ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਏਆਈ171 ਕ੍ਰੈਸ਼ 'ਤੇ ਮੀਡੀਆ ਨੂੰ ਸੰਬੋਧਨ ਕੀਤਾ;


ਬਹੁ-ਪੱਧਰੀ ਜਾਂਚ ਅਤੇ ਦੂਰਦਰਸ਼ੀ ਸੁਰੱਖਿਆ ਸੁਧਾਰਾਂ ਦਾ ਐਲਾਨ

Posted On: 14 JUN 2025 6:42PM by PIB Chandigarh

ਸੰਖੇਪ ਜਾਣਕਾਰੀ

ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ, ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ, ਸਕੱਤਰ ਐੱਮਓਸੀਏ ਸ਼੍ਰੀ ਸਮੀਰ ਕੁਮਾਰ ਸਿਨਹਾ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ ਨਵੀਂ ਦਿੱਲੀ ਦੇ ਉਡਾਣ ਭਵਨ ਵਿਖੇ ਇੱਕ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਨ ਕੀਤਾ ਇਸ ਦੌਰਾਨ ਏਅਰ ਇੰਡੀਆ ਉਡਾਣ ਏਆਈ 171 ਦੇ ਦੁਖਦਾਈ ਹਾਦਸੇ ਦਾ ਵੇਰਵਾ ਦਿੱਤਾ ਗਿਆ ਅਤੇ ਭਾਰਤ ਸਰਕਾਰ ਵਲੋਂ ਤੁਰੰਤ ਪ੍ਰਤੀਕਿਰਿਆ, ਚੱਲ ਰਹੀਆਂ ਜਾਂਚਾਂ ਦੀ ਸਥਿਤੀ ਅਤੇ ਹਵਾਬਾਜ਼ੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੇ ਮੰਤਵ ਨਾਲ ਭਵਿੱਖ ਵਿੱਚ ਕੀਤੇ ਗਏ ਸੁਧਾਰਾਂ ਦੀ ਰੂਪ-ਰੇਖਾ ਦਿੱਤੀ ਗਈ

ਪ੍ਰੈੱਸ ਬ੍ਰੀਫਿੰਗ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਨਾਲ ਸ਼ੁਰੂ ਹੋਈ, ਜਿਨ੍ਹਾਂ ਨੇ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ

ਘਟਨਾ ਦਾ ਵੇਰਵਾ

12 ਜੂਨ, 2025 ਨੂੰ ਅਹਿਮਦਾਬਾਦ ਅਤੇ ਗੈਟਵਿਕ ਹਵਾਈ ਅੱਡੇ (ਲੰਡਨ) ਦਰਮਿਆਨ ਚੱਲ ਰਹੀ ਏਅਰ ਇੰਡੀਆ ਉਡਾਣ ਏਆਈ 171, ਇੱਕ ਬੋਇੰਗ 787-8 ਡ੍ਰੀਮਲਾਈਨਰ ਉਡਾਣ ਭਰਨ ਦੇ ਇੱਕ ਮਿੰਟ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਗਈ ਇਹ ਹਾਦਸਾ ਅਹਿਮਦਾਬਾਦ ਦੇ ਸੰਘਣੀ ਆਬਾਦੀ ਵਾਲੇ ਮੇਘਾਨੀ ਨਗਰ ਇਲਾਕੇ ਵਿੱਚ ਵਾਪਰਿਆ ਇਸ ਉਡਾਣ ਵਿੱਚ 242 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ 230 ਯਾਤਰੀ, 2 ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ

ਮ੍ਰਿਤਕਾਂ ਵਿੱਚ ਯਾਤਰੀ ਅਤੇ ਅਹਿਮਦਾਬਾਦ ਦੇ ਮੇਘਾਨੀ ਨਗਰ ਦੇ ਨੌਜਵਾਨ ਮੈਡੀਕਲ ਵਿਦਿਆਰਥੀ ਸ਼ਾਮਲ ਹਨ ਉਨ੍ਹਾਂ ਦੀ ਬੇਵਕਤੀ ਮੌਤ ਨੂੰ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਲਈ ਸਗੋਂ ਦੇਸ਼ ਦੇ ਭਵਿੱਖ ਲਈ ਵੀ ਇੱਕ ਵੱਡਾ ਘਾਟਾ ਦੱਸਿਆ

