ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਰੇਸ਼ਨ ਸਿੰਦੂਰ ਰਾਹੀਂ ਭਾਰਤ ਨੇ ਆਪਣੀ ਧਰਤੀ 'ਤੇ ਹਮਲੇ ਦਾ ਜਵਾਬ ਦੇਣ ਦੇ ਆਪਣੇ ਸਵੈ-ਅਧਿਕਾਰ ਦੀ ਵਰਤੋਂ ਕੀਤੀ : ਰੱਖਿਆ ਮੰਤਰੀ


"ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਅਵੈਧ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰਨ ਲਈ ਸ਼ੁੱਧਤਾ, ਸਾਵਧਾਨੀ ਅਤੇ ਦਿਆਲਤਾ ਨਾਲ ਕੰਮ ਕਰਕੇ ਇਤਿਹਾਸ ਰਚਿਆ"

ਸ਼੍ਰੀ ਰਾਜਨਾਥ ਸਿੰਘ ਨੇ ਸੀਮਾ ਸੜਕ ਸੰਗਠਨ ਦੇ 50 ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਵਰਚੁਅਲੀ ਰਾਸ਼ਟਰ ਨੂੰ ਸਮਰਪਿਤ ਕੀਤਾ

1,879 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 8 ਸਰਹੱਦੀ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਣਾਏ ਗਏ ਪ੍ਰੋਜੈਕਟ ਸੜਕ ਸੰਪਰਕ ਵਧਾਉਣ ਅਤੇਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਆਰਥਿਕ ਖੁਸ਼ਹਾਲੀ ਨੂੰ ਵਧਾਉਣਗੇ

Posted On: 07 MAY 2025 5:50PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 07 ਮਈ 2025 ਨੂੰ ਦਿੱਲੀ ਛਾਉਣੀ ਦੇ ਮਾਨੇਕਸ਼ਾ ਸੈਂਟਰ ਵਿਖੇ ਸੀਮਾ ਸੜਕ ਸੰਗਠਨ ਦੇ 66ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਰਾਹੀਂ, ਭਾਰਤ ਨੇ ਆਪਣੀ ਧਰਤੀ 'ਤੇ ਹਮਲੇ ਦਾ ਜਵਾਬ ਦੇਣ ਦੇ ਆਪਣੇ ਸਵੈ-ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਸਿਖਲਾਈ ਕੇਂਦਰਾਂ ਅਤੇ ਕੈਂਪਾਂ ਨੂੰ ਨਸ਼ਟ ਕਰਨ ਵਿੱਚ ਸ਼ੁੱਧਤਾ, ਸਾਵਧਾਨੀ ਅਤੇ ਦਿਆਲਤਾ ਨਾਲ ਕੰਮ ਕਰਕੇ ਇਤਿਹਾਸ ਰਚਿਆ ਹੈ। ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਜਨਾ ਅਨੁਸਾਰ ਟੀਚਿਆਂ ਨੂੰ ਨਸ਼ਟ ਕੀਤਾ ਗਿਆ ਅਤੇ ਕਿਸੇ ਵੀ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਿਆ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਤਵਾਦੀ ਹਮਲੇ ਦਾ ਢੁਕਵਾਂ ਜਵਾਬ ਦੇਣ ਲਈ ਹਥਿਆਰਬੰਦ ਬਲਾਂ ਦੀ ਪ੍ਰਸ਼ੰਸਾ ਕੀਤੀ।

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੇ ਹਥਿਆਰਬੰਦ ਬਲਾਂ ਦੀ ਅੱਜ ਦੀ ਕਾਰਵਾਈ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਇਹ ਬਹੁਤ ਹੀ ਯੋਜਨਾਬੱਧ ਅਤੇ ਸਟੀਕ ਤਰੀਕੇ ਨਾਲ ਚਲਾਇਆ ਗਿਆ ਸੀ। ਹਾਲਾਂਕਿ, ਇਹ ਕਾਰਵਾਈ ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਵਰਤੇ ਜਾਂਦੇ ਕੈਂਪਾਂ ਅਤੇ ਸਬੰਧਿਤ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਤੱਕ ਸੀਮਤ ਸੀ, ਜਿਸ ਦਾ ਮੁੱਖ ਉਦੇਸ਼ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਾਲਕਾਂ ਦੇ ਮਨੋਬਲ ਨੂੰ ਤੋੜਨਾ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵੱਲੋਂ, ਉਹ ਇਸ ਕਾਰਵਾਈ ਲਈ ਹਥਿਆਰਬੰਦ ਬਲਾਂ ਨੂੰ ਵਧਾਈ ਦਿੰਦੇ ਹਨ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਵੀ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਰੱਖਿਆ ਬਲਾਂ ਨੂੰ ਪੂਰਾ ਸਮਰਥਨ ਦਿੱਤਾ।

