ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐੱਫਟੀਆਈਆਈ ਨੇ ਫਿਲਮ ਐਪਰੀਸੀਏਸ਼ਨ ਕੋਰਸ (ਮੱਧ-ਸਾਲ 2025) ਲਈ ਅਰਜ਼ੀਆਂ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ


ਅਰਜ਼ੀਆਂ ਹੁਣ 15 ਜੂਨ, 2025 ਤੱਕ ਭੇਜੀਆਂ ਜਾ ਸਕਦੀਆਂ ਹਨ

ਕੋਰਸ 23 ਜੂਨ ਤੋਂ 11 ਜੁਲਾਈ 2025 ਤੱਕ ਪੁਣੇ ਵਿੱਚ ਆਯੋਜਿਤ ਕੀਤਾ ਜਾਵੇਗਾ

Posted On: 09 JUN 2025 5:07PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ, ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ (ਐੱਫਟੀਆਈਆਈ) ਨੇ ਆਪਣੇ ਪ੍ਰਮੁੱਖ ਫਿਲਮ ਐਪਰੀਸੀਏਸ਼ਨ ਕੋਰਸ (ਮੱਧ-ਸਾਲ 2025) ਲਈ ਅਰਜ਼ੀਆਂ ਦੀ ਆਖਰੀ ਮਿਤੀ 23 ਜੂਨ ਤੋਂ 11 ਜੁਲਾਈ 2025 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਅਰਜ਼ੀਆਂ ਜਮ੍ਹਾਂ ਕਰਨ ਦੀ ਸੋਧੀ ਹੋਈ ਆਖਰੀ ਮਿਤੀ ਹੁਣ 15 ਜੂਨ 2025 (ਭਾਰਤੀ ਸਮੇਂ ਅਨੁਸਾਰ ਸ਼ਾਮ 6:00 ਵਜੇ) ਹੈ।

ਮਿਤੀ ਵਿੱਚ ਇਹ ਵਾਧਾ ਦੇਸ਼ ਭਰ ਦੇ ਫਿਲਮ ਪ੍ਰੇਮੀਆਂ ਵੱਲੋਂ ਦਿਖਾਈ ਗਈ ਭਾਰੀ ਦਿਲਚਸਪੀ ਦੇ ਬਾਅਦ ਕੀਤਾ ਹੈ ਅਤੇ ਇਸ ਦਾ ਉਦੇਸ਼ ਉਨ੍ਹਾਂ ਹੋਰ ਚਾਹਵਾਨ ਭਾਗੀਦਾਰਾਂ ਨੂੰ ਸ਼ਾਮਲ ਕਰਨਾ ਹੈ ਜੋ 7 ਜੂਨ ਦੀ ਪਹਿਲਾਂ ਦੀ ਆਖਰੀ ਮਿਤੀ ਤੋਂ ਖੁੰਝ ਗਏ ਸਨ। ਐੱਫਟੀਆਈਆਈ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ - ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਆ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ ਇਹ ਕੋਰਸ, ਐੱਫਟੀਆਈਆਈ ਦੀ ਵਿਆਪਕ ਪਹੁੰਚ ਪਹਿਲਕਦਮੀ ਦਾ ਹਿੱਸਾ ਹੈ ਜਿਸਦਾ ਉਦੇਸ਼ ਸਮੁੱਚੇ ਭਾਰਤ ਵਿੱਚ ਫਿਲਮ ਸਿੱਖਿਆ ਤੱਕ ਪਹੁੰਚ ਦਾ ਲੋਕਤੰਤਰੀਕਰਣ ਕਰਨਾ ਹੈ।

ਇੱਕ ਤੀਬਰ, ਪੂਰਨਕਾਲੀ ਪ੍ਰੋਗਰਾਮ ਵਜੋਂ ਤਿਆਰ ਕੀਤਾ ਗਿਆ, ਇਹ ਕੋਰਸ ਭਾਗੀਦਾਰਾਂ ਨੂੰ ਸਿਨੇਮਾ ਦੇ ਸੁਹਜ, ਇਤਿਹਾਸ ਅਤੇ ਭਾਸ਼ਾ ਦੀ ਇੱਕ ਢਾਂਚਾਗਤ ਜਾਣ-ਪਛਾਣ ਪ੍ਰਦਾਨ ਕਰਦਾ ਹੈ।ਇਸ ਵਿੱਚ ਭਾਸ਼ਣ, ਸਕ੍ਰੀਨਿੰਗ ਅਤੇ ਵਿਚਾਰ-ਵਟਾਂਦਰੇ ਸ਼ਾਮਲ ਹਨ, ਜਿਸ ਵਿੱਚ ਹਫ਼ਤੇ ਦੇ ਅੰਤ ਨੂੰ ਛੱਡ ਕੇ ਰੋਜ਼ਾਨਾ ਸਵੇਰੇ 9:30 ਵਜੇ ਤੋਂ ਰਾਤ 8:30 ਵਜੇ ਤੱਕ ਸੈਸ਼ਨ ਹੁੰਦੇ ਹਨ। ਕੋਰਸ ਦੀ ਇੱਕ ਖ਼ਾਸ ਵਿਸ਼ੇਸ਼ਤਾ ਭਾਗੀਦਾਰਾਂ ਲਈ 35ਐੱਮਐੱਮ ਅਤੇ ਡਿਜੀਟਲ ਫਾਰਮੈਟਾਂ ਦੋਵਾਂ ਵਿੱਚ ਸਿਨੇਮਾ ਦਾ ਅਨੁਭਵ ਹਾਸਲ ਕਰਨ ਦਾ ਮੌਕਾ ਹੈ।

