ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਐਮਰਜੈਂਸੀ ਸਿਹਤ ਪ੍ਰਣਾਲੀਆਂ ਦੀ ਤਿਆਰੀ ਬਾਰੇ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ


ਦੇਸ਼ ਭਰ ਵਿੱਚ ਸਿਹਤ ਪ੍ਰਣਾਲੀਆਂ ਅਤੇ ਸਰੋਤਾਂ ਨੂੰ ਮਜ਼ਬੂਤ ​​ਕਰਨ ਲਈ ਚੁੱਕੇ ਗਏ ਜ਼ਰੂਰੀ ਅਤੇ ਵਿਆਪਕ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ

Posted On: 09 MAY 2025 5:18PM by PIB Chandigarh

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਐਮਰਜੈਂਸੀ ਸਿਹਤ ਪ੍ਰਣਾਲੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਐਮਰਜੈਂਸੀ ਮਾਮਲਿਆਂ ਨਾਲ ਨਜਿੱਠਣ ਲਈ ਮੈਡੀਕਲ ਸੁਵਿਧਾਵਾਂ ਦੀ  ਤਿਆਰਿਆਂ ਦੀ ਮੌਜੂਦਾ ਸਥਿਤੀ ਉਨ੍ਹਾਂ ਨੂੰ ਪੇਸ਼ ਕੀਤੀ ਗਈ। ਉਨ੍ਹਾਂ ਨੂੰ ਐਂਬੂਲੈਂਸਾਂ ਦੀ ਤੈਨਾਤੀ; ਉਪਕਰਣਾਂ, ਦਵਾਈਆਂ, ਖੂਨ ਦੀਆਂ ਸ਼ੀਸ਼ੀਆਂ ਅਤੇ ਖਪਤਕਾਰੀ ਸਮਾਨ ਸਮੇਤ ਮੈਡੀਕਲ ਸਪਲਾਈ ਦੀ ਢੁਕਵੀਂ ਉਪਲਬੱਧਤਾ ਨੂੰ ਯਕੀਨੀ ਬਣਾਉਣ; ਬੈਡਸ, ਆਈਸੀਯੂ ਅਤੇ ਐੱਚਡੀਯੂ ਦੇ ਮਾਮਲੇ ਵਿੱਚ ਹਸਪਤਾਲ ਦੀ ਤਿਆਰੀ; ਭੀਸ਼ਮ ਕਿਊਬਸ, ਉੱਨਤ ਮੋਬਾਈਲ ਟਰੋਮਾ ਕੇਅਰ ਯੂਨਿਟਾਂ ਆਦਿ ਦੀ ਤੈਨਾਤੀ ਸੰਬੰਧੀ ਕੀਤੀਆਂ ਗਈਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਨੂੰ ਜ਼ਰੂਰੀ ਦਵਾਈਆਂ, ਖੂਨ ਦੀ ਲੋੜੀਂਦੀ ਸਪਲਾਈ, ਆਕਸੀਜਨ, ਟਰੋਮਾ ਕੇਅਰ ਕਿੱਟਾਂ ਆਦਿ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਏਮਜਸ ਨਵੀਂ ਦਿੱਲੀ ਅਤੇ ਹੋਰ ਕੇਂਦਰੀ ਸਰਕਾਰੀ ਹਸਪਤਾਲਾਂ ਨੇ ਡਾਕਟਰਾਂ ਅਤੇ ਨਰਸਾਂ ਨੂੰ ਤਿਆਰ ਤੈਨਾਤੀ ਲਈ ਸਪਲਾਈ ਦੇ ਨਾਲ ਲਾਮਬੰਦ ਕੀਤਾ ਹੈ। ਉਨ੍ਹਾਂ ਨੂੰ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ, ਹਥਿਆਰਬੰਦ ਬਲਾਂ ਅਤੇ ਡਾਕਟਰਾਂ, ਨਰਸਾਂ, ਪੈਰਾਮੈਡਿਕਸ, ਨਿੱਜੀ ਖੇਤਰ ਦੇ ਹਸਪਤਾਲਾਂ, ਚੈਰੀਟੇਬਲ ਸੰਸਥਾਵਾਂ ਆਦਿ ਦੇ ਖੇਤਰੀ ਸੰਗਠਨਾਂ ਨਾਲ ਤਾਲਮੇਲ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਐਮਰਜੈਂਸੀ ਪ੍ਰਤੀਕਿਰਿਆ ਨੈੱਟਵਰਕਾਂ ਨੂੰ ਸਹਿਯੋਗੀ ਢੰਗ ਨਾਲ ਮਜ਼ਬੂਤ ​​ਕੀਤਾ ਜਾ ਸਕੇ।