ਇਸ ਸਮਾਗਮ ਵਿੱਚ, ਰੱਖਿਆ ਮੰਤਰੀ ਨੇ ਸੀਮਾ ਸੜਕ ਸੰਗਠਨ ਦੇ 50 ਰਣਨੀਤਕ ਤੌਰ 'ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਵਰਚੁਅਲੀ ਸਮਰਪਿਤ ਕੀਤਾ। ਇਨ੍ਹਾਂ ਵਿੱਚ 30 ਪੁਲ, 17 ਸੜਕਾਂ ਅਤੇ ਤਿੰਨ ਹੋਰ ਬੁਨਿਆਦੀ ਢਾਂਚੇ ਦੇ ਕੰਮ ਸ਼ਾਮਲ ਹਨ। ਇਹ ਪ੍ਰੋਜੈਕਟ, ਕੁੱਲ 1,879 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਹਨ, ਛੇ ਸਰਹੱਦੀ ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਜੰਮੂ ਅਤੇ ਕਸ਼ਮੀਰ, ਲੱਦਾਖ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਸਿੱਕਮ, ਮਿਜ਼ੋਰਮ, ਪੱਛਮ ਬੰਗਾਲ ਅਤੇ ਰਾਜਸਥਾਨ ਨੂੰ ਕਵਰ ਕਰਦੇ ਹਨ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਦੇਸ਼ ਦੀ ਸੁਰੱਖਿਆ, ਸੰਪਰਕ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਸੀਮਾ ਸੜਕ ਸੰਗਠਨ ਨੇ ਪਿਛਲੇ ਦੋ ਵਰ੍ਹਿਆਂ ਵਿੱਚ 5,600 ਕਰੋੜ ਰੁਪਏ ਦੇ ਖਰਚ ਨਾਲ 161 ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਪੂਰੇ ਕੀਤੇ ਹਨ, ਜੋ ਕਿ ਇੱਕ ਰਿਕਾਰਡ ਹੈ। ਇਨ੍ਹਾਂ ਵਿੱਚ ਪਿਛਲੇ ਵਰ੍ਹੇ ਦੇ 111 ਪ੍ਰੋਜੈਕਟ ਸ਼ਾਮਲ ਹਨ। ਪਿਛਲੇ ਚਾਰ ਵਰ੍ਹਿਆਂ ਵਿੱਚ, ਸੰਗਠਨ ਨੇ ਕੁੱਲ 13,743 ਕਰੋੜ ਰੁਪਏ ਦੀ ਲਾਗਤ ਨਾਲ 456 ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟ ਪੂਰੇ ਕੀਤੇ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਈ-ਉਦਘਾਟਨ ਕੀਤੇ ਗਏ ਪ੍ਰੋਜੈਕਟ ਸੜਕ ਸੰਪਰਕ ਨੂੰ ਵਧਾਉਣਗੇ, ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨਗੇ ਅਤੇ ਸਬੰਧਿਤ ਖੇਤਰਾਂ ਦੀ ਆਰਥਿਕ ਖੁਸ਼ਹਾਲੀ ਵਿੱਚ ਮਦਦ ਕਰਨਗੇ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਰੱਖਿਆ ਤਿਆਰੀਆਂ ਨੂੰ ਵਧਾਉਣਗੇ ਅਤੇ ਪ੍ਰੋਜੈਕਟ ਖੇਤਰਾਂ ਵਿੱਚ ਆਵਾਜਾਈ, ਸੈਰ-ਸਪਾਟਾ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਗੇ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਿਰਫ਼ ਬੁਨਿਆਦੀ ਢਾਂਚੇ ਦੀਆਂ ਸੰਪੱਤੀਆਂ ਨਹੀਂ ਹਨ ਸਗੋਂ ਇੱਕ ਉੱਜਵਲ ਭਵਿੱਖ ਦੇ ਮਾਰਗ ਹਨ।

ਸੀਮਾ ਸੜਕ ਸੰਗਠਨ ਦੇ ਕਾਰਜਾਂ ਨੂੰ ਰਣਨੀਤਕ ਮਹੱਤਵ ਦੱਸਦਿਆਂ, ਰੱਖਿਆ ਮੰਤਰੀ ਨੇ ਕਿਹਾ ਕਿ ਆਧੁਨਿਕ ਰੱਖਿਆ ਸਮਰੱਥਾ ਸਿਰਫ਼ ਹਥਿਆਰਾਂ 'ਤੇ ਹੀ ਨਹੀਂ, ਸਗੋਂ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਬੁਨਿਆਦੀ ਢਾਂਚੇ 'ਤੇ ਵੀ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਕੋਲ ਸਭ ਤੋਂ ਤੇਜ਼ ਟੈਂਕ ਜਾਂ ਸਭ ਤੋਂ ਉੱਨਤ ਜਹਾਜ਼ ਹੋ ਸਕਦੇ ਹਨ, ਪਰ ਜੇ ਉਹ ਲੋੜ ਅਨੁਸਾਰ ਸਮੇਂ ਸਿਰ ਨਹੀਂ ਪਹੁੰਚਦੇ, ਤਾਂ ਉਹ ਅਰਥਹੀਣ ਹੋ ​​ਜਾਂਦੇ ਹਨ। ਸੀਮਾ ਸੜਕ ਸੰਗਠਨ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਕਿ ਸਾਡੀ ਫੌਜ ਹਮੇਸ਼ਾ ਤਿਆਰ ਅਤੇ ਕਾਰਜਸ਼ੀਲ ਤੌਰ 'ਤੇ ਲੈਸ ਰਹੇ।  ਉਨ੍ਹਾਂ ਨੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਵਰਕਰਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਪਰਦੇ ਪਿੱਛੇ ਰਹਿ ਕੇ ਵੀ ਦੇਸ਼ ਦੀ ਸੁਰੱਖਿਆ ਵਿੱਚ ਯੋਗਦਾਨ ਪਾਇਆ।

