ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਏਅਰ ਇੰਡੀਆ ਦੀ ਫਲਾਈਟ ਏਆਈ-171: ਬਲੈਕ ਬੌਕਸ ਤੋਂ ਡਾਟਾ ਰਿਕਵਰੀ ਅਤੇ ਜਾਂਚ ਬਾਰੇ ਸਥਿਤੀ ਰਿਪੋਰਟ

Posted On: 26 JUN 2025 1:17PM by PIB Chandigarh

ਆਈਸੀਏਓ ਸ਼ਿਕਾਗੋ ਕਨਵੈਨਸ਼ਨ (1944) ’ਤੇ ਹਸਤਾਖਰ ਕਰਨ ਵਾਲੇ ਦੇਸ਼ ਵਜੋਂ ਭਾਰਤ ਆਈਸੀਏਓ ਅਨੁਬੰਧ 13 ਅਤੇ ਹਵਾਈ ਜਹਾਜ਼ (ਹਾਦਸਿਆਂ ਅਤੇ ਘਟਨਾਵਾਂ ਦੀ ਜਾਂਚ) ਨਿਯਮਾਂ, 2017 ਦੇ ਅਨੁਸਾਰ ਹਵਾਈ ਜਹਾਜ਼ ਹਾਦਸਿਆਂ ਦੀ ਜਾਂਚ ਕਰਦਾ ਹੈ। ਹਵਾਈ ਜਹਾਜ਼ ਹਾਦਸਾ ਜਾਂਚ ਬਿਊਰੋ (ਏਏਆਈਬੀ) ਅਜਿਹੀਆਂ ਜਾਂਚਾਂ ਦੇ ਲਈ ਮਨੋਨੀਤ ਅਥਾਰਿਟੀ ਹੈ।

ਏਅਰ ਇੰਡੀਆ ਦੀ ਫਲਾਈਟ ਏਆਈ-171 ਨਾਲ ਹੋਏ ਮੰਦਭਾਗੇ ਹਾਦਸੇ ਤੋਂ ਬਾਅਦ, ਏਏਆਈਬੀ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ 13 ਜੂਨ 2025 ਨੂੰ ਇੱਕ ਬਹੁ-ਅਨੁਸ਼ਾਸਨੀ ਟੀਮ ਦਾ ਗਠਨ ਕੀਤਾ। ਅੰਤਰਰਾਸ਼ਟਰੀ ਪ੍ਰੋਟੋਕੋਲ ਦੇ ਅਨੁਸਾਰ ਗਠਿਤ ਇਸ ਟੀਮ ਦੀ ਅਗਵਾਈ ਏਏਆਈਬੀ ਦੇ ਡਾਇਰੈਕਟਰ ਜਨਰਲ ਕਰਦੇ ਹਨ ਅਤੇ ਇਸ ਵਿੱਚ ਇੱਕ ਏਵੀਏਸ਼ਨ ਮੈਡੀਸਿਨ ਸਪੈਸ਼ਲਿਸਟ, ਇੱਕ ਏਟੀਸੀ ਅਧਿਕਾਰੀ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐੱਨਟੀਐੱਸਬੀ) ਦੇ ਪ੍ਰਤੀਨਿਧੀ ਸ਼ਾਮਲ ਹਨ, ਜੋ ਮੈਨੁਫੈਕਚਰਿੰਗ ਅਤੇ ਡਿਜ਼ਾਈਨ ਰਾਜ (ਯੂਐੱਸਏ) ਦੀ ਸਰਕਾਰੀ ਜਾਂਚ ਏਜੰਸੀ ਹੈ ਅਤੇ ਅਜਿਹੀਆਂ ਜਾਂਚਾਂ ਲਈ ਲੋੜੀਂਦੀ ਹੈ।

ਬਲੈਕ ਬੌਕਸ ਦੀ ਪ੍ਰਾਪਤੀ ਅਤੇ ਪ੍ਰਬੰਧਨ

ਕੌਕਪਿਟ ਵੌਇਸ ਰਿਕਾਰਡਰ (ਸੀਵੀਆਰ) ਅਤੇ ਫਲਾਈਟ ਡੇਟਾ ਰਿਕਾਰਡਰ (ਐੱਫ਼ਡੀਆਰ) ਦੋਵੇਂ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਪਹਿਲਾ 13 ਜੂਨ, 2025 ਨੂੰ ਹਾਦਸੇ ਵਾਲੀ ਥਾਂ 'ਤੇ ਇਮਾਰਤ ਦੀ ਛੱਤ ਤੋਂ ਅਤੇ ਦੂਸਰਾ 16 ਜੂਨ, 2025 ਨੂੰ ਮਲਬੇ ਤੋਂ ਮਿਲਿਆ ਸੀ। ਇਨ੍ਹਾਂ ਦੀ ਸੁਰੱਖਿਅਤ ਸੰਭਾਲ, ਸਟੋਰੇਜ ਅਤੇ ਆਵਾਜਾਈ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਾਰੀ ਕੀਤੀਆਂ ਗਈਆਂ ਸਨ। ਉਪਕਰਣਾਂ ਨੂੰ ਅਹਿਮਦਾਬਾਦ ਵਿੱਚ 24 ਘੰਟੇ ਪੁਲਿਸ ਸੁਰੱਖਿਆ ਅਤੇ ਸੀਸੀਟੀਵੀ ਨਿਗਰਾਨੀ ਹੇਠ ਰੱਖਿਆ ਗਿਆ ਸੀ।