ਸੀਨੀਅਰ ਲੀਡਰਸ਼ਿਪ ਦਾ ਦੌਰਾ ਅਤੇ ਜ਼ਮੀਨੀ ਪ੍ਰਤੀਕਿਰਿਆ

ਇਸ ਘਟਨਾ ਤੋਂ ਤੁਰੰਤ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਦਸੇ ਵਾਲੀ ਥਾਂ ਅਤੇ ਅਹਿਮਦਾਬਾਦ ਸਿਵਲ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਜ਼ਖਮੀਆਂ ਅਤੇ ਸੋਗ ਵਿੱਚ ਡੁੱਬੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਬਚਾਅ ਅਤੇ ਰਾਹਤ ਯਤਨਾਂ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਅਗਲੇਰੀ ਕਾਰਵਾਈ ਲਈ ਹਵਾਈ ਅੱਡੇ 'ਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚੇ, ਨਿਜੀ ਤੌਰ 'ਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰੀ ਏਜੰਸੀਆਂ ਨੂੰ ਪੀੜਤਾਂ ਦੇ ਪਰਿਵਾਰਾਂ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ

ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ, ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ ਦੇ ਨਾਲ ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚੇ ਉਹ ਪੀੜਤਾਂ ਦੇ ਪਰਿਵਾਰਾਂ ਅਤੇ ਐਮਰਜੈਂਸੀ ਦੇਖਭਾਲ ਵਿੱਚ ਸ਼ਾਮਲ ਡਾਕਟਰੀ ਕਰਮਚਾਰੀਆਂ ਨਾਲ ਮਿਲੇ ਅਤੇ ਬਾਅਦ ਵਿੱਚ ਸਥਿਤੀ ਅਤੇ ਪ੍ਰਤੀਕਿਰਿਆ ਵਿਧੀਆਂ ਦੀ ਸਮੀਖਿਆ ਕਰਨ ਲਈ ਕੇਂਦਰੀ ਅਤੇ ਰਾਜ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ

ਸੰਵੇਦਨਾ ਅਤੇ ਹਮਦਰਦੀ

ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਜਾਨਾਂ ਦੇ ਦੁਖਦਾਈ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਇਹ ਸਵੀਕਾਰ ਕੀਤਾ ਕਿ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਨ੍ਹਾਂ ਨੇ ਸਾਰੇ ਪ੍ਰਭਾਵਿਤ ਪਰਿਵਾਰਾਂ, ਖਾਸ ਕਰਕੇ ਉਨ੍ਹਾਂ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜਿਨ੍ਹਾਂ ਨੇ ਹਾਦਸੇ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਗੁਆ ਦਿੱਤਾ ਸੀ ਇੱਕ ਹਾਦਸੇ ਵਿੱਚ ਮਾਤਾ-ਪਿਤਾ ਨੂੰ ਗੁਆਉਣ ਦੇ ਆਪਣੇ ਨਿਜੀ ਅਨੁਭਵ ਨੂੰ ਦਰਸਾਉਂਦੇ ਹੋਏ, ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੇ ਦੁੱਖ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਸੋਗ ਮਨਾ ਰਹੇ ਸਨ

ਐਮਰਜੈਂਸੀ ਪ੍ਰਤੀਕਿਰਿਆ ਅਤੇ ਤਾਲਮੇਲ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਡੀਜੀਸੀਏ, ਬੀਸੀਏਐੱਸ, ਸੀਆਈਐੱਸਐੱਫ ਅਤੇ ਏਏਆਈ ਦੇ ਕਰਮਚਾਰੀ ਤਾਲਮੇਲ ਯਤਨਾਂ ਨਾਲ ਘਟਨਾ ਦੇ ਕੁਝ ਘੰਟਿਆਂ ਦੇ ਅੰਦਰ ਆਪਣੇ ਹੈੱਡਕੁਆਰਟਰ 'ਤੇ 24x7 ਕੰਟਰੋਲ ਰੂਮ ਨੂੰ ਸਰਗਰਮ ਕੀਤਾ ਰਾਸ਼ਟਰੀ ਮੀਡੀਆ ਸੈਂਟਰ ਵਿੱਚ ਇੱਕ ਸਮਾਨਾਂਤਰ ਮੀਡੀਆ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਸੀ

ਪਰਿਵਾਰਾਂ ਦੀ ਸਹਾਇਤਾ ਲਈ, ਕਈ ਹੈਲਪਲਾਈਨਾਂ ਚਾਲੂ ਕੀਤੀਆਂ ਗਈਆਂ ਸਨ:

