ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਅਗਸਤ ਨੂੰ ਐੱਮ.ਐੱਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ
'ਸਦਾਬਹਾਰ ਕ੍ਰਾਂਤੀ' ਦੇ ਸਿਧਾਂਤ ਨੂੰ ਅੱਗੇ ਵਧਾਉਣ ਲਈ ਮਾਹਿਰਾਂ, ਨੀਤੀ ਨਿਰਮਾਤਾਵਾਂ, ਹਿਤਧਾਰਕਾਂ ਨੂੰ ਇੱਕ ਮੰਚ 'ਤੇ ਇਕੱਠੇ ਕਰੇਗਾ ਸੰਮੇਲਨ
Posted On:
05 AUG 2025 4:55PM by PIB Chandigarh
ਖੇਤੀਬਾੜੀ ਵਿਗਿਆਨ ਵਿੱਚ ਇੱਕ ਉੱਚੇ ਕੱਦ ਦੀ ਹਸਤੀ ਅਤੇ ਖੁਰਾਕ ਸੁਰੱਖਿਆ ਦੇ ਮੋਢੀ ਪ੍ਰੋਫੈਸਰ ਐੱਮ ਐੱਸ ਸਵਾਮੀਨਾਥਨ ਦੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ, ਐੱਮ ਐੱਸ ਸਵਾਮੀਨਾਥਨ ਰਿਸਰਚ ਫਾਉਂਡੇਸ਼ਨ (ਐੱਮਐੱਸਐੱਸਆਰਐੱਫ) ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਅਕੈਡਮੀ ਦੇ ਸਹਿਯੋਗ ਨਾਲ 7-9 ਅਗਸਤ 2025 ਤੱਕ ਨਵੀਂ ਦਿੱਲੀ ਵਿੱਚ ਐੱਮ ਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦਾ ਆਯੋਜਨ ਕਰ ਰਹੀ ਹੈ। "ਸਦਾਬਹਾਰ ਕ੍ਰਾਂਤੀ - ਜੈਵਿਕ ਖੁਸ਼ੀ ਦੀ ਰਾਹ" ਥੀਮ ਵਾਲਾ ਇਹ ਸੰਮੇਲਨ ਪ੍ਰੋ. ਸਵਾਮੀਨਾਥਨ ਦੇ ਟਿਕਾਊ ਅਤੇ ਬਰਾਬਰੀ ਵਾਲੇ ਵਿਕਾਸ ਵਿੱਚ ਜੀਵਨ ਭਰ ਦੇ ਯੋਗਦਾਨ ਨੂੰ ਸਨਮਾਨਿਤ ਕਰੇਗਾ।

ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਸੰਮੇਲਨ ਦਾ ਐਲਾਨ ਕਰਦੇ ਹੋਏ, ਡਾ. ਐੱਮ ਐੱਲ ਜਾਟ, ਸਕੱਤਰ (ਡੀਏਆਰਈ) ਅਤੇ ਡਾਇਰੈਕਟਰ ਜਨਰਲ (ਆਈਸੀਏਆਰ) ਨੇ ਭਾਰਤ ਨੂੰ ਖੁਰਾਕ ਦੀ ਘਾਟ ਵਾਲੇ ਦੇਸ਼ ਤੋਂ ਖੁਰਾਕ ਦੀ ਬਹੁਤਾਤ ਵਾਲੇ ਦੇਸ਼ ਵਿੱਚ ਬਦਲਣ ਵਿੱਚ ਪ੍ਰੋ. ਸਵਾਮੀਨਾਥਨ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਪ੍ਰੋ. ਸਵਾਮੀਨਾਥਨ ਭਾਰਤ ਦੇ ਇੱਕ ਬਹਾਦਰ ਪੁੱਤਰ ਸਨ, ਜਿਨ੍ਹਾਂ ਦੀ ਖੇਤੀਬਾੜੀ ਵਿੱਚ ਇਨਕਲਾਬੀ ਅਗਵਾਈ ਨੇ ਦੇਸ਼ ਦੇ ਗ੍ਰੀਨ ਲੈਂਡਸਕੇਪ ਨੂੰ ਮੁੜ ਆਕਾਰ ਦਿੱਤਾ।" ਡਾ. ਜਾਟ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕਾਨਫਰੰਸ ਦਾ ਮੰਤਵ ਭਾਰਤੀ ਖੇਤੀਬਾੜੀ ਲਈ ਭਵਿੱਖ ਦਾ ਖਰੜਾ ਤਿਆਰ ਕਰਕੇ ਪ੍ਰੋ. ਸਵਾਮੀਨਾਥਨ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ, ਜਿਸ ਵਿੱਚ ਇਸ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਸੰਮੇਲਨ ਦਾ ਉਦਘਾਟਨ ਕਰਨਗੇ ਅਤੇ ਭਾਰਤ ਸਰਕਾਰ ਵਲੋਂ ਮਹਾਨ ਵਿਗਿਆਨੀ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਗੇ।
ਡਾ. ਸੌਮਿਆ ਸਵਾਮੀਨਾਥਨ, ਚੇਅਰ, ਐੱਮਐੱਸਐੱਸਆਰਐੱਫ ਨੇ ਸੰਮੇਲਨ ਦੀ ਆਲਮੀ ਮਹੱਤਤਾ ਅਤੇ ਦੁਨੀਆ ਭਰ ਵਿੱਚ ਟਿਕਾਊ ਖੇਤੀਬਾੜੀ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇਸਦੀ ਭੂਮਿਕਾ 'ਤੇ ਜ਼ੋਰ ਦਿੱਤਾ। ਡਾ. ਸੀ. ਵਿਸ਼ਵਨਾਥਨ, ਸੰਯੁਕਤ ਨਿਰਦੇਸ਼ਕ (ਖੋਜ), ਆਈਸੀਏਆਰ-ਆਈਏਆਰਆਈ, ਨੇ ਭਾਰਤੀ ਖੇਤੀਬਾੜੀ 'ਤੇ ਪ੍ਰੋ. ਸਵਾਮੀਨਾਥਨ ਦੇ ਪਰਿਵਰਤਨਸ਼ੀਲ ਪ੍ਰਭਾਵ 'ਤੇ ਵਿਚਾਰ ਕੀਤਾ। ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼ (ਐੱਨਏਏਐੱਸ) ਦੇ ਸਕੱਤਰ ਡਾ. ਅਸ਼ੋਕ ਸਿੰਘ ਨੇ ਕਿਹਾ ਕਿ ਭੁੱਖਿਆਂ ਲਈ ਭੋਜਨ ਰੱਬ ਹੈ ਅਤੇ ਪ੍ਰੋਫੈਸਰ ਸਵਾਮੀਨਾਥਨ ਲੱਖਾਂ ਲੋਕਾਂ ਲਈ ਰੱਬ ਹਨ।

