੀਈਐੱਮਐੱਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬ੍ਰਹਮਾ ਪ੍ਰੋਜੈਕਟ, ਮੋਬਿਲਿਟੀ ਸਲਿਊਸ਼ਨਜ਼ ਦੇ ਵਿਸ਼ਵਵਿਆਪੀ ਸਪਲਾਇਰ ਵਜੋਂ ਡੀਪੀਐੱਸਯੂ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਕਿਹਾ, "ਬੀਈਐੱਮਐੱਲ ਉਦਯੋਗਿਕ ਅਤੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਥੰਮ੍ਹ ਵਜੋਂ ਖੜ੍ਹਾ ਹੈ। ਬ੍ਰਹਮਾ ਜਿਹੇ ਪ੍ਰੋਜੈਕਟਸ ਆਤਮ-ਨਿਰਭਰ, ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਅਤੇ ਭਵਿੱਖ ਲਈ ਤਿਆਰ ਹੋਣ ਦੇ ਸਾਡੇ ਆਰਥਿਕ ਸੰਕਲਪ ਦੀ ਪੁਸ਼ਟੀ ਕਰਦਾ ਹੈ। ਇਸ ਤਰ੍ਹਾਂ, ਅਸੀਂ ਇੱਕ ਮਜ਼ਬੂਤ, ਸੁਰੱਖਿਅਤ ਅਤੇ ਸਮ੍ਰਿੱਧ ਭਾਰਤ ਦਾ ਨਿਰਮਾਣ ਕਰਨਗੇ।" ਰਕਸ਼ਾ ਮੰਤਰੀ ਨੇ ਰੱਖਿਆ ਅਤੇ ਨਾਗਰਿਕ ਦੋਵਾਂ ਖੇਤਰਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਬੀਈਐੱਮਐੱਲ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਨਾਲ ਖੋਜ ਅਤੇ ਵਿਕਾਸ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤਾ ‘ਤੇ ਵੀ ਜ਼ੋਰ ਦਿੱਤਾ ਕਿਉਂਕਿ ਇਹ ਕਿਸੇ ਵੀ ਉਦਯੋਗ ਦਾ ਨੀਂਹ ਪੱਥਰ ਹੈ। 

A group of people sitting on a stageDescription automatically generated

ਇਸ ਪ੍ਰੋਗਰਾਮ ਵਿੱਚ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ; ਰੇਲ, ਸੂਚਨਾ ਅਤੇ ਪ੍ਰਸਾਰਣ, ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ (ਵਰਚੁਅਲ ਮਾਧਿਅਮ ਨਾਲ); ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ, ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਸੰਜੀਵ ਕੁਮਾਰ, ਬੀਈਐੱਮਐੱਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਸ਼ਾਂਤਨੂ ਰੌਇ (Shantanu Roy) ਅਤੇ ਰਾਜ ਅਤੇ ਕੇਂਦਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

******

ਵੀਕੇ/ ਸੈਵੀ/ਕੇਬੀ


(Release ID: 2155113)