  • ਅਹਿਮਦਾਬਾਦ ਹਵਾਈ ਅੱਡੇ ਦੀ ਐਮਰਜੈਂਸੀ ਹੈਲਪਲਾਈਨ: 9974111327
  • ਐੱਮਓਸੀਏ ਕੰਟਰੋਲ ਰੂਮ: 011-24610843/9650391859
  • ਏਅਰ ਇੰਡੀਆ ਯਾਤਰੀ ਹੈਲਪਲਾਈਨ: 1800-5691-444

ਐੱਮਓਸੀਏ, ਡੀਜੀਸੀਏ, ਏਏਆਈਬੀ, ਏਏਆਈ ਅਤੇ ਬੀਸੀਏਐੱਸ ਦੇ ਸੀਨੀਅਰ ਅਧਿਕਾਰੀ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਮਦਦ ਕਰਨ ਲਈ ਤੁਰੰਤ ਮੌਕੇ 'ਤੇ ਪਹੁੰਚੇ

ਪਰਿਵਾਰਾਂ ਨੂੰ ਸਹਾਇਤਾ

ਸਰਕਾਰ ਨੇ ਏਅਰ ਇੰਡੀਆ ਪ੍ਰਬੰਧਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਵਿਆਪਕ ਸਹਾਇਤਾ ਦੇਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਉਪਾਵਾਂ ਵਿੱਚ ਸ਼ਾਮਲ ਹਨ:

  • ਐਕਸਗ੍ਰੇਸ਼ੀਆ ਮੁਆਵਜ਼ੇ ਦੀ ਤੁਰੰਤ ਵੰਡ
  • ਮ੍ਰਿਤਕਾਂ ਦੇ ਵਾਰਸਾਂ ਨੂੰ ਲੌਜਿਸਟਿਕ ਅਤੇ ਭਾਵਨਾਤਮਕ ਸਹਾਇਤਾ
  • ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਅਤੇ ਸਹਾਇਤਾ ਕਰਨ ਲਈ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ
  • ਬ੍ਰਿਟਿਸ਼ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੈਟਵਿਕ, ਲੰਡਨ ਵਿੱਚ ਇੱਕ ਸਮਰਪਿਤ ਸਹਾਇਤਾ ਸੈੱਲ ਦੀ ਸਥਾਪਨਾ
  • ਜ਼ਖਮੀਆਂ ਲਈ ਦਸਤਾਵੇਜ਼ਾਂ, ਯਾਤਰਾ ਪ੍ਰਬੰਧਾਂ ਅਤੇ ਹਸਪਤਾਲ ਤਾਲਮੇਲ ਵਿੱਚ ਸਹਾਇਤਾ

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਘਟਨਾ ਨੂੰ ਨਾ ਸਿਰਫ਼ ਤਕਨੀਕੀ ਜਾਂਚ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਬਲਕਿ ਇੱਕ ਮਨੁੱਖੀ ਤਰਜੀਹ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ, ਜਿਸ ਵਿੱਚ ਦੁਖੀ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ

ਜਾਰੀ ਜਾਂਚ

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਉਸੇ ਦਿਨ ਹਾਦਸੇ ਦੀ ਰਸਮੀ ਜਾਂਚ ਸ਼ੁਰੂ ਕੀਤੀ ਏਏਆਈਬੀ ਦੇ ਡਾਇਰੈਕਟਰ ਜਨਰਲ ਦੀ ਅਗਵਾਈ ਵਿੱਚ ਇੱਕ ਪੰਜ ਮੈਂਬਰੀ ਜੀ ਟੀਮ ਨੂੰ ਤੁਰੰਤ ਭੇਜਿਆ ਗਿਆ ਅਤੇ ਬਾਅਦ ਵਿੱਚ ਫੋਰੈਂਸਿਕ ਅਤੇ ਮੈਡੀਕਲ ਮਾਹਰਾਂ ਨੂੰ ਭੇਜਿਆ ਗਿਆ

13 ਜੂਨ ਨੂੰ ਸ਼ਾਮ 5 ਵਜੇ ਦੇ ਕਰੀਬ ਜਹਾਜ਼ ਦੇ ਬਲੈਕ ਬਾਕਸ ਦੀ ਬਰਾਮਦਗੀ ਨਾਲ ਇੱਕ ਮਹੱਤਵਪੂਰਨ ਸਫਲਤਾ ਹਾਸਲ ਹੋਈ ਡੀਕੋਡਿੰਗ ਪ੍ਰਕਿਰਿਆ ਵਿੱਚ ਉਡਾਣ ਦੇ ਆਖਰੀ ਪਲਾਂ ਦੀ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਉਮੀਦ ਹੈ