ਇਹ ਕਾਨਫਰੰਸ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਵਿਕਾਸ ਪੇਸ਼ੇਵਰਾਂ ਅਤੇ ਹਿਤਧਾਰਕਾਂ ਲਈ 'ਸਦਾਬਹਾਰ ਕ੍ਰਾਂਤੀ' ਦੇ ਸਿਧਾਂਤਾਂ ਨੂੰ ਅੱਗੇ ਵਧਾਉਣ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਆਲਮੀ ਮੰਚ ਵਜੋਂ ਕੰਮ ਕਰੇਗੀ।
ਮੁੱਖ ਵਿਸ਼ਿਆਂ ਵਿੱਚ 'ਜੈਵਿਕ ਵਿਭਿੰਨਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਵਰਤੋਂ'; 'ਜਲਵਾਯੂ-ਅਨੁਕੂਲ ਅਤੇ ਪੋਸ਼ਣ-ਸੰਵੇਦਨਸ਼ੀਲ ਖੇਤੀਬਾੜੀ'; 'ਸੰਮਲਿਤ ਅਤੇ ਟੈਕਨੋਲੋਜੀ-ਅਧਾਰਿਤ ਆਜੀਵਿਕਾ ਹੱਲ' ਅਤੇ 'ਵਿਕਾਸ ਵਿੱਚ ਨੌਜਵਾਨ, ਮਹਿਲਾਵਾਂ ਅਤੇ ਭਾਈਚਾਰਕ ਸ਼ਮੂਲੀਅਤ' ਸ਼ਾਮਲ ਹਨ। ਇਹ ਅੰਤਰਰਾਸ਼ਟਰੀ ਫੋਰਮ ਸਦਾਬਹਾਰ ਕ੍ਰਾਂਤੀ ਦੇ ਸਿਧਾਂਤਾਂ ਨੂੰ ਅੱਗੇ ਵਧਾਉਣ ਲਈ ਮਾਹਿਰਾਂ, ਨੀਤੀ ਨਿਰਮਾਤਾਵਾਂ ਅਤੇ ਹਿਤਧਾਰਕਾਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗੀ।

ਇਹ ਸੰਮੇਲਨ ਪ੍ਰੋਫੈਸਰ ਸਵਾਮੀਨਾਥਨ ਦੀ ਦੂਰਦਰਸ਼ੀ ਅਗਵਾਈ ਦਾ ਜਸ਼ਨ ਹੈ ਅਤੇ ਇੱਕ ਟਿਕਾਊ, ਨਿਆਂਪੂਰਨ ਅਤੇ ਭੁੱਖਮਰੀ-ਮੁਕਤ ਸੰਸਾਰ ਬਣਾਉਣ ਲਈ ਸਾਡੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਇੱਕ ਅਜਿਹਾ ਯੁੱਗ ਜੋ ਜੈਵਿਕ ਖੁਸ਼ੀ ਦੀ ਧਾਰਨਾ 'ਤੇ ਅਧਾਰਿਤ ਹੈ।
****
ਆਰਸੀ/ਕੇਐੱਸਆਰ/ਏਆਰ
(Release ID: 2154026)