ਇਸ ਤੋਂ ਬਾਅਦ, 24 ਜੂਨ, 2025 ਨੂੰ ਪੂਰੀ ਸੁਰੱਖਿਆ ਦੇ ਨਾਲ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਬਲੈਕ ਬੌਕਸ ਨੂੰ ਅਹਿਮਦਾਬਾਦ ਤੋਂ ਦਿੱਲੀ ਲਿਆਂਦਾ ਗਿਆ। ਫਰੰਟ ਬਲੈਕ ਬੌਕਸ 24 ਜੂਨ 2025 ਨੂੰ ਦੁਪਹਿਰ 1400 ਵਜੇ ਏਏਆਈਬੀ ਦੇ ਡਾਇਰੈਕਟਰ ਜਨਰਲ ਦੇ ਨਾਲ ਏਏਆਈਬੀ ਲੈਬ, ਦਿੱਲੀ ਲਿਆਂਦਾ ਗਿਆ। ਬੈਕ ਬਲੈਕ ਬੌਕਸ ਦੂਸਰੀ ਏਏਆਈਬੀ ਟੀਮ ਦੁਆਰਾ ਲਿਆਂਦਾ ਗਿਆ ਅਤੇ 24 ਜੂਨ, 2025 ਨੂੰ 1715 ਵਜੇ ਏਏਆਈਬੀ ਲੈਬ, ਦਿੱਲੀ ਲਿਆਂਦਾ ਗਿਆ।

ਡੇਟਾ ਐਕਸਟ੍ਰੈਕਸ਼ਨ ਅਤੇ ਮੌਜੂਦਾ ਸਥਿਤੀ

ਏਏਆਈਬੀ ਦੇ ਡੀਜੀ ਦੀ ਅਗਵਾਈ ਵਾਲੀ ਏਏਆਈਬੀ ਅਤੇ ਐੱਨਟੀਐੱਸਬੀ ਦੇ ਤਕਨੀਕੀ ਮੈਂਬਰਾਂ ਦੇ ਨਾਲ ਟੀਮ ਨੇ 24 ਜੂਨ, 2025 ਦੀ ਸ਼ਾਮ ਨੂੰ ਡੇਟਾ ਐਕਸਟ੍ਰੈਕਸ਼ਨ ਪ੍ਰਕਿਰਿਆ ਸ਼ੁਰੂ ਕੀਤੀ। ਫਰੰਟ ਬਲੈਕ ਬੌਕਸ ਵਿੱਚੋਂ ਕਰੈਸ਼ ਪ੍ਰੋਟੈਕਸ਼ਨ ਮੌਡਿਊਲ (ਸੀਪੀਐੱਮ) ਨੂੰ ਸੁਰੱਖਿਅਤ ਢੰਗ ਨਾਲ ਕੱਢਿਆ ਗਿਆ ਅਤੇ 25 ਜੂਨ, 2025 ਨੂੰ ਮੈਮੋਰੀ ਮੌਡਿਊਲ ਤੱਕ ਸਫ਼ਲਤਾਪੂਰਵਕ ਪਹੁੰਚਾਇਆ ਗਿਆ ਅਤੇ ਇਸ ਦਾ ਡੇਟਾ ਏਏਆਈਬੀ ਲੈਬ ਵਿੱਚ ਡਾਊਨਲੋਡ ਕੀਤਾ ਗਿਆ।

ਸੀਵੀਆਰ ਅਤੇ ਐੱਫ਼ਡੀਆਰ ਡੇਟਾ ਦਾ ਵਿਸ਼ਲੇਸ਼ਣ ਚੱਲ ਰਿਹਾ ਹੈ। ਇਨ੍ਹਾਂ ਯਤਨਾਂ ਦਾ ਉਦੇਸ਼ ਹਾਦਸੇ ਵੱਲ ਲੈ ਜਾਣ ਵਾਲੀਆਂ ਘਟਨਾਵਾਂ ਦੇ ਕ੍ਰਮ ਨੂੰ ਫਿਰ ਤੋਂ ਬਣਾਉਣਾ ਅਤੇ ਹਵਾਬਾਜ਼ੀ ਸੁਰੱਖਿਆ ਨੂੰ ਵਧਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯੋਗਦਾਨ ਦੇਣ ਵਾਲੇ ਕਾਰਕਾਂ ਦੀ ਪਹਿਚਾਣ ਕਰਨਾ ਹੈ।

ਸਾਰੀਆਂ ਕਾਰਵਾਈਆਂ ਘਰੇਲੂ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੀ ਪੂਰੀ ਪਾਲਣਾ ਵਿੱਚ ਸਮਾਂਬੱਧ ਤਰੀਕੇ ਨਾਲ ਕੀਤੀਆਂ ਗਈਆਂ ਹਨ।

********

ਸੰਜੈ ਰਾਏ/ ਦਿਵਯਾਂਸ਼ੁ ਕੁਮਾਰ


(Release ID: 2139883)