ਬਹੁ-ਆਯਾਮੀ ਸਮੀਖਿਆ ਲਈ ਉੱਚ-ਪੱਧਰੀ ਕਮੇਟੀ

ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਸੁਤੰਤਰ ਅਤੇ ਵਿਆਪਕ ਜਾਂਚ ਕਰਨ ਲਈ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਕਮੇਟੀ ਵਿੱਚ ਹੇਠ ਲਿਖੇ ਅਧਿਕਾਰੀ ਸ਼ਾਮਲ ਹਨ:

  • ਸ਼ਹਿਰੀ ਹਵਾਬਾਜ਼ੀ ਮੰਤਰਾਲਾ
  • ਗ੍ਰਹਿ ਮੰਤਰਾਲਾ
  • ਗੁਜਰਾਤ ਸਰਕਾਰ
  • ਡੀਜੀਸੀਏ, ਬੀਸੀਏਐੱਸ, ਭਾਰਤੀ ਹਵਾਈ ਫੌਜ, ਇੰਟੈਲੀਜੈਂਸ ਬਿਊਰੋ
  • ਰਾਜ ਆਫ਼ਤ ਪ੍ਰਤੀਕਿਰਿਆ ਅਥਾਰਟੀ
  • ਰਾਸ਼ਟਰੀ ਅਤੇ ਰਾਜ-ਪੱਧਰੀ ਫੋਰੈਂਸਿਕ ਮਾਹਰ

ਕਮੇਟੀ ਦੇ ਮੁੱਖ ਮੰਤਵ:

  • ਤਕਨੀਕੀ, ਸੰਚਾਲਨ ਅਤੇ ਰੈਗੂਲੇਟਰੀ ਦ੍ਰਿਸ਼ਟੀਕੋਣਾਂ ਤੋਂ ਘਟਨਾ ਦੀ ਜਾਂਚ
  • ਕਿਸੇ ਵੀ ਪ੍ਰਣਾਲੀਗਤ ਜਾਂ ਸੰਸਥਾਗਤ ਪਾੜੇ ਨੂੰ ਚਿੰਨ੍ਹਤ ਕਰਨਾ
  • ਤਿੰਨ ਮਹੀਨਿਆਂ ਦੇ ਅੰਦਰ ਇੱਕ ਸੰਯੁਕਤ ਰਿਪੋਰਟ ਜਮ੍ਹਾਂ ਕਰਵਾਉਣੀ
  • ਪ੍ਰਮਾਣੀਕਰਨ ਪ੍ਰਣਾਲੀਆਂ, ਐਮਰਜੈਂਸੀ ਪ੍ਰਤੀਕਿਰਿਆ ਪ੍ਰੋਟੋਕੋਲ, ਚਾਲਕ ਦਲ ਦੀ ਟ੍ਰੇਨਿੰਗ, ਅਤੇ ਹਵਾਈ ਆਵਾਜਾਈ ਪ੍ਰਬੰਧਨ ਪ੍ਰਣਾਲੀਆਂ ਸਮੇਤ ਹਵਾਬਾਜ਼ੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਲੰਬੇ ਸਮੇਂ ਦੇ ਸੁਧਾਰਾਂ ਦੀ ਸਿਫਾਰਸ਼
  • ਮੰਤਰੀ ਨੇ ਦੱਸਿਆ ਕਿ ਜਦੋਂ ਕਿ ਏਏਆਈਬੀ ਜਾਂਚ ਤਕਨੀਕੀ ਪਹਿਲੂਆਂ ਨੂੰ ਸੰਭਾਲੇਗੀ, ਇਹ ਉੱਚ-ਪੱਧਰੀ ਕਮੇਟੀ ਭਵਿੱਖ ਦੇ ਸੁਰੱਖਿਆ ਉਪਾਵਾਂ ਲਈ ਇੱਕ ਸੰਪੂਰਨ, ਨੀਤੀ-ਅਧਾਰਿਤ ਰੋਡਮੈਪ ਪ੍ਰਦਾਨ ਕਰੇਗੀ
  • ਇਹ ਕਮੇਟੀ ਸੋਮਵਾਰ, 16 ਜੂਨ ਨੂੰ ਆਪਣਾ ਵਿਚਾਰ-ਵਟਾਂਦਰਾ ਸ਼ੁਰੂ ਕਰੇਗੀ