ਇਹ ਪਾਠਕ੍ਰਮ ਸਿਨੇਮਾ ਨੂੰ ਇੱਕ ਕਲਾ ਰੂਪ ਅਤੇ ਸੰਚਾਰ ਦੇ ਮਾਧਿਅਮ ਵਜੋਂ ਖੋਜਦਾ ਹੈ, ਜਿਸ ਵਿੱਚ ਭਾਰਤੀ ਅਤੇ ਵਿਸ਼ਵ ਸਿਨੇਮਾ ਪਰੰਪਰਾਵਾਂ 'ਤੇ ਜ਼ੋਰ ਦਿੱਤਾ ਜਾਂਦਾ ਹੈ। ਭਾਗੀਦਾਰ ਚੁਣੇ ਹੋਏ ਕਲਾਸਿਕਾਂ - ਗਲਪ, ਗੈਰ-ਗਲਪ, ਅਤੇ ਦਸਤਾਵੇਜ਼ੀ ਫ਼ਿਲਮਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨਗੇ। ਪ੍ਰਸਿੱਧ ਫਿਲਮ ਨਿਰਮਾਤਾਵਾਂ ਨਾਲ ਮਹਿਮਾਨ ਗੱਲਬਾਤ ਪ੍ਰੋਗਰਾਮ ਦਾ ਇੱਕ ਅਨਿੱਖੜਵਾਂ ਅੰਗ ਹੋਵੇਗੀ। ਐੱਫਟੀਆਈਆਈ ਦੀ ਕੋਰ ਫੈਕਲਟੀ ਅਤੇ ਵਿਸ਼ੇਸ਼ ਮਹਿਮਾਨ ਫੈਕਲਟੀ ਵਲੋਂ ਭਾਸ਼ਣ ਦਿੱਤੇ ਜਾਣਗੇ।

ਇਸ ਕੋਰਸ ਦਾ ਤਾਲਮੇਲ ਐੱਫਟੀਆਈਆਈ ਦੇ ਫੈਕਲਟੀ ਮੈਂਬਰ ਇੰਦਰਨੀਲ ਭੱਟਾਚਾਰੀਆ ਅਤੇ ਵੈਭਵ ਅਬਨਵੇ ਵਲੋਂ ਕੀਤਾ ਗਿਆ ਹੈ। ਇਹ ਅਧਿਆਪਕਾਂ, ਮੀਡੀਆ ਪੇਸ਼ੇਵਰਾਂ, ਖੋਜਕਰਤਾਵਾਂ, ਫਿਲਮ ਸੁਸਾਇਟੀ ਦੇ ਮੈਂਬਰਾਂ, ਮੀਡੀਆ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਭਾਰਤ ਭਰ ਦੇ ਪ੍ਰੇਰਿਤ ਸਿਨੇਮਾ ਪ੍ਰੇਮੀਆਂ ਲਈ ਹੈ।

ਸਿਨੇਮਾ ਅਤੇ ਮੀਡੀਆ ਨਾਲ ਸਬੰਧਿਤ ਖੇਤਰਾਂ ਵਿੱਚ ਦਿਖਾਈ ਗਈ ਦਿਲਚਸਪੀ ਅਤੇ ਤਜਰਬੇ ਦੇ ਅਧਾਰ 'ਤੇ ਅਰਜ਼ੀਆਂ ਦੀ ਜਾਂਚ ਕੀਤੀ ਜਾਵੇਗੀ। ਬਾਹਰਲੇ ਭਾਗੀਦਾਰਾਂ ਲਈ ਸੀਮਤ ਗਿਣਤੀ ਵਿੱਚ ਹੋਸਟਲ ਰਿਹਾਇਸ਼ ਉਪਲਬਧ ਹੋਵੇਗੀ, ਜਿਸ ਵਿੱਚ ਅਪਾਹਜ ਅਤੇ ਮਹਿਲਾ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਭਾਗੀਦਾਰਾਂ ਤੋਂ ਪੁਣੇ ਵਿੱਚ ਆਪਣੀ ਯਾਤਰਾ, ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

ਦਿਲਚਸਪੀ ਰੱਖਣ ਵਾਲੇ ਹੇਠਾਂ ਦਿੱਤੇ ਲਿੰਕ 'ਤੇ ਉਪਲਬਧ ਅਰਜ਼ੀ ਫਾਰਮ ਭਰ ਸਕਦੇ ਹਨ:

https://docs.google.com/forms/d/e/1FAIpQLScJXSd_n0o7n5CBo6yVVRODFgQEx4AcpqeBeSIM8d1LsOJrcQ/viewform 

ਕੋਰਸ ਫੀਸ, ਯੋਗਤਾ ਅਤੇ ਭੁਗਤਾਨ ਪ੍ਰਕਿਰਿਆ ਸੰਬੰਧੀ ਵੇਰਵੇ ਅਧਿਕਾਰਤ ਐੱਫਟੀਆਈਆਈ ਵੈੱਬਸਾਈਟ 'ਤੇ ਉਪਲਬਧ ਹਨ:

https://ftii.ac.in/p/vtwa/film-appreciation-course-mid-year-2025-23-june-11-july-2025 

* * *

(ਸਰੋਤ: ਐੱਫਟੀਆਈਆਈ) | ਪੀਆਈਬੀ ਮੁੰਬਈ | ਐੱਨਜੇ/ ਡੀਆਰ


(Release ID: 2135379)