 

ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦਾ ਭੂ-ਰਾਜਨੀਤਿਕ ਦ੍ਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹਥਿਆਰਬੰਦ ਬਲਾਂ ਲਈ ਨਵੀਂ ਪੀੜ੍ਹੀ ਦੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੀਮਾ ਸੜਕ ਸੰਗਠਨ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਹੋਣ।

ਰੱਖਿਆ ਮੰਤਰੀ ਨੇ ਸਰਹੱਦੀ ਖੇਤਰਾਂ ਵਿੱਚ ਵਿਕਾਸ ਕਾਰਜ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਸੇਲਾ ਸੁਰੰਗ ਦਾ ਵਿਸ਼ੇਸ਼ ਜ਼ਿਕਰ ਕੀਤਾ ਜੋ ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰਾਂ ਵਿੱਚ ਸੰਪਰਕ ਵਧਾਉਣ ਦੇ ਸੰਕਲਪ ਦਾ ਪ੍ਰਤੀਕ ਬਣ ਗਈ ਹੈ। ਉਨ੍ਹਾਂ ਨੇ ਸਰਹੱਦੀ ਪਿੰਡਾਂ ਦੀ ਪੁਨਰ ਸੁਰਜੀਤੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕੀਤਾ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਦੇ ਤਹਿਤ, ਸਰਕਾਰ ਹਰ ਰੋਜ਼ ਲਗਭਗ 35 ਕਿਲੋਮੀਟਰ ਸੜਕਾਂ ਬਣਾ ਕੇ ਸੰਪਰਕ ਦਾ ਵਿਸਤਾਰ ਕਰ ਰਹੀ ਹੈ।

 

ਡਾਇਰੈਕਟਰ ਜਨਰਲ ਬਾਰਡਰ ਰੋਡਜ਼ (ਡੀਜੀਬੀਆਰ) ਲੈਫਟੀਨੈਂਟ ਜਨਰਲ ਰਘੂ ਸ੍ਰੀਨਿਵਾਸਨ ਨੇ ਸੀਮਾ ਸੜਕ ਸੰਗਠਨ ਦੇ ਵਧ ਰਹੇ ਰਾਸ਼ਟਰੀ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਸੰਗਠਨ ਸਭ ਤੋਂ ਚੁਣੌਤੀਪੂਰਨ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਕੇਂਦਰੀ ਮੰਤਰਾਲਿਆਂ ਦੀ ਪਸੰਦੀਦਾ ਏਜੰਸੀ ਵਜੋਂ ਉਭਰਿਆ ਹੈ। ਉਨ੍ਹਾਂ ਨੇ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ (ਜੀਆਰਈਐੱਫ) ਅਤੇ ਤਨਖਾਹਦਾਰ ਮਜ਼ਦੂਰਾਂ ਸਮੇਤ ਆਪਣੇ ਕਾਰਜਬਲ ਕਰਮਚਾਰੀਆਂ ਦੀ ਭਲਾਈ ਅਤੇ ਮਾਣ ਪ੍ਰਤੀ ਸੀਮਾ ਸੜਕ ਸੰਗਠਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਕਿਰਨ ਰਿਜਿਜੂ, ਵਿਗਿਆਨ ਅਤੇ ਟੈਕਨੋਲੋਜੀ; ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਅਤੇ ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਸੈਨਾ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ 'ਤੇ ਮੌਜੂਦ ਸਨ।

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ, ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਲੈਫਟੀਨੈਂਟ ਜਨਰਲ ਕੈਵਲਯ ਤ੍ਰਿਵਿਕਰਮ ਪਰਨਾਇਕ, ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰੀਭਾਊ ਕਿਸ਼ਨਰਾਓ ਬਾਗੜੇ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲਦੂਹੋਮਾ, ਜੰਮੂ ਅਤੇ ਕਸ਼ਮੀਰ ਦੇ ਉਪ-ਰਾਜਪਾਲ ਸ਼੍ਰੀ ਮਨੋਜ ਸਿਨਹਾ, ਲੱਦਾਖ ਦੇ ਉਪ ਰਾਜਪਾਲ (ਡਾ.) ਬੀ.ਡੀ. ਮਿਸ਼ਰਾ (ਸੇਵਾਮੁਕਤ) ਵਰਚੁਅਲੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

******

ਵੀਕੇ/ਸੈਵੀ/ਕੇਬੀ


(Release ID: 2127752) Visitor Counter : 2