ਏਅਰਕ੍ਰਾਫਟ ਰੱਖ-ਰਖਾਅ ਅਤੇ ਨਿਗਰਾਨੀ ਉਪਾਅ

ਡੀਜੀਸੀਏ ਨੇ ਏਅਰ ਇੰਡੀਆ ਨੂੰ ਜੇਨਕਸ (Genx) ਇੰਜਣਾਂ ਨਾਲ ਲੈਸ ਸਾਰੇ ਬੋਇੰਗ 787-8 ਅਤੇ 787-9 ਜਹਾਜ਼ਾਂ ਦੀ ਤੁਰੰਤ ਤਕਨੀਕੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਭਾਰਤੀ ਕੈਰੀਅਰਾਂ ਵਿੱਚ ਇਸ ਸਮੇਂ ਸੇਵਾ ਵਿੱਚ 33 ਡ੍ਰੀਮਲਾਈਨਰਾਂ ਵਿੱਚੋਂ, 8 ਦਾ ਪਹਿਲਾਂ ਹੀ ਨਿਰੀਖਣ ਕੀਤਾ ਜਾ ਚੁੱਕਾ ਹੈ ਬਾਕੀ ਜਹਾਜ਼ਾਂ ਦੀ ਤੁਰੰਤ ਜਾਂਚ ਕੀਤੀ ਜਾ ਰਹੀ ਹੈ

ਡੀਜੀਸੀਏ ਨੇ ਭਾਰਤ ਵਿੱਚ ਕੰਮ ਕਰਨ ਵਾਲੇ ਸਾਰੇ ਚੌੜੇ ਜਹਾਜ਼ਾਂ ਲਈ ਰੱਖ-ਰਖਾਅ ਪ੍ਰੋਟੋਕੋਲ ਅਤੇ ਹਵਾਈ ਯੋਗਤਾ ਪ੍ਰਕਿਰਿਆਵਾਂ ਦੀ ਚੱਲ ਰਹੀ ਨਿਗਰਾਨੀ ਨੂੰ ਵੀ ਤੇਜ਼ ਕਰ ਦਿੱਤਾ ਹੈ

ਭਾਰਤ ਦੀ ਹਵਾਬਾਜ਼ੀ ਸੁਰੱਖਿਆ ਪ੍ਰਤੀ ਵਚਨਬੱਧਤਾ

ਮੰਤਰੀ ਨੇ ਹਵਾਬਾਜ਼ੀ ਸੁਰੱਖਿਆ ਵਿੱਚ ਭਾਰਤ ਦੇ ਆਲਮੀ ਸਥਿਤੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਆਈਸੀਏਓ ਸਮੇਤ ਅੰਤਰਰਾਸ਼ਟਰੀ ਸੰਗਠਨਾਂ ਨੇ ਭਾਰਤ ਦੇ ਹਵਾਬਾਜ਼ੀ ਰੈਗੂਲੇਟਰੀ ਪ੍ਰਣਾਲੀਆਂ ਨੂੰ ਲਗਾਤਾਰ ਮਜ਼ਬੂਤ ​​ਅਤੇ ਪਾਲਣਾ ਯੋਗ ਬਣਾਇਆ ਹੈ ਉਨ੍ਹਾਂ ਨੇ ਸੁਰੱਖਿਆ ਅਤੇ ਪਾਰਦਰਸ਼ਤਾ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਇਆ

ਧੀਰਜ ਅਤੇ ਜ਼ਿੰਮੇਵਾਰ ਰਿਪੋਰਟਿੰਗ ਦੀ ਅਪੀਲ

ਮੰਤਰਾਲੇ ਨੇ ਜਨਤਾ ਅਤੇ ਮੀਡੀਆ ਨੂੰ ਅਟਕਲਾਂ ਜਾਂ ਗੈਰ-ਪ੍ਰਮਾਣਿਤ ਰਿਪੋਰਟਿੰਗ ਤੋਂ ਬਚਣ ਦੀ ਅਪੀਲ ਕੀਤੀ ਜਾਂਚ ਦੇ ਅੱਗੇ ਵਧਣ ਦੇ ਨਾਲ-ਨਾਲ ਸਾਰੀਆਂ ਅਧਿਕਾਰਤ ਖੋਜਾਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਸਾਂਝਾ ਕੀਤਾ ਜਾਵੇਗਾ ਸਰਕਾਰ ਦਾ ਧਿਆਨ ਸੱਚਾਈ ਨੂੰ ਉਜਾਗਰ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਨਿਆਂ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ

*****

ਸੰਜੇ ਰਾਏ/ਮਨੀਸ਼ ਗੌਤਮ/ਦਿਵਯਾਂਸ਼ੂ ਕੁਮਾਰ


(Release ID: 2136431) Visitor Counter : 2