ਵਣਜ ਤੇ ਉਦਯੋਗ ਮੰਤਰਾਲਾ
ਕਤਰ ਦੇ ਲਈ ਪਠਾਨਕੋਟ ਤੋਂ ਗ਼ੁਲਾਬ ਦੀ ਖੁਸ਼ਬੂ ਵਾਲੀ ਲੀਚੀ ਦੀ ਪਹਿਲੀ ਖੇਪ ਰਵਾਨਾ
ਏਪੀਡਾ ਨੇ ਭਾਰਤੀ ਬਾਗਵਾਨੀ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਬਜ਼ਾਰ ਤੱਕ ਪਹੁੰਚ ਨੂੰ ਸੁਗਮ ਬਣਾਇਆ
Posted On:
27 JUN 2025 11:08AM by PIB Chandigarh
ਦੇਸ਼ ਦੇ ਬਾਗਵਾਨੀ ਨਿਰਯਾਤ ਨੂੰ ਵਿਸ਼ੇਸ਼ ਹੁਲਾਰਾ ਦੇਣ ਦੇ ਲਈ ਕੇਂਦਰ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਤਹਿਤ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਡਾ) ਨੇ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਬਾਗਵਾਨੀ ਵਿਭਾਗ ਦੇ ਸਹਿਯੋਗ ਨਾਲ 23 ਜੂਨ 2025 ਨੂੰ ਪੰਜਾਬ ਦੇ ਪਠਾਨਕੋਟ ਤੋਂ ਕਤਰ ਵਿੱਚ ਦੋਹਾ ਦੇ ਲਈ 1 ਮੀਟ੍ਰਿਕ ਟਨ ਗ਼ੁਲਾਬ ਦੀ ਖੁਸ਼ਬੂ ਵਾਲੀ ਲੀਚੀ ਦੀ ਪਹਿਲੀ ਖੇਪ ਨੂੰ ਰਵਾਨਾ ਕਰਨ ਵਿੱਚ ਮਦਦ ਕੀਤੀ।
ਇਸ ਦੇ ਇਲਾਵਾ, ਪਠਾਨਕੋਟ ਤੋਂ ਦੁਬਈ ਨੂੰ ਵੀ 0.5 ਮੀਟ੍ਰਿਕ ਟਨ ਲੀਚੀ ਦਾ ਨਿਰਯਾਤ ਕੀਤਾ ਗਿਆ, ਜੋ ਦੋਹਰੀ ਨਿਰਯਾਤ ਉਪਲਬਧੀ ਹੈ ਅਤੇ ਤਾਜ਼ੇ ਫਲਾਂ ਦੇ ਆਲਮੀ ਬਜ਼ਾਰਾਂ ਵਿੱਚ ਭਾਰਤ ਦੀ ਮੌਜੂਦਗੀ ਨੂੰ ਮਜ਼ਬੂਤ ਕਰਦਾ ਹੈ।
ਉਪਲਬਧੀ ਨਾਲ ਭਰੀ ਇਹ ਪਹਿਲ ਭਾਰਤ ਦੇ ਬਾਗਵਾਨੀ ਉਤਪਾਦਾਂ ਦੀ ਉਤਕ੍ਰਿਸ਼ਟਤਾ ਨੂੰ ਦਰਸਾਉਂਦੀ ਹੈ ਅਤੇ ਦੇਸ਼ ਦੀਆਂ ਵਧਦੀਆਂ ਖੇਤੀਬਾੜੀ-ਨਿਰਯਾਤ ਸਮਰੱਥਾਵਾਂ ਨੂੰ ਉਜਾਗਰ ਕਰਦੀ ਹੈ। ਇਹ ਕਿਸਾਨਾਂ ਨੂੰ ਉਨ੍ਹਾਂ ਦੇ ਤਾਜ਼ੇ ਅਤੇ ਉੱਚ ਮੁੱਲ ਵਾਲੇ ਉਤਪਾਦਾਂ ਦੇ ਲਈ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਕੇ ਅਪਾਰ ਅਵਸਰ ਪ੍ਰਦਾਨ ਕਰਦਾ ਹੈ।
ਇਸ ਪਹਿਲ ਨੂੰ ਏਪੀਡਾ ਨੇ ਪੰਜਾਬ ਸਰਕਾਰ ਦੇ ਬਾਗਵਾਨੀ ਵਿਭਾਗ, ਲੁਲੂ ਗਰੁੱਪ (Lulu Group) ਅਤੇ ਸੁਜਾਨਪੁਰ ਦੇ ਪ੍ਰਗਤੀਸ਼ੀਲ ਕਿਸਾਨ ਸ਼੍ਰੀ ਪ੍ਰਭਾਤ ਸਿੰਘ ਦੇ ਸਹਿਯੋਗ ਨਾਲ ਸੰਚਾਲਿਤ ਕੀਤਾ। ਸ਼੍ਰੀ ਸਿੰਘ ਨੇ ਉੱਚ ਗੁਣਵੱਤਾ ਵਾਲੀ ਉਪਜ ਦੀ ਸਪਲਾਈ ਕੀਤੀ।