ਇਸ ਤੋਂ ਇਲਾਵਾ, ਏਮਜਸ, ਪੀਜੀਆਈਐੱਮਈਆਰ, ਜੇਆਈਪੀਐੱਮਈਆਰ ਅਤੇ ਹੋਰ ਪ੍ਰਮੁੱਖ ਹਸਪਤਾਲਾਂ ਵਿੱਚ ਐਮਰਜੈਂਸੀ ਤਿਆਰੀ ਲਈ ਦੇਸ਼ ਵਿਆਪੀ ਮੌਕ ਡ੍ਰਿਲਸ ਕੀਤੇ ਗਏ ਹਨ। ਐਮਰਜੈਂਸੀ ਸਿਹਤ ਸੰਭਾਲ ਵਿੱਚ ਸਮਰੱਥਾ ਨਿਰਮਾਣ ਲਈ, ਇੰਡੀਅਨ ਰੈੱਡ ਕਰਾਸ ਸੋਸਾਇਟੀ, ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ (ਐਨਆਈਐੱਚਐੱਫਡਬਲਿਊ), ਏਮਜਸ ਨਵੀਂ ਦਿੱਲੀ ਅਤੇ ਆਈਜੀਓਟੀ ਦੇ ਸਹਿਯੋਗ ਨਾਲ ਸੀਪੀਆਰ, ਫਸਟ ਏਡ ਅਤੇ ਬੇਸਿਕ ਲਾਈਫ ਸਪੋਰਟ ਲਈ ਵਾਧੂ ਟ੍ਰੇਨਿੰਗ ਮੌਡਿਊਲ ਸ਼ੁਰੂ ਕੀਤੇ ਜਾ ਰਹੇ ਹਨ। ਕੇਂਦਰੀ ਸਿਹਤ ਸਕੱਤਰ ਨੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਅਤੇ ਰਾਜਾਂ ਦੇ ਅੰਦਰ ਸਬੰਧਿਤ ਹਿੱਸੇਦਾਰਾਂ ਨਾਲ ਨਿਰਵਿਘਨ ਤਾਲਮੇਲ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਅਤੇ ਸਿਹਤ ਸੰਭਾਲ ਸੰਸਥਾਵਾਂ ਨਾਲ ਆਪਣੀਆਂ ਮੀਟਿੰਗਾਂ ਦੀ ਲੜੀ ਬਾਰੇ ਜਾਣੂ ਕਰਵਾਇਆ। 

ਕੇਂਦਰੀ ਸਿਹਤ ਮੰਤਰੀ ਨੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਮੈਡੀਕਲ ਐਮਰਜੈਂਸੀ ਰਿਸਪਾਂਸ ਸਿਹਤ ਪ੍ਰਣਾਲੀਆਂ ਹਰ ਸਮੇਂ ਢੁਕਵੇਂ ਢੰਗ ਨਾਲ ਲੈਸ ਅਤੇ ਕਾਰਜਸ਼ੀਲ ਹੋਣ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਾਰੀਆਂ ਰਾਜ ਸਰਕਾਰਾਂ, ਖਾਸ ਕਰਕੇ ਜ਼ਿਲ੍ਹਾ ਪੱਧਰਾਂ 'ਤੇ, ਖਾਸ ਕਰਕੇ ਸਰਹੱਦੀ ਰਾਜਾਂ ਨਾਲ ਜ਼ਮੀਨੀ ਪੱਧਰ 'ਤੇ ਸੰਪਰਕ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਿਤ ਕੀਤੇ ਜਾਣ ਤਾਂ ਜੋ ਜ਼ਰੂਰਤ ਪੈਣ 'ਤੇ ਤੁਰੰਤ ਐਮਰਜੈਂਸੀ ਸਿਹਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਮੰਤਰਾਲੇ ਵਿੱਚ ਇੱਕ 24*7 ਕੰਟਰੋਲ ਅਤੇ ਕਮਾਂਡ ਸੈਂਟਰ ਚੱਲ ਰਹੇ ਯਤਨਾਂ ਦੀ ਨਿਗਰਾਨੀ ਕਰਨ ਅਤੇ ਮੌਜੂਦਾ ਸਮੇਂ ਵਿੱਚ ਰਾਜਾਂ ਨੂੰ ਸਹਾਇਤਾ ਪ੍ਰਦਾਨ ਕਰਨੀ ਚਾਹੀਏ ।

ਕੇਂਦਰੀ ਸਿਹਤ ਮੰਤਰਾਲਾ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਸਾਰੇ ਖੇਤਰਾਂ ਵਿੱਚ ਨਿਰਵਿਘਨ ਸਿਹਤ ਸੰਭਾਲ ਸੇਵਾਵਾਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। 

*****

ਐੱਚਐੱਫਡਬਲਿਊ/ਐੱਚਐੱਫਐੱਮ- ਐਮਰਜੈਂਸੀ ਸਿਹਤ ਸੰਭਾਲ ਪ੍ਰਤੀਕਿਰਿਆ ਤਿਆਰੀ/09 ਮਈ 2025/1


(Release ID: 2128043)