ਰਾਸ਼ਟਰੀ ਬਾਗਵਾਨੀ ਬੋਰਡ ਦੇ ਅਨੁਸਾਰ, ਵਿੱਤ ਵਰ੍ਹੇ 2023-24 ਦੇ ਲਈ ਪੰਜਾਬ ਦਾ ਲੀਚੀ ਉਤਪਾਦਨ 71,490 ਮੀਟ੍ਰਿਕ ਟਨ ਰਿਹਾ, ਜੋ ਭਾਰਤ ਦੇ ਕੁੱਲ ਲੀਚੀ ਉਤਪਾਦਨ ਵਿੱਚ 12.39 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ। ਇਸੇ ਮਿਆਦ ਦੌਰਾਨ, ਭਾਰਤ ਨੇ 639.53 ਮੀਟ੍ਰਿਕ ਟਨ ਲੀਚੀ ਦਾ ਨਿਰਯਾਤ ਕੀਤਾ। ਖੇਤੀ ਦਾ ਰਕਬਾ 4,327 ਹੈਕਟੇਅਰ ਸੀ, ਜਿਸ ਦੀ ਔਸਤ ਉਪਜ 16,523 ਕਿੱਲੋਗ੍ਰਾਮ/ਹੈਕਟੇਅਰ ਰਹੀ।
ਲੀਚੀ ਦੀ ਰਵਾਨਾ ਕੀਤੀ ਗਈ ਖੇਪ ਵਿੱਚ ਪ੍ਰੀਮੀਅਮ ਪਠਾਨਕੋਟ ਲੀਚੀ ਦਾ ਇੱਕ ਰੀਫਰ ਪੈਲੇਟ ਸ਼ਾਮਲ ਹੈ, ਜੋ ਇਸ ਖੇਤਰ ਦੇ ਉਤਪਾਦਕਾਂ ਦੇ ਲਈ ਇੱਕ ਵੱਡਾ ਕਦਮ ਹੈ। ਸ਼੍ਰੀ ਪ੍ਰਭਾਤ ਸਿੰਘ ਜਿਹੇ ਕਿਸਾਨਾਂ ਦੀ ਸਫਲਤਾ ਪਠਾਨਕੋਟ ਦੀ ਸਮਰੱਥਾ ਨੂੰ ਦਰਸਾਉਂਦੀ ਹੈ – ਜੋ ਗੁਣਵੱਤਾਪੂਰਨ ਲੀਚੀ ਦੀ ਖੇਤੀ ਅਤੇ ਨਿਰਯਾਤ ਦੇ ਲਈ ਇੱਕ ਉਭਰਦੇ ਹੋਏ ਕੇਂਦਰ ਦੇ ਰੂਪ ਵਿੱਚ ਅਨੁਕੂਲ ਖੇਤੀਬਾੜੀ-ਜਲਵਾਯੂ ਸਥਿਤੀਆਂ ਤੋਂ ਲਾਭਵੰਦ ਹੈ।
ਵਿੱਤ ਵਰ੍ਹੇ 2024-25 (ਅਪ੍ਰੈਲ-ਮਾਰਚ) ਦੌਰਾਨ ਭਾਰਤ ਦੇ ਫਲਾਂ ਅਤੇ ਸਬਜ਼ੀਆਂ ਦਾ ਨਿਰਯਾਤ 3.87 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 5.67 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਜਦਕਿ ਅੰਬ, ਕੇਲੇ, ਅੰਗੂਰ ਅਤੇ ਸੰਤਰੇ ਫਲਾਂ ਦੇ ਨਿਰਯਾਤ ਵਿੱਚ ਹਾਵੀ ਹਨ। ਉੱਥੇ ਹੀ, ਚੈਰੀ, ਜਾਮੁੰਨ ਅਤੇ ਲੀਚੀ ਹੁਣ ਤੇਜ਼ੀ ਨਾਲ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਆਪਣੀ ਜਗ੍ਹਾ ਬਣਾ ਰਹੇ ਹਨ।
ਇਹ ਯਤਨ ਖੇਤੀਬਾੜੀ-ਨਿਰਯਾਤ ਦਾ ਦਾਇਰਾ ਵਧਾਉਣ, ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਭਾਰਤੀ ਉਪਜ ਦੀ ਆਲਮੀ ਮੁਕਾਬਲਾਤਮਕਤਾ ਨੂੰ ਵਧਾਉਣ ਦੇ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਕੇਂਦ੍ਰਿਤ ਪ੍ਰੋਗਰਾਮਾਂ ਦੇ ਨਾਲ, ਏਪੀਡਾ ਐੱਫਪੀਓ, ਐੱਫਪੀਸੀ ਅਤੇ ਖੇਤੀਬਾੜੀ-ਨਿਰਯਾਤਕਾਂ ਲਈ ਬਜ਼ਾਰ ਤੱਕ ਪਹੁੰਚ ਨੂੰ ਸਮਰੱਥ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਨਾਲ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਉਤਪਾਦਾਂ ਵਿੱਚ ਦੁਨੀਆ ਭਰ ਵਿੱਚ ਮੋਹਰੀ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ।
*********
ਅਭਿਸ਼ੇਕ ਦਯਾਲ/ਅਭੀਜਿਤ ਨਾਰਾਇਣਨ/ਇਸ਼ੀਤਾ ਬਿਸਵਾਸ
(Release ID: 2143401)